ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 92 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਸਲੇਮਪੁਰ ਤੋਂ ਅੱਗੇ ਖਾਨਪੁਰ ਅਤੇ ਬਨੀ ਬਦਨਪੁਰ ਆਦਿ ਪਿੰਡਾਂ ਵਿੱਚ ਪਹੁੰਚਦੇ ਹਨ ਜਿੱਥੇ ਗੁਰੂ ਸਾਹਿਬ ਜੀ ਨੇ ਮੰਜੀ ਵੀ ਬਖਸ਼ਿਸ਼ ਕੀਤੀ ਸੀ ਅਤੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਖੂਹ ਵੀ ਲਗਵਾਏ ਸਨ। ਅੱਜ ਉੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਸੋਨੀਪਤ ਵਿਖੇ ਪਹੁੰਚ ਕੇ ਲੋਕਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ ਜਿੱਥੇ ਅੱਜ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ
ਡਾਕਟਰ ਗੰਡਾ ਸਿੰਘ ਅਨੁਸਾਰ ਗੁਰੂ ਤੇਗ ਬਹਾਦਰ ਜੀ ਬਨੀ ਬਦਨਪੁਰ ਤੋਂ ਚੱਲ ਕੇ ਆਪਣੇ ਪੂਰੇ ਪਰਿਵਾਰ ਸਮੇਤ ਪਾਣੀਪਤ ਦੇ ਰਸਤੇ ਹੁੰਦੇ ਹੋਏ ਸੋਨੀਪਤ ਪਹੁੰਚਦੇ ਹਨ। ਸੋਨੀਪਤ ਵਿਖੇ ਇੱਕ ਮਿਸਰਾਂ ਨਾਮ ਦਾ ਧਾੜਵੀ ਰਹਿੰਦਾ ਸੀ,ਜੋ ਘੋੜਿਆਂ ਦਾ ਵਪਾਰ ਵੀ ਕਰਦਾ ਸੀ। ਜਦੋਂ ਗੁਰੂ ਤੇਗ ਬਹਾਦਰ ਜੀ ਉੱਥੇ ਪਹੁੰਚੇ ਤਾਂ ਉਹ ਗੁਰੂ ਸਾਹਿਬ ਜੀ ਦੀ ਸੰਗਤ ਕਰਕੇ ਇੱਕ ਚੰਗਾ ਇਨਸਾਨ ਹੀ ਨਹੀਂ ਬਣਿਆ ਸਗੋਂ ਉਸਨੇ ਹੋਰਾਂ ਨੂੰ ਵੀ ਚੰਗੀ ਜੀਵਨ ਜੁਗਤ ਜਿਉਣ ਦੀ ਜਾਚ ਦੱਸੀ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਇੱਕ ਧਰਮਸ਼ਾਲਾ ਵੀ ਕਾਇਮ ਕੀਤੀ। ਬਾਅਦ ਵਿੱਚ ਉਸ ਧਰਮਸ਼ਾਲਾ ਵਿੱਚ ਸੰਗਤਾਂ ਆਉਣ ਜਾਣ ਲੱਗ ਪਈਆਂ। ਨਾਮ ਬਾਣੀ ਦਾ ਸਿਮਰਨ ਚਲਦਾ ਰਿਹਾ। ਹੌਲੀ-ਹੌਲੀ ਭਾਈ ਮਿਸਰਾਂ ਜੀ ਦਾ ਘਰ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਤਬਦੀਲ ਹੋ ਗਿਆ। ਜਦੋਂ ਦਾਸ ਦੀ ਟੀਮ ਸੋਨੀਪਤ ਵਿਖੇ ਪਹੁੰਚੀ ਤਾਂ ਸਾਨੂੰ ਦੱਸਿਆ ਗਿਆ ਕਿ ਸੋਨੀਪਤ ਵਿੱਚ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਇੱਥੇ ਕੁਝ ਬਜ਼ੁਰਗਾਂ ਨੂੰ ਪੁੱਛਣ ਤੇ ਪਤਾ ਲੱਗਿਆ ਕਿ ਇਹ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਜਿੱਥੇ ਗੁਰੂ ਤੇਗ ਬਹਾਦਰ ਜੀ ਆ ਕੇ ਠਹਿਰੇ ਸਨ, ਉਹ ਪੁਰਾਣਾ ਗੁਰਦੁਆਰਾ ਸਾਹਿਬ ਸਬਜ਼ੀ ਮੰਡੀ ਦੇ ਕੋਲ ਰਾਜ ਮੁਹੱੱਲੇ ਦੀਆਂ ਗਲੀਆਂ ਦੇ ਅੰਦਰ ਸਾਹਮਣੇ ਹੀ ਦਿਖਦਾ ਹੈ। ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦੇ ਹਾਂ ਤਾਂ ਉੱਥੇ ਇੱਕ ਖੂਹ ਮੌਜੂਦ ਸੀ ,ਜੋ ਕਿ ਸਮੇਂ ਦੀ ਲੋੜ ਨੂੰ ਨਾ ਸਮਝਦਿਆਂ ਹੋਇਆਂ ਉਸ ਖੂਹ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਉਸ ਉੱਤੇ ਇੱਕ ਕਮਰਾ ਉਸਾਰ ਦਿੱਤਾ ਗਿਆ ਹੈ। ਇਸ ਜਗ੍ਹਾ ਤੇ ਉੱਤੇ ਖੂਹ ਹੁੰਦਾ ਸੀ। ਇਹ ਜੋ ਤੁਸੀਂ ਸੱਜੇ ਪਾਸੇ ਛੋਟਾ ਜਿਹਾ ਕਮਰਾ ਦੇਖ ਰਹੇ ਹੋ, ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਸੱਜੇ ਹੱਥ ਤੇ ਇੱਕ ਛੋਟਾ ਜਿਹਾ ਬੁੰਗਾ ਬਣਿਆ ਹੋਇਆ ਹੈ ਜੋ ਕਿ ਭਾਈ ਮਿਸਰਾ ਜੀ ਦਾ ਘਰ ਹੁੰਦਾ ਸੀ।
1974 ਵਿੱਚ ਜਦੋਂ ਇਸ ਘਰ ਨੂੰ ਤੋੜਿਆ ਗਿਆ ਤਾਂ ਇਸਦੀ ਦੀਵਾਰ ਵਿੱਚੋਂ ਕੁਝ ਸ਼ਸਤਰ ਨਿਕਲੇ ਜਿਸ ਵਿੱਚ 2 ਸ੍ਰੀ ਸਾਹਿਬਾਂ, ਇੱਕ ਗੈਂਡੇ ਦੀ ਖੱਲ ਦੀ ਢਾਲ ਅਤੇ ਸੀਸ ਤੇ ਸਜਾਉਣ ਵਾਲੇ 4 ਚੱਕਰ ਸਨ, ਜੋ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਬੜੇ ਪਿਆਰ ਅਤੇ ਸਤਿਕਾਰ ਨਾਲ ਸ਼ੀਸ਼ੇ ਵਿੱਚ ਸੰਭਾਲ ਕੇ ਰੱਖੇ ਹੋਏ ਹਨ। ਸਾਨੂੰ ਉੱਥੇ ਬਜ਼ੁਰਗਾਂ ਨੇ ਪੁਰਾਣੇ ਘਰ ਦੇ ਦਰਵਾਜ਼ੇ ਵੀ ਦਿਖਾਏ। ਜੋ ਪੁਰਾਣਾ ਗੁਰਦੁਆਰਾ ਸਾਹਿਬ ਹੁੰਦਾ ਸੀ , ਉਸਦੇ ਦਰਵਾਜ਼ੇ ਵੀ ਅੱਜ ਮੌਜੂਦ ਹਨ, ਜੋ ਕਿ ਪੁਰਾਣੀ ਹਾਲਤ ਵਿੱਚ ਪੲੇ ਹਨ। ਇਹ ਗੁਰਦੁਆਰਾ ਸਾਹਿਬ ਬਾਅਦ ਵਿੱਚ ਉੱਥੇ ਵਸਦੇ ਹੋਏ ਸਿੱਖਾਂ ਨੇ ਇੱਥੇ ਨਵਾਂ ਗੁਰਦੁਆਰਾ ਸਾਹਿਬ ਬਣਾ ਦਿੱਤਾ। ਇਸ ਅਸਥਾਨ ਤੇ ਬਹੁਤ ਸ਼ਰਧਾ ਅਤੇ ਵਿਸ਼ਵਾਸ ਨਾਲ ਸੰਗਤ ਆ ਕੇ ਜੁੜਦੀ ਹੈ। ਸੰਗਤ ਦੀ ਇਹ ਵੀ ਆਸਥਾ ਜੁੜੀ ਹੋਈ ਹੈ ਕਿ ਜੋ ਵੀ ਸੱਚੇ ਮਨ ਨਾਲ ਇੱਥੇ ਆ ਕੇ ਅਰਦਾਸ ਕਰਦਾ ਹੈ, ਉਸਦੀ ਅਰਦਾਸ ਸੰਪੂਰਨ ਹੁੰਦੀ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਸੋਨੀਪਤ ਵਿੱਚ ਸਬਜ਼ੀ ਮੰਡੀ ਦੇ ਕੋਲ ਰਾਜ ਮੁਹੱੱਲੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਆਪਣੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਸੋਨੀਪਤ ਤੋਂ ਅਸਾਮ ਦੀ ਯਾਤਰਾ ਨੂੰ ਚਲਦੇ ਹੋਏ ਦਿੱਲੀ ਦੇ ਰਸਤੇ ਹੁੰਦੇ ਹੋਏ ਅੱਗੇ ਕਿਹੜੇ ਪੜਾਅ ਤੇ ਪਹੁੰਚਦੇ ਹਨ, ਉੱਥੋਂ ਦਾ ਕੀ ਇਤਿਹਾਸ ਹੈ, ਇਹ ਅਸੀਂ ਅਗਲੀ ਲੜੀ ਨੰ 94 ਵਿੱਚ ਸ੍ਰਵਨ ਕਰਾਂਗੇ।