ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 66 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਧਮਤਾਨ ਸਾਹਿਬ ਦੇ ਨੇੜੇ ਤੇੜੇ ਦੇ ਗੁਰਦਵਾਰਿਆਂ ਦੇ ਦਰਸ਼ਨ ਕਰਦੇ ਹੋਏ ਸਾਬੋ ਕੀ ਤਲਵੰਡੀ ਪਹੁੰਚਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਸੂਲੀਸਰ ਸਾਹਿਬ ਵਿਖੇ ਪਹੁੰਚਦੇ ਹਨ ਜਿੱਥੇ ਕਿ ਚੋਰਾਂ ਨੂੰ ਵੀ ਸਿੱਧੇ ਰਾਹ ਪਾਉਂਦੇ ਹਨ
ਸਾਬੋ ਕੀ ਤਲਵੰਡੀ ਵਿਖੇ ਗੁਰੂ ਤੇਗ ਬਹਾਦਰ ਜੀ ਨੇ ਪਿੰਡ ਵਾਲਿਆਂ ਲਈ ਤਲਾਅ ਦੀ ਖੁਦਾਈ ਕਰਵਾਈ, ਜਿੱਥੇ ਅੱਜ ਸਰੋਵਰ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਸੁਸ਼ੋਭਿਤ ਹੈ। ਇੱਥੇ ਹੀ ਕੋਟ ਧਰਮੂ ਦੇ ਰਹਿਣ ਵਾਲੇ ਇੱਕ ਸਿੱਖ ਭਾਈ ਜਗਤਾ ਜੀ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਇੱਥੋਂ ਨੇੜੇ ਹੀ ਸਾਡਾ ਪਿੰਡ ਕੋਟ ਧਰਮੂ ਹੈ। ਤੁਸੀਂ ਸਾਡੇ ਗ੍ਰਹਿ ਵਿਖੇ ਚਰਨ ਪਾਓ। ਭਾਈ ਜਗਤੇ ਦੀ ਬੇਨਤੀ ਤੇ ਗੁਰੂ ਤੇਗ ਬਹਾਦਰ ਜੀ ਪਿੰਡ ਕੋਟ ਧਰਮੂ ਵਿਖੇ ਪਹੁੰਚਦੇ ਹਨ ਅਤੇ ਪਿੰਡ ਦੇ ਬਾਹਰਵਾਰ ਆਪਣਾ ਅਸਥਾਨ ਲਗਾ ਲੈਂਦੇ ਹਨ। ਦੂਰ ਦੂਰਾਡੇ ਤੋਂ ਸਿੱਖ ਸੰਗਤਾਂ ਆ ਕੇ ਜੁੜਦੀਆਂ ਹਨ। ਗੁਰਬਾਣੀ ਦਾ ਕੀਰਤਨ ਹੁੰਦਾ ਹੈ। ਜਿੱਥੇ ਚੰਗੇ ਲੋਕ ਆਉਂਦੇ ਹਨ, ਉੱਥੇ ਮਾੜੇ ਲੋਕ ਵੀ ਆਉਂਦੇ ਹਨ। ਕੲੀਆਂ ਦੇ ਜੀਵਨ ਬਦਲ ਜਾਂਦੇ ਹਨ ਅਤੇ ਕੲੀ ਉਵੇਂ ਦੇ ਉਵੇਂ ਹੀ ਰਹਿ ਜਾਂਦੇ ਹਨ। ਇੱਥੇ ਵੀ ਰੋਜ਼ਾਨਾ ਦੀਵਾਨ ਲਗਦੇ ਹਨ ਅਤੇ ਸੰਗਤਾਂ ਨਾਮ ਬਾਣੀ ਨਾਲ ਜੁੜਦੀਆਂ ਹਨ। ਸ਼ਾਮ ਨੂੰ ਸੋਦਰ ਦਾ ਪਾਠ ਹੁੰਦਾ ਹੈ। ਭਾਈ ਨੱਥਾ ਰਬਾਬੀ ਵੱਲੋਂ ਕੀਰਤਨ ਗਾਇਨ ਕੀਤਾ ਜਾਂਦਾ ਹੈ। ਗੁਰੂ ਸਾਹਿਬ ਜੀ ਖੁਦ ਵੀ ਕੀਰਤਨ ਗਾਇਨ ਕਰਦੇ ਹਨ। ਡਾਕਟਰ ਤਿ੍ਲੋਚਨ ਸਿੰਘ ਜੀ ਅਨੁਸਾਰ 4 ਚੋਰ ,ਜੋ ਇੱਥੋਂ ਦੇ ਹੀ ਰਹਿਣ ਵਾਲੇ ਸਨ,ਉਹ ਵੀ ਸੰਗਤ ਵਿੱਚ ਆ ਕੇ ਬੈਠ ਜਾਂਦੇ ਹਨ। ਗੁਰਬਾਣੀ ਅਨੁਸਾਰ-
“ਪਾਪੁ ਬੁਰਾ ਪਾਪੀ ਕਉ ਪਿਆਰਾ
ਪਾਪਿ ਲਦੇ ਪਾਪੇ ਪਾਸਾਰਾ”
ਭਾਵ ਪਾਪ ਬੁਰਾ ਹੁੰਦਾ ਹੈ ਪਰ ਪਾਪੀ ਨੁੰ ਪਿਆਰਾ ਲਗਦਾ ਹੈ।
“ਕਰਮੀ ਆਪੋ ਆਪਣੀ
ਕੇ ਨੇੜੈ ਕੇ ਦੂਰਿ”
ਭਾਵ ਕੋਈ ਕਰਮਾਂ ਕਰਕੇ ਗੁਰੂ ਦੇ ਨੇੜੇ ਹੋ ਜਾਂਦਾ ਹੈ ਅਤੇ ਕੋਈ ਦੂਰ ਹੋ ਜਾਂਦਾ ਹੈ। ਚੋਰ ਕਦੇ ਚੋਰੀ ਕਰਨ ਤੋਂ ਨਹੀਂ ਹਟਦਾ। ਉਸ ਲਈ ਭਾਵੇਂ ਗੁਰੂ ਘਰ, ਮੰਦਿਰ, ਮਸਜਿਦ ਅਤੇ ਕੋਈ ਵੀ ਧਾਰਮਿਕ ਸਥਾਨ ਕਿਉਂ ਨਾ ਹੋਵੇ। ਇਹਨਾਂ ਵਿੱਚੋਂ 2 ਚੋਰਾਂ ਨੇ ਰਾਤ ਨੂੰ ਮੌਕਾ ਦੇਖ ਕੇ ਗੁਰੂ ਸਾਹਿਬ ਜੀ ਦੇ ਤਬੇਲੇ ਵਿੱਚੋਂ, ਜਿੱਥੇ ਘੋੜੇ ਬੰਨ੍ਹੇ ਹੁੰਦੇ ਹਨ, ਉੱਥੋਂ 2 ਘੋੜੇ ਚੋਰੀ ਕਰ ਲਏ ਅਤੇ ਘੋੜਿਆਂ ਨੂੰ ਲੈ ਕੇ ਹੌਲੀ-ਹੌਲੀ ਚਾਲੇ ਪਾ ਦਿੱਤੇ। ਸਿੱਖਾਂ ਨੂੰ ਜਦੋਂ ਪਤਾ ਲੱਗਿਆ ਕਿ 2 ਘੋੜੇ ਗਾਇਬ ਹਨ ਤਾਂ ਸਿੱਖਾਂ ਨੇ ਘੋੜਿਆਂ ਦੀ ਪੈੜ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਰਾਤ ਹੁੰਦਿਆਂ ਹੀ ਸਿੱਖ ਉਸ ਜਗ੍ਹਾ ਤੇ ਪਹੁੰਚ ਗਏ, ਜਿੱਥੇ ਉਹ ਚੋਰ ਘੋੜਿਆਂ ਨੂੰ ਲੈ ਕੇ ਜਾ ਰਹੇ ਸਨ। ਸਿੱਖਾਂ ਨੇ ਚੋਰਾਂ ਨੂੰ ਫੜ੍ਹ ਕੇ, ਉਹਨਾਂ ਦੇ ਪਿੱਛੇ ਹੱਥ ਬੰਨ੍ਹ ਕੇ ਗੁਰੂ ਸਾਹਿਬ ਜੀ ਕੋਲ ਪੇਸ਼ ਕੀਤਾ। ਜਦੋਂ ਗੁਰੂ ਸਾਹਿਬ ਜੀ ਦਾ ਦੀਵਾਨ ਸਜਾਇਆ ਗਿਆ ਤਾਂ ਉਸ ਸਮੇਂ ਸਿੱਖਾਂ ਨੇ ਉਹਨਾਂ ਚੋਰਾਂ ਨੂੰ ਫੜ੍ਹ ਕੇ ਗੁਰੂ ਸਾਹਿਬ ਜੀ ਅੱਗੇ ਹਾਜ਼ਰ ਕੀਤਾ। ਗੁਰੂ ਸਾਹਿਬ ਦਾ ਸੁਭਾਅ ਇਸ ਤਰ੍ਹਾਂ ਸੀ-
“ਸਤਿਗੁਰੁ ਸਭਨਾ ਦਾ ਭਲਾ ਮਨਾਇਦਾ,
ਤਿਸ ਦਾ ਬੁਰਾ ਕਿਉ ਹੋਇ”
ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਕਿ ਇਹਨਾਂ ਦੇ ਹੱਥ ਖੋਲ੍ਹ ਦਿਓ। ਜਦੋਂ ਉਹਨਾਂ ਦੇ ਹੱਥ ਖੋਲ੍ਹੇ ਤਾਂ ਗੁਰੂ ਜੀ ਨੇ ਬਚਨ ਕੀਤੇ ਕਿ ਤੁਸੀਂ ਕਿਵੇਂ ਦੇ ਇਨਸਾਨ ਹੋ। ਘੱਟੋ-ਘੱਟ ਗਰੀਬਾਂ ਦੀਆਂ ਗੋਦੜੀਆਂ ਤਾਂ ਬਖ਼ਸ਼ ਦਿਓ। ਜੇ ਤੁਹਾਨੂੰ ਘੋੜੇ ਚਾਹੀਦੇ ਸਨ ਤਾਂ ਸਾਨੂੰ ਕਹਿ ਦਿੰਦੇ। ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ। ਇੱਥੇ ਕਿਸੇ ਗੱਲ ਦਾ ਘਾਟਾ ਨਹੀਂ ਹੈ। ਤੁਹਾਨੂੰ ਅਸੀਂ ਘੋੜੇ ਦੇ ਦਿੰਦੇ ਪਰ ਤੁਸੀਂ ਚੋਰੀ ਨਾ ਕਰਦੇ। ਗੁਰਬਾਣੀ ਵਿੱਚ ਲਿਖਿਆ ਹੈ-
“ਚੋਰ ਕੀ ਹਾਮਾ ਭਰੇ ਨਾ ਕੋਇ,
ਚੋਰੁ ਕੀਆ ਚੰਗਾ ਕਿਉ ਹੋਇ”
ਇਹਨਾਂ ਚੋਰਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਇਤਨੀ ਨਿਮਰਤਾ ਦੇਖਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਚਰਨ ਪਕੜ ਲੲੇ। ਇਹਨਾਂ ਵਿੱਚੋਂ 1 ਚੋਰ ਨੂੰ ਤਾਂ ਇੰਨਾ ਪਛਤਾਵਾ ਹੋਇਆ ਕਿ ਉਸਨੇ ਬਿਲਕੁਲ ਨੇੜੇ ਹੀ ਇੱਕ ਦਰਖੱਤ ਉੱਤੇ ਚੜ੍ਹ ਕੇ, ਥੱਲੇ ਉਸਦੇ ਟਾਹਣੇ (ਤਣੇ) ਨੂੰ ਤਿੱਖਾ ਕਰਕੇ ਉਸ ਰੁੱਖ ਦੇ ਤਣੇ ਉੱਤੇ ਛਾਲ ਮਾਰ ਦਿੱਤੀ। ਉਸ ਰੁੱਖ ਦੇ ਨੋਕੀਲੇ ਤਿੱਖੇ ਤਣੇ ਉੱਤੇ ਉਹ ਪੇਟ ਭਾਰ ਗਿਰ ਗਿਆ ਅਤੇ ਉਹ ਰੁੱਖ ਦਾ ਤਣਾ ਉਸਦੇ ਪੇਟ ਵਿੱਚੋਂ ਨਿਕਲ ਗਿਆ। ਇਸਨੇ ਉੱਥੇ ਹੀ ਸਵਾਸ ਤਿਆਗ ਦਿੱਤੇ। ਇਸਨੇ ਆਪਣੇ ਆਪ ਨੂੰ ਸੂਲੀ ਲੈ ਲੲੀ। ਅੱਜ ਇੱਥੇ ਗੁਰਦੁਆਰਾ ਸੂਲੀਸਰ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ ਤੇ ਚੋਰ ਨੇ ਆਪਣੇ ਆਪ ਨੂੰ ਸੂਲੀ ਲੈ ਕੇ ਪ੍ਰਾਣ ਤਿਆਗੇ ਸਨ। ਇੱਥੇ ਪਹਿਲਾਂ ਉਹ ਤਣਾ ਵੀ ਮੌਜੂਦ ਸੀ ਪਰ ਜਦੋਂ ਅਸੀਂ ਇਸ ਅਸਥਾਨ ਤੇ ਪਹੁੰਚੇ ਤਾਂ ਸਾਨੂੰ ਇਹ ਤਣਾ ਦੇਖਣ ਨੂੰ ਨਹੀਂ ਮਿਲਿਆ। ਦੂਜੇ ਪਾਸੇ ਇੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਸਰੋਵਰ ਸਾਹਿਬ ਵੀ ਮੌਜੂਦ ਹੈ। ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਦੇ ਸ਼ਸਤਰ ਅੱਜ ਤੱਕ ਸਿੱਖ ਸੰਗਤਾਂ ਵੱਲੋਂ ਸਾਂਭੇ ਪਏ ਹਨ,ਜਿਸ ਵਿੱਚ ਗੁਰੂ ਸਾਹਿਬ ਜੀ ਦਾ ਇੱਕ ਪਿਸਤਲ ਵੀ ਮੌਜੂਦ ਹੈ। ਸੋ ਅਗਲਾ ਇਤਿਹਾਸ ਅਸੀਂ ਲੜੀ ਨੰ 68 ਵਿੱਚ ਸ੍ਰਵਨ ਕਰਾਂਗੇ।