ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 95 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਆਗਰੇ ਵਿਖੇ ਪਹੁੰਚ ਕੇ ਮਾਈ ਜੱਸੀ ਕੋਲ ਰੁਕ ਕੇ ਧਰਮ ਪ੍ਰਚਾਰ ਕਰਦੇ ਹਨ ਅਤੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਇਟਾਵਾ ਅਤੇ ਪੂਰਬੀ ਟੋਲਾ ਗੁਰਦੁਆਰੇ ਵਿਖੇ ਪਹੁੰਚ ਕੇ ਧਰਮ ਪ੍ਰਚਾਰ ਕਰਦੇ ਹੋਏ ਕਾਨਪੁਰ ਦੇ ਰਸਤੇ ਚਲਦੇ ਹਨ ਜਿੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ
ਆਗਰੇ ਤੋਂ ਤਕਰੀਬਨ 120 ਕਿਲੋਮੀਟਰ ਅੱਗੇ ਪਟਨਾ ਸਾਹਿਬ ਦੇ ਰਾਹ ਚਲਦੇ ਹੋਏ ਰਸਤੇ ਵਿੱਚ ਇਟਾਵਾ ਨਗਰ ਆਉਂਦਾ ਹੈ। ਇਟਾਵਾ ਨਗਰ ਯੂ਼.ਪੀ ਵਿੱਚ ਪੈਂਦਾ ਹੈ। ਗੁਰੂ ਸਾਹਿਬ ਜੀ ਇਟਾਵਾ ਪਹੁੰਚਦੇ ਹਨ। ਜਦੋਂ ਦਾਸ ਦੀ ਟੀਮ ਇਟਾਵਾ ਪਹੁੰਚੀ ਤਾਂ ਸ਼ਾਮ ਹੋ ਚੁੱਕੀ ਸੀ ਅਤੇ ਫਰੂਕਾਬਾਦ ਰੋਡ ਦੇ ਉੱਤੇ ਹੀ ਇਹ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਇਸ ਅਸਥਾਨ ਤੇ ਸਾਨੂੰ ਰਾਤ ਰੁਕਣ ਦਾ ਮੌਕਾ ਵੀ ਮਿਲਿਆ। ਅਗਲੇ ਦਿਨ ਇਤਿਹਾਸ ਨੂੰ ਵਾਚਣ ਤੇ ਪਤਾ ਲੱਗਿਆ ਕਿ ਇੱਥੇ ਗੁਰੂ ਤੇਗ ਬਹਾਦਰ ਜੀ ਦਾ ਇੱਕ ਹੋਰ ਅਸਥਾਨ ਵੀ ਮੌਜੂਦ ਹੈ ਜਿਸਨੂੰ ਪੂਰਬੀ ਟੋਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ ਦੇ ਉੱਤੇ ਹੀ ਇਹ ਅਸਥਾਨ ਮੌਜੂਦ ਹੈ। ਜਦੋਂ ਅਸੀਂ ਇਸ ਅਸਥਾਨ ਤੇ ਪਹੁੰਚੇ ਤਾਂ ਗੁਰਦੁਆਰਾ ਬੜੀ ਸੰਗਤ ਪੂਰਬੀ ਟੋਲਾ ਸਾਹਿਬ , ਬਾਜ਼ਾਰ ਵਿੱਚੋਂ ਲੰਘਦੇ ਹੋਏ ਮੇਨ ਗੇਟ ਦੇ ਅੰਦਰ ਨੂੰ ਇਹ ਅਸਥਾਨ ਬਣਿਆ ਹੋਇਆ ਹੈ। ਇਸ ਅਸਥਾਨ ਤੇ ਪੁਰਾਤਨ ਲੰਗਰ ਵੀ ਬਣੇ ਹੋਏ ਹਨ। ਪੁਰਾਤਨ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ ਪਰ ਹੁਣ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ। ਅੱਜ ਕੱਲ੍ਹ ਇੱਥੇ ਉਦਾਸੀ ਸਾਧੂ ਰਹਿੰਦੇ ਹਨ। ਇਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਜੀ ਦੀ ਮੂਰਤੀ ਟਿਕਾਈ ਹੋਈ ਹੈ ਅਤੇ ਉਸ ਮੂਰਤੀ ਦੀ ਉਹ ਸਵੇਰੇ ਸ਼ਾਮ ਪੂਜਾ ਕਰਦੇ ਹਨ। ਉੱਥੋਂ ਦੇ ਲੋਕਲ ਕਮੇਟੀ ਦੇ ਮਹੰਤ ਦੀ ਮੂਰਤੀ ਵੀ ਇੱਥੇ ਟਿਕਾਈ ਹੋਈ ਹੈ। ਇਤਿਹਾਸ ਨੂੰ ਵਾਚਣ ਤੇ ਪਤਾ ਲੱਗਿਆ ਕਿ ਜਿਸ ਮਹੰਤ ਦੀ ਮੂਰਤੀ ਟਿਕਾਈ ਹੋਈ ਹੈ, ਇਹ ਮਹੰਤ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਦਾ ਹੁੰਦਾ ਸੀ। ਇਹ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਪੜ੍ਹਦਾ ਸੀ ਅਤੇ ਪ੍ਰਚਾਰ ਵੀ ਕਰਦਾ ਸੀ ਪਰ ਅੱਜ ਕੱਲ੍ਹ ਇੱਥੇ ਬਾਣੀ ਦੇ ਪ੍ਰਚਾਰ ਦੀ ਜਗ੍ਹਾ ਮੂਰਤੀ ਦੀ ਪੂਜਾ ਹੁੰਦੀ ਹੈ।ਇਸ ਜਗ੍ਹਾ ਤੇ ਪਹਿਲਾਂ ਗੁਰਦੁਆਰਾ ਸਾਹਿਬ ਹੁੰਦਾ ਸੀ। ਅੱਜ ਇਹ ਜਗ੍ਹਾ ਉਦਾਸੀ ਸਾਧੂਆਂ ਦੇ ਕੋਲ ਹੈ। ਇਟਾਵਾ ਕੋਲ ਗੁਰੂ ਤੇਗ ਬਹਾਦਰ ਜੀ ਦੀਆਂ 2 ਯਾਦਗਾਰਾਂ ਵੀ ਬਣੀਆਂ ਹੋਈਆਂ ਹਨ। ਇਟਾਵਾ ਤੋਂ ਤਕਰੀਬਨ 150 ਕਿਲੋਮੀਟਰ ਤੇ ਕਾਨਪੁਰ ਪੈਂਦਾ ਹੈ। ਦਾਸ ਦੀ ਟੀਮ ਕਾਨਪੁਰ ਵਿਖੇ ਪਹੁੰਚਦੀ ਹੈ। ਕਾਨਪੁਰ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਦੇ 2 ਅਸਥਾਨ ਬਣੇ ਹੋਏ ਹਨ। ਇੱਕ ਅਸਥਾਨ ਜੋ ਸ਼ਹਿਰ ਵਿੱਚ ਹੈ, ਇਸਨੂੰ ਚੌਂਕ ਗੁਰੂ ਤੇਗ ਬਹਾਦਰ ਜੀ ਕਰਕੇ ਜਾਣਿਆ ਜਾਂਦਾ ਹੈ। ਇੱਥੇ ਦਿਨ ਰਾਤ, ਸਵੇਰ ਤੋਂ ਲੈ ਕੇ ਸ਼ਾਮ ਤੱਕ ਤਕਰੀਬਨ ਪੂਰੇ ਕਾਨਪੁਰ ਦੀ ਸੰਗਤ ਬਹੁਤ ਪਿਆਰ ਅਤੇ ਸ਼ਰਧਾ ਨਾਲ ਆ ਕੇ ਨਤਮਸਤਕ ਹੁੰਦੀ ਹੈ, ਬਾਣੀ ਪੜ੍ਹਦੀ ਹੈ ਅਤੇ ਗੁਰੂ ਤੇਗ ਬਹਾਦਰ ਜੀ ਪ੍ਰਤੀ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਭਾਵਨਾ ਰੱਖਦੇ ਹੋਏ ਅਰਦਾਸਾਂ ਬੇਨਤੀਆਂ ਕਰਦੀ ਹੈ। ਦੂਜਾ ਅਸਥਾਨ ਬਿਲਕੁਲ ਗੰਗਾ ਨਦੀ ਦੇ ਕਿਨਾਰੇ ਤੇ ਹੈ। ਉਸ ਸਮੇਂ ਪਾਣੀ ਦਾ ਸਾਧਨ ਖੂਹ, ਨਦੀਆਂ ਜਾਂ ਪਾਣੀ ਦੇ ਛੱਪੜ ਹੁੰਦੇ ਸਨ। ਗੁਰੂ ਤੇਗ ਬਹਾਦਰ ਜੀ ਗੰਗਾ ਨਦੀ ਤੇ ਇਸ਼ਨਾਨ ਕਰਕੇ ਉੱਥੇ ਸੰਗਤਾਂ ਨੂੰ ਉਪਦੇਸ਼ ਦਿੰਦੇ ਅਤੇ ਨਾਮ ਬਾਣੀ ਨਾਲ ਜੋੜ ਕੇ ਵਹਿਮਾਂ ਭਰਮਾਂ ਤੋਂ ਦੂਰ ਕਰਦੇ ਸਨ। ਇੱਥੇ ਹੀ ਗੰਗਾ ਨਦੀ ਦੇ ਕਿਨਾਰੇ ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਕਾਨਪੁਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ 2 ਅਸਥਾਨ ਮੌਜੂਦ ਹਨ। ਪਹਿਲਾ ਅਸਥਾਨ ਚੌਂਕ ਗੁਰੂ ਤੇਗ ਬਹਾਦਰ ਜੀ ਹੈ ,ਜੋ ਕਾਨਪੁਰ ਸ਼ਹਿਰ ਦੇ ਅੰਦਰ ਮੌਜੂਦ ਹੈ। ਦੂਜਾ ਅਸਥਾਨ ਗੰਗਾ ਨਦੀ ਦੇ ਕਿਨਾਰੇ ਤੇ ਬਿਲਕੁਲ ਨੇੜੇ ਹੀ ਮੌਜੂਦ ਹੈ। ਤੁਸੀਂ ਇਸ ਅਸਥਾਨ ਦੇ ਦਰਸ਼ਨ ਕਰ ਸਕਦੇ ਹੋ। ਕਾਨਪੁਰ ਤੋਂ ਚੱਲ ਕੇ ਅੱਗੇ ਗੁਰੂ ਤੇਗ ਬਹਾਦਰ ਜੀ ਕਿਸ ਜਗ੍ਹਾ ਤੇ ਜਾਂਦੇ ਹਨ, ਉਸਦਾ ਕੀ ਇਤਿਹਾਸ ਹੈ, ਇਹ ਅਸੀਂ ਲੜੀ ਨੰ 97 ਵਿੱਚ ਸ੍ਰਵਨ ਕਰਾਂਗੇ।