ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 52 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਟਿਆਲੇ ਵਿੱਚ ਵਿਚਰਦੇ ਹਨ, ਜਿੱਥੇ ਅੱਜ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਆਪਣੇ ਪੂਰੇ ਪਰਿਵਾਰ ਸਮੇਤ ਪ੍ਰਚਾਰਕ ਦੌਰੇ ਕਰਦੇ ਹਨ ਅਤੇ ਨੌਲੱਖਾ ਸ਼ਹਿਰ ਵਿਖੇ ਪਹੁੰਚਦੇ ਹਨ
ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੂਰੇ ਪਰਿਵਾਰ, ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਅਤੇ ਹੋਰ ਸਿੱਖਾਂ ਨੂੰ ਨਾਲ ਲੈ ਕੇ ਪ੍ਰਚਾਰਕ ਦੌਰੇ ਅਰੰਭੇ ਹੋਏ ਸਨ। ਹੁਣ ਗੁਰੂ ਤੇਗ ਬਹਾਦਰ ਜੀ ਇੱਥੇ ਪਹੁੰਚਦੇ ਹਨ। ਇੱਥੇ ਗੁਰਦੁਆਰਾ ਨੌਲੱਖਾ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਇੱਥੇ ਆ ਕੇ ਬਿਰਾਜਮਾਨ ਹੁੰਦੇ ਹਨ ਅਤੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ। ਨੇੜੇ ਤੇੜੇ ਦੀਆਂ ਸੰਗਤਾਂ ਵੀ ਸ਼ਰਧਾ ਭਾਵਨਾ ਨਾਲ ਆ ਕੇ ਗੁਰੂ ਸਾਹਿਬ ਕੋਲ ਜੁੜਦੀਆਂ ਹਨ। ਸੈਫਾਬਾਦ ਦੇ ਨੇੜੇ ਤੇੜੇ ਗੁਰੂ ਜੀ ਵਿਚਰ ਰਹੇ ਸਨ। ਸੰਗਤਾਂ ਨੂੰ ਪਤਾ ਲੱਗ ਚੁਕਿਆ ਸੀ ਕਿ ਗੁਰੂ ਜੀ ਇਸ ਇਲਾਕੇ ਵਿੱਚ ਹਨ। ਗੁਰੂ ਸਾਹਿਬ ਸਾਰਿਆਂ ਦੇ ਦੁੱਖ ਸੁਣਦੇ ਹਨ। ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਨਾਮ ਬਾਣੀ ਨਾਲ ਜੋੜਦੇ ਹਨ। ਜਦੋਂ ਗੁਰੂ ਜੀ ਇੱਥੇ ਆਏ ਤਾਂ ਨੇੜੇ ਤੇੜੇ ਦੀਆਂ ਸੰਗਤਾਂ ਵੀ ਇਸ ਅਸਥਾਨ ਤੇ ਪਹੁੰਚਦੀਆਂ ਹਨ। ਰੋਜ਼ਾਨਾ ਦੀਵਾਨ ਸਜਾਏ ਜਾਂਦੇ ਹਨ। ਨਾਮ ਬਾਣੀ ਦਾ ਪ੍ਰਵਾਹ ਚਲਦਾ ਹੈ। ਉੱਥੇ ਹੀ ਇੱਕ ਲੱਖੀ ਨਾਮ ਦਾ ਵਣਜਾਰਾ, ਜੋ ਗੁਰੂ ਸਾਹਿਬ ਬਾਰੇ ਜਾਣਦਾ ਸੀ, ਉਸਦਾ ਬਲਦ ਗੁਆਚ ਜਾਂਦਾ ਹੈ। ਉਹ ਗੁਰੂ ਤੇਗ ਬਹਾਦਰ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕਰਦਾ ਹੈ ਕਿ ਗੁਰੂ ਸਾਹਿਬ , ਜੇ ਮੇਰਾ ਬਲਦ ਲੱਭ ਜਾਵੇ ਤਾਂ ਮੈਂ ਆਪਣੇ ਰਹਿੰਦੇ ਕਾਰਜ ਸਵਾਰ ਸਕਦਾ ਹਾਂ। ਰੱਬ ਦੀ ਮਿਹਰ ਨਾਲ ਉਸਦਾ ਬਲਦ ਲੱਭ ਜਾਂਦਾ ਹੈ। ਉਹ ਬਲਦ ਲੈ ਕੇ ਖੁਸ਼ੀ ਨਾਲ ਗੁਰੂ ਸਾਹਿਬ ਕੋਲ ਆਉਂਦਾ ਹੈ। ਉਸ ਸਮੇਂ ਉਸ ਕੋਲ ਸਿਰਫ 9 ਟਕੇ ਸਨ। ਉਸਨੇ ਉਹ 9 ਟਕੇ ਗੁਰੂ ਸਾਹਿਬ ਨੂੰ ਆ ਕੇ ਭੇਟਾ ਕਰ ਦਿੱਤੇ। ਗੁਰੂ ਜੀ ਨੇ ਉਹ ਟਕੇ ਸੰਗਤਾਂ ਵਿੱਚ ਵਰਤਾ ਦਿੱਤੇ। ਇਸਦੇ ਮਨ ਵਿੱਚ ਆਇਆ ਕਿ ਮੇਰੇ ਕੋਲ ਸਿਰਫ 9 ਟਕੇ ਹੀ ਸਨ। ਜੇ ਮੇਰੇ ਕੋਲ ਵੱਧ ਟਕੇ ਹੁੰਂਦੇ ਤਾਂ ਗੁਰੂ ਸਾਹਿਬ ਰੱਖ ਲੈਂਦੇ। ਥੋੜ੍ਹੇ ਟਕੇ ਜਾਣ ਕੇ ਗੁਰੂ ਸਾਹਿਬ ਨੇ ਉਹ ਸੰਗਤਾਂ ਨੂੰ ਵਰਤਾ ਦਿੱਤੇ। ਇਹ ਗੱਲ ਗੁਰੂ ਜੀ ਜਾਣ ਗੲੇ।
“ਘਟ ਘਟ ਕੇ ਅੰਤਰ ਕੀ ਜਾਨਤ,
ਭਲੇ ਬੁਰੇ ਕੀ ਪੀਰ ਪਛਾਨਤ”
ਗੁਰੂ ਜੀ ਨੇ ਉਸਨੂੰ ਕੋਲ ਬੁਲਾ ਕੇ ਪੁੱਛਿਆ ਕਿ ਤੂੰ ਕੀ ਸੋਚ ਰਿਹਾ ਹੈ । ਉਹ ਕਹਿਣ ਲੱਗਾ ਕਿ ਗੁਰੂ ਜੀ, ਮੇਰੇ ਕੋਲ ਅੱਜ ਸਿਰਫ 9 ਟਕੇ ਸਨ। ਮੈਂ ਹੋਰ ਮਿਹਨਤ ਕਰਕੇ ਟਕੇ ਲਿਆ ਕੇ ਤੁਹਾਡੇ ਚਰਨਾਂ ਵਿੱਚ ਭੇਟਾ ਕਰਾਂਗਾ। ਗੁਰੂ ਸਾਹਿਬ ਨੇ ਉਸਨੂੰ ਆਪਣੇ ਕੋਲ ਬਿਠਾਇਆ। ਗੁਰੂ ਸਾਹਿਬ ਨੇ ਉਸਨੂੰ ਕਿਹਾ ਕਿ ਤੇਰਾ 1-1 ਟਕਾ ਸਾਡੇ ਲੲੀ 1-1 ਲੱਖ ਦੇ ਬਰਾਬਰ ਹਨ। ਇਹ 9 ਟਕੇ 9 ਲੱਖ ਦੇ ਬਰਾਬਰ ਹਨ। ਸ਼ਰਧਾ ਭਾਵਨਾ, ਵਿਸ਼ਵਾਸ ਅਤੇ ਭਰੋਸੇ ਵਿੱਚ ਆ ਕੇ ਗੁਰੂ ਸਾਹਿਬ ਨੂੰ ਭੇਟਾ ਕੀਤੀ ਇੱਕ ਕਉਡੀ ਵੀ ਮੰਜੂਰ ਹੈ। ਸਾਰੀ ਸੰਗਤ ਨੂੰ ਗੁਰੂ ਤੇਗ ਬਹਾਦਰ ਜੀ ਨੇ ਸਮਝਾਇਆ ਕਿ ਗੁਰੂ ਨਾਨਕ ਸਾਹਿਬ ਦਾ ਘਰ ਤਾਂ ਦਾਤਾਂ ਦੇਣ ਵਾਲਾ ਹੈ। ਸੋ, ਪਿੰਡ ਦੀ ਰਵਾਇਤ ਅਨੁਸਾਰ ਜਦੋਂ ਅਸੀਂ ਪਿੰਡ ਦੇ ਬਜ਼ੁਰਗਾਂ ਨੂੰ ਇੱਥੋਂ ਦੇ ਇਤਿਹਾਸ ਬਾਰੇ ਪਤਾ ਕੀਤਾ ਤਾਂ ਪਿੰਡ ਵਾਲਿਆਂ ਨੇ ਸਾਨੂੰ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਨੇ ਆਪਣੇ ਹੱਥੀਂ ਇਸ ਪਿੰਡ ਦੀ ਮੂਹਰੀ ਗੱਡੀ ਸੀ। ਉਹ 9 ਟਕੇ ਭਾਵ 9 ਲੱਖ ਦੇ ਟਕੇ ਦੇ ਨਾਮ ਤੇ ਪਿੰਡ ਦਾ ਨਾਮ ਨੌਲੱਖਾ ਪੈ ਗਿਆ, ਜਿੱਥੇ ਅੱਜ ਕੱਲ੍ਹ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਗੁਰਦੁਆਰਾ ਸਾਹਿਬ ਦਾ ਨਾਮ ਹੈ-ਨੌਲੱਖਾ ਸਾਹਿਬ। ਸੰਗਤ ਜੀ, ਅਸੀਂ ਵੀ ਗੁਰੂ ਸਾਹਿਬ ਕੋਲ ਭੇਟਾ ਲੈੇ ਕੇ ਆਉਂਦੇ ਹਾਂ ਪਰ ਸੱਚੀ ਭੇਟਾ ਕੀ ਹੈ ਗੁਰਬਾਣੀ ਇਹ ਨਹੀਂ ਕਹਿੰਦੀ ਕਿ ਗੁਰੂ ਸਾਹਿਬ ਕੋਲ ਬਹੁਤ ਜ਼ਿਆਦਾ ਨੋਟ ਰੱਖਣੇ ਹਨ ਜਾਂ ਉਹੀ ਭੇਟਾ ਮੰਜੂਰ ਹੋਏਗੀ ਜੋ ਬਹੁਤ ਜ਼ਿਆਦਾ ਨੋਟ ਰੱਖੇਗਾ ਜਾਂ ਜੋ ਬਹੁਤ ਜਿਆਦੀਆਂ ਭੇਟਾਵਾਂ ਰੱਖੇਗਾ। ਗੁਰਬਾਣੀ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਸਾਹਿਬ ਅੱਗੇ ਕਿਹੜੀ ਭੇਟਾ ਰੱਖਣੀ ਹੈ । ਗੁਰੂ ਸਾਹਿਬ ਕਿਹੜੀ ਭੇਟਾ ਤੇ ਖੁਸ਼ ਹੋਣਗੇ। ਗੁਰਬਾਣੀ ਦਾ ਫੁਰਮਾਨ ਹੈ-
” ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ”
ਭਾਵ ਅਸੀਂ ਉਸਦੇ ਅੱਗੇ ਕਿਹੜੀ ਚੀਜ਼ ਰੱਖੀਏ ਜਿਸ ਨਾਲ ਉਸਦਾ ਸੱਚਾ ਦਰਬਾਰ ਸਾਨੂੰ ਦਿਸ ਪਵੇ।
“ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੈ ਪਿਆਰੁ”
ਭਾਵ ਮੂੰਹ ਵਿੱਚੋਂ ਅਜਿਹਾ ਕੀ ਬੋਲੀਏ ਕਿ ਜਿਸ ਬੋਲ ਨੂੰ ਸੁਣ ਕੇ ਉਹ। ਸਾਨੂੰ ਪਿਆਰ ਕਰੇ।
“ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ”
ਭਾਵ ਜ਼ਿੰਦਗੀ ਦੇ ਉਹ ਸਮੇਂ ਵਿੱਚ ਪਰਮਾਤਮਾ ਦਾ ਨਾਮ ਜਪਿਆ ਜਾਵੇ। ਉਸਦੀ ਸਿਫ਼ਤ ਕੀਤੀ ਜਾਵੇ ਅਤੇ ਉਸਦੀ ਵਡਿਆਈਆਂ ਦੀ ਵੀਚਾਰ ਕੀਤੀ ਜਾਵੇ ਕਿਉਂਕਿ ਚੰਗੇ ਕਰਮਾਂ ਕਰਕੇ ਹੀ ਸਾਨੂੰ ਇਹ ਸਰੀਰ ਰੂਪੀ ਕੱਪੜਾ ਭਾਵ ਪ੍ਰੇਮ ਰੂਪੀ ਪਟੋਲਾ ਮਿਲਿਆ ਹੈ।
“ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ”ਜਦੋਂ ਅਸੀਂ ਪਰਮਾਤਮਾ ਦੀ ਨਦਰ ਹੇਠ ਆ ਗੲੇ ਤਾਂ ਉਸਦੀ ਨਜ਼ਰ ਹੇਠਾਂ ਆਉਣ ਨਾਲ ਸਾਨੂੰ ਮੋਖ ਦਾ ਦਰਵਾਜ਼ਾ ਦਿਸ ਪਵੇਗਾ ਭਾਵ ਸਾਨੂੰ ਉਹ ਆਤਮਿਕ ਆਨੰਦ ਵਾਲ਼ਾ ਰਾਹ ਮਿਲ ਜਾਵੇਗਾ। ਇਹੀ ਪਰਮਾਤਮਾ ਦੀ ਭੇਟਾ ਹੈ ਕਿ ਅਸੀਂ ਉਸ ਅੱਗੇ ਪ੍ਰੇਮ ਰੂਪੀ ਭੇਟਾ ਭਾਵ ਉਸਦੀ ਵਡਿਆਈ ਤੇ ਵੀਚਾਰ ਦੀ ਭੇਟਾ ਉਸ ਅੱਗੇ ਰੱਖੀਏ। ਪਰਮਾਤਮਾ ਸਾਡੀਆਂ ਇਹਨਾਂ ਭੇਟਾਵਾਂ ਤੇ ਹੀ ਖੁਸ਼ ਹੁੰਦਾ ਹੈ। ਇਹ ਦੁਨੀਆਵੀ ਚੀਜ਼ਾਂ , ਜੋ ਅਸੀਂ ਉਸ ਅੱਗੇ ਰੱਖ ਕੇ ਖੁਸ਼ ਹੁੰਦੇ ਹਾਂ, ਇਹ ਭੇਟਾਵਾਂ ਤਾਂ ਉਹ ਸਾਨੂੰ ਦੇ ਰਿਹਾ ਹੈ। ਪਰਮਾਤਮਾ ਅਜਿਹੀਆਂ ਭੇਟਾਵਾਂ ਤੇ ਖੁਸ਼ ਹੁੰਦਾ ਹੈ ਕਿ ਉਸਦੀ ਵਡਿਆਈ ਅਤੇ ਵੀਚਾਰ ਕੀਤੀ ਜਾਵੇ। ਸੋ, ਇਸ ਤਰੀਕੇ ਨਾਲ ਅਸੀਂ ਨਾਮ ਰੂਪੀ ਭੇਟਾ ਗੁਰੂ ਸਾਹਿਬ ਨੂੰ ਭੇਟਾ ਕਰੀਏ। ਵੱਧ ਤੋਂ ਵੱਧ ਗੁਰਬਾਣੀ ਪੜ੍ਹੀਏ ਅਤੇ ਸ਼ਬਦ ਦੀ ਵੀਚਾਰ ਕਰੀਏ। ਆਪਣਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਅਰਪਿਤ ਕਰੀਏ। ਇਹੀ ਅਸਲੀ ਭੇਟਾ ਹੈ। ਸੋ, 9 ਟਕੇ ਤੋਂ 9 ਲੱਖ ਹੋਣ ਲੱਗਿਆ ਦੇਰ ਨਹੀਂ ਲੱਗਣੀ। ਸੋ, ਆਓ ਅਸੀਂ ਇਸ ਗੁਰਦੁਆਰਾ ਨੌਲੱਖਾ ਸਾਹਿਬ ਦੇ ਦਰਸ਼ਨ ਕਰੀਏ ।ਇਸ ਤੋਂ ਬਾਅਦ ਗੁਰੂ ਜੀ ਅਗਲੇ ਪਿੰਡ ‘ਲੰਘ’ ਚਲੇ ਜਾਂਦੇ ਹਨ। ਲੰਘ ਪਿੰਡ ਦਾ ਕੀ ਇਤਿਹਾਸ ਹੈ, ਇਹ ਅਸੀਂ ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 54 ਵਿੱਚ ਸ੍ਰਵਨ ਕਰਾਂਗੇ।