ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 99 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਇਲਾਹਾਬਾਦ ਪਹੁੰਚਦੇ ਹਨ ਜਿੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਅਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਮਾਤਾ ਗੁਜਰ ਕੌਰ ਜੀ ਦੇ ਗਰਭ ਵਿੱਚ ਹੋਇਆ ਸੀ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਇਲਾਹਾਬਾਦ ਤੋਂ ਅੱਗੇ ਮਿਰਜ਼ਾਪੁਰ ਪਹੁੰਚਦੇ ਹਨ ਜਿੱਥੇ ਗੁਰੂ ਸਾਹਿਬ ਜੀ ਦੇ ਲਿਖੇ ਹੁਕਮਨਾਮੇ ਵੀ ਮੌਜੂਦ ਹਨ
ਜਦੋਂ ਗੁਰੂ ਤੇਗ ਬਹਾਦਰ ਜੀ ਆਪਣੇ ਪੂਰੇ ਪਰਿਵਾਰ ਸਮੇਤ ਇਲਾਹਾਬਾਦ ਪਹੁੰਚਦੇ ਹਨ ਤਾਂ ਉਸ ਸਮੇਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਲਮ ਨਾਲ ਲਿਖਿਆ ਹੈ-
“ਤਹੀ ਪ੍ਰਕਾਸ਼ ਹਮਾਰਾ ਭਯੋ
ਪਟਨਾ ਸਹਰ ਬਿਖੈ ਭਵ ਲਯੋ”
ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਦੇ ਗਰਭ ਵਿੱਚ ਸਨ। ਪ੍ਰਯਾਗ, ਇਲਾਹਾਬਾਦ ਅਤੇ ਤ੍ਰਿਬੇਣੀ- ਇਹਨਾਂ ਤਿੰਨਾਂ ਨੂੰ ਇਕੋ ਨਾਮ ਨਾਲ ਜਾਣਿਆ ਜਾਂਦਾ ਹੈ। ਕੁਝ ਸਮਾਂ ਇੱਥੇ ਰੁਕਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਆਸਾਮ ਦੀ ਯਾਤਰਾ ਨੂੰ ਜਾਂਦੇ ਹਨ। ਜਿੱਥੇ-ਜਿੱਥੇ ਗੁਰੂ ਤੇਗ ਬਹਾਦਰ ਜੀ, ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਗੲੇ, ਉਹਨਾਂ ਸਥਾਨਾਂ ਤੇ ਅਦਿ੍ਸ਼ਟ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਵੀ ਪੲੇ ਸਨ। ਗੁਰੂ ਸਾਹਿਬ ਇਲਾਹਾਬਾਦ ਤੋਂ ਚੱਲ ਕੇ ਗੰਗਾ ਨਦੀ ਦੇ ਕਿਨਾਰੇ ਹੁੰਦੇ ਹੋਏ ਮਿਰਜ਼ਾਪੁਰ ਪਹੁੰਚਦੇ ਹਨ, ਜੋ ਕਿ ਇਲਾਹਾਬਾਦ ਤੋਂ 85 ਕਿਲੋਮੀਟਰ ਦੀ ਦੂਰੀ ਤੇ ਹੈ। ਤੁਸੀਂ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ। ਮਿਰਜ਼ਾਪੁਰ ਬਿਲਕੁਲ ਗੰਗਾ ਨਦੀ ਦੇ ਕਿਨਾਰੇ ਤੇ ਪੈਂਦਾ ਹੈ। ਇਸ ਅਸਥਾਨ ਤੇ ਮਿਰਜ਼ਾਪੁਰ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਵੀ ਆਪਣੀ ਪ੍ਰਚਾਰ ਫੇਰੀ ਦੌਰਾਨ ਆ ਚੁੱਕੇ ਸਨ। ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਗਊਘਾਟ ਤੇ ਇੱਕ ਅਸਥਾਨ ਹੁੰਦਾ ਸੀ,ਉਹ ਅਸਥਾਨ ਹੁਣ ਮੌਜੂਦ ਨਹੀਂ ਹੈ। ਜਿਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਸਮੇਤ ਠਹਿਰੇ ਸਨ, ਇਹ ਸਥਾਨ ਮੁੱਹਲਾ ਨਰਾਇਣ ਘਾਟ ਤ੍ਰਿਮੁਹਾਣੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਗੁਰਦੁਆਰਾ ਨਿਰਮਲ ਸੰਗਤ ਪਾਤਸ਼ਾਹੀ ਨੌਵੀਂ ਮੌਜੂਦ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਸਮੇਤ ਇਸ ਅਸਥਾਨ ਤੇ 4 ਦਿਨ ਰੁਕਦੇ ਹਨ। ਸੰਗਤਾਂ ਵਿੱਚ ਨਾਮ ਬਾਣੀ ਦਾ ਪ੍ਰਚਾਰ ਕਰਦੇ ਹਨ। ਜਦੋਂ ਤੁਸੀਂ ਬਨਾਰਸ ਵਿੱਚ ਜਾਓਗੇ ਤਾਂ ਉੱਥੇ ਹੁਕਮਨਾਮੇ ਵੀ ਮੌਜੂਦ ਹਨ। ਇਸ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਦੁਆਰਾ ਮਿਰਜ਼ਾਪੁਰ ਦੀ ਸੰਗਤ ਦੇ ਨਾਂ ਤੇ ਲਿਖਿਆ ਹੁਕਮਨਾਮਾ ਵੀ ਮੌਜੂਦ ਹੈ। ਇਸ ਵਿੱਚ ਭਾਈ ਬਾਲ ਚੰਦ ਜੀ, ਭਾਈ ਹਰਕਿ੍ਸ਼ਨ ਜੀ, ਭਾਈ ਚਤੁਰਭੋਜ ਜੀ ਅਤੇ ਭਾਈ ਲਾਲੂ ਜੀ ਦੇ ਨਾਮ ਮਿਲਦੇ ਹਨ। ਇੱਥੋਂ ਸਾਨੂੰ ਇਹ ਪਤਾ ਚਲਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਸਿੱਖੀ ਦਾ ਪ੍ਰਚਾਰ ਕੀਤਾ ਸੀ। ਇੱਥੋਂ ਦੀਆਂ ਸੰਗਤਾਂ ਅਤੇ ਸਿੱਖ ਗੁਰੂ ਸਾਹਿਬ ਜੀ ਲੲੀ ਦਸਵੰਧ ਵੀ ਭੇਜਦੇ ਰਹਿੰਦੇ ਸਨ। ਸਾਡੀ ਟੀਮ ਵਲੋਂ ਇੱਥੇ ਪਹੁੰਚ ਕੇ ਇਤਿਹਾਸ ਦੀ ਖੋਜ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਮੌਜੂਦਾ ਮਹੰਤ ਸ੍ਰੀ ਸੰਤ ਸ਼ਾਮ ਸੁੰਦਰ ਜੀ ਸ਼ਾਸਤਰੀ ਦੱਸਦੇ ਹਨ ਕਿ ਜਦੋਂ ਗੁਰੂ ਸਾਹਿਬ ਜੀ ਨੇ ਪੂਰਬ ਦੀ ਯਾਤਰਾ ਆਰੰਭ ਕੀਤੀ ਸੀ ਤਾਂ ਇਸ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੇ 11 ਦਿਨ ਪੜਾਅ ਕੀਤਾ। ਇਸ ਅਸਥਾਨ ਤੇ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਅਤੇ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮੌਜੂਦ ਹਨ। ਇਹਨਾਂ ਨਾਲ ਮਿਲ ਕੇ ਅਸੀਂ ਉਹਨਾਂ ਪਰਿਵਾਰਾਂ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜੋ ਪੁਰਾਤਨ ਸਿੱਖਾਂ ਦੇ ਨਾਮ ਹੁਕਮਨਾਮੇ ਵਿੱਚ ਮੌਜੂਦ ਹਨ, ਉਹਨਾਂ ਬਾਰੇ ਸਾਨੂੰ ਕੁਝ ਪਤਾ ਨਹੀਂ ਚਲਿਆ। ਗੁਰਦੁਆਰਾ ਨਿਰਮਲ ਸੰਗਤ ਪਾਤਸ਼ਾਹੀ ਨੌਵੀਂ ਤੋਂ 100 ਕਦਮ ਪਿੱਛੇ ਚਲ ਕੇ ਨੀਚੇ ਵੱਲ ਗੰਗਾ ਨਦੀ ਵਗਦੀ ਹੈ, ਜਿਸਨੂੰ ਨਰਾਇਣ ਘਾਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਪਰਿਵਾਰ ਅਤੇ ਸੰਗਤਾਂ ਸਮੇਤ ਇਸ਼ਨਾਨ ਕਰਨ ਲਈ ਆਉਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਦੇਖ ਰੇਖ ਮਹੰਤ ਸ਼ਾਮ ਸੁੰਦਰ ਜੀ ਸ਼ਾਸਤਰੀ ਕਰਦੇ ਹਨ, ਜੋ ਕਿ ਪੂਰਨ ਗੁਰ ਮਰਿਆਦਾ ਦਾ ਧਿਆਨ ਰੱਖਦੇ ਹੋਏ ਇਸ ਅਸਥਾਨ ਦੀ ਸੇਵਾ ਨਿਭਾ ਰਹੇ ਹਨ। ਇੱਥੇ ਹੀ ਮਹੰਤ ਜੀ ਨੇ ਸਾਨੂੰ ਪੁਰਾਤਨ ਬੀੜ ਦੇ ਦਰਸ਼ਨ ਵੀ ਕਰਵਾਏ। ਮਹੰਤ ਸੁੰਦਰ ਸਿੱਖ ਸ਼ਾਸਤਰੀ ਦੇ ਧਾਰਮਿਕ ਗੁਰੂ ਮਹੰਤ ਕਰਮ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਮੁੱਖ ਰੱਖ ਕੇ ਅਤੇ ਗੁਰ ਮਰਿਯਾਦਾ ਤੇ ਪਹਿਰਾ ਦਿੰਦਿਆਂ ਹੋਇਆਂ 1984 ਵਿੱਚ ਇਲਾਹਾਬਾਦ ਵਿੱਚ ਸ਼ਹੀਦ ਕੀਤਾ ਗਿਆ। ਤੁਸੀਂ ਇਸ ਗੁਰਦੁਆਰਾ ਨਿਰਮਲ ਸੰਗਤ ਪਾਤਸ਼ਾਹੀ ਨੌਵੀਂ ਦੇ ਦਰਸ਼ਨ ਕਰ ਰਹੇ ਹੋ। ਇੱਥੋਂ ਗੁਰੂ ਤੇਗ ਬਹਾਦਰ ਜੀ 4 ਦਿਨ ਰੁਕ ਕੇ ਅੱਗੇ ਚਾਲੇ ਪਾ ਦਿੰਦੇ ਹਨ। ਅਗਲਾ ਇਤਿਹਾਸ ਅਸੀਂ ਲੜੀ ਨੰ 101 ਵਿੱਚ ਸ੍ਰਵਨ ਕਰਾਂਗੇ।