ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 85 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਫਰਵਾਹੀ ਅਤੇ ਸੇਖਾਂ ਪਿੰਡ ਵਿੱਚ ਪ੍ਰਚਾਰ ਕਰਦੇ ਹਨ ਅਤੇ ਇੱਕ ਚੌਧਰੀ ਦਾ ਹੰਕਾਰ ਵੀ ਤੋੜਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਜਹਾਂਗੀਰ,ਬਵਨਪੁਰ ਅਤੇ ਰਾਜੋਮਾਜਰਾ ਵਿਖੇ ਪਹੁੰਚਦੇ ਹਨ ਅਤੇ ਉੱਥੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਖੂਹ ਵੀ ਲਗਵਾਉਂਦੇ ਹਨ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਦੇ ਹਨ
ਅੱਜ ਗੁਰੂ ਤੇਗ ਬਹਾਦਰ ਜੀ ਆਪਣੇ ਪੂਰੇ ਪਰਿਵਾਰ ਅਤੇ ਸੰਗਤਾਂ ਸਮੇਤ ਪਿੰਡ ਜਹਾਂਗੀਰ ਪਹੁੰਚਦੇ ਹਨ। ਉਸ ਸਮੇਂ ਇਹ ਪਿੰਡ ਅਜੇ ਵਸਿਆ ਨਹੀਂ ਸੀ। ਜਦੋਂ ਗੁਰੂ ਸਾਹਿਬ ਜੀ ਇੱਥੇ ਪਹੁੰਚੇ ਤਾਂ ਨੇੜੇ ਹੀ ਇੱਕ ਜਿੰਮੀਦਾਰ ਖੇਤਾਂ ਵਿੱਚ ਖ਼ੂਹ ਪੁੱਟ ਰਿਹਾ ਸੀ। ਉਹ ਮਿੱਟੀ ਵਿੱਚ ਲਿਬੜਿਆ ਹੋਇਆ ਸੀ। ਜਦੋਂ ਉਸਨੂੰ ਸੰਗਤਾਂ ਦੇ ਆਉਣ ਦਾ ਪਤਾ ਲੱਗਿਆ ਤਾਂ ਉਹ ਮਿੱਟੀ ਵਿੱਚ ਲਿਬੜੇ ਹੋਇਆਂ ਹੀ ਭੱਜ ਕੇ ਗੁਰੂ ਸਾਹਿਬ ਜੀ ਦੇ ਕੋਲ ਗਿਆ। ਗੁਰੂ ਸਾਹਿਬ ਜੀ ਨੇ ਉਸਨੂੰ ਕੋਲ ਬਿਠਾਇਆ ਅਤੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਮੈਂ ਨੇੜੇ ਹੀ ਪਿੰਡ ਕੇਂਹਰੂ ਦਾ ਰਹਿਣ ਵਾਲਾ ਹਾਂ। ਮੇਰਾ ਨਾਮ ਘੁੰਨਾ ਹੈ। ਮੈਂ ਆਪਣੇ ਖੇਤਾਂ ਵਿੱਚ ਪਾਣੀ ਦੀ ਕਮੀ ਹੋਣ ਕਾਰਨ ਮਿੱਟੀ ਪੁੱਟ ਕੇ ਖੂਹ ਨੂੰ ਡੂੰਘਾ ਕਰ ਰਿਹਾ ਸੀ ਤਾਂ ਕਿ ਖੂਹ ਵਿੱਚੋਂ ਸਾਫ਼ ਪਾਣੀ ਆ ਸਕੇ। ਗੁਰੂ ਸਾਹਿਬ ਜੀ ਨੇ ਉਸਦੀ ਨਿਮਰਤਾ ਅਤੇ ਅੰਦਰ ਦੇ ਜਜ਼ਬੇ ਨੂੰ ਦੇਖਿਆ। ਉਹ ਗੁਰੂ ਸਾਹਿਬ ਜੀ ਕੋਲ ਕੁਝ ਦਿਨ ਰਿਹਾ ਤਾਂ ਉਹ ਸਿੱਖੀ ਤੋਂ ਬਹੁਤ ਪ੍ਰਭਾਵਿਤ ਹੋਇਆ। ਗੁਰੂ ਜੀ ਨੇ ਉਸਨੂੰ ਉਥੋਂ ਦਾ ਪ੍ਰਚਾਰਕ ਥਾਪਿਆ ਅਤੇ ਆਪ ਖੂਹ ਵੀ ਲਗਵਾ ਕੇ ਦਿੱਤੇ। ਅੱਜ ਵੀ ਪਿੰਡ ਵਿੱਚ ਗੁਰੂ ਸਾਹਿਬ ਜੀ ਵੱਲੋਂ ਲਗਵਾਇਆ ਗਿਆ ਖੂਹ ਮੌਜੂਦ ਹੈ। ਇਸਦਾ ਪਾਣੀ ਵਰਤੋਂ ਵਿੱਚ ਆਉਂਦਾ ਹੈ। ਪਿੰਡ ਵਾਲਿਆਂ ਨੇ ਇਹ ਖੂਹ ਨੂੰ ਬਹੁਤ ਵਧੀਆ ਪਾਰਕ ਬਣਾ ਕੇ ਸਾਂਭ ਕੇ ਰੱਖਿਆ ਹੋਇਆ ਹੈ। ਇਸਦੀ ਚੰਗੀ ਤਰ੍ਹਾਂ ਸਫਾਈ ਕੀਤੀ ਹੋਈ ਹੈ। ਇਹ ਖੂਹ ਦਾ ਪਾਣੀ ਅੱਜ ਵੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।
ਉੱਥੇ ਨੇੜੇ ਹੀ ਸੱਥ ਵਿੱਚ ਬੈਠੇ ਬਜ਼ੁਰਗਾਂ ਤੋਂ ਸਾਨੂੰ ਪਤਾ ਲੱਗਿਆ ਕਿ ਉਸ ਸਮੇਂ ਇਹ ਪਿੰਡ ਅਜੇ ਵਸਿਆ ਨਹੀਂ ਸੀ। ਇਹ ਪਿੰਡ ਦਾ ਨਾਮ ਜਹਾਂਗੀਰ ਹੈ। ਇਹ ਪਿੰਡ ਤਕਰੀਬਨ 1869 ਵਿੱਚ ਇੱਕ ਮੁਸਲਮਾਨ ਫਕੀਰ ਜਹਾਂਗੀਰ ਦੇ ਨਾਮ ਤੇ ਵਸਿਆ ਹੋਇਆ ਹੈ। ਪਿੰਡ ਦੇ ਦਰਵਾਜ਼ੇ ਦੇ ਨਾਲ ਹੀ ਇਹ ਖੂਹ ਮੌਜੂਦ ਹੈ। ਇਹ ਗੁਰਦੁਆਰਾ ਸਾਹਿਬ ਪਿੰਡ ਦੇ ਬਾਹਰਵਾਰ ਬਣਿਆ ਹੋਇਆ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਇੱਥੇ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਜੰਡ ਦਾ ਰੁੱਖ ਮੌਜੂਦ ਹੈ। ਇਸ ਪਿੰਡ ਜਹਾਂਗੀਰ ਵਿੱਚ ਨੌਵੀਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਪਿੰਡ ਜਹਾਂਗੀਰ ਤੋਂ ਅੱਗੇ ਚੱਲ ਕੇ ਪਿੰਡ ਬਵਨਪੁਰ ਪੈਂਦਾ ਹੈ। ਪਿੰਡ ਬਵਨਪੁਰ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇੱਥੇ ਇੱਕ ਸਰੋਵਰ ਵੀ ਮੌਜੂਦ ਹੈ ਜਿਸਦੀ ਸੇਵਾ ਮਲੇਰਕੋਟਲੇ ਦੇ ਨਵਾਬ ਇਫਤਿਆਰ ਖ਼ਾਨ ਵਲੋਂ ਕਰਵਾਈ ਗਈ ਹੈ। ਇਹ ਗੁਰਦੁਆਰਾ ਸਾਹਿਬ ਪਿੰਡ ਬਵਨਪੁਰ ਵਿੱਚ ਸੁਸ਼ੋਭਿਤ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ।
ਇਸ ਤੋਂ ਅੱਗੇ ਪਿੰਡ ਰਾਜੋਮਾਜਰਾ ਆਉਂਦਾ ਹੈ। ਇਹ ਰੰਘੜਾਂ ਦਾ ਪਿੰਡ ਸੀ। ਜੋ ਰਾਜਪੂਤ ਇਸਲਾਮ ਧਾਰਨ ਕਰ ਲੈਂਦੇ ਸਨ, ਉਹਨਾਂ ਨੂੰ ਰੰਘੜ ਕਿਹਾ ਜਾਂਦਾ ਸੀ। ਇਹਨਾਂ ਰੰਘੜਾਂ ਦੇ ਪਰਿਵਾਰ ਦੀ ਇੱਕ ਮਾਈ ਰੱਜੋ ਸੀ। ਮਾਈ ਰੱਜੋ ਦੇ ਨਾਮ ਤੇ ਇਹ ਪਿੰਡ ਰਾਜੋਮਾਜਰਾ ਵਸਿਆ ਹੋਇਆ ਹੈ। ਇਹ ਰੰਘੜਾਂ ਦਾ ਪਿੰਡ ਹੋਣ ਕਰਕੇ ਇੱਥੇ ਹੁੱਕੇ ਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ। ਜਦੋਂ ਗੁਰੂ ਤੇਗ ਬਹਾਦਰ ਜੀ ਆਪਣੇ ਸਿੱਖਾਂ ਸੇਵਕਾਂ ਨਾਲ ਇਸ ਪਿੰਡ ਵਿੱਚ ਉਤਾਰਾ ਕਰਨ ਲੱਗੇ ਤਾਂ ਪਿੰਡ ਦੇ ਲੋਕਾਂ ਨੇ ਗੁਰੂ ਸਾਹਿਬ ਜੀ ਅੱਗੇ ਇੱਕ ਬੇਨਤੀ ਕੀਤੀ। ਲੋਕਾਂ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਹੁੱਕੇ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਦੂਰ-ਦੂਰ ਤੱਕ ਧੂੰਆਂ ਹੀ ਧੂੰਆਂ ਰਹਿੰਦਾ ਹੈ। ਇਸ ਕਰਕੇ ਅਸੀਂ ਤੁਹਾਨੂੰ ਪਿੰਡ ਤੋਂ ਕੁਝ ਦੂਰ ਰਹਿਣ ਦੀ ਬੇਨਤੀ ਕਰਦੇ ਹਾਂ ਜਿਸ ਨਾਲ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਅਤੇ ਸਿੱਖਾਂ ਸੇਵਕਾਂ ਨੇ ਆ ਕੇ ਇਸ ਅਸਥਾਨ ਤੇ ਟਿਕਾਣਾ ਕੀਤਾ, ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਗੁਰੂ ਸਾਹਿਬ ਜੀ ਨੇ ਉਹਨਾਂ ਪਿੰਡ ਵਾਲਿਆਂ ਨੂੰ ਹੁੱਕਾ ਪੀਣ ਤੋਂ ਵਰਜਿਆ। ਗੁਰੂ ਤੇਗ ਬਹਾਦਰ ਜੀ ਨੇ ਲੋਕਾਂ ਨੂੰ ਨਾਮ ਦਾਨ ਅਤੇ ਬਾਣੀ ਨਾਲ ਜੋੜਿਆ। ਅੱਜ ਇੱਥੇ ਬਹੁਤ ਵਿਸ਼ਾਲ ਜੰਡ ਦਾ ਰੁੱਖ ਮੌਜੂਦ ਹੈ। ਜੋ ਨੇੜੇ ਛੱਪੜੀ ਹੁੰਦੀ ਸੀ, ਉਹ ਹੁਣ ਸਰੋਵਰ ਸਾਹਿਬ ਦੇ ਰੂਪ ਵਿੱਚ ਮੌਜੂਦ ਹੈ। ਇਹ ਪਿੰਡ ਰਾਜੋਮਾਜਰਾ ਵਿੱਚ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਤੁਸੀਂ ਇਸ ਨੌਵੀਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਅੱਗੇ ਲੜੀ ਨੰ 87 ਵਿੱਚ ਅਸੀਂ ਅਗਲਾ ਇਤਿਹਾਸ ਸ੍ਰਵਣ ਕਰਾਂਗੇ।