ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 61 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਘਰਾਚੋਂ ਤੋਂ ਲੰਘਦੇ ਹੋਏ ਪਿੰਡ ਨਾਗਰੇ ਅਤੇ ਟਲ ਘਨੋੜ ਵਿਖੇ ਪ੍ਰਚਾਰ ਦੀ ਸੇਵਾ ਨਿਭਾਉਂਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਕਮਾਲਪੁਰ ਅਤੇ ਦਿੜਬੇ ਪਿੰਡ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹਨ
ਗੁਰੂ ਤੇਗ ਬਹਾਦਰ ਜੀ ਮਾਲਵੇ ਵਿੱਚ ਪ੍ਰਚਾਰ ਦੌਰੇ ਕਰ ਰਹੇ ਸਨ। ਇੱਥੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਆ ਚੁੱਕੇ ਸਨ ਅਤੇ ਅੱਜ ਗੁਰੂ ਤੇਗ ਬਹਾਦਰ ਜੀ ਪਿੰਡ ਕਮਾਲਪੁਰ ਪਹੁੰਚਦੇ ਹਨ। ਕਮਾਲਪੁਰ ਵਿਖੇ ਇਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ 3 ਗੁਰਦੁਆਰਾ ਸਾਹਿਬ ਬਣੇ ਹੋਏ ਹਨ। ਇੱਥੇ ਹੀ ਗੁਰੂ ਤੇਗ ਬਹਾਦਰ ਜੀ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਕਮਾਲਪੁਰ ਤੋਂ ਹੁੰਦੇ ਹੋਏ ਗੁਰੂ ਤੇਗ ਬਹਾਦਰ ਜੀ ਪਿੰਡ ਖਨਾਲ ਪਹੁੰਚਦੇ ਹਨ। ਇੱਥੇ ਵੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਗੁਰਦੁਆਰਾ ਦੁਖ ਭੰਜਨ ਸਾਹਿਬ ਸੁਸ਼ੋਭਿਤ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਇੱਥੇ ਗੁਰੂ ਤੇਗ ਬਹਾਦਰ ਜੀ ਨੇ ਰੁਕ ਕੇ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਗੁਰੂ ਸਾਹਿਬ ਜੀ ਨੇ ਪਿੰਡ ਵਾਸੀਆਂ ਨੂੰ ਬਚਨ ਕੀਤੇ ਕਿ ਤੁਹਾਡੇ ਵਿਗੜੇ ਕੰਮ ਵੀ ਬਣ ਜਾਇਆ ਕਰਨਗੇ। ਖਨਾਲ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਪਿੰਡ ਦਿੜਬਾ ਪਹੁੰਚਦੇ ਹਨ। ਇੱਥੇ ਪਾਣੀ ਦਾ ਸਰੋਤ ਹੋਣ ਕਰਕੇ ਗੁਰੂ ਸਾਹਿਬ ਜੀ ਇਸ ਅਸਥਾਨ ਤੇ ਆਪਣਾ ਡੇਰਾ ਲਗਾ ਲੈਂਦੇ ਹਨ। ਜਦੋਂ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸਨ ਤਾਂ ਇੱਥੇ ਉੱਚੇ ਅਤੇ ਭਾਰੀ ਟਿੱਬੇ ਸਨ। ਪੰਜਾਬੀ ਵਿੱਚ ਉੱਚੇ ਟਿੱਬੇ ਨੂੰ ਦੈੜ ਵੀ ਕਿਹਾ ਜਾਂਦਾ ਹੈ। ਸੋ, ਦੈੜ ਤੋਂ ਵਿਗੜਦੇ ਹੋਏ ਪਿੰਡ ਦਾ ਨਾਮ ਦਿੜਬਾ ਪੈ ਗਿਆ। ਹੁਣ ਇਹ ਪਿੰਡ ਦਿੜਬੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹੁਣ ਤਾਂ ਇਹ ਕਾਫੀ ਵੱਡਾ ਕਸਬਾ ਬਣ ਚੁੱਕਿਆ ਹੈ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜਦੋਂ ਪਿੰਡ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਗੁਰੂ ਤੇਗ ਬਹਾਦਰ ਜੀ ਇਸ ਇਲਾਕੇ ਵਿੱਚ ਆਏ ਹਨ ਤਾਂ ਦੂਰ ਦੂਰਾਡੇ ਦੀਆਂ ਸੰਗਤਾਂ ਨੇ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਜੇ ਅਸੀਂ ਗੱਲ ਕਰੀਏ ਕਿ ਗੁਰੂ ਤੇਗ ਬਹਾਦਰ ਜੀ ਪਹਿਲਾਂ ਕਿਹੜੇ ਪਿੰਡ ਵਿੱਚ ਅਤੇ ਬਾਅਦ ਵਿੱਚ ਕਿਹੜੇ ਪਿੰਡ ਵਿੱਚ ਗੲੇ ਤਾਂ ਇਸ ਵਿੱਚ ਦਾਸ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਵੱਖ-ਵੱਖ ਕਿਤਾਬਾਂ ਵਿੱਚ ਵੱਖ-ਵੱਖ ਲਿਖਿਆ ਹੋਇਆ ਹੈ। ਜਲਦੀ ਹੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਅਤੇ ਪਟਿਆਲੇ ਵਿੱਚ ਡਾਕਟਰ ਰਜਿੰਦਰ ਸਿੰਘ ਜਾਖੜ ਜੀ ਨੂੰ ਮਿਲਣ ਦਾ ਮੌਕਾ ਮਿਲਿਆ, ਜੋ ਕਿ ਪਿਛਲੇ 25 ਸਾਲਾਂ ਤੋਂ ਗੁਰੂ ਤੇਗ ਬਹਾਦਰ ਜੀ ਦੇ ਰਸਤੇ ਦਾ ਨਕਸ਼ਾ ਤਿਆਰ ਕਰ ਰਹੇ ਹਨ। ਇਹਨਾਂ ਨੇ ਪਿਛਲੇ 25 ਸਾਲਾਂ ਤੋਂ ਇੱਕ-ਇੱਕ ਪਿੰਡ ਵਿੱਚ ਜਾ ਕੇ ਤਰੀਕਾਂ ਨੂੰ ਮਿਲਾ ਕੇ ਵੇਖਿਆ ਕਿ ਗੁਰੂ ਤੇਗ ਬਹਾਦਰ ਜੀ ਪਹਿਲਾਂ ਕਿਹੜੇ ਪਿੰਡ ਵਿੱਚ ਗੲੇ ਸਨ।
ਦਾਸ ਨੇ ਰਜਿੰਦਰ ਸਿੰਘ ਜਾਖੜ ਦੇ ਘਰ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਕੋਲੋਂ ਉਹਨਾਂ ਪਿੰਡਾਂ ਦਾ ਵੇਰਵਾ ਲਿਆ ਕਿ ਗੁਰੂ ਤੇਗ ਬਹਾਦਰ ਜੀ ਪਹਿਲਾਂ ਕਿਹੜੇ ਪਿੰਡ ਵਿੱਚ ਗੲੇ ਸਨ ਅਤੇ ਬਾਅਦ ਵਿੱਚ ਕਿਹੜੇ ਪਿੰਡ ਵਿੱਚ ਗੲੇ ਸਨ। ਡਾਕਟਰ ਰਜਿੰਦਰ ਸਿੰਘ ਜਾਖੜ ਦਾ ਬਣਾਇਆ ਹੋਇਆ ਇਹ ਰਸਤਾ, ਜੋ ਕਿ ਉਹਨਾਂ ਨੇ ਪਿਛਲੇ 25 ਸਾਲਾਂ ਤੋਂ ਤਿਆਰ ਕੀਤਾ ਹੈ। ਅਸੀਂ ਅਗਲੇ ਪਿੰਡਾਂ ਵਿੱਚ ਉਹਨਾਂ ਦੇ ਬਣਾਏ ਹੋਏ ਰਸਤੇ ਤੇ ਚਲਾਂਗੇ।
ਡਾਕਟਰ ਰਜਿੰਦਰ ਸਿੰਘ ਜਾਖੜ ਦੇ ਅਨੁਸਾਰ ਗੁਰੂ ਤੇਗ ਬਹਾਦਰ ਜੀ ਪਿੰਡ ਦਿੜਬੇ ਤੋਂ ਪਿੰਡ ਸਾ਼ਜਲੀ ਪਹੁੰਚਦੇ ਹਨ। ਸਾ਼ਜਲੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਪਿੰਡ ਗਾਗਾ ਪਹੁੰਚ ਜਾਂਦੇ ਹਨ। ਗਾਗਾ ਪਿੰਡ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਸਾਹਿਬ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਦੇ ਅੰਦਰ ਜੰਡ ਦੇ ਦਰੱਖ਼ਤ ਮੌਜੂਦ ਹਨ, ਜਿਹੜੇ ਦਰੱਖ਼ਤਾਂ ਨਾਲ ਗੁਰੂ ਸਾਹਿਬ ਜੀ ਨੇ ਆਪਣੇ ਘੋੜੇ ਬੰਨ੍ਹੇ ਸਨ। ਇੱਥੇ ਹੀ ਗੁਰੂ ਸਾਹਿਬ ਜੀ ਅਤੇ ਸੰਗਤਾਂ ਨੇ ਨਿਵਾਸ ਕੀਤਾ ਸੀ। ਬਹੁਤ ਸਾਰੇ ਊਠ ਅਤੇ ਘੋੜੇ ਗੁਰੂ ਸਾਹਿਬ ਜੀ ਦੇ ਨਾਲ ਸਨ। ਕੁਝ ਸਿੱਖਾਂ ਦੀ ਉਹਨਾਂ ਊਠਾਂ ਅਤੇ ਘੋੜਿਆਂ ਲੲੀ ਚਾਰਾ ਲਿਆਉਣ ਦੀ ਡਿਊਟੀ ਸੀ। ਜਦੋਂ ਉਹ ਘਾਹ ਚਾਰਾ ਲੈਣ ਲਈ ਖੇਤਾਂ ਵਿੱਚ ਜਾਂਦੇ ਹਨ ਤਾਂ ਉਹਨਾਂ ਖੇਤਾਂ ਦੇ ਮਾਲਕਾਂ ਨੇ ਅਣਜਾਣੇ ਵਿੱਚ ਉਹਨਾਂ ਸਿੱਖਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਅਤੇ ਉਹਨਾਂ ਨੂੰ ਬੁਰਾ ਭਲਾ ਬੋਲਿਆ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਗੁਰੂ ਤੇਗ ਬਹਾਦਰ ਜੀ ਦੇ ਸਿੱਖ ਸਨ, ਜਿਹੜੇ ਗੁਰੂ ਤੇਗ ਬਹਾਦਰ ਜੀ ਨਾਲ ਆਏ ਹੋਏ ਘੋੜਿਆਂ ਲੲੀ ਚਾਰਾ ਲੈਣ ਲਈ ਆਏ ਹਨ ਤਾਂ ਉਹਨਾਂ ਮਾਲਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਹ ਪਿੰਡ ਗਾਗੇ ਪਹੁੰਚਦੇ ਹਨ ਪਰ ਉਦੋਂ ਤੱਕ ਗੁਰੂ ਤੇਗ ਬਹਾਦਰ ਜੀ ਅਗਲੇ ਪਿੰਡ ਵੱਲ ਕੂਚ ਕਰ ਜਾਂਦੇ ਹਨ। ਇਹਨਾਂ ਨੇ ਪਿੰਡ ਦੀਆਂ ਸੰਗਤਾਂ ਨਾਲ ਮਿਲ ਕੇ ਗੁਰੂ ਸਾਹਿਬ ਜੀ ਦੇ ਪਿੱਛੇ-ਪਿੱਛੇ ਜਾ ਕੇ ਗੁਰੂ ਤੇਗ ਬਹਾਦਰ ਜੀ ਕੋਲ ਜਾ ਕੇ ਆਪਣੀ ਭੁੱਲ ਦੀ ਮਾਫੀ ਮੰਗੀ। ਕਿਹੜੇ ਪਿੰਡ ਵਿੱਚ ਜਾ ਕੇ ਗੁਰੂ ਤੇਗ ਬਹਾਦਰ ਜੀ ਇਹਨਾਂ ਦੀ ਭੁੱਲ ਬਖਸਾਂਉਦੇ ਹਨ, ਇਹ ਅਸੀਂ ਅਗਲੀ ਲੜੀ ਨੰ 63 ਵਿੱਚ ਸ੍ਰਵਨ ਕਰਾਂਗੇ। ਸੋ ਤੁਹਾਨੂੰ ਅਸੀਂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਉਹਨਾਂ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਂਦੇ ਰਹਾਂਗੇ ਜੀ।