ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 83 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਕੱਟੂ, ਕੁੰਬੜਵਾਲ, ਸੂਹਿਆਣਾ ਅਤੇ ਹੰਡਿਆਇਆ ਆਦਿ ਪਿੰਡਾਂ ਵਿੱਚ ਪ੍ਰਚਾਰ ਕਰਨ ਲਈ ਪਹੁੰਚਦੇ ਹਨ, ਜਿੱਥੇ ਅੱਜ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅੱਗੇ ਪਿੰਡ ਰੁੜੇ ਕੇ ਕਲਾਂ, ਕੈਲੋਂ, ਢਿਲਵਾਂ, ਮੌੜ(ਦੁੱਲਮੀਕੀ) ਆਦਿ ਪਿੰਡਾਂ ਵਿੱਚ ਪ੍ਰਚਾਰ ਕਰਨ ਲਈ ਪਹੁੰਚਦੇ ਹਨ, ਜਿੱਥੇ ਗੁਰੂ ਸਾਹਿਬ ਜੀ ਨੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਕਈ ਖੂਹ ਵੀ ਲਗਵਾਏ ਸਨ
ਅੱਜ ਅਸੀਂ ਪਿੰਡ ਰੁੜੇ ਕੇ ਕਲਾਂ ਦੇ ਇਤਿਹਾਸ ਦੀ ਗੱਲ ਕਰਾਂਗੇ। ਜਦੋਂ ਸਾਡੀ ਟੀਮ ਪਿੰਡ ਰੁੜੇ ਕੇ ਕਲਾਂ ਪਹੁੰਚੀ ਤਾਂ ਅਸੀਂ ਉੱਥੇ ਕੲੀ ਬਜ਼ੁਰਗਾਂ ਅਤੇ ਵੀਰਾਂ ਨੂੰ ਉੱਥੋਂ ਦੇ ਇਤਿਹਾਸ ਅਤੇ ਇਤਿਹਾਸਕ ਗੁਰਦੁਆਰੇ ਬਾਰੇ ਪੁੱਛਿਆ ਤਾਂ ਉੱਥੋਂ ਦੇ ਬਜ਼ੁਰਗਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਇੱਥੇ ਕੋਈ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਮੌਜੂਦ ਹੈ। ਅਸੀਂ ਉੱਥੋਂ ਦੀ ਇੱਕ ਅਲੱਗ ਵੀਡੀਓ ਵੀ ਬਣਾਈ ਹੈ। ਕੁਝ ਵੀਰਾਂ ਨੂੰ ਪੁੱਛਣ ਤੇ ਪਤਾ ਲੱਗਿਆ ਕਿ ਇੱਥੇ ਪਿੰਡ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਹੈ। ਅਸੀਂ ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਗੁਰਦੁਆਰਾ ਸਾਹਿਬ ਦੀ ਡਿਉਢੀ ਵੀ ਬਣੀ ਹੋਈ ਹੈ। ਇਹ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਸਾਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਗ੍ਰੰਥੀ ਸਿੰਘ ਜੀ ਨੂੰ ਵੀ ਮਿਲਣ ਦਾ ਮੌਕਾ ਮਿਲਿਆ। ਅਸੀਂ ਉਹਨਾਂ ਤੋਂ ਕੋਈ ਪੁਰਾਣੀ ਢਾਬ ਜਾਂ ਪੁਰਾਣੇ ਕਿਲ੍ਹੇ ਬਾਰੇ ਪੁੱਛਿਆ। ਇੱਥੇ ਕੋਈ ਕਿਲ੍ਹਾ ਤਾਂ ਮੌਜੂਦ ਨਹੀਂ ਸੀ ਪਰ ਇੱਕ ਛੋਟਾ ਜਿਹਾ ਟਿੱਲਾ ਜ਼ਰੂਰ ਮੌਜੂਦ ਸੀ। ਬਾਅਦ ਵਿੱਚ ਇਸ ਟਿੱਲੇ ਵਾਲੀ ਜਗ੍ਹਾ ਤੇ ਹੀ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀਂ ਬਣਾਇਆ ਗਿਆ ਹੈ। ਸੋ, ਪਿੰਡ ਰੁੜੇ ਕੇ ਕਲਾਂ ਵਿੱਚ ਇਹ ਨੌਵੇਂ ਗੁਰੂ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਮੌਜੂਦ ਹੈ।
ਇਸ ਤੋਂ ਅੱਗੇ ਪਿੰਡ ਕੈਲੋਂ ਆਉਂਦਾ ਹੈ। ਕੈਲੋਂ ਪਿੰਡ ਵਿੱਚ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਅਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਸਾਨੂੰ ਇੱਥੋਂ ਦਾ ਇਤਿਹਾਸ ਜ਼ਿਆਦਾ ਪਤਾ ਨਹੀਂ ਲੱਗ ਸਕਿਆ। ਇਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਅਧੀਨ ਪੈਂਦਾ ਹੈ। ਸਾਨੂੰ ਇੱਥੋਂ ਦੇ ਗ੍ਰੰਥੀ ਸਿੰਘ ਜੀ ਨੇ ਦੱਸਿਆ ਕਿ ਇੱਥੇ ਪੁਰਾਣਾ ਜਿਹਾ ਥੇਹ ਸੀ। ਅੱਜ ਇਸ ਥੇਹ ਨੂੰ ਤੁਸੀਂ ਵੇਖ ਰਹੇ ਹੋ।
ਇੱਥੇ ਪਹਿਲਾਂ ਇੱਕ ਨਗਰ ਵਸਿਆ ਹੁੰਦਾ ਸੀ ਪਰ ਅੱਜ ਇੱਥੇ ਹੱਡੀਆਂ ਅਤੇ ਪੁਰਾਣੇ ਟੁੱਟੇ ਹੋਏ ਘੜੇ ਨਿਕਲ ਰਹੇ ਹਨ। ਇਹ ਇੱਥੋਂ ਬਾਅਦ ਵਿੱਚ ਪਿੰਡ ਉੱਜੜ ਗਿਆ ਲੱਗਦਾ ਹੈ। ਇੱਥੇ ਪਾਤਸ਼ਾਹੀ ਨੌਵੀਂ ਦਾ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ। ਤੁਸੀਂ ਇਸ ਪਿੰਡ ਕੈਲੋਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਇਸ ਤੋਂ ਅੱਗੇ ਪਿੰਡ ਢਿਲਵਾਂ ਪੈਂਦਾ ਹੈ। ਪਿੰਡ ਢਿੱਲਵਾਂ ਵਿੱਚ ਵੀ ਬਹੁਤ ਵੱਡਾ ਗੁਰਦੁਆਰਾ ਸਾਹਿਬ ਮੌਜੂਦ ਹੈ। ਇਸਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ। ਇਸ ਪਿੰਡ ਢਿਲਵਾਂ ਦੇ ਨਾਮ ਤੇ ਕਾਫੀ ਜ਼ਮੀਨ ਮੌਜੂਦ ਹੈ। ਗੁਰੂ ਤੇਗ ਬਹਾਦਰ ਜੀ ਮਾਲਵੇ ਦੇ ਪ੍ਰਚਾਰ ਦੌਰਿਆਂ ਦੌਰਾਨ ਕੁਝ ਮਹੀਨੇ ਇੱਥੇ ਰੁਕੇ ਸਨ। ਗੁਰੂ ਸਾਹਿਬ ਜੀ ਨੇ ਇੱਥੇ ਰੁਕ ਕੇ ਸਿਰਫ਼ ਪ੍ਰਚਾਰ ਹੀ ਨਹੀਂ ਕੀਤਾ ਸਗੋਂ ਲੋਕਾਂ ਦੀਆਂ ਮੁਸ਼ਕਿਲਾਂ ਵੀ ਦੂਰ ਕੀਤੀਆਂ।
ਲੋਕਾਂ ਨੇ ਦੱਸਿਆ ਕਿ ਇੱਥੇ ਦੁੱਧ ਦੀ ਘਾਟ ਹੈ ਕਿਉਂਕਿ ਇੱਥੇ ਨੇੜੇ ਤੇੜੇ ਪਾਣੀ ਦਾ ਪ੍ਰਬੰਧ ਨਹੀਂ ਹੈ। ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਖੇਤੀ ਵੀ ਵਧੀਆ ਨਹੀਂ ਹੁੰਦੀ। ਇਸ ਕਰਕੇ ਅਸੀਂ ਪਸ਼ੂ ਵੀ ਨਹੀਂ ਸੀ, ਜਿਸ ਨਾਲ ਦੁੱਧ ਵੀ ਨਹੀਂ ਹੁੰਦਾ। ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਉੱਥੇ ਖੂਹ ਲਗਵਾਏ। ਤਕਰੀਬਨ 100 ਦੇ ਕਰੀਬ ਗਊਆਂ ਖੁਦ ਦਸਵੰਧ ਦੀ ਮਾਇਆ ਵਿੱਚੋਂ ਖ਼ਰੀਦ ਕੇ ਦਿੱਤੀਆਂ ਕਿ ਅੱਗੇ ਵੱਧ ਤੋਂ ਵੱਧ ਤੁਸੀਂ ਕਾਰੋਬਾਰ ਕਰੋ ਅਤੇ ਆਪਣੇ ਪਰਿਵਾਰਾਂ ਨੂੰ ਵਧਾਓ। ਇਹ ਗੱਲ ਘੜੀ ਹੋਈ ਲਗਦੀ ਹੈ ਕਿ ਗੁਰੂ ਸਾਹਿਬ ਜੀ ਨੇ 101 ਗਊਆਂ ਦਾਨ ਕੀਤੀਆਂ। ਇਹ ਗੱਲ ਬਾਣੀ ਦੀ ਕਸਵੱਟੀ ਤੇ ਖਰੀ ਨਹੀਂ ਉਤਰਦੀ। ਲੋਕਾਂ ਦੇ ਸੁਧਾਰ ਲਈ ਗੁਰੂ ਸਾਹਿਬ ਜੀ ਨੇ ਬਹੁਤ ਮਾਇਆ ਦਿੱਤੀ ਸੀ। ਕੇਵਲ ਦਾਨ ਹੀ ਨਹੀਂ ਕੀਤਾ ਸਗੋਂ ਗੁਰੂ ਸਾਹਿਬ ਜੀ ਨੇ ‘ਅਕਲੀ ਕੀਚੈ ਦਾਨੁ’ ਵਾਲੀ ਪ੍ਰਥਾ ਨੂੰ ਅੱਗੇ ਤੋਰਦੇ ਹੋਏ ਲੋੜ ਵਾਲੀ ਜਗ੍ਹਾ ਤੇ ਮਾਇਆ ਦਿੱਤੀ ਸੀ। ਗੁਰੂ ਤੇਗ ਬਹਾਦਰ ਜੀ ਨੇ ਇੱਥੇ ਪਿੰਡ ਢਿਲਵਾਂ ਵਿੱਚ ਕੁਝ ਮਹੀਨੇ ਰਹਿ ਕੇ ਪ੍ਰਚਾਰ ਕੀਤਾ।
ਇੱਥੋਂ ਨੇੜੇ ਹੀ ਪਿੰਡ ਮੌੜ (ਦੁੱਲਮੀਕੀ) ਵਿੱਚ ਇੱਕ ਹੋਰ ਗੁਰਦੁਆਰਾ ਸਾਹਿਬ ਮੌਜੂਦ ਹੈ,ਜਿਸਨੂੰ ਗੁਰਦੁਆਰਾ ਦੁੱਲਮਸਰ ਸਾਹਿਬ ਕਿਹਾ ਜਾਂਦਾ ਹੈ। ਇਹ ਗੁਰਦੁਆਰਾ ਦੁੱਲਮਸਰ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇੱਥੇ ਵੀ ਪਾਣੀ ਦੀ ਘਾਟ ਹੋਣ ਕਰਕੇ ਗੁਰੂ ਸਾਹਿਬ ਜੀ ਨੇ ਖੂਹ ਲਗਵਾਇਆ। ਗੁਰਦੁਆਰਾ ਦੁੱਲਮਸਰ ਤੋਂ ਥੋੜ੍ਹੀ ਦੂਰ ਖੇਤਾਂ ਵਿੱਚ ਇੱਕ ਹੋਰ ਗੁਰਦੁਆਰਾ ਸਾਹਿਬ ਮੌਜੂਦ ਹੈ, ਜਿਸਦਾ ਨਾਮ ਗੁਰਦੁਆਰਾ ਦਾਤਣਸਰ ਸਾਹਿਬ ਹੈ। ਸਾਨੂੰ ਇੱਥੋਂ ਦਾ ਇਤਿਹਾਸ ਵੀ ਪਤਾ ਲੱਗਿਆ। ਇੱਥੇ ਪਿੰਡ ਮੋੜ੍ਹ ਦਾ ਰਹਿਣ ਵਾਲਾ ਭਾਈ ਦੁੱਲੋਂ, ਜੋ ਕਿ ਗੁਰੂ ਤੇਗ ਬਹਾਦਰ ਜੀ ਲੲੀ ਦੁੱਧ ਲੈ ਕੇ ਹਾਜ਼ਰ ਹੁੰਦਾ ਸੀ ਅਤੇ ਸੰਗਤਾਂ ਲਈ ਦੁੱਧ ਦੀ ਸੇਵਾ ਕਰਦਾ ਸੀ। ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਉਸਨੂੰ ਇੱਕ ਦਸਤਾਰ ਬਖਸ਼ੀ ਸੀ। ਜਦੋਂ ਉਹ ਦਸਤਾਰ ਲੈ ਕੇ ਘਰ ਗਿਆ ਤਾਂ ਅਗੋਂ ਉਸਦੀ ਘਰਵਾਲੀ ਨੇ ਕੁਝ ਇਸ ਤਰੀਕੇ ਨਾਲ ਉਸਨੂੰ ਪੁੱਛਿਆ ਕਿ ਤੂੰ ਦੁੱਧ ਲੈ ਕੇ ਕਿੱਥੇ ਜਾਂਦਾ ਹੈ। ਭਾਈ ਦੁੱਲੋਂ ਨੇ ਕਿਹਾ ਕਿ ਮੈਂ ਦੁੱਧ ਲੈ ਕੇ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹਾਂ ਅਤੇ ਗੁਰੂ ਸਾਹਿਬ ਜੀ ਨੇ ਮੈਨੂੰ ਇੱਕ ਦਸਤਾਰ ਵੀ ਬਖਸ਼ੀ ਹੈ।
ਜੋ ਦਸਤਾਰ ਗੁਰੂ ਸਾਹਿਬ ਜੀ ਨੇ ਬਖਸ਼ੀ ਸੀ, ਉਹ ਬਹੁਤ ਕੀਮਤੀ ਦਸਤਾਰ ਸੀ। ਭਾਈ ਦੁੱਲੋਂ ਦੀ ਘਰਵਾਲੀ ਨੇ ਉਹ ਦਸਤਾਰ ਖੋਹ ਕੇ ਪਿੰਡ ਦੇ ਮਰਾਸੀ ਨੂੰ ਦੇ ਦਿੱਤੀ ਅਤੇ ਭਾਈ ਦੁੱਲੋਂ ਨੂੰ ਕਿਹਾ ਕਿ ਤੂੰ ਦੁੱਧ ਸੇਵਾ ਵਿੱਚ ਲੈ ਕੇ ਜਾਂਦਾ ਹੈਂ ਜਾਂ ਸਾਧੂਆਂ ਨੂੰ ਲੁੱਟਣ ਜਾਂਦਾ ਹੈਂ? ਜਦੋਂ ਅਗਲੇ ਦਿਨ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਜੀ ਨੇ ਉਸ ਦਸਤਾਰ ਬਾਰੇ ਪੁੱਛਿਆ, ਜੋ ਉਸਨੂੰ ਕੱਲ੍ਹ ਬਖਸ਼ਿਸ਼ ਕੀਤੀ ਗਈ ਸੀ। ਉਸਨੇ ਕਿਹਾ ਕਿ ਉਹ ਦਸਤਾਰ ਤਾਂ ਮੇਰੀ ਘਰਵਾਲੀ ਨੇ ਖੋਹ ਕੇ ਅੱਗੋਂ ਮਰਾਸੀ ਨੂੰ ਦੇ ਦਿੱਤੀ। ਗੁਰੂ ਸਾਹਿਬ ਜੀ ਨੇ ਕਿਹਾ ਕਿ ਅਸੀਂ ਤਾਂ ਤੈਨੂੰ ਦੁਲੋਂ ਦਾ ਪਤੀ ਬਣਾਉਣਾ ਚਾਹੁੰਦੇ ਸੀ ਪਰ ਤੂੰ ਤਾਂ ਦੁੱਲੋਂ ਦਾ ਦੁੱਲੋਂ ਹੀ ਰਹਿ ਗਿਆ।
ਸਾਨੂੰ ਇਹ ਇਤਿਹਾਸ ਕਿਤੇ ਕਿਤਾਬਾਂ ਵਿੱਚ ਪੜ੍ਹਨ ਨੂੰ ਨਹੀਂ ਮਿਲਿਆ। ਜਦੋਂ ਅਸੀਂ ਗੁਰਦੁਆਰਾ ਦਾਤਣਸਰ ਸਾਹਿਬ ਪਹੁੰਚੇ ਤਾਂ ਉੱਥੇ ਬਹੁਤ ਨੌਜਵਾਨ ਸੇਵਾ ਕਰ ਰਹੇ ਸੀ। ਉੱਥੇ ਇੱਕ ਪੁਰਾਣਾ ਕਰੀਰ ਦਾ ਰੁੱਖ ਵੀ ਮੌਜੂਦ ਹੈ। ਤੁਸੀਂ ਇਸ ਗੁਰਦੁਆਰਾ ਦਾਤਣਸਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਪਿੰਡ ਦੁੱਲਮੇਕੀ ਵਿੱਚ ਗੁਰਦੁਆਰਾ ਦੁੱਲਮਸਰ ਸਾਹਿਬ ਅਤੇ ਨੇੜੇ ਖੇਤਾਂ ਵਿੱਚ ਗੁਰਦੁਆਰਾ ਦਾਤਣਸਰ ਸਾਹਿਬ ਮੌਜੂਦ ਹੈ। ਅਗਲੀ ਲੜੀ 85 ਵਿੱਚ ਅਸੀਂ ਅਗਲਾ ਇਤਿਹਾਸ ਸ੍ਰਵਣ ਕਰਾਂਗੇ।