ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 55 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਸੈਫਾਬਾਦ ਦੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਪ੍ਰਚਾਰ ਦੌਰੇ ਕਰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਲੰਘ ਤੋਂ ਹੁੰਦੇ ਹੋਏ ਟਹਿਲਪੁਰਾ ਅਤੇ ਆਕੜ ਪਿੰਡ ਵਿੱਚੋਂ ਲੰਘਦੇ ਹੋਏ ਅੱਗੇ ਸਿੰਬੜੋ, ਧੰਗੇੜਾ ਅਤੇ ਅਗੋਲ ਆਦਿ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹਨ
ਸਿੰਬੜੋ ਤੋਂ ਗੁਰੂ ਤੇਗ ਬਹਾਦਰ ਜੀ ਪਿੰਡ ਧੰਗੇੜਾ ਪਹੁੰਚਦੇ ਹਨ। ਇਸ ਪਿੰਡ ਵਿੱਚ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਸਾਨੂੰ ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਗੋਕਲ ਨਾਮ ਦੇ ਇੱਕ ਬਾਲਕ ਨੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ। ਅੱਜ ਇੱਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਸਾਹਿਬ ਸੁਸ਼ੋਭਿਤ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਪਹਿਲਾਂ ਇੱਥੇ 12/22 ਫੁੱਟ ਦਾ ਇੱਕ ਛੋਟਾ ਜਿਹਾ ਕਮਰਾ ਹੁੰਦਾ ਸੀ। ਬਾਅਦ ਵਿੱਚ 1913 ਈਸਵੀ ਵਿੱਚ ਵੱਡਾ ਗੁਰਦੁਆਰਾ ਸਾਹਿਬ ਬਣਾਇਆ ਗਿਆ। ਇਸ ਗੁਰਦੁਆਰਾ ਸਾਹਿਬ ਨੂੰ ਗੁਰੂਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬਹੁਤ ਸਾਰੀਆਂ ਸੰਗਤਾਂ ਇਸ ਗੁਰਦੁਆਰਾ ਸਾਹਿਬ ਵਿਖੇ ਆ ਕੇ ਦਰਸ਼ਨ ਦੀਦਾਰੇ ਕਰਦੀਆਂ ਹਨ। ਅੱਜ ਵੀ ਨੇੜੇ ਤੇੜੇ ਦੇ ਪਿੰਡਾਂ ਦੀਆਂ ਸੰਗਤਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਪੜ੍ਹ ਕੇ ਆਪਣਾ ਜੀਵਨ ਸਫ਼ਲ ਕਰਦੀਆਂ ਹਨ। ਪਿੰਡ ਧੰਗੇੜੇ ਤੋਂ ਅੱਗੇ ਅਗੋਲ ਪਿੰਡ ਆਉਂਦਾ ਹੈ। ਅਗੋਲ ਪਿੰਡ ਉਸ ਸਮੇਂ ਆਬਾਦ ਸੀ। ਗੁਰੂ ਤੇਗ ਬਹਾਦਰ ਜੀ ਨੇ ਇੱਕ ਉੱਚੀ ਥੇਹ ਉੱਤੇ ਆਪਣਾ ਟਿਕਾਣਾ ਕੀਤਾ। ਇੱਥੇ ਕੁਝ ਦਰਖੱਤ ਵੀ ਮੌਜੂਦ ਸਨ। ਇੱਥੇ ਇੱਕ ਪਾਣੀ ਦਾ ਸਾਫ਼ ਛੱਪੜ ਵੀ ਮੌਜੂਦ ਸੀ, ਜਿਸਨੂੰ ਰਾਮ ਤਲਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿਸ ਪਿੱਪਲ ਥੱਲੇ ਗੁਰੂ ਤੇਗ ਬਹਾਦਰ ਜੀ ਬੈਠੇ ਸਨ,ਉਹ ਪਿੱਪਲ ਅੱਜ ਮੌਜੂਦ ਨਹੀਂ ਹੈ। ਅੱਜ ਉਸ ਅਸਥਾਨ ਤੇ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਨਾਲ ਹੀ ਜਿੱਥੇ ਰਾਮ ਤਲਾਈ ਨਾਮ ਦਾ ਛੱਪੜ ਮੌਜੂਦ ਸੀ, ਉਸ ਜਗ੍ਹਾ ਤੇ ਅੱਜ ਸਰੋਵਰ ਵੀ ਮੌਜੂਦ ਹੈ। ਇੱਥੇ ਕੲੀ ਦਰਖੱਤ ਮੌਜੂਦ ਸਨ। ਹੁਣ ਇੱਥੇ ਬਹੁਤ ਵੱਡੀ ਬਿਲਡਿੰਗ ਬਣੀ ਹੋਈ ਹੈ। ਇਹ ਅਸਥਾਨ 1910 ਵਿੱਚ ਤਕਰੀਬਨ ਅੱਜ ਤੋਂ 100 ਸਾਲ ਪਹਿਲਾਂ ਬਣ ਕੇ ਤਿਆਰ ਹੋ ਗਿਆ ਸੀ। ਸੋ, ਇਸੇ ਪਿੰਡ ਦੇ ਨੱਥਾ ਸਿੰਘ ਨੇ 10 ਵਿਘੇ ਜ਼ਮੀਨ ਗੁਰੂ ਸਾਹਿਬ ਦੇ ਨਾਮ ਕਰਵਾਈ ਸੀ। ਤੁਸੀਂ ਇਸ ਅਗੋਲ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਸੋ, ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਅਗਲੇ ਪਿੰਡ ਜਾਂਦੇ ਹਨ। ਉੱਥੇ ਕੀ ਵਾਪਰਦਾ ਹੈ, ਇਹ ਅਸੀਂ ਲੜੀ ਨੰ 57 ਵਿੱਚ ਸ੍ਰਵਨ ਕਰਾਂਗੇ। ਅਸੀਂ ਅੱਗੇ 2 ਪਿੰਡਾਂ ਦੀ ਹੱਦ ਵਿੱਚ ਪਹੁੰਚਾਂਗੇ ਜਿੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਉੱਥੋਂ ਦਾ ਕੀ ਇਤਿਹਾਸ ਹੈ, ਇਹ ਅਸੀਂ ਅਗਲੀ ਲੜੀ ਵਿੱਚ ਸ੍ਰਵਨ ਕਰਾਂਗੇ। ਫੇਸਬੁੱਕ ਅਤੇ ਯੂਟਿਊਬ ਉੱਤੇ ਸਾਡੇ ਚੈਨਲ ‘ਖੋਜ ਵਿਚਾਰ’ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਪੂਰਾ ਇਤਿਹਾਸ ਦੱਸਿਆ ਜਾ ਰਿਹਾ ਹੈ ਜੀ।