ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 76 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਪਿੰਡ ਅਲੀਸ਼ੇਰ ਵਿਖੇ ਪਹੁੰਚਦੇ ਹਨ ਤਾਂ ਉੱਥੇ ਕਿੰਨੇ ਹੀ ਵਣ, ਦਰਖੱਤ ਅਤੇ ਪੇੜ ਮੌਜੂਦ ਹਨ ਜਿਨ੍ਹਾਂ ਦਾ ਸੰਬੰਧ ਗੁਰੂ ਸਾਹਿਬ ਜੀ ਨਾਲ ਹੈ
ਇਸ ਲੜੀ ਵਿੱਚ ਅਸੀਂ ਪਿੰਡ ਰੱਲਾ, ਜੋਗਾ ਅਤੇ ਭੁਪਾਲ(ਮਾਨਸਾ) ਪਿੰਡਾਂ ਦਾ ਇਤਿਹਾਸ ਸ੍ਰਵਣ ਕਰਾਂਗੇ , ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ
ਪਿਛਲੀ ਲੜੀ ਨੰ 76 ਵਿੱਚ ਅਸੀਂ ਪਿੰਡ ਅਲੀਸ਼ੇਰ ਦਾ ਇਤਿਹਾਸ ਸ੍ਰਵਣ ਕੀਤਾ ਸੀ। ਅੱਜ ਅਸੀਂ ਪਿੰਡ ਰੱਲਾ ਅਤੇ ਜੋਗਾ ਵਿਖੇ ਪਹੁੰਚਾਂਗੇ। ਪਿੰਡ ਰੱਲਾ ਅਤੇ ਜੋਗਾ ਪਿੰਡ ਦੋਨੋਂ ਨਾਲ-ਨਾਲ ਹੀ ਵਸਦੇ ਹਨ। ਜਦੋਂ ਗੁਰੂ ਤੇਗ ਬਹਾਦਰ ਜੀ ਪਿੰਡ ਰੱਲਾ ਵਿਖੇ ਪਹੁੰਚੇ ਤਾਂ ਉੱਥੇ ਕਾਫੀ ਸੰਗਤ ਗੁਰੂ ਸਾਹਿਬ ਜੀ ਨਾਲ ਜੁੜੀ। ਉੱਥੇ ਹੀ ਰੱਲਾ ਪਿੰਡ ਦੇ ਚੌਧਰੀ ਦੇ ਭਤੀਜੇ ਜੋਗਰਾਜ ਨੂੰ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਕਿਸੇ ਨਾ ਕਿਸੇ ਕਾਰਨ ਕੲੀ ਨਗਰ ਵਸਦੇ ਹਨ ਅਤੇ ਕਈ ਉਜੱੜ ਜਾਂਦੇ ਹਨ। ਗੁਰੂ ਜੀ ਨੇ ਕਿਹਾ –
“ਐਤ ਥੈਹ ਵਸਾਇ ਲੈ ਅਜੀਤ ਕਲਰੀ ਹੈ”
ਭਾਵ ਤੁਸੀਂ ਇਸ ਉੱਚੀ ਜਗ੍ਹਾ ਤੇ ਨਗਰ ਵਸਾ ਲਵੋ, ਇਹ ਅਜੀਤ ਕਲਰੀ ਹੈ। ਉਸ ਸਮੇਂ ਉੱਥੇ ਹੀ ਰੱਲੇ ਪਿੰਡ ਦੇ ਨਾਲ ਭਾਈ ਜੋਗਰਾਜ ਜੀ ਨੇ ਉੱਚੀ ਥੇਹ ਤੇ ਨਗਰ ਵਸਾਇਆ , ਜਿਸਨੂੰ ਅੱਜ ਜੋਗਾ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਿੰਡ ਰੱਲ਼ੇ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਸਾਨੂੰ ਪਿੰਡ ਦੀ ਕਮੇਟੀ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਇਸ ਨਗਰ ਤੇ ਬਣੀ ਹੋਈ ਹੈ। ਨਾਲ ਹੀ ਪਿੰਡ ਜੋਗੇ ਵਿੱਚ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇੱਥੋਂ ਦੀ ਕਮੇਟੀ ਨੂੰ ਵੀ ਸਾਨੂੰ ਮਿਲਣ ਦਾ ਮੌਕਾ ਮਿਲਿਆ ਜਿਸ ਵਿੱਚ ਸਰਦਾਰ ਰਣ ਸਿੰਘ ਜੀ, ਜੋ ਕਿ ਇੱਥੇ ਨੇੜੇ ਤੇੜੇ ਪਿੰਡਾਂ ਵਿੱਚ ਜਾ ਕੇ ਕਵੀਸ਼ਰੀ ਕਰਦੇ ਹਨ, ਪ੍ਰਚਾਰ ਕਰਦੇ ਹਨ ਅਤੇ ਇਤਿਹਾਸ ਨੂੰ ਵੀ ਖੋਜਦੇ ਹਨ। ਉਹਨਾਂ ਦੇ ਦੱਸਣ ਤੇ ਸਾਨੂੰ ਪਤਾ ਚਲਿਆ ਕਿ ਅਜੇ ਹੋਰ ਵੀ ਇਤਿਹਾਸ ਨੂੰ ਖੋਜਣ ਦੀ ਲੋੜ ਹੈ। ਨਾਲ਼ ਹੀ ਇਸ ਪਿੰਡ ਦੇ ਨੇੜੇ ਪਾਂਡਵਾਂ ਦੇ ਵੇਲੇ ਦੇ ਕੁਝ ਮੰਦਿਰ ਵੀ ਮੌਜੂਦ ਹਨ। ਉਹ ਅਸਥਾਨ ਵੀ ਮੌਜੂਦ ਹਨ ਜਿੱਥੇ ਦੱਸਿਆ ਜਾਂਦਾ ਹੈ ਕਿ ਉੱਥੇ ਪਾਂਡਵ ਵੀ ਪਹੁੰਚੇ ਸਨ।
ਇਹ ਗੁਰਦੁਆਰਾ ਸਾਹਿਬ ਪਿੰਡ ਜੋਗੇ ਵਿੱਚ ਬਣਿਆ ਹੋਇਆ ਹੈ। ਇਸਦੇ ਨਾਲ ਹੀ ਪਿੰਡ ਭੁਪਾਲ ਵੀ ਪੈਂਦਾ ਹੈ। ਭੁਪਾਲ ਪਿੰਡ ਵਿੱਚ 2 ਗੁਰਦੁਆਰਾ ਸਾਹਿਬ ਮੌਜੂਦ ਹਨ। ਜਦੋਂ ਗੁਰੂ ਤੇਗ ਬਹਾਦਰ ਜੀ ਇਸ ਪਿੰਡ ਵਿੱਚ ਪਹੁੰਚਦੇ ਹਨ ਤਾਂ ਪਿੰਡ ਦੀਆਂ ਕੁਝ ਸੰਗਤਾਂ ਗੁਰੂ ਸਾਹਿਬ ਜੀ ਨੂੰ ਮਿਲਣ ਆਉਂਦੀਆਂ ਹਨ। ਉੱਥੇ ਗੁਰੂ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ, ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਨਾਲ ਹੀ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਜੇ ਕੋਈ ਤੰਬਾਕੂ ਦੀ ਵਰਤੋਂ ਕਰੇਗਾ ਤਾਂ ਉਹ ਬਰਬਾਦ ਹੋ ਜਾਵੇਗਾ। ਇਹ ਸੱਚ ਹੀ ਹੈ ਕਿ ਤੰਬਾਕੂ ਦੀ ਵਰਤੋਂ ਕਰਨ ਵਾਲੇ ਅਕਸਰ ਬਰਬਾਦ ਹੀ ਹੁੰਦੇ ਹਨ ਕਿਉਂਕਿ ਇਹ ਜਗਤ ਜੂਠ ਮੰਨਿਆ ਜਾਂਦਾ ਹੈ। ਇੱਥੇ ਅੱਜ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਣਿਆ ਹੋਇਆ ਹੈ। ਸਾਨੂੰ ਇੱਥੇ ਪਿੰਡ ਦੇ ਬਜ਼ੁਰਗਾਂ ਨੂੰ ਮਿਲਣ ਦਾ ਮੌਕਾ ਮਿਲਿਆ। ਅਸੀਂ ਉਹਨਾਂ ਨਾਲ ਬੈਠੇ ਅਤੇ ਗੱਲਾਂ ਕੀਤੀਆਂ। ਉਹਨਾਂ ਨੇ ਕਿਹਾ ਕਿ ਜੇ ਕੋਈ ਤੰਬਾਕੂ ਦੀ ਵਰਤੋਂ ਕਰਦਾ ਹੈ ਤਾਂ ਉਹ ਕੋਈ ਚੰਗਾ ਆਦਮੀ ਨਹੀਂ ਗਿਣਿਆ ਜਾਂਦਾ ਅਤੇ ਨਾ ਹੀ ਉਹ ਕਾਮਯਾਬ ਇਨਸਾਨ ਮੰਨਿਆ ਜਾਂਦਾ ਹੈ। ਸੱਚ ਜਾਣਿਓ, ਤੰਬਾਕੂ ਅਤੇ ਸਿੱਖੀ ਦਾ ਕੋਈ ਮੇਲ ਨਹੀਂ ਹੈ। ਜਦੋਂ ਗੁਰੂ ਤੇਗ ਬਹਾਦਰ ਜੀ ਪਿੰਡ ਤੋਂ ਥੋੜ੍ਹੀ ਦੂਰ ਹੀ ਜਾਂਦੇ ਹਨ ਤਾਂ ਇੱਕ ਰਵੀਦਾਸੀਏ ਭਾਈਚਾਰੇ ਦੇ ਕਿਸੇ ਵੀਰ ਨੇ ਗੁਰੂ ਜੀ ਦੇ ਘੋੜੇ ਦੀਆਂ ਲਗਾਮਾਂ ਪਕੜ ਕੇ ਗੁਰੂ ਜੀ ਨੂੰ ਰੋਕ ਕੇ ਕਿਹਾ ਕਿ ਗੁਰੂ ਸਾਹਿਬ ਜੀ, ਸਾਨੂੰ ਪਿੰਡ ਵਾਲਿਆਂ ਨੂੰ ਤੁਹਾਡੇ ਆਉਣ ਦੀ ਖ਼ਬਰ ਨਹੀਂ ਮਿਲੀ। ਅਸੀਂ ਪਿੰਡ ਵਾਲੇ ਅਤੇ ਹੋਰ ਸੰਗਤਾਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ। ਗੁਰੂ ਸਾਹਿਬ ਜੀ ਇੱਥੇ ਰੁਕਦੇ ਹਨ। ਅੱਜ ਇੱਥੇ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ। ਪਿੱਛੇ ਹੀ ਛੋਟਾ ਪੁਰਾਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਜਿਸ ਵਣ ਦੇ ਰੁੱਖ ਨਾਲ ਗੁਰੂ ਜੀ ਨੇ ਘੋੜਾ ਬੰਨ੍ਹਿਆ ਸੀ, ਉਹ ਜਗ੍ਹਾ ਵੀ ਮੌਜੂਦ ਹੈ। ਇੱਥੇ ਇੱਕ ਸਾਫ਼ ਪਾਣੀ ਦੀ ਛੱਪੜੀ ਵੀ ਸੀ ਜੋ ਕਿ ਅੱਜ ਛੋਟੇ ਜਿਹੇ ਸਰੋਵਰ ਦੇ ਰੂਪ ਵਿੱਚ ਮੌਜੂਦ ਹੈ। ਇਸ ਪਿੰਡ ਵਿੱਚ ਗੁਰੂ ਤੇਗ ਬਹਾਦਰ ਜੀ ਦੇ 2 ਅਸਥਾਨ ਮੌਜੂਦ ਹਨ। ਇਸ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਪਿੰਡ ਭੁਪਾਲ ਦੇ ਬਾਹਰਵਾਰ ਗੁਰਦੁਆਰਾ ਅਟਕਸਰ ਸਾਹਿਬ ਵੀ ਮੌਜੂਦ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਸੋ ਇਸ ਤੋਂ ਬਾਅਦ ਅਸੀਂ ਪਿੰਡ ਧਲੇਵਾਂ ਚਲਾਂਗੇ। ਪਿੰਡ ਧਲੇਵਾਂ ਦਾ ਕੀ ਇਤਿਹਾਸ ਹੈ, ਉੱਥੇ ਗੁਰੂ ਸਾਹਿਬ ਜੀ ਕੀ ਕਰਨ ਗਏ ਸਨ, ਇਹ ਅਸੀਂ ਅਗਲੀ ਲੜੀ ਨੰ 78 ਵਿੱਚ ਸ੍ਰਵਨ ਕਰਾਂਗੇ।