ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 58 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਰੋਹਟੇ ਤੋਂ ਅੱਗੇ ਚੱਲ ਕੇ ਥੂਹੀ ਪਿੰਡ ਵਿੱਚ ਬਿਰਾਜਮਾਨ ਹੁੰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅੱਗੇ ਕਾਕੜੇ ਪਿੰਡ ਦੀ ਧਰਤੀ ਤੇ ਆਪਣੇ ਚਰਨ ਪਾਉਂਦੇ ਹਨ ਅਤੇ ਉਥੋਂ ਦੇ ਇੱਕ ਸਿੱਖ ਕੋਲੋਂ ਸੇਵਾ ਲੈਂਦੇ ਹਨ
ਗੁਰੂ ਤੇਗ ਬਹਾਦਰ ਜੀ ਆਪਣੇ ਪੂਰੇ ਪਰਿਵਾਰ ਅਤੇ 300 ਸੰਗਤਾਂ ਦੇ ਨਾਲ ਰਾਮਗੜ੍ਹ ਬੋੜਾਂ ਅਤੇ ਗੁਣੀਕੇ ਤੋਂ ਹੁੰਦੇ ਹੋਏ ਪਿੰਡ ਕਾਕੜੇ ਦੀ ਧਰਤੀ ਤੇ ਆ ਕੇ ਆਪਣਾ ਨਿਵਾਸ ਅਸਥਾਨ ਬਣਾਉਂਦੇ ਹਨ। ਇੱਥੇ ਇੱਕ ਨਿੰਮ ਦਾ ਦਰੱਖਤ ਮੌਜੂਦ ਸੀ। ਉਸ ਨਿੰਮ ਦੇ ਦਰਖੱਤ ਥੱਲੇ ਗੁਰੂ ਜੀ ਦਾ ਨਿਵਾਸ ਅਸਥਾਨ ਬਣਾਇਆ ਜਾਂਦਾ ਹੈ। ਟੈਂਟ ਲਗਾਏ ਜਾਂਦੇ ਹਨ। ਸੰਗਤਾਂ ਦੇ ਰਹਿਣ ਲਈ ਪ੍ਰਬੰਧ ਕੀਤਾ ਜਾਂਦਾ ਹੈ। ਰਬਾਬੀਆਂ ਵੱਲੋਂ ਕੀਰਤਨ ਵੀ ਕੀਤਾ ਜਾਂਦਾ ਹੈ। ਜਦੋਂ ਇਸ ਗੱਲ ਦਾ ਪਤਾ ਪਿੰਡ ਕਾਕੜੇ ਦੇ ਉਸ ਮਾਲਕ ਨੂੰ ਲੱਗਦਾ ਹੈ, ਜਿਸਦੀ ਇਹ ਜਮੀਨ ਸੀ , ਤਾਂ ਉਹ ਆਪਣੇ ਪੂਰੇ ਪਰਿਵਾਰ ਸਮੇਤ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੈ। ਗੁਰੂ ਤੇਗ ਬਹਾਦਰ ਜੀ ਬਹੁਤ ਖੁਸ਼ ਹੁੰਦੇ ਹਨ। ਗੁਰੂ ਸਾਹਿਬ ਜੀ ਨੇ ਉਸਨੂੰ ਕਿਹਾ ਕਿ ਤੂੰ ਬਹੁਤ ਪਿਆਰ ਅਤੇ ਸ਼ਰਧਾ ਨਾਲ ਸੇਵਾ ਕੀਤੀ ਹੈ। ਤੂੰ ਸਾਡੇ ਤੋਂ ਕੁਝ ਵੀ ਮੰਗ ਸਕਦਾ ਹੈਂ। ਉਸਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਗੁਰੂ ਸਾਹਿਬ, ਜੋ ਸੇਵਾ ਅਸੀਂ ਕਰਨੀ ਸੀ, ਉਹ ਸੇਵਾ ਕਰਨ ਦਾ ਮੌਕਾ ਸਾਨੂੰ ਨਹੀਂ ਮਿਲ਼ਿਆ। ਸਾਨੂੰ ਅੱਜ ਹੀ ਪਤਾ ਲੱਗਿਆ ਸੀ ਕਿ ਤੁਸੀਂ ਇੱਥੇ ਆਏ ਹੋ। ਤੁਸੀਂ ਸਾਡੇ ਨਗਰ ਨੂੰ ਅੱਜ ਤਾਰਿਆ ਹੈ। ਗੁਰੂ ਤੇਗ ਬਹਾਦਰ ਜੀ ਨੇ ਬੜੇ ਪਿਆਰ ਨਾਲ ਉਸ ਸਿੱਖ ਨੂੰ ਗਲਵਕੜੀ ਵਿੱਚ ਲੈ ਕੇ ਉਸਦੇ ਸਿਰ ਤੇ ਹੱਥ ਫੇਰਿਆ ਅਤੇ ਕਿਹਾ ਕਿ ਜਿਹੜੀ ਸੇਵਾ ਅਸੀਂ ਤੇਰੇ ਤੋਂ ਲੈਣੀ ਹੈ, ਉਹ ਸੇਵਾ ਬਹੁਤ ਮਹਾਨ ਹੈ। ਸਮਾਂ ਆਉਣ ਤੇ ਇਹ ਸੇਵਾ ਅਸੀਂ ਤੇਰੇ ਅਤੇ ਤੇਰੇ ਪਰਿਵਾਰ ਤੋਂ ਆਪ ਹੀ ਲੈ ਲਵਾਂਗੇ। ਤੇਰੇ ਤੇ ਅੱਜ ਅਜਿਹੀ ਕਿਰਪਾ ਅਤੇ ਬਖ਼ਸ਼ਿਸ਼ ਹੋਏਗੀ ਕਿ ਤੇਰੇ ਕੋਲ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਹੋਏਗਾ। ਨੌਕਰ-ਚਾਕਰ ਤੇਰੇ ਅੱਗੇ ਰਹਿਣਗੇ। ਤੂੰ ਹਵੇਲੀਆਂ ਦਾ ਮਾਲਕ ਬਣੇਗਾ। ਧਨ ਦੌਲਤ ਦੀ ਵੀ ਬਹੁਤ ਕਿਰਪਾ ਹੋਏਗੀ ਪਰ ਜਿਹੜੀ ਵੀ ਧਨ ਦੌਲਤ ਆਏਗੀ, ਉਹ ਗੁਰੂ ਨਾਨਕ ਸਾਹਿਬ ਜੀ ਦੀ ਸਮਝ ਕੇ ਰੱਖ ਲਵੀਂ ਅਤੇ ਇੱਕ ਦਿਨ ਇਸੇ ਧਨ ਤੋਂ ਅਸੀਂ ਆ ਕੇ ਤੇਰੇ ਕੋਲੋਂ ਸੇਵਾ ਲੈ ਲਵਾਂਗੇ। ਜਾਂਦੇ- ਜਾਂਦੇ ਗੁਰੂ ਤੇਗ ਬਹਾਦਰ ਜੀ ਨੇ ਉਸਨੂੰ ਕਿਹਾ ਕਿ ਤੂੰ ਡੋਲੀ ਨਾਂ, ਇਹ ਸੇਵਾ ਬਹੁਤ ਔਖੀ ਹੈ। ਇਹ ਸੇਵਾ ਤੇਰੇ ਕੋਲੋਂ ਆਉਣ ਵਾਲੇ ਸਮੇਂ ਵਿੱਚ ਲੲੀ ਜਾਵੇਗੀ।
1665 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਇਹ ਬਚਨ ਕੀਤੇ ਸਨ। 1704 ਈਸਵੀ ਵਿੱਚ ਤਕਰੀਬਨ 39 ਸਾਲਾਂ ਬਾਅਦ ਇਹੀ ਸਿੱਖ ਦੀ ਸੇਵਾ ਸਿੱਖ ਪੰਥ ਦੇ ਸਾਹਮਣੇ ਆਉਂਦੀ ਹੈ। ਇਹ ਦੀਵਾਨ ਟੋਡਰ ਮੱਲ ਸੀ। ਜਦੋਂ ਦੀਵਾਨ ਟੋਡਰ ਮੱਲ ਨੂੰ ਪਤਾ ਲਗਦਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣਿਆ ਗਿਆ ਹੈ ਤਾਂ ਇਸੇ ਟੋਡਰ ਮੱਲ ਨੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲੲੀ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਜਗ੍ਹਾ ਮੁੱਲ ਲੲੀ ਸੀ ਅਤੇ ਮਾਤਾ ਗੁਜਰ ਕੌਰ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਦਾ ਆਪਣੇ ਹੱਥੀਂ ਸਸਕਾਰ ਕੀਤਾ ਸੀ।
ਇਹ ਸੇਵਾ ਪੂਰੇ 39 ਸਾਲਾਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਦੀਵਾਨ ਟੋਡਰ ਮੱਲ ਤੋਂ ਲੲੀ। ਇੱਕ ਹੋਰ ਗੱਲ ਚੇਤੇ ਰੱਖਣਾ ਕਿ ਜਿੱਥੇ ਗੁਰੂ ਤੇਗ ਬਹਾਦਰ ਜੀ ਮਾਲਵੇ ਦੇ ਪ੍ਰਚਾਰ ਵਿੱਚ ਸੰਗਤਾਂ ਨੂੰ ਆਉਣ ਵਾਲੇ ਸਮੇਂ ਲੲੀ ਤਿਆਰੀ ਕਰਵਾ ਰਹੇ ਸਨ, ਉੱਥੇ ਸੰਗਤਾਂ ਨੂੰ ਨਾਮ ਦਾਨ ਅਤੇ ਸਿੱਖੀ ਵਿੱਚ ਵੀ ਦਿ੍ੜ ਕਰਵਾ ਰਹੇ ਸਨ ਤਾਂ ਕਿ ਆਨੰਦਪੁਰ ਸਾਹਿਬ ਵਿਖੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇਣੀ ਹੈ ਤਾਂ ਪਿੰਡਾਂ- ਪਿੰਡਾਂ ਵਿੱਚੋਂ ਇਹੀ ਆਮ ਸਿੱਖ, ਜੋ ਅੱਜ ਟੁੱਟੇ ਹੋਏ ਹਨ, ਇਹ ਗੁਰੂ ਨਾਨਕ ਸਾਹਿਬ ਜੀ ਦੀ ਫੁਲਵਾੜੀ ਦੇ ਫੁੱਲ ਬਣ ਸਕਣ ਅਤੇ 1699 ਈਸਵੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸਜ ਸਕਣ। ਇਹ ਤਿਆਰੀ ਗੁਰੂ ਤੇਗ ਬਹਾਦਰ ਜੀ ਨੇ ਮਾਲਵੇ ਦੇ ਪਿੰਡਾਂ ਵਿੱਚ ਕੀਤੀ ਸੀ। ਜਿੰਨੇ ਵੀ ਮਾਲਵੇ ਦੇ ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਹਨ ,ਜੇ ਗੁਰੂ ਤੇਗ ਬਹਾਦਰ ਜੀ ਇੱਥੇ ਨਾ ਆਉਂਦੇ ਤਾਂ ਮਾਲਵਾ ਕਦੇ ਸਿੱਖੀ ਵਿੱਚ ਅੱਗੇ ਨਾ ਆਉਂਦਾ। ਮਾਲਵਾ ਪਹਿਲਾਂ ਬਹੁਤ ਪਿੱਛੇ ਰਹਿ ਚੁੱਕਿਆ ਸੀ।ਇਹ ਗੁਰੂ ਤੇਗ ਬਹਾਦਰ ਜੀ ਦੀ ਹੀ ਬਖਸ਼ਿਸ਼ ਹੈ ਕਿ ਇੱਥੇ ਸਭ ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਬਣੇ ਹੋਏ ਹਨ ਅਤੇ ਮਾਲਵੇ ਵਿੱਚ ਅੱਜ ਵੱਧ ਤੋਂ ਵੱਧ ਪ੍ਰਚਾਰ ਹੋ ਰਿਹਾ ਹੈ। ਇੱਥੋਂ ਗੁਰੂ ਤੇਗ ਬਹਾਦਰ ਜੀ ਅੱਗੇ ਚਲੇ ਜਾਂਦੇ ਹਨ।
ਅਗਲੀ ਲੜੀ ਨੰ 60 ਵਿੱਚ ਅਸੀਂ ਅਗਲੇ ਇਤਿਹਾਸ ਦੀ ਗੱਲ ਕਰਾਂਗੇ। ਜਿਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਜੀ ਨੇ ਨਿਵਾਸ ਕੀਤਾ ਸੀ, ਉੱਥੇ ਇਹ ਪਿੰਡ ਆਲੋਅਰਖ ਵਿੱਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਣਿਆ ਹੋਇਆ ਹੈ। ਇੱਥੇ ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਗੁਰਦੁਆਰਾ ਮੰਜੀ ਸਾਹਿਬ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਬਣਾਇਆ ਗਿਆ ਹੈ। ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਤੋਂ ਬਾਅਦ ਅਸਥੀਆਂ ਲਿਆ ਕੇ ਇਸ ਅਸਥਾਨ ਤੇ ਰੱਖੀਆਂ ਗੲੀਆਂ ਸਨ। ਤੁਸੀਂ ਕਦੇ ਵੀ ਪਟਿਆਲੇ ਦੇ ਨੇੜੇ ਭਵਾਨੀਗੜ੍ਹ ਪਹੁੰਚੋ ਤਾਂ ਭਵਾਨੀਗੜ੍ਹ ਦੇ ਨਾਲ ਹੀ ਪਿੰਡ ਆਲੋਅਰਖ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਅਗਲੇ ਪਿੰਡ ਵਿੱਚ ਪਹੁੰਚਦੇ ਹਨ। ਉਸ ਪਿੰਡ ਦਾ ਕੀ ਨਾਂ ਸੀ ਅਤੇ ਅੱਜ ਉਸ ਪਿੰਡ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ, ਉੱਥੋਂ ਦਾ ਕੀ ਇਤਿਹਾਸ ਹੈ, ਇਹ ਅਸੀਂ ਅਗਲੀ ਲੜੀ ਨੰ 60 ਵਿੱਚ ਸ੍ਰਵਨ ਕਰਾਂਗੇ।
ਇਸੇ ਤਰੀਕੇ ਨਾਲ ਤੁਸੀਂ ਸਫ਼ਰ ਏ ਪਾਤਸ਼ਾਹੀ ਨੌਵੀਂ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸ ਨਾਲ ਜੁੜੇ ਰਹਿਣਾ ਜੀ। ਇਹ ਸਾਰਾ ਇਤਿਹਾਸ ਤੁਸੀਂ ਯੂਟਿਊਬ ਅਤੇ ਫੇਸਬੁੱਕ ਉੱਤੇ ‘ਖੋਜ ਵਿਚਾਰ’ ਚੈਨਲ ਉੱਤੇ ਸ੍ਰਵਨ ਕਰ ਸਕਦੇ ਹੋ ਜੀ। ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰਨਾ ਜੀ ਤਾਂ ਕਿ ਇਹ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚ ਸਕੇ ਅਤੇ ਸੰਗਤਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੋ ਸਕੇ।