ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 98 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪ੍ਰਯਾਗ ਵਿਖੇ ਪਹੁੰਚ ਕੇ ਉੱਥੇ ਤਿ੍ਬੇਣੀ ਨਦੀ ਦੇ ਨੇੜੇ ਵੀ ਸਿੱਖੀ ਪ੍ਰਚਾਰ ਦੀ ਸੇਵਾ ਨਿਭਾਉਂਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਇਲਾਹਾਬਾਦ ਪਹੁੰਚਦੇ ਹਨ ਜਿੱਥੇ ਕਿ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਅਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਮਾਤਾ ਨਾਨਕੀ ਜੀ ਦੇ ਗਰਭ ਵਿੱਚ ਹੋਇਆ ਸੀ
1666 ਈਸਵੀ ਵਿੱਚ ਜਦੋਂ ਗੁਰੂ ਤੇਗ ਬਹਾਦਰ ਜੀ ਪੰਜਾਬ ਤੋਂ ਚੱਲ ਕੇ ਕੜਾ ਮਾਣਕਪੁਰ ਤੋਂ ਅੱਗੇ ਇਲਾਹਾਬਾਦ ਪਹੁੰਚਦੇ ਹਨ ਤਾਂ ਉਸ ਸਮੇਂ ਗੁਰੂ ਸਾਹਿਬ ਜੀ ਦੀ ਉਮਰ ਲਗਭਗ 45 ਸਾਲ ਦੀ ਹੋ ਚੁੱਕੀ ਸੀ। ਇਹਨਾਂ ਦੇ ਆਨੰਦ ਕਾਰਜ ਹੋਇਆਂ ਨੂੰ ਤਕਰੀਬਨ 34 ਸਾਲ ਹੋ ਚੁੱਕੇ ਸਨ। ਜਦੋਂ ਗੁਰੂ ਸਾਹਿਬ ਜੀ ਇਲਾਹਾਬਾਦ ਪਹੁੰਚੇ ਤਾਂ ਭਾਈ ਰਾਮਲੋਕ ਜੀ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਹਵੇਲੀ ਵਿੱਚ ਠਹਿਰਾਇਆ। ਇਸ ਗੁਰਦੁਆਰਾ ਪੱਕੀ ਸੰਗਤ ਸਾਹਿਬ ਇਲਾਹਾਬਾਦ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇਸ ਜਗ੍ਹਾ ਤੇ ਪਹਿਲਾਂ ਇੱਕ ਬਹੁਤ ਵੱਡੀ ਹਵੇਲੀ ਹੁੰਦੀ ਸੀ। ਇਸੇ ਜਗ੍ਹਾ ਤੇ ਪੁਰਾਤਨ ਖੂਹ ਵੀ ਮੌਜੂਦ ਹੈ। ਇਸ ਖੂਹ ਦੇ ਵੀ ਤੁਸੀਂ ਦਰਸ਼ਨ ਕਰ ਰਹੇ ਹੋ। ਗੁਰੂ ਤੇਗ ਬਹਾਦਰ ਜੀ ਜਦੋਂ ਇਲਾਹਾਬਾਦ ਆ ਕੇ ਰੁਕੇ ਤਾਂ ਉਸ ਸਮੇਂ ਮਾਤਾ ਨਾਨਕੀ ਜੀ , ਜੋ ਕਿ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਸਨ, ਇਹਨਾਂ ਨੇ ਗੁਰੂ ਤੇਗ ਬਹਾਦਰ ਜੀ ਅੱਗੇ ਬਚਨ ਕੀਤੇ, ਜੋ ਕਿ ਪੰਥ ਪ੍ਰਕਾਸ਼ ਵਿੱਚ ਦਰਜ ਹਨ। ਉਹ ਬਚਨ ਸਨ-
” ਤੁਮਰੇ ਸੁਤ ਨਿਜ ਨੈਨਨ ਦੇਖਹੁ,
ਕਰ ਦਯਾ ਦੀਜੈ ਫਲ ਜਨਮ ਬਿਸੇਖਹੁ”
ਭਾਵ ਕਿ ਤੁਹਾਡੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਤੇ ਹੋਏ ਬਚਨ ਕਦੋਂ ਪੂਰੇ ਹੋਣਗੇ, ਕਿ ਤੇਰਾ ਪੋਤਰਾ ਮਹਾਂਬਲੀ, ਪ੍ਰਤਾਪੀ ਪੁਰਖ ਅਤੇ ਕੁਲ ਉਜਿਆਰੀ ਕਰਨ ਵਾਲਾ ਹੋਵੇਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ..
“ਸੁਤ ਕੇ ਸੁਤ ਕੋ ਲੇਕਰ ਗੋਦ
ਕਰੋ ਦੁਲਾਰਨ ਪਾਏ ਪ੍ਰਮੋਦ”
ਜਦੋਂ ਮਾਤਾ ਨਾਨਕੀ ਜੀ ਅਤੇ ਹੋਰ ਸਿੱਖਾਂ ਨੇ ਇਹ ਬਚਨ ਕੀਤੇ ਤਾਂ ਗੁਰੂ ਸਾਹਿਬ ਜੀ ਵੱਲੋਂ ਇੱਥੇ ਕੁਝ ਸਮਾਂ ਠਹਿਰਨ ਦਾ ਮਨ ਬਣਾਇਆ ਗਿਆ।ਇੱਥੇ ਇਲਾਹਾਬਾਦ ਵਿੱਚ ਗੁਰਬਾਣੀ ਦਾ ਪ੍ਰਚਾਰ ਚਲਾਇਆ ਗਿਆ। ਦਿਨ ਰਾਤ ਗੁਰਬਾਣੀ ਪੜ੍ਹੀ ਜਾਂਦੀ ਸੀ। ਗੁਰੂ ਤੇਗ ਬਹਾਦਰ ਜੀ ਆਪ ਵੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਸਨ। ਤਕਰੀਬਨ 6 ਮਹੀਨੇ ਗੁਰੂ ਤੇਗ ਬਹਾਦਰ ਜੀ ਇਲਾਹਾਬਾਦ ਵਿੱਚ ਰੁਕੇ ਸਨ। ਇਸੇ ਸੁੱਲਖਣੀ ਘੜੀ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਵਿੱਚ ਕਰਦੇ ਹਨ-
“ਤਹੀ ਪ੍ਰਕਾਸ ਹਮਾਰਾ ਭਯੋ
ਪਟਨਾ ਸਹਰ ਬਿਖੈ ਭਵ ਲਯੋ”
ਭਾਵ ਕਿ ਮੇਰਾ ਪ੍ਰਕਾਸ਼ ਮਾਤਾ ਦੇ ਗਰਭ ਵਿੱਚ ਇਲਾਹਾਬਾਦ ਵਿੱਚ ਹੋਇਆ ਅਤੇ ਜਨਮ ਪਟਨਾ ਸ਼ਹਿਰ ਵਿੱਚ ਹੋਇਆ। ਇਲਾਹਾਬਾਦ ਵਿੱਚ ਪ੍ਰਕਾਸ਼ ਦੇ ਸਥਾਨ ਤੇ ਗੁਰਦੁਆਰਾ ਪੱਕੀ ਸੰਗਤ ਸਾਹਿਬ ਮੌਜੂਦ ਹੈ। ਨਾਲ਼ ਹੀ ਇੱਕ ਕਮਰਾ ਵੀ ਮੌਜੂਦ ਹੈ, ਜੋ ਪਹਿਲਾਂ ਕਾਫੀ ਨੀਚੇ ਹੁੰਦਾ ਸੀ। ਸੋ, ਇਲਾਹਾਬਾਦ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਮਾਤਾ ਗੁਜਰ ਕੌਰ ਜੀ ਦੇ ਗਰਭ ਵਿੱਚ ਹੁੰਦਾ ਹੈ। ਇੱਥੇ ਹੀ ਅਹੀਆਪੁਰ ਮੁਹੱਲੇ ਵਿੱਚ ਗੁਰਦੁਆਰਾ ਪੱਕੀ ਸੰਗਤ ਸਾਹਿਬ ਸੁਸ਼ੋਭਿਤ ਹੈ ਜਿਸਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇੱਥੇ ਹੀ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਇੱਕ ਪੁਰਾਤਨ ਖੂਹ ਵੀ ਮੌਜੂਦ ਹੈ ਅਤੇ ਗੁਰੂ ਤੇਗ ਬਹਾਦਰ ਜੀ ਦਾ ਉਹ ਅਸਥਾਨ ਵੀ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਜੀ ਨਾਮ ਬਾਣੀ ਅਤੇ ਭਜਨ ਬੰਦਗੀ ਕਰਦੇ ਸਨ। ਇੱਕ ਪੁਰਾਤਨ ਸ੍ਰੀ ਸਾਹਿਬ ਅਤੇ ਪੁਰਾਤਨ ਚੌਂਕੀ ਵੀ ਮੌਜੂਦ ਹੈ ਜਿਸਤੇ ਬੈਠ ਕੇ ਗੁਰੂ ਤੇਗ ਬਹਾਦਰ ਜੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਸਨ। ਉਸ ਚੌਂਕੀ ਦੇ ਕੇਵਲ 4 ਪਾਵੇ ਹੀ ਬਚੇ ਹਨ ਜਿਸਦੇ ਤੁਸੀਂ ਦਰਸ਼ਨ ਕਰ ਰਹੇ ਹੋ। ਉੱਥੇ ਹੀ ਇੱਕ ਪੁਰਾਤਨ ਸਮੇਂ ਦਾ ਸੰਖ ਵੀ ਮੌਜੂਦ ਹੈ। ਇਹ ਸਾਰੀਆਂ ਨਿਸ਼ਾਨੀਆਂ ਇਲਾਹਾਬਾਦ ਵਿੱਚ ਮੌਜੂਦ ਹਨ। ਤੁਸੀਂ ਜਦੋਂ ਵੀ ਇਲਾਹਾਬਾਦ ਆਓ ਤਾਂ ਅਹੀਆਪੁਰ ਮੁਹੱਲੇ ਵਿੱਚ ਗੁਰਦੁਆਰਾ ਪੱਕੀ ਸੰਗਤ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਸੋ, ਅਗਲਾ ਇਤਿਹਾਸ ਅਸੀਂ ਲੜੀ ਨੰੰ 100 ਵਿੱਚ ਸ੍ਰਵਨ ਕਰਾਂਗੇ।