ਪ੍ਰਸੰਗ ਨੰਬਰ 52: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਚਾਰ ਯਾਤਰਾ ਦੌਰਾਨ ਪਿੰਡ ਲਹਿਲ (ਮੌਜੂਦਾ ਪਟਿਆਲਾ ਸ਼ਹਿਰ) ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 51 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਪਿੰਡ ਬੀਬੀਪੁਰ , ਬੁੱਧਪੁਰ ਅਤੇ ਪਿੰਡ ਕਰਾਹ ਵਿਖੇ ਪਹੁੰਚਦੇ ਹਨ

ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਟਿਆਲੇ ਦੀ ਧਰਤੀ ਨੂੰ ਭਾਗ ਲਾਉਂਦੇ ਹਨ ਅਤੇ ਇੱਥੇ ਸਿੱਖੀ ਦਾ ਬੂਟਾ ਲਾਉਂਦੇ ਹਨ

ਹੁਣ ਅਸੀਂ ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 52 ਵਿੱਚ ਪਹੁੰਚ ਚੁੱਕੇ ਹਾਂ। ਹੁਣ ਤੱਕ ਅਸੀਂ ਪਿੱਛੇ ਸ੍ਰਵਨ ਕਰ ਰਹੇ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡਾਂ- ਪਿੰਡਾਂ ਵਿੱਚ ਜਾ ਕੇ ਪ੍ਰਚਾਰਕ ਦੌਰੇ ਕਰਦੇ ਹੋਏ ਲੋਕਾਈ ਨੂੰ ਨਾਮ ਬਾਣੀ ਨਾਲ ਜੋੜ ਕੇ ਅਤੇ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢ ਕੇ ਰੱਬ ਦੇ ਨਾਮ ਨਾਲ ਜੋੜ ਰਹੇ ਸਨ। ਇਹਨਾਂ ਪਿੰਡਾਂ ਦਾ ਇੱਕ ਰਸਤਾ ਕੱਢਿਆ ਜਾਂਦਾ ਸੀ। ਰਸਤਾ ਕੱਢ ਕੇ ਗੁਰੂ ਜੀ ਵਾਪਸ ਬਹਾਦਰਗੜ੍ਹ ਆ ਜਾਂਦੇ ਸਨ। ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਸੈਫੂਦੀਨ ਦੇ ਕੋਲ ਰਹਿ ਰਹੇ ਸਨ। ਇੱਥੇ 4 ਮਹੀਨੇ ਇਹਨਾਂ ਨੇ ਚੌਮਾਸਾ ਕੱਟਿਆ। ਚੌਮਾਸਾ ਤੋਂ ਭਾਵ ਬਰਸਾਤਾਂ ਦੇ ਦਿਨ ਹੁੰਦੇ ਹਨ ਪਰ ਨਾਲ ਦੇ ਨਾਲ ਹੀ ਨੇੜੇ ਤੇੜੇ ਦੇ ਪਿੰਡਾਂ ਵਿੱਚ ਪ੍ਰਚਾਰਕ ਦੌਰੇ ਕਰ ਕੇ ਵਾਪਸ ਬਹਾਦਰਗੜ੍ਹ ਆ ਜਾਂਦੇ ਸਨ ਜਿਸ ਵਿੱਚ ਅੱਜ ਅਸੀਂ ਸੈਫਾਬਾਦ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਪ੍ਰਚਾਰਕ ਦੌਰਿਆਂ ਦੀ ਗੱਲ ਕਰਾਂਗੇ ਅਤੇ ਅੱਜ ਉੱਥੇ ਕੀ-ਕੀ ਮੌਜੂਦ ਹੈ।

ਗੁਰੂ ਤੇਗ ਬਹਾਦਰ ਜੀ  ਨੂੰ ਸੈਫਾਬਾਦ ਦੇ ਬਿਲਕੁਲ ਨੇੜੇ ਤਕਰੀਬਨ 8 ਕੁ ਕਿਲੋਮੀਟਰ ਦੀ ਦੂਰੀ ਤੇ ਇੱਕ ਭਾਗ ਰਾਮ ਝੀਵਰ ਨੇ ਬੇਨਤੀ ਕੀਤੀ ਕਿ ਗੁਰੂ ਜੀ , ਸਾਡੇ ਪਿੰਡ ਵਿੱਚ ਇੱਕ ਬਹੁਤ ਭਿਆਨਕ ਬੀਮਾਰੀ ਹੈ, ਜਿਸਨੂੰ ਅਸੀਂ ਸੋਕੇ ਦੀ ਬੀਮਾਰੀ ਵੀ ਕਹਿ ਦਿੰਦੇ ਹਾਂ। ਗੁਰੂ ਜੀ, ਇਹ ਬੀਮਾਰੀ ਪਿੰਡ ਲਹਿਲ ਵਿੱਚੋਂ ਨਹੀਂ ਜਾਂਦੀ। ਇੱਥੋਂ ਸਾਨੂੰ ਪਤਾ ਲਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਕਿੰਨੇ ਵੱਡੇ ਚਿਕਿਤਸਾ ਦੇ ਮਾਹਿਰ ਸਨ। ਗੁਰੂ ਜੀ ਉਹਨਾਂ ਪਿੰਡਾਂ ਵਿੱਚ ਜਾ ਕੇ, ਜਿੱਥੇ ਬਹੁਤ ਭਿਆਨਕ ਬੀਮਾਰੀਆਂ ਸਨ, ਉੱਥੇ ਜਾ ਕੇ ਲੋਕਾਂ ਦਾ ਇਲਾਜ ਕਰਦੇ ਸਨ। ਮਾਨਸਿਕ ਤੌਰ ਤੇ ਬੀਮਾਰ ਹੋੲੇ ਲੋਕਾਂ ਦਾ ਵੀ ਇਲਾਜ ਕਰਦੇ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਭਾਗ ਰਾਮ ਝੀਵਰ ਦੀ ਬੇਨਤੀ ਕਰਨ ਤੇ ਪਿੰਡ ਲਹਿਲ ਵਿੱਚ ਆਉਂਦੇ ਹਨ ਤਾਂ ਗੁਰੂ ਜੀ ਇੱਕ ਬੋਹੜ ਦੇ ਥੱਲੇ ਆ ਕੇ ਬੈਠਦੇ ਹਨ। ਬੋਹੜ ਦਾ ਦਰਖੱਤ, ਜੋ ਤੁਸੀਂ ਦੇਖ ਰਹੇ ਹੋ, ਇਹ ਅੱਜ ਮੌਜੂਦ ਨਹੀਂ ਹੈ। ਦਾਸ ਨੇ ਆਪਣੀ ਜ਼ਿੰਦਗੀ ਦੇ 25-30 ਸਾਲ ਇਸ ਬੋਹੜ ਦੇ ਦਰਸ਼ਨ ਕੀਤੇ ਹਨ।  ਇਸਦਾ ਭਾਵ ਇਹ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਟੁੱਟ ਕੇ ਦਰੱਖਤਾਂ ਦੇ ਨਾਲ ਜਾਂ ਨਿਸ਼ਾਨੀਆਂ ਨਾਲ ਜੁੜੇ ਹਾਂ। ਇਹਨਾਂ ਨਿਸ਼ਾਨੀਆਂ ਨੂੰ ਦੇਖ ਕੇ ਸਾਨੂੰ ਗੁਰੂ ਸਾਹਿਬ ਜੀ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਸੀ ਕਿ ਸਾਡੇ ਗੁਰੂ ਜੀ ਇਸ ਅਸਥਾਨ ਤੇ ਆ ਕੇ ਬੈਠੇ ਸਨ। ਧੰਨ ਹੈ ਉਹ ਬੋਹੜ ਦਾ ਦਰਖੱਤ , ਜਿਸਦੇ ਥੱਲੇ ਆ ਕੇ ਗੁਰੂ ਤੇਗ ਬਹਾਦਰ ਜੀ ਆ ਕੇ ਬਿਰਾਜਮਾਨ ਹੋਏ ਸਨ।  ਇਹ ਮਹਿਸੂਸ ਕੀਤਿਆਂ ਹੀ ਭਾਵਨਾ ਬਣਦੀ ਹੈ।

ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕਿੰਨੀ ਮਹਾਨ ਹੋਏਗੀ ਕਿ ਇੱਕ ਦਰਖੱਤ ਕੋਲ ਆ ਕੇ ਉਸਦੀ ਅਧਿਆਤਮਕ ਊਰਜਾ(vibration) ਇਤਨੀ ਆ ਰਹੀ ਹੈ ਕਿ ਗੁਰੂ ਤੇਗ ਬਹਾਦਰ ਜੀ ਇੱਥੇ ਬੈਠੇ ਸਨ। ਗੁਰੂ ਸਾਹਿਬ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ। ਸੱਚ ਜਾਣਿਓ, ਜਿਸ ਗੁਰੂ ਗ੍ੰਥ ਸਾਹਿਬ ਜੀ ਵਿੱਚ ਗੁਰੂ ਤੇਗ ਬਹਾਦਰ ਜੀ  ਬਿਰਾਜਮਾਨ ਹਨ, ਉਸਦੀ ਕਿੰਨੀ ਕੁ ਅਧਿਆਤਮਕ ਊਰਜਾ(vibration) ਮਿਲੇਗੀ। ਕਿੰਨਾ ਕੁ ਆਨੰਦ ਦਾ ਅਹਿਸਾਸ ਹੋਵੇਗਾ। ਸੋ, ਭਾਗ ਰਾਮ ਝੀਵਰ ਦੀ ਬੇਨਤੀ ਕਰਨ ਤੇ ਗੁਰੂ ਜੀ ਇਸ ਜਗ੍ਹਾ ਤੇ ਬਿਰਾਜਮਾਨ ਹੋਏ ਸਨ। ਇਸ ਪਿੰਡ ਦੀ ਇੱਕ ਮਾਈ ਆਪਣੇ ਬਾਲਕ ਨੂੰ ਨਾਲ ਲੈ ਕੇ, ਜਿਸਨੂੰ ਸੋਕਾ ਹੋਇਆ ਸੀ, ਉਸਨੂੰ ਲੈ ਕੇ ਗੁਰੂ ਜੀ ਕੋਲ ਆਈ ਅਤੇ ਕਿਹਾ ਕਿ ਮੇਰਾ ਇਸ ਤੋਂ ਬਿਨਾਂ ਕੋਈ ਨਹੀਂ ਹੈ। ਤੁਸੀਂ ਕਿਰਪਾ ਕਰਕੇ ਇਸਨੂੰ ਬਚਾਓ। ਗੁਰੂ ਸਾਹਿਬ ਨੇ ਕਿਹਾ ਕਿ ਧੀਰਜ ਰੱਖੋ ਅਤੇ ਇਸਨੂੰ ਇਸ਼ਨਾਨ ਕਰਾ ਕੇ ਸਾਡੇ ਕੋਲ ਲੈ ਕੇ ਆਓ। ਸੋ, ਉਸ ਮਾਈ ਨੇ ਛੱਪੜ ਵਿੱਚ ਇਸ਼ਨਾਨ ਕਰਾ ਕੇ ਉਸਨੂੰ ਗੁਰੂ ਸਾਹਿਬ ਕੋਲ ਲਿਆਂਦਾ। ਗੁਰੂ ਜੀ ਨੇ ਉਸ ਬੱਚੇ ਤੇ ਕਿਰਪਾ ਕੀਤੀ। ਉਸ ਬੱਚੇ ਨੂੰ ਹੀ ਰਾਜ਼ੀ ਨਹੀਂ ਕੀਤਾ ਸਗੋਂ ਉਸ ਪਿੰਡ ਵਿੱਚ ਜੋ ਸੋਕੇ ਦੀ ਬੀਮਾਰੀ ਸੀ , ਉਹ ਵੀ ਠੀਕ ਕੀਤੀ। ਇਸ ਬੀਮਾਰੀ ਤੋਂ ਬਚਣ ਲਈ ਯੋਗ ਪ੍ਰਬੰਧ ਵੀ ਕੀਤੇ। ਪੂਰੇ ਪਿੰਡ ਵਿੱਚੋਂ ਇਹ ਬੀਮਾਰੀ ਨੂੰ ਖਤਮ ਕੀਤਾ। ਇਹ ਅਸਥਾਨ ਉਜਾਗਰ ਹੋਇਆ। ਪਿੰਡ ਲਹਿਲ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ, ਸਾਡਾ ਛੋਟਾ ਜਿਹਾ ਨਗਰ ਹੈ। ਇੱਥੇ ਕੋਈ ਰੌਣਕਾਂ ਨਹੀਂ ਹਨ। ਕੋਈ ਵੀ ਇਸ ਪਾਸੇ ਨਹੀਂ ਆਉਂਦਾ। ਤੁਸੀਂ ਹੀ ਕਿਰਪਾ ਕਰੋ ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ਇੱਥੇ ਲਹਿਰਾਂ- ਬਹਿਰਾਂ ਹੋਣਗੀਆਂ। ਸੋ, ਸਮਾਂ ਪੈਣ ਤੇ ਬੰਦਾ ਸਿੰਘ ਬਹਾਦਰ ਦਾ ਰਾਜ ਆਇਆ। ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ। ਬਾਬਾ ਆਲਾ ਸਿੰਘ ਜੀ ਇਸ ਜਗ੍ਹਾ ਤੇ ਆਉਂਦੇ ਹਨ ਅਤੇ ਨੇੜੇ ਤੇੜੇ ਦੇ 84 ਪਿੰਡਾਂ ਨੂੰ ਮਿਲਾ ਕੇ ਇੱਕ ਕਿਲ੍ਹਾ ਬਣਾਉਂਦੇ ਹਨ। ਇਹ ਕਿਲ੍ਹਾ ਮਹਾਰਾਜਾ ਆਲਾ ਸਿੰਘ ਜੀ ਦੇ ਨਾਮ ਨਾਲ ਜਾਣਿਆ ਗਿਆ। ਬਾਅਦ ਵਿੱਚ ਜਦੋਂ ਇਸਦੀ ਵਸੋਂ ਹੋ ਗਈ ਤਾਂ ਇਸਨੂੰ ਬਾਬੇ ਆਲ਼ੇ ਦੀ ਪੱਟੀ ਕਹਿਣਾ ਸ਼ੁਰੂ ਕਰ ਦਿੱਤਾ। ਫਿਰ ਬਾਬਾ ਹੱਟ ਗਿਆ ਅਤੇ ਪਟੀ ਆਲਾ ਸਿੰਘ ਕਹਿਣਾ ਸ਼ੁਰੂ ਕਰ ਦਿੱਤਾ ਗਿਆ। ਫਿਰ ਸਿੰਘ ਵੀ ਹੱਟ ਗਿਆ। ਪਟੀ ਆਲਾ ਕਰਦੇ-ਕਰਦੇ ਅੱਜ ਇਸ ਸ਼ਹਿਰ ਦਾ ਨਾਮ ਪਟਿਆਲਾ ਬਣ ਚੁੱਕਿਆ ਹੈ। ਗੁਰੂ ਤੇਗ ਬਹਾਦਰ ਜੀ ਦੇ ਸਮੇਂ ਇਸ ਪਿੰਡ ਦਾ ਨਾਮ ਲਹਿਲ ਸੀ। ਲਹਿਲ ਤੋਂ ਬਾਅਦ ਬਾਬੇ ਆਲ਼ੇ ਦੀ ਪੱਟੀ, ਆਲੇ ਦੀ ਪੱਟੀ ਤੋਂ ਬਾਅਦ ਅੱਜ ਪੰਜਾਬ ਦੇ ਵਿੱਚ ਸੋਹਣਾ ਅਤੇ ਖੂਬਸੂਰਤ ਸ਼ਹਿਰ ਪਟਿਆਲਾ ਮੌਜੂਦ ਹੈ, ਜਿਸਨੂੰ ਸ਼ਾਹੀ ਸ਼ਹਿਰ ਪਟਿਆਲਾ ਕਿਹਾ ਜਾਂਦਾ ਹੈ। ਇਸੇ ਪਟਿਆਲਾ ਸ਼ਹਿਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ 2 ਗੁਰਦੁਆਰਾ ਸਾਹਿਬ ਹਨ। ਇੱਕ ਮੋਤੀ ਬਾਗ ਸਾਹਿਬ ਅਤੇ ਦੂਜਾ ਗੁਰਦੁਆਰਾ ਦੁਖਨਿਵਾਰਨ ਸਾਹਿਬ। ਜਿਸਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਉਹ ਪੁਰਾਣਾ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਉਸ ਸਮੇਂ ਬੋਹੜ ਦਾ ਦਰਖੱਤ ਮੌਜੂਦ ਸੀ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਜਦੋਂ ਤੋਂ ਇਸਦਾ ਨਵੀਨੀਕਰਨ ਕੀਤਾ ਗਿਆ ਹੈ ਤਾਂ ਸਭ ਤੋਂ ਪਹਿਲਾਂ ਇਸ ਬੋਹੜ ਦੇ ਦਰੱਖਤ ਨੂੰ, ਭਾਵ ਗੁਰੂ ਤੇਗ ਬਹਾਦਰ ਜੀ ਦੀ ਨਿਸ਼ਾਨੀ ਨੂੰ, ਜਿੱਥੇ ਗੁਰੂ ਤੇਗ ਬਹਾਦਰ ਜੀ ਆ ਕੇ ਬਿਰਾਜਮਾਨ ਹੋਏ ਸਨ,ਉਸ ਨਿਸ਼ਾਨੀ ਨੂੰ ਹੀ ਖ਼ਤਮ ਕੀਤਾ ਗਿਆ। ਉਸੀ ਜਗ੍ਹਾ ਤੇ ਇੱਕ ਵੱਡਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ। ਸੋ, ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲੇ ਦੀ ਸ਼ਾਨ ਹੈ। ਇਸੇ ਕਰਕੇ ਪਟਿਆਲਾ ਵਸਿਆ ਹੋਇਆ ਹੈ। ਅੱਜ ਇੱਥੇ 24 ਘੰਟੇ ਲੰਗਰ ਚਲਦੇ ਹਨ। ਤੁਸੀਂ ਜਦੋਂ ਵੀ ਕਦੇ ਨੇੜੇ ਤੇੜੇ ਆਓ ਤਾਂ ਪਟਿਆਲੇ ਦੁਖਨਿਵਾਰਨ ਸਾਹਿਬ ਦੇ ਦਰਸ਼ਨਾਂ ਨੂੰ ਜ਼ਰੂਰ ਆਓ। ਇਸਦੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਵੀ ਗੁਰੂ ਸਾਹਿਬ ਜੀ ਵਿਚਰੇ ਸਨ। ਅਸੀਂ ਲੜੀ ਨੰ 53 ਵਿੱਚ ਗੁਰੂ ਤੇਗ ਬਹਾਦਰ ਜੀ ਨੇ ਜੋ ਬਾਕੀ ਪਿੰਡਾਂ ਵਿੱਚ ਸਿੱਖੀ ਦਾ ਬੂਟਾ ਲਾਇਆ ਸੀ, ਉਹ ਸ੍ਰਵਨ ਕਰਾਂਗੇ ਜੀ।ਜੇ ਇਹ ਵੀਡੀਓ ਚੰਗੀ ਲੱਗੇ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ। ਇਹ ਲੜੀਵਾਰ ਇਤਿਹਾਸ ਸਾਡੇ ‘ਖੋਜ ਵਿਚਾਰ’ ਚੈਨਲ ਤੇ ਫੇਸਬੁੱਕ ਅਤੇ ਯੂਟਿਊਬ ਉੱਤੇ ਤੁਹਾਨੂੰ ਮਿਲ ਜਾਏਗਾ ਜੀ।

ਪ੍ਰਸੰਗ ਨੰਬਰ 53: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਦੌਰੇ ਦੌਰਾਨ ਪਿੰਡ ਨੌਲਖਾ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments