ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 65 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਧਮਤਾਨ ਸਾਹਿਬ ਵਿਖੇ ਪਹੁੰਚ ਕੇ ਭਾਈ ਮੀਹਾਂ ਜੀ ਨੂੰ ਬਖਸ਼ਿਸ਼ਾਂ ਕਰਦੇ ਹਨ
ਇਸ ਲੜੀ ਵਿੱਚ ਅਸੀਂ ਧਮਤਾਨ ਸਾਹਿਬ ਦੇ ਨਾਲ਼ ਲਗਦੇ ਗੁਰੁਦਆਰਾ ਸਾਹਿਬਾਨ ਦੇ ਦਰਸ਼ਨ ਕਰਾਂਗੇ ਜਿੱਥੇ ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਹੋਏ ਸਨ
ਗੁਰੂ ਤੇਗ ਬਹਾਦਰ ਜੀ ਨੇ ਧਮਤਾਨ ਸਾਹਿਬ ਨੂੰ ਧਰਮ ਪ੍ਰਚਾਰ ਦਾ ਕੇਂਦਰ ਬਣਾਇਆ ਸੀ। ਇੱਥੋਂ ਹੀ ਜੱਥੇਦਾਰ ਵੀ ਥਾਪੇ ਗਏ ਸਨ। ਗੁਰੂ ਤੇਗ ਬਹਾਦਰ ਜੀ, ਧਮਤਾਨ ਸਾਹਿਬ 2 ਵਾਰ ਪਹੁੰਚਦੇ ਹਨ। ਜਦੋਂ ਪਹਿਲੀ ਵਾਰ ਗੁਰੂ ਸਾਹਿਬ ਜੀ ਧਮਤਾਨ ਸਾਹਿਬ ਪਹੁੰਚਦੇ ਹਨ ਤਾਂ ਇੱਥੇ ਗੁਰੂ ਜੀ ਵਿਸਾਖੀ ਦਾ ਜੋੜ ਮੇਲਾ ਕਰਦੇ ਹਨ। ਜੇ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਧਮਤਾਨ ਸਾਹਿਬ ਪਹੁੰਚਣ ਦੇ ਰਸਤਿਆਂ ਦੀ ਗੱਲ ਕਰੀਏ ਤਾਂ ਅਸੀਂ ਪਿਛਲੀ ਲੜੀ ਨੰ 24 ਵਿੱਚ ਸ੍ਰਵਨ ਕਰ ਚੁੱਕੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਜਦੋਂ ਬਕਾਲੇ ਤੋਂ ਤੁਰਦੇ ਹਨ ਤਾਂ 22 ਨਵੰਬਰ 1664 ਈਸਵੀ ਨੂੰ ਅੰਮ੍ਰਿਤਸਰ ਪਹੁੰਚਦੇ ਹਨ। ਅੰਮ੍ਰਿਤਸਰ ਤੋਂ ਵੱਲਾ, ਵੱਲਾ ਤੋਂ ਘੂਕੇਵਾਲੀ, ਘੂਕੇਵਾਲੀ ਤੋਂ ਖੇਮਕਰਨ, ਖੇਮਕਰਨ ਤੋਂ ਚੋਲਾ ਸਾਹਿਬ ਹੁੰਦੇ ਹੋਏ ਗੁਰੂ ਜੀ ਵਾਪਸ ਕੀਰਤਪੁਰ ਸਾਹਿਬ ਚਲੇ ਜਾਂਦੇ ਹਨ। ਅਸੀਂ ਡਾਕਟਰ ਸੁਖਦਿਆਲ ਸਿੰਘ (ਪੰਜਾਬੀ ਯੂਨੀਵਰਸਿਟੀ) ਦੁਆਰਾ ਬਣਾਏ ਗਏ ਰਸਤਿਆਂ ਦੀ ਗੱਲ ਕੀਤੀ ਸੀ ਕਿ ਚੋਲਾ ਸਾਹਿਬ, ਬੰਗਾ, ਨਵਾਂਸ਼ਹਿਰ, ਹੁਸ਼ਿਆਰਪੁਰ ਹੁੰਦੇ ਹੋਏ ਗੁਰੂ ਜੀ ਕੀਰਤਪੁਰ ਸਾਹਿਬ ਪਹੁੰਚਦੇ ਹਨ। ਇਹ ਸਾਰਾ ਇਤਿਹਾਸ ਅਸੀਂ ਹੁਣ ਤੱਕ ਸ੍ਰਵਨ ਕਰ ਚੁੱਕੇ ਹਾਂ। ਜਿਹੜੀ ਲੜੀ ਅਸੀਂ ਸ਼ੁਰੂ ਕੀਤੀ ਸੀ ਕਿ ਆਨੰਦਪੁਰ ਸਾਹਿਬ ਤੋਂ ਦੌਰਿਆਂ ਤੇ ਚਲਦੇ ਹੋਏ ਗੁਰੂ ਜੀ ਧਮਤਾਨ ਸਾਹਿਬ ਪਹੁੰਚਦੇ ਹਨ। ਜੇ ਅਸੀਂ ਇਹਨਾਂ ਤੱਥਾਂ ਦੀ ਗੱਲ ਕਰੀਏ ਤਾਂ ਪ੍ਰਿੰਸੀਪਲ ਸਤਿਬੀਰ ਸਿੰਘ, ਪਿਆਰਾ ਸਿੰਘ ਪਦਮ (ਗੁਰੂ ਕੀਆਂ ਸਾਖੀਆਂ), ਸਰੂਪ ਸਿੰਘ ਕੋਸ਼ਿਸ਼ ਵਰਗੇ ਇਤਿਹਾਸਕਾਰਾਂ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਬਠਿੰਡੇ ਇਲਾਕੇ ਤੋਂ ਪ੍ਰਚਾਰ ਕਰਦੇ ਹੋਏ ਧਮਤਾਨ ਸਾਹਿਬ ਪਹੁੰਚਦੇ ਹਨ। ਡਾਕਟਰ ਰਜਿੰਦਰ ਸਿੰਘ ਜੀ ਜਾਖੜ, ਜੋ ਕਿ ਪਿਛਲੇ 25 ਸਾਲਾਂ ਤੋਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਚਾਰ ਦੌਰਿਆਂ ਦੇ ਰਸਤਿਆਂ ਅਤੇ ਇਹਨਾਂ ਦੀਆਂ ਤਰੀਕਾਂ ਨੂੰ ਲੈ ਕੇ ਕੰਮ ਕਰ ਰਹੇ ਹਨ। ਪਿਛਲੇ ਕੲੀ ਸਾਲਾਂ ਤੋਂ ਇਹਨਾਂ ਇਲਾਕਿਆਂ ਵਿੱਚ ਵਿਚਰ ਕੇ ਇਹਨਾਂ ਨੇ ਖਰੜਾ ਤਿਆਰ ਕੀਤਾ ਹੈ।
ਆਉਣ ਵਾਲੇ ਸਮੇਂ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਮਾਰਗ ਨੂੰ ਲੈ ਕੇ ਸਾਰੇ ਵਿਦਵਾਨਾਂ ਦੀ ਦੁਬਾਰਾ ਰਾਇ ਲੈਣ ਦੀ ਲੋੜ ਹੈ। ਇਸ ਤੇ ਦੁਬਾਰਾ ਬੈਠਣ ਦੀ ਲੋੜ ਹੈ । ਗੁਰੂ ਸਾਹਿਬ ਜੀ ਦੇ ਮਾਰਗ ਨੂੰ ਇੱਕ ਵਾਰ ਸਹੀ ਕਰ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵਿਦਵਾਨਾਂ ਲਈ, ਪੀ.ਐਚ.ਡੀ ਕਰਨ ਵਾਲੇ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਲਈ ਇੱਕ ਸੌਖਾ ਰਾਹ ਹੋ ਜਾਏਗਾ। ਜੇ ਅਸੀਂ ਧਮਤਾਨ ਸਾਹਿਬ ਦੇ ਪਹਿਲੇ ਦੌਰੇ ਦੀ ਗੱਲ ਕਰੀਏ ਤਾਂ ਅਸੀਂ ਪਿੱਛੇ ਲੜੀ ਨੰ 31 ਨੂੰ ਜੋੜ ਕੇ ਦੇਖਾਂਗੇ ਤਾਂ ਪਤਾ ਲਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਚੋਲਾ ਸਾਹਿਬ ਤੋਂ ਭਾਈ ਕੇ ਡਰੋਲੀ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚਦੇ ਹਨ, ਜਿਸਨੂੰ ਅੱਜ ਦਮਦਮਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਸਾਹਿਬ ਜੀ ਜਦੋਂ ਸਾਬੋ ਕੀ ਤਲਵੰਡੀ ਪਹੁੰਚਦੇ ਹਨ ਤਾਂ ਆਪਣਾ ਨਿਵਾਸ ਸਥਾਨ ਇਸ ਜਗ੍ਹਾ ਤੇ ਰੱਖਦੇ ਹਨ। ਇੱਥੇ ਹੀ ਗੁਰਦੁਆਰਾ ਮੰਜੀ ਸਾਹਿਬ ਸੁਸ਼ੋਭਿਤ ਹੈ। ਮੰਜੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨੀਚੇ ਇੱਕ ਭੋਰਾ ਬਣਿਆ ਹੋਇਆ ਹੈ, ਜਿੱਥੇ ਅੱਜ ਉਸ ਬੇਰੀ ਦਾ ਮੁੱਢ ਮੌਜੂਦ ਹੈ,ਜਿਸ ਬੇਰੀ ਦੇ ਮੁੱਢ ਥੱਲੇ ਗੁਰੂ ਤੇਗ ਬਹਾਦਰ ਜੀ ਨੇ ਆ ਕੇ ਨਿਵਾਸ ਕੀਤਾ ਸੀ। ਨੇੜੇ ਤੇੜੇ ਗੁਰੂ ਸਾਹਿਬ ਜੀ ਦੇ ਰਹਿਣ ਲਈ ਟੈਂਟ ਅਤੇ ਤੰਬੂ ਲਗਾਏ ਜਾਂਦੇ ਹਨ। ਸਾਬੋ ਕੀ ਤਲਵੰਡੀ ਦੇ ਲੋਕਾਂ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਇੱਥੇ ਪਾਣੀ ਦੀ ਬਹੁਤ ਘਾਟ ਹੈ,ਜਿਸ ਕਾਰਨ ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਵੀ ਬਹੁਤ ਪ੍ਰੇਸ਼ਾਨ ਹਨ।
ਭਾਈ ਕਾਨ੍ਹ ਸਿੰਘ ਨਾਭਾ ਪੰਨਾ 620 ਅਨੁਸਾਰ ਗੁਰੂ ਸਾਹਿਬ ਜੀ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਇੱਕ ਕਹੀ ਮੰਗਵਾਈ। ਉਸ ਕਹੀ ਨਾਲ ਉਸ ਛੱਪੜੀ ਥੱਲੋਂ 5 ਟਕੇ ਲਗਾਏ ਅਤੇ ਆਪਣੇ ਦੁਸ਼ਾਲੇ ਵਿੱਚ ਮਿੱਟੀ ਪਾ ਕੇ ਉਥੋਂ ਮਿੱਟੀ ਕੱਢੀ। ਜਦੋਂ ਗੁਰੂ ਤੇਗ ਬਹਾਦਰ ਜੀ ਨੇ ਖੁਦ ਪਹਿਲ ਕੀਤੀ ਤਾਂ ਸਿੱਖਾਂ, ਸੇਵਕਾਂ ਨੇ ਵੀ ਨਾਲ ਮਿੱਟੀ ਕੱਢਣੀ ਸ਼ੁਰੂ ਕਰ ਦਿੱਤੀ। ਜਦੋਂ ਸਾਬੋ ਕੀ ਤਲਵੰਡੀ ਦੇ ਲੋਕਾਂ ਨੇ ਦੇਖਿਆਂ ਤਾਂ ਉਹਨਾਂ ਨੇ ਵੀ ਖੁਦਾਈ ਕਰਨੀ ਸ਼ੁਰੂ ਦਿੱਤੀ। ਨੇੜੇ ਤੇੜੇ ਦੇ ਪਿੰਡਾਂ ਦੀ ਸੰਗਤ ਵੀ ਇੱਥੇ ਆਈ ਅਤੇ ਥੋੜੇ ਦਿਨਾਂ ਵਿੱਚ ਹੀ ਇਹ ਤਲਾਅ ਇੱਕ ਬਹੁਤ ਵੱਡਾ ਪਾਣੀ ਦਾ ਸਰੋਤ ਬਣ ਗਿਆ। ਇੱਥੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸਵੀਂ ਬਣਿਆ ਹੋਇਆ ਹੈ। ਇਹ ਅਸਥਾਨ ਬਿਲਕੁਲ ਦਮਦਮਾ ਸਾਹਿਬ ਦੇ ਪਿਛਲੇ ਪਾਸੇ ਬਣਿਆ ਹੋਇਆ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ 2 ਅਸਥਾਨ ਬਣੇ ਹੋਏ ਹਨ। ਇੱਕ ਗੁਰਦੁਆਰਾ ਮੰਜੀ ਸਾਹਿਬ ਅਤੇ ਸਰੋਵਰ। ਦੂਜਾ ਅਸਥਾਨ ਬਿਲਕੁਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਲਗਦਾ ਗੁਰਦੁਆਰਾ ਮੰਜੀ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ ਤੇ ਵੀ ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਹੋਏ ਸਨ। ਸਾਬੋ ਦੀ ਤਲਵੰਡੀ ਤੋਂ ਚਲ ਕੇ ਗੁਰੂ ਤੇਗ ਬਹਾਦਰ ਜੀ ਕੋਟ ਧਰਮੂ ਪਹੁੰਚਦੇ ਹਨ।
ਕੋਟ ਧਰਮੂ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਘੋੜਾ ਚੋਰੀ ਕੀਤਾ ਗਿਆ ਸੀ। ਇੱਥੇ ਇੱਕ ਚੋਰ ਨੇ ਆਪਣੇ ਆਪ ਨੂੰ ਸੂਲੀ ਤੇ ਚਾੜ੍ਹ ਕੇ ਖਤਮ ਕਰ ਲਿਆ ਸੀ । ਅਸੀਂ ਉਸ ਅਸਥਾਨ ਦੇ ਦਰਸ਼ਨ ਕਰਾਂਗੇ। ਉਸ ਅਸਥਾਨ ਦੇ ਇਤਿਹਾਸ ਬਾਰੇ ਅਸੀਂ ਲੜੀ ਨੰ 67 ਵਿੱਚ ਸ੍ਰਵਨ ਕਰਾਂਗੇ।ਇਹ ਸਾਰਾ ਇਤਿਹਾਸ ਤੁਸੀਂ “ਖੋਜ ਵਿਚਾਰ” ਚੈਨਲ, ਫੇਸਬੁੱਕ ਅਤੇ ਯੂਟਿਊਬ ਉੱਤੇ ਸ੍ਰਵਨ ਕਰ ਸਕਦੇ ਹੋ।