ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ 77 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਰੱਲਾ, ਜੋਗਾ ਅਤੇ ਭੁਪਾਲ ਪਿੰਡਾਂ ਵਿੱਚ ਪਹੁੰਚਦੇ ਹਨ ਜਿੱਥੇ ਅੱਜ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਧਲੇਵਾਂ ਪਿੰਡ ਵਿੱਚ ਪਹੁੰਚ ਕੇ ਇੱਕ ਗੁਰਸਿੱਖ ਨੂੰ ਆਪਣੇ ਦਰਸ਼ਨ ਦੇ ਕੇ ਨਿਹਾਲ ਕਰਦੇ ਹਨ
ਗੁਰੂ ਤੇਗ ਬਹਾਦਰ ਜੀ ਪਿੰਡ ਭੁਪਾਲ ਤੋਂ ਚੱਲ ਕੇ 17 ਕਿਲੋਮੀਟਰ ਦੂਰ ਪਿੰਡ ਧਲੇਵਾਂ ਵਿਖੇ ਪਹੁੰਚਦੇ ਹਨ। ਇੱਥੇ ਰੁੱਖ ਹੋਣ ਕਰਕੇ ਇੱਕ ਛੋਟਾ ਜਿਹਾ ਜੰਗਲ ਸੀ ਜਿੱਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੇਲੇ ਦਾ ਇੱਕ ਸਿੱਖ ਤੁਲਸੀਦਾਸ ਰਹਿੰਦਾ ਸੀ, ਜੋ ਕਿ ਨਾਮ ਸਿਮਰਨ ਵਿੱਚ ਜੁੜਿਆ ਰਹਿੰਦਾ ਸੀ। ਉਸਦੀ ਅੰਤਿਮ ਇੱਛਾ ਇਹ ਸੀ ਕਿ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਅਤੇ ਉਸਦੇ ਮਨ ਵਿੱਚ ਇਹ ਇੱਛਾ ਸੀ ਕਿ ਜਦੋਂ ਮੇਰੇ ਪ੍ਰਾਣ ਨਿਕਲਣ ਭਾਵ ਜਦੋਂ ਮੇਰਾ ਅੰਤਿਮ ਸਮਾਂ ਨੇੜੇ ਆਵੇ ਤਾਂ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਦਰਸ਼ਨ ਕਰਕੇ ਆਪਣੇ ਪ੍ਰਾਣ ਤਿਆਗਾਂ। ਜਦੋਂ ਜਾਣੀ-ਜਾਣ ਗੁਰੂ ਤੇਗ ਬਹਾਦਰ ਜੀ ਇਸ ਕੋਲ ਪਹੁੰਚਦੇ ਹਨ ਤਾਂ ਉਹ ਆਵਾਜ਼ ਮਾਰਦੇ ਹਨ ਕਿ ਬਾਬਾ ਤੁਲਸੀਦਾਸ ਜੀ , ਅੱਖਾਂ ਖੋਲੋ। ਜਦੋਂ ਬਾਬਾ ਤੁਲਸੀਦਾਸ ਜੀ ਨੇ ਅੱਖਾਂ ਖੋਲ੍ਹ ਕੇ ਦੇਖਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਦੂਜਾ ਰੂਪ ਗੁਰੂ ਤੇਗ ਬਹਾਦਰ ਜੀ ਸਾਹਮਣੇ ਖੜ੍ਹੇ ਹਨ ਤਾਂ ਉਹ ਬਹੁਤ ਖੁਸ਼ ਹੋਏ। ਇਹਨਾਂ ਨੇ ਉੱਠ ਕੇ ਗੁਰੂ ਤੇਗ ਬਹਾਦਰ ਜੀ ਦੀਆਂ ਪ੍ਰਕਰਮਾ ਕੀਤੀਆਂ, ਨਮਸਕਾਰ ਕੀਤੀ ਅਤੇ ਬਚਨ ਕਰਕੇ ਆਪਣੇ ਪ੍ਰਾਣ ਤਿਆਗ ਦਿੱਤੇ। ਗੁਰੂ ਤੇਗ ਬਹਾਦਰ ਜੀ ਨੇ ਆਪਣੇ ਹੱਥੀਂ ਬਾਬਾ ਤੁਲਸੀਦਾਸ ਜੀ ਦਾ ਸਸਕਾਰ ਕੀਤਾ। ਨਾਲ ਹੀ ਸੰਗਤਾਂ ਨੂੰ ਸੰਬੋਧਨ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ-
“੧ਓ ਸਤਿਗੁਰ ਪ੍ਰਸਾਦਿ
ਧਨਾਸਰੀ ਮਹਲਾ ੯
ਕਾਹੇ ਰੇ ਬਨ ਖੋਜਨ ਜਾਈ”
ਭਾਵ ਤੂੰ ਕਿਸ ਲਈ ਜੰਗਲਾਂ ਵਿੱਚ ਪਰਮਾਤਮਾ ਨੂੰ ਲੱਭਣ ਜਾਂਦਾ ਹੈ।
“ਸਰਬ ਨਿਵਾਸੀ ਸਦਾ ਅਲੇਪਾ
ਤੋਹੀ ਸੰਗਿ ਸਮਾਈ।।੧।।ਰਹਾਉ।।”
ਭਾਵ ਉਹ ਪਰਮਾਤਮਾ ਹਰ ਪਾਸੇ ਵਸਦਾ ਹੈ। ਉਹ ਨਿਰਲੇਪ ਹੈ।ਉਹ ਤਾਂ ਹਮੇਸ਼ਾ ਸਾਡੇ ਨਾਲ ਹੀ ਰਹਿੰਦਾ ਹੈ।
“ਪੁਹਪ ਮਧਿ ਜਿਉ ਬਾਸੁ ਬਸਤੁ ਹੈ
ਮੁਕਰ ਮਾਹਿ ਜੈਸੇ ਛਾਈ”
ਭਾਵ ਜਿਵੇਂ ਫੁੱਲ ਅੰਦਰ ਖੁਸ਼ਬੂ ਵਸਦੀ ਹੈ, ਜਿਵੇਂ ਸ਼ੀਸ਼ੇ ਵਿੱਚ ਪਰਛਾਵਾਂ ਵਸਦਾ ਹੈ।
“ਤੈਸੇ ਹੀ ਹਰਿ ਬਸੇ ਨਿਰੰਤਰਿ ਘਟਿ ਹੀ ਖੋਜਹੁ ਭਾਈ”
ਭਾਵ ਜਿਵੇਂ ਫੁੱਲ ਅੰਦਰ ਖੁਸ਼ਬੂ ਵਸਦੀ ਹੈ, ਸ਼ੀਸ਼ੇ ਅੰਦਰ ਪਰਛਾਵਾਂ ਵਸਦਾ ਹੈ, ਇਸੇ ਤਰ੍ਹਾਂ ਪਰਮਾਤਮਾ ਵੀ ਸਾਡੇ ਅੰਦਰ ਹੀ ਵਸਦਾ ਹੈ। ਸਿਰਫ ਉਸਨੂੰ ਲੱਭਣ ਅਤੇ ਖੋਜਣ ਦੀ ਲੋੜ ਹੈ।
“ਬਾਹਰਿ ਭੀਤਰਿ ਏਕੋ ਜਾਨਹੁ
ਇਹੁ ਗੁਰ ਗਿਆਨ ਬਤਾਈ”
ਭਾਵ ਬਾਹਰ ਵਸਣ ਵਾਲਾ ਅਤੇ ਅੰਦਰ ਵਸਣ ਵਾਲਾ ਪਰਮਾਤਮਾ ਕੋਈ ਹੋਰ ਨਹੀਂ ਹੈ। ਜਿਸ ਪਰਮਾਤਮਾ ਨੂੰ ਅਸੀਂ ਬਾਹਰ ਲੱਭਦੇ ਹਨ ,ਉਹ ਅੰਦਰ ਹੀ ਬੈਠਾ ਹੈ।
“ਜਨ ਨਾਨਕ ਬਿਨੁ ਆਪਾ ਚੀਨੈ
ਮਿਟੈ ਨ ਭ੍ਰਮ ਕੀ ਕਾਈ।।੨।।੧।।”
ਭਾਵ ਜੋ ਭ੍ਰਮ ਰੂਪੀ ਕਾਈ ਸਾਡੇ ਅੰਦਰ ਜਮੀ ਹੋਈ ਹੈ, ਇਹ ਆਪਣੇ ਆਪ ਨੂੰ ਖੋਜਣ ਤੋਂ ਬਿਨਾਂ ਠੀਕ ਨਹੀਂ ਹੋਏਗੀ। ਪਰਮਾਤਮਾ ਨੂੰ ਜੰਗਲਾਂ ਵਿੱਚ ਲੱਭਣ ਦੀ ਲੋੜ ਨਹੀਂ ਹੈ। ਉਹ ਤਾਂ ਅੰਦਰੋਂ ਹੀ ਲੱਭਿਆ ਜਾ ਸਕਦਾ ਹੈ। ਸੋ ਗੁਰੂ ਤੇਗ ਬਹਾਦਰ ਜੀ ਨੇ ਨਗਰ ਨਿਵਾਸੀਆਂ ਨੂੰ ਇਹ ਸਮਝਾਇਆ –
“ਘਰਿ ਬੈਠੇ ਗੁਰੂ ਧਿਆਇਹੁ”
ਭਾਵ ਗ੍ਰਿਹਸਤ ਜੀਵਨ ਵਿੱਚ ਰਹਿੰਦਿਆਂ ਹੋਇਆਂ ਵੀ ਅਸੀਂ ਪਰਮਾਤਮਾ ਦਾ ਸਿਮਰਨ ਕਰ ਸਕਦੇ ਹਾਂ ਅਤੇ ਨਾਮ ਜਪ ਸਕਦੇ ਹਾਂ। ਸਾਨੂੰ ਕਿਤੇ ਵੀ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਹੈ। ਪਰਮਾਤਮਾ ਨੂੰ ਅੰਦਰੋਂ ਹੀ ਖੋਜਿਆ ਜਾ ਸਕਦਾ ਹੈ। ਇਹ ਸ਼ਬਦ ਗੁਰੂ ਤੇਗ ਬਹਾਦਰ ਜੀ ਨੇ ਪਿੰਡ ਧਲੇਵਾਂ ਵਿਖੇ ਉਚਾਰਨ ਕੀਤਾ ਸੀ। ਇੱਥੇ ਅੱਜ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਤੁਸੀਂ ਇਸਦੇ ਦਰਸ਼ਨ ਕਰ ਸਕਦੇ ਹੋ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਅੱਗੇ 8 ਕਿਲੋਮੀਟਰ ਜਾਂਦੇ ਹਨ। ਉਹ ਕਿਹੜਾ ਪਿੰਡ ਹੈ, ਉਹ ਕਿਹੜੀ ਜਗ੍ਹਾ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਸੰਗਤਾਂ ਨੂੰ ਤਾਰਦੇ ਹਨ। ਇਹ ਅਸੀਂ ਲੜੀ ਨੰ 79 ਵਿੱਚ ਸ੍ਰਵਨ ਕਰਾਂਗੇ।