ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 75 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਹਿਲਾਂ ਕਿਹੜੇ ਪਿੰਡ ਵਿੱਚ ਗੲੇ ਅਤੇ ਬਾਅਦ ਵਿੱਚ ਕਿਹੜੇ ਪਿੰਡ ਵਿੱਚ ਗੲੇ ਅਤੇ ਗੁਰੂ ਸਾਹਿਬ ਜੀ ਦੀ ਜੀਵਨੀ ਦਾ ਸਾਰਾ ਇਤਿਹਾਸ ਕਿਵੇਂ ਸੰਗਤਾਂ ਤੱਕ ਪਹੁੰਚ ਰਿਹਾ ਹੈ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਅਲੀਸ਼ੇਰ ਵਿਖੇ ਪਹੁੰਚਦੇ ਹਨ ਅਤੇ ਕਿੰਨੇ ਹੀ ਦਰਖੱਤ,ਪੇੜ, ਰੁੱਖ ਅਜਿਹੇ ਹਨ,ਜਿਨ੍ਹਾਂ ਦਾ ਸੰਬੰਧ ਗੁਰੂ ਸਾਹਿਬ ਜੀ ਨਾਲ ਹੈ
ਅੱਜ ਅਸੀਂ ਪਿੰਡ ਅਲੀਸ਼ੇਰ ਪਹੁੰਚ ਰਹੇ ਹਾਂ। ਅਲੀਸ਼ੇਰ ਵਿਖੇ 2 ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਪਿੰਡ ਦੇ ਬਾਹਰਵਾਰ ਇਸ ਅਸਥਾਨ ਦਾ ਨਿਰਮਾਣ ਹੋ ਰਿਹਾ ਹੈ। ਇੱਥੇ ਇੱਕ ਵਣ ਦਾ ਝਾੜ ਵੀ ਮੌਜੂਦ ਹੈ, ਜਿਸਨੂੰ ਅਸੀਂ ਰੁੱਖ ਵੀ ਕਹਿ ਦਿੰਦੇ ਹਾਂ। ਇੱਥੇ ਇਸਦੀ ਜਾਣਕਾਰੀ ਅਸੀਂ ਦੇ ਦੇਈਏ ਕਿ ਵਣ ਵਿਭਾਗ ਇਸੇ ਰੁੱਖ ਦੇ ਨਾਮ ਤੋਂ ਜਾਣਿਆ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਰਾਮਾਹ ਤੁਖਾਰੀ ਵਿੱਚ ਵੀ ਇਸਦਾ ਜ਼ਿਕਰ ਮਿਲਦਾ ਹੈ-
” ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰ ਬਾਹੁੜੈ “
ਇਸ ਰੁੱਖ ਨੂੰ ਤੀਲਾ ਨਾਮ ਦੇ ਫਲ ਲਗਦੇ ਹਨ। ਜੇ ਇਸ ਵਣ ਦੇ ਰੁੱਖ ਦੀ ਦਵਾਈ ਨੂੰ ਦੇਖਿਆ ਜਾਵੇ ਤਾਂ ਇਹ ਪੇਟ ਦੀ ਸੋਜ ਨੂੰ ਖਤਮ ਕਰ ਦਿੰਦੀ ਹੈ। ਇਸਦੀ ਕੀਤੀ ਹੋਈ ਦਾਤਣ ਮਸੂੜਿਆਂ ਦੀ ਸੋਜ ਨੂੰ ਖਤਮ ਕਰਦੀ ਹੈ। ਇੱਕ ਪੰਜਾਬ ਦੀ ਕਹਾਵਤ ਹੈ ਜਿਹੜੀ ਇਸ ਰੁੱਖ ਨਾਲ ਜੁੜੀ ਹੋਈ ਹੈ ਕਿ “ਤੇਰੇ ਕੀ ਹੁਣ ਵਣ ਵਧਣਗੇ?” ਭਾਵ ਵਣ ਦਾ ਦਰੱਖਤ ਕਦੇ ਉੱਪਰ ਵੱਲ ਨਹੀਂ ਵੱਧਦਾ, ਉਹ ਹਮੇਸ਼ਾ ਥੱਲੇ ਹੀ ਝੁਕਿਆ ਰਹਿੰਦਾ ਹੈ। ਇਸੇ ਵਣ ਦੇ ਰੁੱਖ ਨੂੰ ਪੰਜਾਬੀ ਸੱਭਿਆਚਾਰ ਵਿੱਚ ਗਾਇਆ ਵੀ ਜਾਂਦਾ ਹੈ।ਇਹ ਮਾਲਵੇ ਦਾ ਮਿੱਠਾ ਮੇਵਾ ਵੀ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ਜੀ ਨਾਲ ਘੋੜੇ ਅਤੇ ਊਠ ਵੀ ਹੁੰਦੇ ਸਨ। ਜੇ ਇਸ ਵਣ ਦੇ ਪੱਤੇ ਊਠ ਨੂੰ ਖਵਾ ਦਿੱਤੇ ਜਾਣ ਤਾਂ ਉਹਨਾਂ ਨੂੰ ਅਨੇਕਾਂ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਕਿਉਂਕਿ ਇਸ ਵਿੱਚ ਸੋਡੀਅਮ ਬਾਈਕਾਰਬੋਨੇਟ, ਕੈਲਸ਼ੀਅਮ ਆਕਸਾਈਡ, ਸੋਡੀਅਮ ਕਲੋਰਾਈਡ ਅਤੇ ਹੋਰ ਵੀ ਕਈ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ। ਇਸਦੇ ਪੱਤਿਆਂ ਨੂੰ ਜੇ ਊਠ ਨੂੰ ਖਵਾ ਦਿੱਤੇ ਜਾਣ ਤਾਂ ਉਹਨਾਂ ਦੀ ਪਾਚਣ ਸ਼ਕਤੀ ਵੀ ਮਜ਼ਬੂਤ ਹੋ ਜਾਂਦੀ ਹੈ। ਜੇ ਇਹਨਾਂ ਪੱਤਿਆਂ ਦੀ ਟਕੋਰ ਕੀਤੀ ਜਾਵੇ ਤਾਂ ਜ਼ਖਮਾਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ। ਇਸਦੀ ਜਾਣਕਾਰੀ ਦੇਣੀ ਤਾਂ ਜ਼ਰੂਰੀ ਸੀ ਕਿਉਂਕਿ ਲੋਕਾਂ ਨੇ ਇਸਨੂੰ ਮਨਮਤ ਦੇ ਕਾਰਨ ਪੂਜਣਾ ਸ਼ੁਰੂ ਕੀਤਾ ਹੋਇਆ ਸੀ। ਇਸ ਰੁੱਖ ਦੀ ਸੰਭਾਲ ਤਾਂ ਕੀਤੀ ਜਾਂਦੀ ਹੈ ਕਿਉਂਕਿ ਇਸਦੀ ਦਵਾਈ ਬਹੁਤ ਲਾਭਦਾਇਕ ਹੈ ਪਰ ਹੁਣ ਹੌਲੀ-ਹੌਲੀ ਇਹ ਪੰਜਾਬ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਹੈ।
ਜੇ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ ਸਰੋਤਾਂ ਦੀ ਗੱਲ ਕਰੀਏ ਤਾਂ ਜਿੰਨੇ ਵੀ ਰੁੱਖ, ਪੇੜ, ਦਰਖੱਤ ਆਦਿ ਆਉਣਗੇ, ਉਹਨਾਂ ਦੇ ਨਾਲ ਜੁੜੇ ਤੱਥਾਂ ਨੂੰ ਵੀ ਅਸੀਂ ਉਜਾਗਰ ਕਰਦੇ ਜਾਵਾਂਗੇ। ਇਹਨਾਂ ਤੱਥਾਂ ਦੀ ਗੱਲ ਤਾਂ ਕੀਤੀ ਹੈ ਕਿਉਂਕਿ ਪੰਜਾਬ ਤੋਂ ਬਾਹਰ ਜਾਂ ਭਾਰਤ ਤੋਂ ਬਾਹਰ ਵਸਦੇ ਬੱਚਿਆਂ ਨੂੰ ਵੀ ਇਹਨਾਂ ਰੁੱਖਾਂ ਦੀ ਜਾਣਕਾਰੀ ਹੋ ਸਕੇ। ਇਸੇ ਰੁੱਖ ਦੇ ਨਾਲ ਦੱਸਿਆ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਇਸ ਜਗ੍ਹਾ ਤੇ ਆ ਕੇ ਬੈਠੇ ਸਨ ਅਤੇ ਆਪਣੇ ਘੋੜੇ ਵੀ ਬੰਨ੍ਹੇ ਸਨ ਕਿਉਂਕਿ ਦੂਰ ਤੱਕ ਛਾਂ ਨਹੀਂ ਸੀ ਹੁੰਦੀ ਸੀ। ਇਸਦੀ ਛਾਂ ਹੇਠ ਬੈਠ ਕੇ ਗੁਰੂ ਤੇਗ ਬਹਾਦਰ ਜੀ ਅਗਲੀ ਜਗ੍ਹਾ ਤੇ ਜਾਂਦੇ ਹਨ। ਇਸੇ ਵਣ ਦੇ ਰੁੱਖ ਦੇ ਸਥਾਨ ਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋ ਰਿਹਾ ਹੈ। ਇਸ ਜਗ੍ਹਾ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਆਏ ਸਨ ਤਾਂ ਇਸ ਤੋਂ ਪਹਿਲਾਂ ਗੁਰੂ ਜੀ ਇੱਕ ਉੱਚੇ ਟਿੱਬੇ ਤੇ ਬੈਠੇ ਸਨ। ਉੱਥੇ ਤੁਹਾਨੂੰ ਅਸੀਂ ਲੈ ਕੇ ਚਲਦੇ ਹਾਂ। ਉੱਥੇ ਵੀ ਗੁਰਦੁਆਰਾ ਸਾਹਿਬ ਅਤੇ ਕਰੀਰ ਦਾ ਰੁੱਖ ਮੌਜੂਦ ਹੈ। ਤੁਸੀਂ ਇਸ ਕਰੀਰ ਦੇ ਰੁੱਖ ਦੇ ਦਰਸ਼ਨ ਕਰ ਰਹੇ ਹੋ। ਇਹ ਰੁੱਖ ਖੁਸ਼ਕ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ। ਇਸਦਾ ਸਿੱਖ ਇਤਿਹਾਸ ਨਾਲ ਕਾਫ਼ੀ ਨੇੜੇ ਦਾ ਸੰਬੰਧ ਹੈ,ਇਹ ਅਸੀਂ ਅਗਲੀ ਲੜੀ ਵਿੱਚ ਸ੍ਰਵਨ ਕਰਾਂਗੇ। ਇਸਦੀ ਲੱਕੜ ਨੂੰ ਕਦੇ ਸਿਉਂਕ ਨਹੀਂ ਲਗਦੀ। ਇਸਦੀਆਂ ਜੜ੍ਹਾਂ ਤੋਂ ਬੁਖਾਰ ਅਤੇ ਗਠੀਏ ਦੇ ਰੋਗ ਠੀਕ ਕੀਤੇ ਜਾਂਦੇ ਹਨ। ਇਸਦੇ ਪੱਤੇ ਨਹੀਂ ਹੁੰਦੇ, ਸਿਰਫ਼ ਕੰਡੇ ਹੀ ਹੁੰਦੇ ਹਨ। ਇਸਨੂੰ ਲੱਗਣ ਵਾਲੇ ਫ਼ਲਾਂ ਨੂੰ ਡੇਲੇ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਆਚਾਰ ਪੰਜਾਬ ਵਿੱਚ ਆਮ ਖਾਇਆ ਜਾਂਦਾ ਹੈ।
ਸੋ, ਗੁਰੂ ਤੇਗ ਬਹਾਦਰ ਜੀ ਵੇਲੇ ਦਾ ਇਹ ਕਰੀਰ ਅੱਜ ਵੀ ਪਿੰਡ ਅਲੀਸ਼ੇਰ ਵਿਖੇ ਮੌਜੂਦ ਹੈ। ਹੋਰ ਕਈ ਗੁਰਧਾਮਾਂ ਅੰਦਰ ਵੀ ਇਹ ਰੁੱਖ ਮੌਜੂਦ ਹੈ। ਸੋ, ਜਿੱਥੇ- ਜਿੱਥੇ ਗੁਰੂ ਸਾਹਿਬ ਜੀ ਦੇ ਚਰਨ ਪੲੇ, ਉਹਨਾਂ ਨਿਸ਼ਾਨੀਆਂ ਦੇ, ਉਹਨਾਂ ਰੁੱਖਾਂ ਅਤੇ ਦੱਰਖ਼ਤਾਂ ਦੇ ਅੱਜ ਕੀ ਅਵਸ਼ੇਕ ਬਚੇ ਹਨ, ਉਹ ਤੁਹਾਡੇ ਨਾਲ ਸਾਂਝ ਪਾਉਂਦੇ ਰਹਾਂਗੇ। ਉਹਨਾਂ ਇਤਿਹਾਸਕ ਤੱਥਾਂ ਦੀ ਗੱਲ ਕਰਾਂਗੇ, ਜਿਹਨਾਂ ਨੂੰ ਅਸੀਂ ਆਪਣੇ ਤੋਂ ਦੂਰ ਕਰੀ ਬੈਠੇ ਹਾਂ।