ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 88 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਧਮਤਾਨ ਸਾਹਿਬ ਵਿਖੇ ਭਾਈ ਦਗੋ ਨੂੰ ਸਿੱਖੀ ਨਾਲ ਜੋੜਦੇ ਹਨ, ਜਿਸਦੀ ਪੀੜ੍ਹੀ ਅੱਜ ਵੀ ਉੱਥੇ ਵਸਦੀ ਹੈ ਅਤੇ ਗੁਰੂ ਘਰ ਨਾਲ ਜੁੜੀ ਹੋਈ ਹੈ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅੱਗੇ ਪਿੰਡ ਟੇਕ ਅਤੇ ਬਾਰਨਾ ਪਿੰਡ ਵਿੱਚ ਪ੍ਰਚਾਰ ਕਰਦੇ ਹਨ ਅਤੇ ਲੋਕਾਂ ਨੂੰ ਤੰਬਾਕੂ ਵਰਗੇ ਨਸ਼ਿਆਂ ਤੋਂ ਸੁਚੇਤ ਕਰਕੇ ਇੱਕ ਅਕਾਲ ਪੁਰਖ ਤੇ ਭਰੋਸਾ ਕਰਨ ਦਾ ਬਚਨ ਕਰਦੇ ਹਨ
ਧਮਤਾਨ ਸਾਹਿਬ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਜੀ, ਉਹਨਾਂ ਦਾ ਪਰਿਵਾਰ ਅਤੇ ਸਿੱਖ ਸੰਗਤਾਂ ਦਾ ਪੂਰਾ ਕਾਫ਼ਲਾ 40 ਕੁ ਕਿਲੋਮੀਟਰ ਅੱਗੇ ‘ਟੇਕ‘ ਪਿੰਡ ਪਹੁੰਚਦੇ ਹਨ। ਪੁਰਾਣੇ ਸਰੋਤਾਂ ਵਿੱਚ ਇਸਨੂੰ ‘ਟੇਕ‘ ਪਿੰਡ ਦੇ ਨਾਮ ਨਾਲ ਲਿਖਿਆ ਗਿਆ ਹੈ। ਜੇ ਅਸੀਂ ਹੁਣ ਇਤਿਹਾਸ ਦੀ ਗੱਲ ਕਰੀਏ ਤਾਂ ਇਸੇ ਟੇਕ ਪਿੰਡ ਨੂੰ ਬਹਿਰ ਪਿੰਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਗੁਰਦੁਆਰਾ ਬਹਿਰ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਗੁਰੂ ਸਾਹਿਬ ਜੀ ਬਹਿਰ ਸਾਹਿਬ ਪਹੁੰਚਦੇ ਹਨ। ਇੱਥੇ ਇੱਕ ਭਾਈ ਮੱਲ੍ਹਾ ਨਾਂ ਦਾ ਤਰਖ਼ਾਣ ਰਹਿੰਦਾ ਸੀ। ਭਾਈ ਮੱਲ੍ਹਾ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ। ਗੁਰੂ ਸਾਹਿਬ ਨੇ ਇੱਥੇ ਆਪਣਾ ਪੜਾਅ ਕੀਤਾ। ਭਾਈ ਮੱਲ੍ਹਾ ਨੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ। ਇੱਥੇ ਹੀ ਗੁਰੂ ਸਾਹਿਬ ਜੀ ਦੇ ਪ੍ਰਚਾਰ ਦੇ ਸਦਕਾ ਬਹੁਤ ਸੰਗਤਾਂ ਜੁੜਨੀਆਂ ਸ਼ੁਰੂ ਹੋ ਗੲੀਆਂ। ਇਸ ਪਿੰਡ ਦੀਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਅਸੀਂ ਬਹੁਤ ਗਰੀਬੀ ਵਿੱਚ ਜੀਵਨ ਬਤੀਤ ਕਰ ਰਹੇ ਹਾਂ ਅਤੇ ਬਹੁਤ ਦੁੱਖ ਕਟਦੇ ਹਾਂ। ਤੁਸੀਂ ਸਾਡੇ ਤੇ ਕਿਰਪਾ ਕਰੋ। ਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਹਾਡੇ ਪਾਸੇ ਤੰਬਾਕੂ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਜਦੋਂ ਤੱਕ ਤੁਸੀਂ ਆਪਣੇ ਘਰੋਂ ਤੰਬਾਕੂ ਦੇ ਕੋਹੜ ਨੂੰ ਨਹੀਂ ਕੱਢਦੇ, ਉਦੋਂ ਤੱਕ ਤੁਹਾਡੇ ਤੇ ਗਰੀਬੀ ਬਣੀ ਰਹੇਗੀ। ਕੁਝ ਪਰਿਵਾਰਾਂ ਨੂੰ ਗੁਰੂ ਸਾਹਿਬ ਜੀ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਅੱਜ ਤੋਂ ਹੀ ਤੰਬਾਕੂ ਛੱਡ ਦਿੰਦੇ ਹੋ ਤਾਂ ਅੱਜ ਤੋਂ ਹੀ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਤੁਹਾਡੇ ਤੇ ਬਣ ਜਾਵੇਗੀ। ਇੱਥੇ ਬੋਰਡ ਤੇ ਲਿਖੇ ਇਤਿਹਾਸ ਤੋਂ ਪਤਾ ਲੱਗਿਆ ਕਿ ਇੱਕ ਤਿ੍ਲੋਕਾ ਨਾਂ ਦੇ ਸਾਧੂ ਨੂੰ ਵੀ ਗੁਰੂ ਸਾਹਿਬ ਜੀ ਨੇ ਇੱਥੇ ਗੁਰਬਾਣੀ ਦੇ ਉਪਦੇਸ਼ਾਂ ਨਾਲ ਜੋੜਿਆ ਸੀ।ਇੱਥੇ ਗੁਰਦੁਆਰਾ ਬਹਿਰ ਸਾਹਿਬ ਸੁਸ਼ੋਭਿਤ ਹੈ ਜਿਸਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇੱਥੇ 24 ਘੰਟੇ ਗੁਰੂ ਦਾ ਲੰਗਰ ਚਲਦਾ ਹੈ। ਸਰੋਵਰ ਸਾਹਿਬ ਵੀ ਮੌਜੂਦ ਹੈ। ਇੱਥੋਂ ਤਕਰੀਬਨ 16 ਕਿਲੋਮੀਟਰ ਅੱਗੇ ਬਾਰਨਾ ਪਿੰਡ ਆਉਂਦਾ ਹੈ। ਗੁਰੂ ਸਾਹਿਬ ਕੈਥਲ ਵਿੱਚੋਂ ਬਾਰਨਾ ਪਿੰਡ ਜਾਂਦੇ ਹਨ। ਇੱਥੇ ਕੈਥਲ ਵਿੱਚ ਵੀ 2 ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਇਹਨਾਂ 2 ਗੁਰਦੁਆਰਿਆਂ ਦਾ ਇਤਿਹਾਸ ਸ਼ਹੀਦੀ ਮਾਰਗ ਵਿੱਚ ਆਏਗਾ, ਜੋ ਕਿ ਅਸੀਂ ਅਗਲੀਆਂ ਲੜੀਆਂ ਵਿੱਚ ਸ੍ਰਵਨ ਕਰਾਂਗੇ। ਜਦੋਂ ਗੁਰੂ ਸਾਹਿਬ ਜੀ ਬਾਰਨਾ ਪਿੰਡ ਪਹੁੰਚਦੇ ਹਨ ਤਾਂ ਇੱਥੇ ਲੋਕਾਂ ਨੂੰ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਬਾਰੇ ਪੁੱਛਦੇ ਹਨ। ਪਿੰਡ ਵਾਲਿਆਂ ਨੇ ਇੱਕ ਵਿਅਕਤੀ ਦੀ ਦੱਸ ਪਾਈ ਅਤੇ ਗੁਰੂ ਸਾਹਿਬ ਜੀ ਨੇ ਉਸਨੂੰ ਸੱਦ ਕੇ ਲਿਆਉਣ ਲਈ ਕਿਹਾ। ਉਸ ਸਿੱਖ ਨੇ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਗੁਰੂ ਤੇਗ ਬਹਾਦਰ ਜੀ ਨੇ ਉਸਨੂੰ ਕਿਹਾ ਕਿ ਅਸੀਂ ਇੱਥੇ ਕੁਝ ਦਿਨ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦੇ ਹਾਂ। ਸਾਡੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇ। ਉਸ ਸਿੱਖ ਨੇ ਕਿਹਾ ਕਿ ਮੇਰੇ ਧੰਨ ਭਾਗ ਹਨ, ਤੁਸੀਂ ਮੇਰੇ ਘਰ ਚਲੋ। ਉਸਨੇ ਕਿਹਾ ਕਿ ਮੇਰੇ ਖੇਤਾਂ ਵਿੱਚ ਪਟਵਾਰੀ ਜ਼ਮੀਨ ਦੀ ਮਿਣਤੀ ਕਰਨ ਲਈ ਆਏ ਹੋਏ ਹਨ ਅਤੇ ਮੈਂ ਉਹਨਾਂ ਕੋਲ ਜਾ ਕੇ ਮਿਣਤੀ ਕਰਾ ਕੇ ਵਾਪਸ ਆ ਜਾਵਾਂਗਾ। ਗੁਰੂ ਸਾਹਿਬ ਜੀ ਨੇ ਕਿਹਾ ਕਿ ਮਿਣਤੀ ਹੁੰਦੀ ਰਹੇਗੀ ਪਰ ਤੂੰ ਇੱਥੇ ਸੇਵਾ ਕਰ। ਉਸ ਸਿੱਖ ਨੇ ਗੁਰੂ ਸਾਹਿਬ ਜੀ ਦੇ ਬਚਨ ਨਾ ਮੰਨੇ ਅਤੇ ਕਿਹਾ ਕਿ ਜੇ ਮੈਂ ਖੇਤਾਂ ਵਿੱਚ ਨਾ ਗਿਆ ਤਾਂ ਕਿਤੇ ਇਹ ਨਾ ਹੋਵੇ ਕਿ ਪਟਵਾਰੀ ਕਿਸੇ ਪਿੱਛੇ ਲੱਗ ਕੇ ਜ਼ਮੀਨ ਦੀ ਵੱਧ ਮਿਣਤੀ ਕਰ ਦੇਵੇ, ਕਿਉਂਕਿ ਜਿੰਨੀ ਜ਼ਮੀਨ ਦੀ ਵੱਧ ਮਿਣਤੀ ਹੁੰਦੀ ਹੈ, ਉੰਨਾ ਸਰਕਾਰ ਨੂੰ ਟੈਕਸ ਦੇਣਾ ਪੈਂਦਾ ਹੈ। ਗੁਰੂ ਸਾਹਿਬ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ, ਤੂੰ ਜਾ ਕੇ ਮਿਣਤੀ ਕਰਾ ਪਰ ਤੂੰ ਇਕ ਪਾਸੇ ਹੀ ਖੜਾ ਰਹੀਂ ਅਤੇ ਪ੍ਰਮਾਤਮਾ ਦਾ ਨਾਮ ਜਪਦਾ ਰਹੀਂ। ਪਟਵਾਰੀ ਆਪਣਾ ਕੰਮ ਕਰਦੇ ਰਹਿਣਗੇ।
ਇਹ ਸਿੱਖ ਜਦੋਂ ਗਿਆ ਤਾਂ ਇੱਕ ਪਾਸੇ ਖੜ੍ਹਾ ਹੋ ਗਿਆ। ਇਸਦੀ 200 ਵਿਘੇ ਜ਼ਮੀਨ ਸੀ। ਪਟਵਾਰੀ ਨੇ 2-3 ਵਾਰ ਮਿਣਤੀ ਕੀਤੀ। ਪੁਰਾਤਨ ਇਤਿਹਾਸ ਵਿੱਚ ਇਹ ਵੀ ਲਿਖਿਆ ਹੈ ਕਿ 200 ਵਿਘੇ ਦੀ ਗਿਣਤੀ 100 ਵਿਘੇ ਹੀ ਹੋਈ ਅਤੇ ਇਸ ਕੋਲੋਂ 100 ਵਿਘੇ ਦਾ ਹੀ ਟੈਕਸ ਲਿਆ ਗਿਆ। ਜਦੋਂ ਸਿੱਖ ਨੇ ਆ ਕੇ ਇਹ ਅਸਚਰਜ ਗੁਰੂ ਸਾਹਿਬ ਜੀ ਨੂੰ ਦੱਸਿਆ ਤਾਂ ਗੁਰੂ ਜੀ ਨੇ ਬਚਨ ਕੀਤੇ ਕਿ ਜੇ ਤੂੰ ਅਕਾਲ ਪੁਰਖ ਤੇ ਭਰੋਸਾ ਰੱਖਦਾ ਤਾਂ ਤੈਨੂੰ ਇਹ ਵੀ ਟੈਕਸ ਨਹੀਂ ਦੇਣਾ ਪੈਣਾ ਸੀ। ਸੋ, ਗੁਰੂ ਸਾਹਿਬ ਜੀ ਇਸਦੇ ਕੋਲ ਹੀ ਰਹੇ ਅਤੇ ਲੋਕਾਂ ਨੂੰ ਬਚਨ ਕੀਤੇ ਕਿ ਤੁਹਾਡੇ ਤੇ ਕਿਰਪਾ ਬਣੀ ਰਹੇਗੀ। ਤੁਸੀਂ ਤੰਬਾਕੂ ਦੀ ਵਰਤੋਂ ਕਰਨਾ ਬੰਦ ਕਰ ਦਿਓ। ਜੇ ਤੁਸੀਂ ਤੰਬਾਕੂ ਦੀ ਵਰਤੋਂ ਕੀਤੀ ਤਾਂ ਤੁਹਾਡੇ ਘਰ ਵਿੱਚੋਂ ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਜਾਂਦੀਆਂ ਰਹਿਣਗੀਆਂ। ਇਹ ਇਤਿਹਾਸ ਤਾਂ ਕਿਤਾਬਾਂ ਵਿੱਚ ਲਿਖਿਆਂ ਮਿਲਦਾ ਹੈ।
ਦਾਸ ਦੀ ਟੀਮ ਵੀ ਇਸ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੀ ਅਤੇ ਇੱਥੇ ਸਾਨੂੰ ਇੱਕ ਹੋਰ ਇਤਿਹਾਸ ਵੀ ਮਿਲਿਆ ਕਿ ਇੱਕ ਮਾਈ ਨੇ ਆਪਣੇ ਹੱਥੀਂ ਬੁਣਿਆ ਹੋਇਆ ਕੀਮਤੀ ਦੁਸ਼ਾਲਾ ਵੀ ਗੁਰੂ ਸਾਹਿਬ ਜੀ ਨੂੰ ਭੇਟ ਕੀਤਾ ਸੀ। ਗੁਰੂ ਸਾਹਿਬ ਜੀ ਨੇ ਹੋਰ ਵੀ ਨੇੜੇ ਤੇੜੇ ਦੀਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਇੱਕ ਗੱਲ ਤੋਂ ਗੁਰੇਜ਼ ਕਰਨ ਲਈ ਕਿਹਾ ਕਿ ਜੇ ਤੁਸੀਂ ਤੰਬਾਕੂ ਦੀ ਵਰਤੋਂ ਛੱਡ ਦਿੱਤੀ ਤਾਂ ਤੁਹਾਡੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਬਣੀ ਰਹੇਗੀ। ‘ਸੂਰਜ ਪ੍ਰਕਾਸ਼ ਗ੍ਰੰਥ’ ਦੇ ਲਿਖਾਰੀ ਕਵੀ ਸੰਤੋਖ ਸਿੰਘ ਜੀ ਨੇ ਇਹ ਵੀ ਲਿਖਿਆ ਹੈ ਕਿ ਦਾਸ ਖੁਦ ਇਸ ਪਿੰਡ ਵਿੱਚ ਆਇਆ ਅਤੇ ਪ੍ਰਚਾਰ ਕੀਤਾ। ਉਸ ਪਰਿਵਾਰ ਨੂੰ ਵੀ ਮਿਲਿਆ ਜੋ ਕਿ ਗੁਰੂ ਤੇਗ ਬਹਾਦਰ ਜੀ ਨਾਲ ਜੁੜਿਆ ਹੋਇਆ ਸੀ। ਉਹਨਾਂ ਪਰਿਵਾਰਾਂ ਨੂੰ ਸਖ਼ਤੀ ਨਾਲ ਤਾੜਨਾ ਵੀ ਕੀਤੀ ਕਿ ਤੁਸੀਂ ਗੁਰੂ ਸਾਹਿਬ ਦੀਆਂ ਰਹਿਮਤਾਂ ਭੁਲਾ ਦਿੱਤੀਆਂ ਹਨ। ਕਵੀ ਸੰਤੋਖ ਸਿੰਘ ਜੀ ਨੇ ਇਹ ਵੀ ਲਿਖਿਆ ਹੈ ਕਿ ਇੱਥੇ ਇੱਕ ਇਮਲੀ ਦਾ ਰੁੱਖ ਵੀ ਮੌਜੂਦ ਸੀ ਜੋ ਉਸਨੇ ਆਪ ਦੇਖਿਆ ਸੀ ਪਰ ਜਦੋਂ ਸਾਡੀ ਟੀਮ ਇੱਥੇ ਪਹੁੰਚੀ ਤਾਂ ਸਾਡੀ ਟੀਮ ਨੂੰ ਉਹ ਰੁੱਖ ਦੇਖਣ ਨੂੰ ਨਹੀਂ ਮਿਲਿਆ। ਤੁਸੀਂ ਇਸ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਬਾਰਨਾ ਦੇ ਦਰਸ਼ਨ ਕਰ ਰਹੇ ਹੋ। ਇਸ ਤੋਂ ਅੱਗੇ ਗੁਰੂ ਸਾਹਿਬ ਥਾਨੇਸਰ ਜਾਂਦੇ ਹਨ, ਇਹ ਅਸੀਂ ਅਗਲੀ ਲੜੀ ਨੰ 90 ਵਿੱਚ ਸ੍ਰਵਨ ਕਰਾਂਗੇ।