ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 64 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਧਮਤਾਨ ਸਾਹਿਬ ਵਿਖੇ ਪਹੁੰਚ ਕੇ ਇੱਕ ਸਿੱਖ ਤੋਂ ਆਪ ਸੇਵਾ ਲੈਂਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਧਮਤਾਨ ਸਾਹਿਬ ਵਿਖੇ ਪਹੁੰਚ ਕੇ ਭਾਈ ਮੀਹਾਂ ਜੀ ਨੂੰ ਬਖਸ਼ਿਸ਼ਾਂ ਦਿੰਦੇ ਹਨ
ਧਮਤਾਨ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਰਹਿੰਦਿਆਂ ਹੋਇਆਂ ਅਨੇਕਾਂ ਸਿੱਖ ਆਪਾ ਭਾਵ ਤਿਆਗ ਕੇ ਸੇਵਾ ਵਿੱਚ ਲੱਗੇ ਰਹਿੰਦੇ ਸਨ। ਇੱਥੇ ਸਿੱਖਾਂ ਵੱਲੋਂ ਕੀਤੀ ਗਈ ਸੇਵਾ ਨੂੰ ਗੁਰੂ ਸਾਹਿਬ ਜੀ ਨੇ ਫਲ ਲਾਏ ਅਤੇ ਨਾਮ ਦਾਨ ਦੀ ਬਖਸ਼ਿਸ਼ ਕੀਤੀ। ਇੱਥੇ ਹੀ ਇੱਕ ਹੋਰ ਇਤਿਹਾਸ ਦੀ ਗੱਲ ਸਾਹਮਣੇ ਆਉਂਦੀ ਹੈ ਕਿ ਇੱਕ ਸਿੱਖ ਭਾਈ ਦੱਗੋ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਕਿ ਗੁਰੂ ਸਾਹਿਬ ਜੀ ਉਹ ਸਿੱਖ ਕੌਣ ਹੈ ਜੋ ਦਿਨ ਰਾਤ ਸੇਵਾ ਵਿੱਚ ਲੱਗਾ ਰਹਿੰਦਾ ਹੈ ਅਤੇ ਦਿਨ ਰਾਤ ਪਾਣੀ ਦਾ ਛਿੜਕਾਅ ਕਰਦਾ ਰਹਿੰਦਾ ਹੈ। ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹ ਗੁਰੂ ਹਰਿਰਾਇ ਸਾਹਿਬ ਜੀ ਦੇ ਵੇਲੇ ਦਾ ਸਿੱਖ ਹੈ। ਇਹ ਭਾਈ ਨੰਦ ਲਾਲ ਸੋਹਲ ਦਾ ਪੁੱਤਰ ਭਾਈ ਰਾਮਦੇਵ ਜੀ ਹਨ। ਇਹ ਸੱਤਵੇਂ ਗੁਰੂ ਸਾਹਿਬ ਜੀ ਵੇਲੇ ਘਿਓ ਦੀ ਫੇਰੀ ਲਗਾਉਂਦੇ ਹੁੰਦੇ ਸਨ ,ਜਿਸ ਕਰਕੇ ਇਹਨਾਂ ਨੂੰ ਭਾਈ ਫੇਰੂ ਜੀ ਵੀ ਕਹਿਣ ਲੱਗ ਪਿਆ ਸੀ। ਜਦੋਂ ਅਸੀਂ ਆਨੰਦਪੁਰ ਸਾਹਿਬ ਤੋਂ ਚਾਲੇ ਪਾਏ ਸਨ ਤਾਂ ਇਹ ਸਾਡੇ ਨਾਲ ਹੀ ਸੇਵਾ ਵਿੱਚ ਲੱਗੇ ਹੋਏ ਸਨ। ਇਹ ਪਾਣੀ ਦੀ ਸੇਵਾ ਕਰਦੇ ਸਨ ਪਰ ਇੱਥੇ ਧਮਤਾਨ ਸਾਹਿਬ ਵਿਖੇ ਪਾਣੀ ਦੀ ਘਾਟ ਸੀ ਅਤੇ ਇਹ ਦਿਨ ਰਾਤ ਲੰਗਰਾਂ ਲਈ, ਸਿੱਖਾਂ ਦੇ ਇਸ਼ਨਾਨ ਲਈ ਪਾਣੀ ਦਾ ਪ੍ਰਬੰਧ ਕਰਦੇ ਅਤੇ ਜਿੱਥੇ ਵੀ ਧੂੜ ਮਿੱਟੀ ਹੋਵੇ, ਉੱਥੇ ਪਾਣੀ ਦਾ ਛਿੜਕਾਅ ਕਰਦੇ ਰਹਿੰਦੇ ਸਨ। ਇਸਨੇ ਇੰਨੀ ਕੁ ਸੇਵਾ ਕੀਤੀ ਕਿ ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਕਿਹਾ ਕਿ ਭਾਈ ਰਾਮਦੇਵ ਜੀ , ਤੂੰ ਤਾਂ ਇੰਨੀ ਸੇਵਾ ਕਰਦਾ ਹੈ ਕਿ ਮੀਂਹ ਵਰਸਾ ਦਿੰਦਾ ਹੈ। ਇਸ ਕਰਕੇ ਸਿੱਖ ਇਸਨੂੰ ਭਾਈ ਮੀਹਾਂ ਜੀ ਵੀ ਕਹਿਣ ਲੱਗ ਪਏ ਸਨ। ਜਦੋਂ ਧਮਤਾਨ ਸਾਹਿਬ ਵਿੱਚੋਂ ਗੁਰੂ ਜੀ ਚਾਲੇ ਪਾਉਂਦੇ ਹਨ ਤਾਂ ਉੱਥੇ ਭਾਈ ਮੀਹਾਂ ਜੀ ਨੂੰ ਪ੍ਰਚਾਰਕ ਥਾਪਦੇ ਹਨ ਅਤੇ ਉਸਨੂੰ ਇੱਕ ਬਲਦ, ਨਗਾਰਾ ਅਤੇ ਨਿਸ਼ਾਨ ਸਾਹਿਬ ਦੀ ਬਖ਼ਸ਼ਿਸ਼ ਕਰਦੇ ਹਨ ਕਿ ਜਿਸ ਪਿੰਡ ਵਿੱਚ ਵੀ ਤੂੰ ਪ੍ਰਚਾਰ ਦੀ ਸੇਵਾ ਨਿਭਾਏਂਗਾ, ਉੱਥੇ ਤੈਨੂੰ ਕਿਸੇ ਗੱਲ ਦਾ ਘਾਟਾ ਨਹੀਂ ਹੋਏਗਾ।
ਜੋ ਸੱਚੇ ਮਨ ਨਾਲ ਸੇਵਾ ਕਰਦਾ ਹੈ, ਗੁਰੂ ਸਾਹਿਬ ਜੀ ਉਸ ਤੇ ਬਖਸ਼ਿਸ਼ਾਂ ਕਰਦੇ ਹਨ। ਸੱਤਵੇਂ ਗੁਰੂ ਜੀ ਨੇ ਇਸਤੇ ਬਖਸ਼ਿਸ਼ ਕੀਤੀ ਅਤੇ ਕਿਹਾ ਕਿ “ਹਿੱਸਾ ਮੇਰਾ ਹੱਥ ਤੇਰਾ”। ਗੁਰੂ ਤੇਗ ਬਹਾਦਰ ਜੀ ਨੇ ਇਸਨੂੰ ਨਿਸ਼ਾਨ ਸਾਹਿਬ, ਬਲਦ ਅਤੇ ਨਗਾਰੇ ਦੀ ਬਖਸ਼ਿਸ਼ ਕੀਤੀ ਸੀ ਕਿ ਜਿਸ ਪਾਸੇ ਵੀ ਨਗਾਰਾ ਵਜੇਗਾ, ਉੱਧਰ ਫਤਿਹ ਹੀ ਫਤਿਹ ਹੋਵੇਗੀ। ਭਾਈ ਮੀਹਾਂ ਜੀ ਨੇ ਬਾਂਗਰ ਦੇ ਇਲਾਕੇ ਵਿੱਚ ਪ੍ਰਚਾਰ ਕੀਤਾ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਬਣੇ ਸਨ ਅਤੇ ਜਦੋਂ ਗੁਰੂ ਸਾਹਿਬ ਜੀ ਆਪਣੇ ਦਰਬਾਰ ਵਿੱਚ ਬੈਠੇ ਸਨ ਤਾਂ ਇਹ ਬਲਦ ਤੇ ਚੜ੍ਹੇ ਹੋਏ ਅਤੇ ਨਗਾਰਾ ਵਜਾਉਂਦੇ ਹੋਏ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਸਿੱਖਾਂ ਨੇ ਗੁਰੂ ਸਾਹਿਬ ਜੀ ਤੋਂ ਇਸ ਸਿੱਖ ਬਾਰੇ ਪੁੱਛਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉੱਠ ਕੇ ਬੜੇ ਪਿਆਰ ਨਾਲ ਇਸਨੂੰ ਗੱਲ ਨਾਲ ਲਗਾਇਆ ਅਤੇ ਇਸਨੂੰ ਕਾਬਲ ਕੰਧਾਰ ਵਿੱਚ ਪ੍ਰਚਾਰ ਕਰਨ ਲਈ ਭੇਜਿਆ। ਭਾਈ ਮੀਹਾਂ ਜੀ ਨੇ ਕਾਬਲ ਕੰਧਾਰ ਵਿੱਚ ਜਾ ਕੇ ਲੰਗਰ ਚਲਾ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਨੇ ਇਸਨੂੰ ਮਸੰਦ ਥਾਪਿਆ। ਇਸ ਕੋਲ ਮਸੰਦ ਦੀ ਸੇਵਾ ਨਿਭਾਉਂਦਿਆਂ ਹੋਇਆਂ ਜੋ ਵੀ ਕਾਰ- ਭੇਟਾ ਇਕੱਠੀ ਹੁੰਦੀ ਸੀ,ਉਹ ਉੱਥੇ ਹੀ ਸੰਗਤਾਂ ਅਤੇ ਲੰਗਰਾਂ ਤੇ ਖਰਚ ਕਰ ਦਿੰਦਾ ਸੀ। ਕੁਝ ਮਸੰਦ ਮਾਇਆ ਨੂੰ ਆਪਣੇ ਵਾਸਤੇ ਵਰਤਣ ਲੱਗ ਪਏ ਸਨ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਮਸੰਦਾਂ ਨੂੰ ਆਨੰਦਪੁਰ ਸਾਹਿਬ ਵਿਖੇ ਬੁਲਵਾਇਆ। ਕੁਝ ਸਿੱਖਾਂ ਨੇ ਭਾਈ ਮੀਹਾਂ ਜੀ ਉੱਤੇ ਸ਼ੰਕਾ ਪ੍ਰਗਟ ਕੀਤੀ ਕਿ ਮੀਹਾਂ ਜੀ ਨੇ ਵੀ ਕਦੇ ਮਾਇਆ ਆਨੰਦਪੁਰ ਸਾਹਿਬ ਨਹੀਂ ਪਹੁੰਚਾਈ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਆਲਮ ਸਿੰਘ ਜੀ ਨਾਲ 5 ਸਿੱਖ ਭੇਜੇ ਕਿ ਭਾਈ ਮੀਹਾਂ ਜੀ ਨੂੰ ਦਾੜ੍ਹੀ ਤੋਂ ਫੜ੍ਹ ਕੇ ਲੈ ਕੇ ਆਓ। ਜਦੋਂ ਉਹ 5 ਸਿੱਖ ਕਾਬਲ ਕੰਧਾਰ ਪਹੁੰਚੇ ਤਾਂ ਉਹਨਾਂ ਨੇ ਭਾਈ ਮੀਹਾਂ ਜੀ ਦੀ ਸੇਵਾ ਨੂੰ ਦੇਖਿਆ ਕਿ ਇਹ ਮਾਇਆ ਨੂੰ ਆਪਣੇ ਉੱਤੇ ਨਹੀਂ ਖਰਚਦਾ ਸਗੋਂ ਮਾਇਆ ਨੂੰ ਸੰਗਤਾਂ ਅਤੇ ਧਰਮ ਕਾਰਜਾਂ ਉੱਤੇ ਖਰਚ ਕਰਦਾ ਹੈ।
ਇਸਦਾ ਨਾਮ ਸਿਮਰਨ ਅਤੇ ਬੰਦਗੀ ਦੇਖਦਿਆਂ ਹੋਇਆਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਉਸਦੇ ਹੱਥ ਵਿੱਚ ਫੜਾ ਦਿੱਤਾ, ਜਿਸ ਵਿੱਚ ਲਿਖਿਆ ਸੀ ਕਿ ਭਾਈ ਮੀਹਾਂ ਜੀ ਨੂੰ ਦਾੜ੍ਹੀ ਤੋਂ ਫੜ੍ਹ ਕੇ ਆਨੰਦਪੁਰ ਸਾਹਿਬ ਲੈ ਕੇ ਆਓ।
ਸਿੱਖਾਂ ਨੇ ਉਸਦਾ ਆਚਰਨ ਦੇਖ ਕੇ ਉਸਦੀ ਦਾੜ੍ਹੀ ਪਕੜਨ ਤੋਂ ਮਨ੍ਹਾ ਕਰ ਦਿੱਤਾ। ਭਾਈ ਮੀਹਾਂ ਜੀ ਨੇ ਨਿਮਰਤਾ ਅਤੇ ਸ਼ਰਧਾ ਵਿੱਚ ਆ ਕੇ ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ। ਜੇ ਤੁਸੀਂ ਮੇਰੀ ਦਾੜ੍ਹੀ ਫੜ੍ਹ ਕੇ ਨਹੀਂ ਲੈ ਕੇ ਜਾਓਗੇ ਤਾਂ ਮੈਂ ਆਪਣੀ ਦਾੜ੍ਹੀ ਆਪ ਫੜ੍ਹ ਕੇ ਲੈ ਕੇ ਜਾਵਾਂਗਾ। ਸੋ, ਭਾਈ ਮੀਹਾਂ ਜੀ ਆਨੰਦਪੁਰ ਸਾਹਿਬ ਵਿਖੇ ਆਪਣੀ ਦਾੜ੍ਹੀ ਫੜ੍ਹ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ। ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਕਿ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਤੁਸੀਂ ਮੈਨੂੰ ਉਸ ਇਲਾਕੇ ਦਾ ਮਸੰਦ ਅਤੇ ਪ੍ਰਚਾਰਕ ਥਾਪਿਆ ਸੀ ਅਤੇ ਮੈਂ ਦਸਵੰਧ ਦੀ ਮਾਇਆ ਤੁਹਾਡੇ ਤੱਕ ਨਹੀਂ ਪਹੁੰਚਾ ਸਕਿਆ। ਉਹ ਸਾਰੀ ਮਾਇਆ ਮੈਂ ਲੋੜਵੰਦਾਂ ਤੇ ਲਗਾਉਂਦਾ ਰਿਹਾ। ਗੁਰੂ ਗੋਬਿੰਦ ਸਿੰਘ ਜੀ ਜਾਣੀ ਜਾਣ ਸਨ। ਗੁਰੂ ਸਾਹਿਬ ਜੀ ਨੇ ਬੜੇ ਪਿਆਰ ਨਾਲ ਭਾਈ ਮੀਹਾਂ ਜੀ ਨੂੰ ਆਪਣੇ ਗਲੇ ਨਾਲ ਲਗਾਇਆ ਅਤੇ ਕਿਹਾ ਕਿ ਭਾਈ ਮੀਹਾਂ ਜੀ, ਤੂੰ ਸਜ਼ਾ ਦਾ ਹੱਕਦਾਰ ਨਹੀਂ ਸਗੋਂ ਬਖਸ਼ਿਸ਼ਾਂ ਦਾ ਹੱਕਦਾਰ ਹੈ। ਸੱਤਵੇਂ ਗੁਰੂ ਸਾਹਿਬ ਜੀ ਨੇ ਤੇਰੇ ਤੇ ਕਿਰਪਾ ਕੀਤੀ ਸੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਤੇਰੇ ਤੇ ਬਖਸ਼ਿਸ਼ ਕੀਤੀ। ਅੱਜ ਅਸੀਂ ਤੈਨੂੰ ਸਾਹਿਬ ਦੀ ਪਦਵੀ ਦਿੰਦੇ ਹਾਂ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਉਸਨੂੰ ਭਾਈ ਮੀਹਾਂ ਸਾਹਿਬ ਜੀ ਦੀ ਪਦਵੀ ਦਿੱਤੀ। ਗੁਰੂ ਸਾਹਿਬ ਜੀ ਨੇ ਬਚਨ ਕੀਤੇ-
“ਭਾਈ ਫੇਰੂ ਤੇਰੀ ਸੱਚੀ ਦਾੜ੍ਹੀ
ਭਾਈ ਫੇਰੂ ਤੇਰੀ ਸੇਵਾ ਗਾੜ੍ਹੀ
ਭਾਈ ਫੇਰੂ ਤੇਰੀ ਕਰਨੀ ਸਾਰੀ
ਭਾਈ ਫੇਰੂ ਜਗ ਤੁਲਹਾ ਭਾਰੀ
ਭਾਈ ਫੇਰੂ ਕੋ ਸਤਿਗੁਰ ਬਲਿਹਾਰੀ”
ਜਦੋਂ ਮਸੰਦਾਂ ਨੂੰ ਖੂਹ ਵਿੱਚ ਸਾੜਿਆ ਗਿਆ ਤਾਂ ਉਸ ਸਮੇਂ ਗੁਰੂ ਸਾਹਿਬ ਜੀ ਨੇ ਭਾਈ ਫੇਰੂ ਜੀ ਤੇ ਬਖਸ਼ਿਸ਼ ਕੀਤੀ ਅਤੇ ਕਿਹਾ ਕਿ ਤੁਸੀਂ ਕਿਰਤ ਕਰੋ,ਨਾਮ ਜਪੋ ਅਤੇ ਵੰਡ ਕੇ ਛਕੋ। ਅੱਜ ਤੋਂ ਬਾਅਦ ” ਹਿੱਸਾ ਵੀ ਤੇਰਾ, ਹੱਥ ਵੀ ਤੇਰਾ” । ਅੱਜ ਤੋਂ ਬਾਅਦ ਤੈਨੂੰ ਸੇਵਾ ਵਿੱਚ ਕੋਈ ਘਾਟਾ ਨਹੀਂ ਆਏਗਾ। ਇਹ ਗੁਰੂ ਦੇ ਪਿਆਰ ਵਾਲੇ ਸਿੱਖ ਹਨ ਜੋ ਕਿ ਸੱਚੇ ਮਨ ਨਾਲ ਸੇਵਾ ਕਰਦੇ ਹਨ ਅਤੇ ਗੁਰੂ ਸਾਹਿਬ ਉਹਨਾਂ ਤੇ ਬਖਸ਼ਿਸ਼ਾਂ ਵੀ ਕਰਦੇ ਹਨ। ਜਿਹੜੇ ਮਨ ਵਿੱਚ ਕਪਟ ਪਾ ਕੇ ਸੇਵਾ ਕਰਦੇ ਹਨ, ਉਹਨਾਂ ਨੂੰ ਗੁਰੂ ਸਾਹਿਬ ਜੀ ਸਜ਼ਾ ਵੀ ਦਿੰਦੇ ਹਨ। ਅਸੀਂ ਧਮਤਾਨ ਸਾਹਿਬ ਦੇ ਹੋਰ ਗੁਰਦੁਆਰਿਆਂ ਬਾਰੇ ਵੀ ਜਾਣਾਂਗੇ। ਇਹ ਅਸੀਂ ਅਗਲੀ ਲੜੀ ਨੰ 66 ਵਿੱਚ ਸ੍ਰਵਨ ਕਰਾਂਗੇ।