ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 67 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਸੂਲੀਸਰ ਸਾਹਿਬ ਵਿਖੇ ਪਹੁੰਚ ਕੇ ਚੋਰਾਂ ਨੂੰ ਸਿੱਧੇ ਰਾਹ ਪਾਉਂਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅਗਲੇ ਪਿੰਡਾਂ ਵਿੱਚ ਜਾ ਕੇ ਲੋਕਾਂ ਵਿੱਚ ਜਾਤ ਪਾਤ ਦੇ ਵਿਤਕਰੇ ਨੂੰ ਦੂਰ ਕਰਕੇ ਸਮਾਨਤਾ ਦਾ ਦਰਜਾ ਦਿੰਦੇ ਹਨ
ਪਿਛਲੀ ਲੜੀ ਨੰ 67 ਵਿੱਚ ਅਸੀਂ ਪਿੰਡ ਕੋਟ ਧਰਮੂ ਦੇ ਗੁਰਦੁਆਰਾ ਸੂਲੀਸਰ ਸਾਹਿਬ ਦਾ ਇਤਿਹਾਸ ਸ੍ਰਵਣ ਕੀਤਾ ਸੀ। ਅੱਜ ਗੁਰੂ ਤੇਗ ਬਹਾਦਰ ਜੀ ਅੱਗੇ ਪਿੰਡ ਗੋਬਿੰਦਪੁਰਾ ਪਹੁੰਚਦੇ ਹਨ। ਗੋਬਿੰਦਪੁਰਾ ਵਿਖੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਚਰਨ ਪਾਏ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਅਸਥਾਨ ਤੇ ਆਏ ਸਨ। ਇਸ ਅਸਥਾਨ ਦਾ ਨਾਮ ਗੁਰਦੁਆਰਾ ਚਰਨ ਕਮਲ ਸਾਹਿਬ ਹੈ। ਨਾਲ ਹੀ ਸਰੋਵਰ ਸਾਹਿਬ ਵੀ ਮੌਜੂਦ ਹੈ। ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੋਹਾਂ ਗੁਰੂਆਂ ਦੇ ਚਰਨ ਇਸ ਅਸਥਾਨ ਤੇ ਪੲੇ ਹਨ। ਪਿੰਡ ਦਾ ਨਾਮ ਗੋਬਿੰਦਪੁਰਾ ਅਤੇ ਗੁਰਦੁਆਰਾ ਸਾਹਿਬ ਦਾ ਨਾਮ ਚਰਨ ਕਮਲ ਸਾਹਿਬ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਆ ਕੇ ਸਿੱਖੀ ਦਾ ਪ੍ਰਚਾਰ ਕਰਦੇ ਹਨ। ਇੱਥੇ ਲੋਕਾਂ ਨੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ। ਇਸ ਪਿੰਡ ਦੇ ਲੋਕਾਂ ਨੂੰ ਸਿੱਖੀ ਨਾਲ ਜੋੜ ਕੇ ਗੁਰੂ ਤੇਗ ਬਹਾਦਰ ਜੀ ਅਗਲੇ ਪਿੰਡ ਬਰ੍ਹੇ ਪਹੁੰਚਦੇ ਹਨ। ਪਿੰਡ ਵਾਲਿਆਂ ਵੱਲੋਂ ਦੱਸਿਆ ਗਿਆ ਕਿ ਗੁਰੂ ਸਾਹਿਬ ਜੀ ਇਸ ਬਰ੍ਹੇ ਪਿੰਡ ਵਿੱਚ ਕਾਫੀ ਸਮਾਂ ਰਹੇ ਸਨ। ਇਸ ਪਿੰਡ ਵਿੱਚ ਅਤੇ ਨੇੜੇ ਤੇੜੇ ਦੇ ਇਲਾਕੇ ਵਿੱਚ ਪਾਣੀ ਦੀ ਘਾਟ ਸੀ। ਇੱਥੇ ਮੀਂਹ ਨਾ ਹੋਣ ਕਾਰਨ ਅਤੇ ਰੇਤਲੀ ਜ਼ਮੀਨ ਕਾਰਨ ਫ਼ਸਲਾਂ ਨਹੀਂ ਹੋ ਪਾਉਂਦੀਆਂ ਸਨ। ਇਸ ਕਰਕੇ ਲੋਕ ਬਹੁਤ ਦੁਖੀ ਸਨ। ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਸੀ ਜਿਵੇਂ ਕਿ ਕਾਲ ਪੈ ਜਾਂਦਾ ਹੈ। ਸੋਕੇ ਦੀ ਮਾਰ ਪੈਣ ਕਰਕੇ ਅਤੇ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਫ਼ਸਲਾਂ ਦੀ ਬਿਜਾਈ ਨਹੀਂ ਹੋ ਪਾਉਂਦੀ ਸੀ। ਲੋਕ ਇਸ ਗੱਲ ਤੋਂ ਬਹੁਤ ਦੁਖੀ ਸਨ। ਪਿੰਡ ਦੀਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਤੁਸੀਂ ਸਾਡੇ ਤੇ ਕਿਰਪਾ ਕਰੋ। ਗੁਰੂ ਸਾਹਿਬ ਜੀ ਨੇ ਖੁਦ ਉਸ ਇਲਾਕੇ ਦੀ ਜ਼ਮੀਨ ਨੂੰ ਦੇਖਿਆ ਕਿਉਂਕਿ ਗੁਰੂ ਤੇਗ ਬਹਾਦਰ ਜੀ ਇੱਥੇ ਕਾਫ਼ੀ ਸਮਾਂ ਰੁਕੇ ਸਨ। ਜ਼ਮੀਨ ਨੂੰ ਦੇਖਦਿਆਂ ਹੋਇਆਂ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤੇ ਕਿ ਇੱਥੇ ਮੋਠ, ਬਾਜਰਾ ਅਤੇ ਮੋਟਾ ਅਨਾਜ ਬੀਜਣਾ ਕਿਉਂਕਿ ਇਸ ਮੋਟੇ ਅਨਾਜ ਅਤੇ ਬਾਜਰੇ ਲੲੀ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਹੈ। ਗੁਰੂ ਸਾਹਿਬ ਜੀ ਦੇ ਬਚਨ ਮੰਨ ਕੇ ਪਿੰਡ ਵਾਸੀਆਂ ਨੇ ਮੋਠ ਅਤੇ ਬਾਜਰਾ ਬੀਜਣਾ ਸ਼ੁਰੂ ਕਰ ਦਿੱਤਾ। ਸਾਨੂੰ ਗੁਰੂ ਸਾਹਿਬ ਜੀ ਦੀ ਹਰ ਗੱਲ ਨੂੰ ਸਮਝਣਾ ਪਵੇਗਾ ਕਿ ਗੁਰੂ ਤੇਗ ਬਹਾਦਰ ਜੀ ਕਿਸ ਤਰੀਕੇ ਨਾਲ ਅਤੇ ਵਿਗਿਆਨਕ ਢੰਗ ਨਾਲ ਖੇਤੀ ਦਾ ਗਿਆਨ ਰੱਖਦੇ ਸਨ। ਗੁਰੂ ਸਾਹਿਬ ਜੀ ਨੇ ਪਿੰਡ ਦੇ ਲੋਕਾਂ ਨੂੰ ਦਸਿੱਆ ਕਿ ਇੱਥੇ ਕਿਹੜੀ ਖੇਤੀ ਕਰਨੀ ਹੈ।
ਪਿੰਡ ਦੇ ਲੋਕਾਂ ਨੇ ਮੋਠ ਅਤੇ ਬਾਜਰਾ ਬੀਜਣਾ ਸ਼ੁਰੂ ਕਰ ਦਿੱਤਾ। ਅੱਜ ਵੀ ਇਸ ਪਿੰਡ ਤੇ ਬਹੁਤ ਕਿਰਪਾ ਹੈ। ਇੱਕ ਹੋਰ ਗੱਲ ਮੈਂ ਤੁਹਾਨੂੰ ਪਿੱਛੇ ਇਤਿਹਾਸ ਵਿੱਚ ਦੱਸਣੀ ਚਾਹਾਂਗਾ ਕਿ ਜਦੋਂ ਗੁਰੂ ਰਾਮਦਾਸ ਜੀ ਨੇ ਚੱਕ ਰਾਮਦਾਸਪੁਰ ਨਗਰ ਵਸਾਇਆ ਸੀ ਤਾਂ ਪਹਿਲੀ ਵਾਰ ਅਜਿਹੀ ਕੰਮ ਕੀਤਾ, ਜੋ ਕਿ ਮਨੂੰਵਾਦੀ ਉੱਤੇ ਕਰਾਰੀ ਸੱਟ ਸੀ। ਜੋ ਪੁਜਾਰੀਆਂ ਨੇ ਜਾਤਾਂ ਪਾਤਾਂ ਵਿੱਚ ਲੋਕਾਂ ਨੂੰ ਵੰਡਿਆ ਹੋਇਆ ਸੀ, ਉਸਤੇ ਗੁਰੂ ਰਾਮਦਾਸ ਜੀ ਨੇ ਕਰਾਰੀ ਸੱਟ ਮਾਰੀ ਸੀ। ਗੁਰੂ ਰਾਮਦਾਸ ਜੀ ਨੇ ਇਹ ਕੰਮ ਪ੍ਰੈਕਟੀਕਲ ਕੀਤਾ ਸੀ। ਲੋਕਾਂ ਨੂੰ ਧਰਮ ਦੇ ਨਾਂ ਤੇ ਅਤੇ ਜਾਤਾਂ ਪਾਤਾਂ ਦੇ ਨਾਮ ਤੇ ਪੱਛਮ ਵਾਲੇ ਪਾਸੇ ਘਰ ਬਣਾਉਣ ਨੂੰ ਦਿੱਤੇ ਜਾਂਦੇ ਸਨ। ਅੱਜ ਜੇ ਅਸੀਂ ਗੁਰੂ ਰਾਮਦਾਸ ਜੀ ਦੀ ਨਗਰੀ ਜਾ ਕੇ ਦੇਖੀਏ ਤਾਂ ਗੁਰੂ ਰਾਮਦਾਸ ਜੀ ਦੀ ਨਗਰੀ ਦਾ ਨਕਸ਼ਾ ਦੇਖ ਕੇ ਪਤਾ ਲਗ ਜਾਏਗਾ ਕਿ ਗੁਰੂ ਸਾਹਿਬ ਜੀ ਵੱਲੋਂ ਉਹਨਾਂ ਲੋਕਾਂ ਨੂੰ ਪੂਰਬ ਵਾਲੇ ਪਾਸੇ ਘਰ ਬਣਾ ਕੇ ਦਿੱਤੇ ਗਏ ਸਨ। ਪਿੰਡ ਬਰ੍ਹੇ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਨੇ ਜਿਹਨਾਂ ਲੋਕਾਂ ਦੇ ਪੱਛਮ ਵਾਲੇ ਪਾਸੇ ਘਰ ਸਨ, ਉਹਨਾਂ ਨੂੰ ਪੂਰਬ ਵਾਲੇ ਪਾਸੇ ਘਰ ਬਣਾਉਣ ਲਈ ਕਿਹਾ। ਗੁਰੂ ਸਾਹਿਬ ਜੀ ਰੋਜ਼ ਸ਼ਾਮ ਨੂੰ ਦੀਵਾਨ ਸਜਾਉਂਦੇ। ਸੰਗਤਾਂ ਨੂੰ ਬਾਣੀ ਵਿੱਚੋਂ ਉਪਦੇਸ਼ ਦੇ ਕੇ ਸਮਝਾਉਂਦੇ। ਗੁਰੂ ਜੀ ਨੇ ਗੁਰਬਾਣੀ ਅਤੇ ਕੀਰਤਨ ਰਾਹੀਂ ਨੇੜੇ ਤੇੜੇ ਦੇ ਲੋਕਾਂ ਨੂੰ ਸਮਝਾਇਆ ਅਤੇ ਬਚਨ ਕੀਤੇ-
” ਜਾਤਿ ਜਨਮੁ ਨਹ ਪੂਛੀਐ , ਸਚ ਘਰੁ ਲੇਹੁ ਬਤਾਇ
ਸਾ ਜਾਤਿ ਸਾ ਪਤਿ ਹੈ , ਜੇਹਾ ਕਰਮ ਕਰਾਇ”
ਭਾਵ ਜਾਤ ਅਤੇ ਪਾਤ ਉਵੇਂ ਹੀ ਹੈ ਜਿਵੇਂ ਦੇ ਲੋਕ ਕਰਮ ਕਰਦੇ ਹਨ। ਨਾ ਹੀ ਧਰਮ ਦੇ ਨਾਂ ਤੇ ਜਾਤਾਂ ਪਾਤਾਂ ਹਨ ਅਤੇ ਨਾ ਹੀ ਧਰਮ ਦੇ ਨਾਂ ਤੇ ਜਾਤਾਂ ਪਾਤਾਂ ਬਣਾਉਣੀਆਂ ਹਨ। ਗੁਰੂ ਸਾਹਿਬ ਜੀ ਨੇ ਬਚਨ ਕੀਤੇ-
“ਵਿਚਿ ਸਨਾਂਤੀ ਸੇਵਕ ਹੋਇ
ਨਾਨਕ ਪਣ੍ਹੀਆ ਪਹਰੈ ਸੋਇ”
ਭਾਵ ਜੇ ਕੋਈ ਨੀਚ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਪ੍ਰਮਾਤਮਾ ਦੀ ਬੰਦਗੀ ਕਰੇ ਤਾਂ ਉਹ ਮੇਰੇ ਤਨ(ਚਮੜੀ) ਦੀਆਂ ਜੁੱਤੀਆਂ ਬਣਾ ਕੇ ਪਾ ਲਵੇ ਤਾਂ ਉਹ ਵੀ ਘੱਟ ਹਨ। ਗੁਰੂ ਸਾਹਿਬ ਜੀ ਉਹਨਾਂ ਤੋਂ ਬਹੁਤ ਬਲਿਹਾਰ ਜਾਂਦੇ ਹਨ। ਗੁਰੂ ਸਾਹਿਬ ਜੀ ਜਾਤ- ਪਾਤ ਦੇ ਬਿਲਕੁਲ ਖਿਲਾਫ ਸਨ। ਇਸ ਲਈ ਗੁਰੂ ਸਾਹਿਬ ਜੀ ਨੇ ਉਹਨਾਂ ਲੋਕਾਂ ਨੂੰ ਪੱਛਮ ਵਾਲੇ ਪਾਸੇ ਦੀ ਜਗ੍ਹਾ, ਪੂਰਬ ਵਾਲੇ ਪਾਸੇ ਘਰ ਬਣਾਉਣ ਲਈ ਕਿਹਾ। ਅੱਜ ਇੱਥੇ ਗੁਰਦੁਆਰਾ ਬਰ੍ਹੇ ਸਾਹਿਬ ਮੌਜੂਦ ਹੈ। ਗੁਰੂ ਸਾਹਿਬ ਜੀ ਇੱਥੇ ਕਾਫ਼ੀ ਸਮਾਂ ਰੁਕੇ। ਕਾਫੀ ਸਮਾਂ ਪਹਿਲਾਂ ਇਥੇ ਇਕ ਬਹੁਤ ਵੱਡਾ ਰੁੱਖ ਮੌਜੂਦ ਸੀ ਜੋ ਕਿ ਕਿਸੇ ਕਾਰਨ ਅੱਜ ਖ਼ਤਮ ਹੋ ਚੁੱਕਿਆ ਹੈ। ਇੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਸੋ ਅਗਲੀ ਲੜੀ ਵਿੱਚ ਅਸੀਂ ਅਗਲੇ ਇਤਿਹਾਸ ਦੀ ਗੱਲ ਕਰਾਂਗੇ। ਸਫ਼ਰ ਏ ਪਾਤਸ਼ਾਹੀ ਨੌਵੀਂ ਦੇ ਸਾਰੇ ਇਤਿਹਾਸ ਨੂੰ ਤੁਸੀਂ ਖੁਦ ਪੜ੍ਹੋ ਅਤੇ ਸਾਰਿਆਂ ਤੱਕ ਪਹੁੰਚਾਓ।