ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 80 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਭਾਈ ਮੁਗਲੂ ਜੀ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਹਨ ਅਤੇ ਉਸਦੀ ਮਨੋਕਾਮਨਾ ਪੂਰੀ ਕਰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਬਛੂਆਣਾ ਸਾਹਿਬ ਵਿਖੇ ਪਹੁੰਚ ਕੇ ਉੱਥੇ ਇੱਕ ਸਿੱਖ ਨੂੰ ਸਿੱਖੀ ਦੀ ਦਾਤ ਬਖਸ਼ਦੇ ਹਨ, ਜਿਸਦੇ ਘਰ ਅੱਜ ਵੀ ਲੋਕ ਆਪਣਾ ਵਰਤਾਰਾ ਲੈ ਕੇ ਜਾਂਦੇ ਹਨ
ਪਿਛਲੀ ਲੜੀ ਵਿੱਚ ਅਸੀਂ ਭਾਈ ਮੁਗਲੂ ਜੀ ਦਾ ਇਤਿਹਾਸ ਸ੍ਰਵਣ ਕੀਤਾ ਸੀ। ਹੁਣ ਅਸੀਂ ਅਗਲੇ ਪਿੰਡ ਬਛੂਆਣਾ ਚਲਦੇ ਹਾਂ। ਇਹ ਬਛੂਆਣਾ ਪਿੰਡ ਕਣਕਵਾਲ ਤੋਂ 10 ਕਿਲੋਮੀਟਰ ਅਤੇ ਪਿੰਡ ਗੰਡੂਆ (ਜਿਥੋਂ ਭਾਈ ਮੁਗਲੂ ਜੀ ਦਾ ਇਤਿਹਾਸ ਸ੍ਰਵਣ ਕੀਤਾ ਸੀ) ਤੋਂ ਤਕਰੀਬਨ 17 ਕਿਲੋਮੀਟਰ ਤੇ ਪੈਂਦਾ ਹੈ। ਗੁਰੂ ਸਾਹਿਬ ਜੀ ਵੇਲੇ ਇਹ ਪਿੰਡ ਕਾਫੀ ਛੋਟਾ ਸੀ। ਗੁਰੂ ਸਾਹਿਬ ਜੀ ਨੇ ਇੱਥੇ ਇੱਕ ਢਾਬ ਦੇ ਉੱਤੇ ਪਿੱਪਲ ਦੇ ਰੁੱਖ ਥੱਲੇ ਆ ਕੇ ਟਿਕਾਣਾ ਕੀਤਾ। ਅੱਜ ਉੱਥੇ ਨਾ ਹੀ ਉਹ ਢਾਬ ਅਤੇ ਨਾ ਹੀ ਉਹ ਪਿੱਪਲ ਦਾ ਰੁੱਖ ਰਿਹਾ ਹੈ। ਗੁਰੂ ਸਾਹਿਬ ਜੀ ਨੇ ਤਕਰੀਬਨ 7 ਦਿਨ ਇੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ। ਅੱਜ ਇਹ ਗੁਰਦੁਆਰਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਅਧੀਨ ਪੈਂਦਾ ਹੈ। ਇਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇਸ ਤੋਂ ਅੱਗੇ ਬਿਲਕੁਲ ਨੇੜੇ ਹੀ ਪਿੰਡ ਖੀਵਾਂਕਲਾ ਪੈਂਦਾ ਹੈ। ਗੁਰੂ ਤੇਗ ਬਹਾਦਰ ਜੀ ਇਸ ਖੀਵਾਂਕਲਾ ਪਿੰਡ ਵਿੱਚ ਪਹੁੰਚਦੇ ਹਨ। ਇੱਥੇ ਵੀ ਦੀਵਾਨ ਸਜਾਇਆ ਜਾਂਦਾ ਹੈ। ਸਜੇ ਹੋਏ ਦੀਵਾਨ ਵਿੱਚੋਂ ਇੱਕ ਭਾਈ ਸੰਘਾ ਨਾਮ ਦਾ ਵਿਅਕਤੀ ਜਦੋਂ ਉੱਠ ਕੇ ਜਾਣ ਲੱਗਾ ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਬੜੇ ਪਿਆਰ ਨਾਲ ਉਸਨੂੰ ਪੁੱਛਿਆ ਕਿ ਤੇਰੀ ਸਜੇ ਹੋਏ ਦੀਵਾਨ ਵਿੱਚ ਸੁਰਤ ਕਿਉਂ ਨਹੀਂ ਟਿਕ ਰਹੀ? ਅਤੇ ਤੂੰ ਕਿੱਥੇ ਜਾ ਰਿਹਾ ਹੈ? ਭਾਈ ਸੰਘਾ ਜੀ ਨੇ ਆ ਕੇ ਬੇਨਤੀ ਕੀਤੀ ਕਿ ਗੁਰੂ ਜੀ, ਸਾਡੇ ਪਿੰਡ ਦੇ ਚੌਧਰੀ ਦੇ ਘਰ ਵਿਆਹ ਹੈ। ਜਦੋਂ ਕਿਸੇ ਦੇ ਘਰ ਵਿਆਹ ਹੁੰਦਾ ਹੈ ਤਾਂ ਉਸਦੇ ਘਰ ਵਰਤਾਰਾ ਵਰਤਦਾ ਹੈ। ਪੰਜਾਬ ਦਾ ਇਹ ਇੱਕ ਬਹੁਤ ਪੁਰਾਣਾ ਸੱਭਿਆਚਾਰ ਹੈ ਕਿ ਪੂਰੇ ਪਿੰਡ ਵਿੱਚ ਜਦੋਂ ਕੋਈ ਵਿਆਹ ਤੇ ਪਹੁੰਚਦਾ ਹੈ ਤਾਂ ਉਸਨੂੰ ਮਿੱਠਾ ਪ੍ਰਸ਼ਾਦ ਦਿੱਤਾ ਜਾਂਦਾ ਹੈ, ਜਿਸਨੂੰ ਵਰਤਾਰਾ ਕਿਹਾ ਜਾਂਦਾ ਹੈ। ਉਸਨੇ ਕਿਹਾ ਕਿ ਅੱਜ ਪਿੰਡ ਦੇ ਚੌਧਰੀ ਦੇ ਘਰ ਵਰਤਾਰਾ ਵਰਤਣਾ ਹੈ ਅਤੇ ਪਿੰਡ ਦਾ ਚੌਧਰੀ ਵਧੀਆ ਵਰਤਾਰਾ ਦੇਵੇਗਾ। ਮੈਂ ਕਿਤੇ ਪਿੱਛੇ ਨਾ ਰਹਿ ਜਾਵਾਂ, ਇਸ ਲੲੀ ਮੈਂ ਵਰਤਾਰਾ ਲੈਣ ਚਲਿਆ ਹਾਂ। ਗੁਰੂ ਸਾਹਿਬ ਜੀ ਨੇ ਭਾਈ ਸੰਘੇ ਨੂੰ ਬਚਨ ਕੀਤੇ ਕਿ ਤੂੰ ਨਾ ਜਾ। ਤੈਨੂੰ ਜਾਣ ਦੀ ਲੋੜ ਨਹੀਂ ਹੈ। ਤੂੰ ਪ੍ਰਭੂ ਭਗਤੀ ਵਿੱਚ ਜੁੜ। ਇੱਥੇ ਬੈਠ ਕੇ ਸੰਗਤ ਕਰ। ਇਸ ਨਾਲ ਤੇਰਾ ਜੀਵਨ ਸਫ਼ਲ ਹੋ ਜਾਏਗਾ। ਤੂੰ ਇਹ ਵਰਤਾਰਾ ਛੱਡ। ਤੇਰੇ ਘਰ ਤਾਂ 2-2 ਵਰਤਾਰੇ ਪਹੁੰਚ ਜਾਇਆ ਕਰਨਗੇ। ਭਾਈ ਸੰਘਾ, ਗੁਰੂ ਤੇਗ ਬਹਾਦਰ ਜੀ ਦੇ ਬਚਨ ਮੰਨ ਕੇ ਉੱਥੇ ਬੈਠਾ ਰਿਹਾ। ਇਹੀ ਗੱਲ ਕਿਸੇ ਨੇ ਪਿੰਡ ਦੇ ਚੌਧਰੀ ਨੂੰ ਜਾ ਕੇ ਦੱਸੀ ਕਿ ਅੱਜ ਗੁਰੂ ਤੇਗ ਬਹਾਦਰ ਜੀ ਦਾ ਦੀਵਾਨ ਸਜਿਆ ਸੀ। ਗੁਰੂ ਸਾਹਿਬ ਜੀ ਆਪ ਆਏ ਹੋਏ ਸਨ। ਜਦੋਂ ਪਿੰਡ ਦੇ ਚੌਧਰੀ ਨੂੰ ਪਤਾ ਲੱਗਿਆ ਤਾਂ ਉਸ ਚੌਧਰੀ ਨੇ ਇੱਕ ਨਹੀਂ, ਉਸਦੇ ਘਰ 2-2 ਵਰਤਾਰੇ ਭੇਜੇ।
ਇੱਥੇ ਗੁਰਦੁਆਰਾ ਸਾਹਿਬ ਦੇ ਨੇੜੇ ਭਾਈ ਸੰਘੇ ਦੀਆਂ ਪੀੜ੍ਹੀਆਂ ਦੇ ਘਰ ਅੱਜ ਵੀ ਮੌਜੂਦ ਹਨ ।ਗੁਰੂ ਸਾਹਿਬ ਜੀ ਦੀ ਅਜਿਹੀ ਕਿਰਪਾ ਹੋਈ ਕਿ ਅੱਜ ਤੱਕ ਪਿੰਡ ਵਿੱਚ ਜਿਸਦੇ ਘਰ ਵੀ ਵਿਆਹ ਹੁੰਦਾ ਹੈ ਤਾਂ ਭਾਈ ਸੰਘੇ ਦੇ ਨਾਮ ਦੇ 2 ਵਰਤਾਰੇ ਕੱਢ ਕੇ ਉਹਨਾਂ ਦੇ ਘਰ ਪਹੁੰਚਾਏ ਜਾਂਦੇ ਹਨ। ਇਹ ਵੀ ਪਤਾ ਚਲਿਆ ਕਿ ਇਕੱਲੇ ਇਸ ਪਿੰਡ ਵਿੱਚ ਹੀ ਨਹੀਂ, ਸਗੋਂ ਨੇੜੇ ਦੇ ਪਿੰਡਾਂ ਵਿੱਚੋਂ ਵੀ ਕਈ ਵੀਰ ਸ਼ਰਧਾ ਦੇ ਨਾਲ ਭਾਈ ਸੰਘੇ ਦੇ ਘਰ 2 ਵਰਤਾਰੇ ਭੇਜਦੇ ਹਨ ਪਰ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਗੁਰਦੁਆਰੇ ਤਾਂ ਬਹੁਤ ਆਲੀਸ਼ਾਨ ਬਣ ਗਏ ਹਨ, ਬਿਲਡਿੰਗਾਂ ਵੀ ਬਹੁਤ ਵੱਡੀਆਂ ਬਣਾਈਆਂ ਜਾ ਰਹੀਆਂ ਹਨ ਪਰ ਉਹ ਸੰਘੇ ਦਾ ਪਰਿਵਾਰ ਅੱਜ ਗੁਰਮਤਿ ਨਾਲੋਂ ਦੂਰ ਜਾ ਚੁੱਕਿਆ ਹੈ ਅਤੇ ਗੁਰਮਤਿ ਨਾਲੋਂ ਟੁੱਟ ਚੁੱਕਿਆ ਹੈ। ਇਹਨਾਂ ਪਰਿਵਾਰਾਂ ਨੂੰ ਗੁਰੂ ਨਾਲ ਜੋੜਨ ਦੀ ਲੋੜ ਹੈ, ਜਿਹਨਾਂ ਤੇ ਕਦੇ ਗੁਰੂ ਸਾਹਿਬ ਜੀ ਨੇ ਮਿਹਰ ਭਰੀ ਬਖਸ਼ਿਸ਼ ਕੀਤੀ ਸੀ। ਅੱਜ ਇਸ ਖੀਵਾ ਕਲਾਂ ਪਿੰਡ ਵਿੱਚ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਅੱਗੇ ਲੜੀ ਨੰ 82 ਵਿੱਚ ਅਸੀਂ ਅਗਲੇ ਪਿੰਡ ਦਾ ਇਤਿਹਾਸ ਸ੍ਰਵਣ ਕਰਾਂਗੇ।