ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 48 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਸੈਫਾਬਾਦ ਵਿਖੇ ਰੁਕਦੇ ਹਨ ਅਤੇ ਉੱਥੇ ਨਵਾਬ ਸੈਫੂਦੀਨ ਨਾਲ ਚਰਚਾ ਕਰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਬਹਾਦਰਗੜ੍ਹ ਤੋਂ ਚੱਲ ਕੇ ਅੱਗੇ ਪਿੰਡਾਂ ਵਿੱਚ ਪ੍ਰਚਾਰ ਕਰਨ ਲੲੀ ਚਾਲੇ ਪਾ ਦਿੰਦੇ ਹਨ
ਗੁਰੂ ਤੇਗ ਬਹਾਦਰ ਜੀ ਨਵਾਬ ਸੈਫੂਦੀਨ ਕੋਲ਼ ਚੌਮਾਸਾ ਕੱਟਣ ਤੋਂ ਬਾਅਦ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਅਗਲੇ ਪਿੰਡਾਂ ਦੇ ਪ੍ਰਚਾਰ ਦੌਰਿਆਂ ਤੇ ਚਲ ਪੈਂਦੇ ਹਨ। ਸਭ ਤੋਂ ਪਹਿਲਾਂ ਗੁਰੂ ਜੀ ਸੈਫਾਬਾਦ ਦੇ ਬਿਲਕੁਲ ਨਾਲ ਪਿੰਡ ਮਹਿਮਦਪੁਰ ਜਟਾਂ ਵਿੱਚ ਪਹੁੰਚਦੇ ਹਨ , ਜੋ ਕਿ ਬਹਾਦਰਗੜ੍ਹ ਦੇ ਵਿੱਚ ਹੀ ਪੈਂਦਾ ਹੈ । ਉੱਥੇ ਰੋਡ ਦੇ ਉੱਤੇ ਹੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇੱਥੋਂ 1 ਡੇਢ ਕਿਲੋਮੀਟਰ ਚੱਲ ਕੇ ਪਿੰਡ ਰਾਇਪੁਰ ਪੈਂਦਾ ਹੈ। ਰਾਇਪੁਰ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਦਾ ਨਿਵਾਸ ਅਸਥਾਨ ਬਣਿਆ ਹੋਇਆ ਹੈ।ਇੱਥੇ ਵੀ ਗੁਰੂ ਸਾਹਿਬ ਜੀ ਰੁਕੇ ਸਨ। ਇਸ ਪਿੰਡ ਦਾ ਵਿਦਵਾਨਾਂ ਵੱਲੋਂ ਜ਼ਿਕਰ ਕੀਤਾ ਗਿਆ ਹੈ ਪਰ ਇਤਿਹਾਸ ਨਹੀਂ ਲਿਖਿਆ ਗਿਆ। ਜਦੋਂ ਅਸੀਂ ਇਸ ਪਿੰਡ ਵਿੱਚ ਗੲੇ ਤਾਂ ਪੁੱਛ ਪੜਤਾਲ ਕਰਨ ਤੋਂ ਪਤਾ ਲੱਗਿਆ ਕਿ ਜਿਸ ਵਿਅਕਤੀ ਕੋਲ ਗੁਰੂ ਤੇਗ ਬਹਾਦਰ ਜੀ ਠਹਿਰੇ ਸਨ , ਜੋ ਬਾਅਦ ਵਿੱਚ ਸਿੱਖ ਬਣਿਆ ਸੀ, ਉਸ ਸਿੱਖ ਦਾ ਨਾਮ ਭਾਈ ਧਰਮਾ ਜੀ ਸੀ। ਭਾਈ ਧਰਮਾ ਜੀ ਦੇ ਘਰ ਗੁਰੂ ਜੀ ਰਹਿੰਦੇ ਰਹੇ ਸਨ ਅਤੇ ਭਾਈ ਧਰਮਾ ਜੀ ਨੂੰ ਗੁਰੂ ਜੀ ਨੇ ਨਾਮ ਬਾਣੀ ਨਾਲ ਜੋੜਿਆ ਸੀ। ਭਾਈ ਧਰਮਾ ਜੀ ਦੇ ਪਰਿਵਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਜਾਣ ਤੋਂ ਬਾਅਦ ਸੰਗਤ ਕਾਇਮ ਕੀਤੀ ਗੲੀ। ਇਸ ਤੋਂ ਬਾਅਦ ਇਹਨਾਂ ਦੇ ਪੋਤੇ ਅਜਮੇਰ ਸਿੰਘ ਨੇ ਇੱਥੇ ਕੱਚੇ ਕੋਠੇ ਤੋਂ ਪੱਕਾ ਅਸਥਾਨ ਬਣਾ ਦਿੱਤਾ। ਸੋ, ਅੱਜ ਇੱਥੇ ਨੌਵੀਂ ਪਾਤਸ਼ਾਹੀ ਦੇ ਨਾਮ ਨਾਲ ਗੁਰੁਦਆਰਾ ਸਾਹਿਬ ਸੁਸ਼ੋਭਿਤ ਹੈ।
ਰਾਏਪੁਰ ਤੋਂ ਬਾਅਦ ਗੁਰੂ ਜੀ ਪਿੰਡ ਸੀਲ ਵਿਖੇ ਪਹੁੰਚਦੇ ਹਨ। ਇੱਥੇ ਵੀ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।ਉਸ ਸਮੇਂ ਇੱਥੇ ਜੰਗਲ ਸੀ। ਇਸਨੂੰ ਹੀਸ ਦਾ ਜੰਗਲ ਕਹਿੰਦੇ ਸਨ। ਹੀਸ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਇਸਦਾ ਅਰਥ ਹੈ ਜੰਗਲ ਦੀ ਇੱਕ ਸੰਘਣੀ ਵਾੜ, ਜਿਸ ਵਿੱਚ ਸ਼ੇਰ, ਸੂਰ ਜਾਂ ਹੋਰ ਜੰਗਲੀ ਜਾਨਵਰ ਆਪਣੇ ਘੂਰਨੇ ਬਣਾ ਕੇ ਰਹਿੰਦੇ ਹੁੰਦੇ ਸਨ। ਇੱਥੇ ਦਰਖ਼ਤਾਂ ਦੇ ਝੁੰਡ ਥੱਲੇ ਗੁਰੂ ਤੇਗ ਬਹਾਦਰ ਜੀ ਕੁਝ ਸਮਾਂ ਗੁਜ਼ਾਰ ਕੇ ਅੱਗੇ ਪਿੰਡ ਸ਼ੇਖੂਪੁਰ ਚਲੇ ਜਾਂਦੇ ਹਨ। ਸ਼ੇਖੂਪੁਰ ਵਿਖੇ ਵੀ ਗੁਰਦੁਆਰਾ ਕੁਸ਼ਟ ਨਿਵਾਰਨ ਸਾਹਿਬ ਸੁਸ਼ੋਭਿਤ ਹੈ। ਇੱਥੇ ਪਹਿਲਾਂ ਇੱਕ ਸ਼ਮਸ਼ਾਨ ਘਾਟ ਸੀ ਜਿਸਨੂੰ ਬਾਅਦ ਵਿੱਚ ਬਾਬਾ ਪੂਰਨ ਸਿੰਘ ਜੀ ਨੇ ਪ੍ਰਗਟ ਕੀਤਾ ਅਤੇ ਇਸਦੀ ਸੇਵਾ ਸੰਭਾਲ ਕੀਤੀ। ਅੱਜ ਇੱਥੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਸੰਗਤਾਂ ਆ ਕੇ ਦਰਸ਼ਨ ਕਰਦੀਆਂ ਹਨ ਅਤੇ ਨਾਮ ਬਾਣੀ ਨਾਲ ਜੁੜਦੀਆਂ ਹਨ।
ਸ਼ੇਖੂਪੁਰ ਤੋਂ 5 ਕਿਲੋਮੀਟਰ ਅੱਗੇ ਚਲ ਕੇ ਪਿੰਡ ਹਰਪਾਲਪੁਰ ਆਉਂਦਾ ਹੈ।
ਹਰਪਾਲਪੁਰ ਦੇ ਬਾਗ਼ ਵਿੱਚ ਗੁਰੂ ਤੇਗ ਬਹਾਦਰ ਜੀ ਜਾ ਕੇ ਬੈਠਦੇ ਹਨ ਅਤੇ ਗੁਰਸਿੱਖੀ ਦਾ ਬੂਟਾ ਲਾਉਂਦੇ ਹਨ। ਜਦੋਂ ਪਿੰਡ ਵਿੱਚ ਰਹਿਣ ਵਾਲੀ ਮਾਤਾ ਸਿਆਮੋ ਨੂੰ ਪਤਾ ਲੱਗਿਆ ਤਾਂ ਮਾਤਾ ਸਿਆਮੋ ਆਪਣੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਜੁੜਦੀ ਹੈ ਅਤੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਵੀ ਕਰਦੀ ਹੈ। ਇਸੇ ਜਗ੍ਹਾ ਤੇ ਅੱਜ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਸੁਸ਼ੋਭਿਤ ਹੈ। ਇੱਥੇ ਇੱਕ ਇਤਿਹਾਸ ਹੋਰ ਵੀ ਆਉਂਦਾ ਹੈ ਕਿ 1943 ਵਿੱਚ ਇਸੇ ਪਿੰਡ ਦੇ ਰਹਿਣ ਵਾਲੇ ਸੰਤ ਬਾਬਾ ਗੁਰਬਖਸ਼ ਸਿੰਘ ਜੀ, ਜੋ ਕਿ ਭਿੰਡਰਾਂ ਵਾਲ਼ੀ ਟਕਸਾਲ ਤੋਂ ਪੜ੍ਹ ਕੇ ਆਏ ਸਨ। ਉਹਨਾਂ ਨੇ 1943 ਵਿੱਚ ਇੱਥੇ ਇੱਕ ਵਿਦਿਆਲਾ ਤਿਆਰ ਕੀਤਾ ਅਤੇ ਹਰ ਰੋਜ਼ ਬੱਚਿਆਂ ਨੂੰ ਗੁਰਬਾਣੀ, ਕੀਰਤਨ ਨਾਲ ਜੋੜਦੇ ਸਨ। ਉਹ ਨੇੜੇ ਤੇੜੇ ਦੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਵੀ ਕਰਦੇ ਸਨ। ਇਸੇ ਪਿੰਡ ਤੋਂ ਪਤਾ ਲੱਗਿਆ ਕਿ ਸੰਤ ਬਾਬਾ ਗੁਰਬਖਸ਼ ਸਿੰਘ ਜੀ ਹਰਪਾਲਪੁਰ ਵਾਲਿਆਂ ਨੇ ਹਜ਼ਾਰਾਂ ਹੀ ਵਿਦਿਆਰਥੀ ਬਣਾਏ, ਜਿਹਨਾਂ ਨੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕੀਤਾ। ਬਾਬਾ ਗੁਰਬਖਸ਼ ਸਿੰਘ ਜੀ ਵੱਲੋਂ ਨੇੜੇ ਤੇੜੇ ਦੇ ਪਿੰਡਾਂ ਵਿੱਚ ਹੋਰ ਗੁਰਦੁਆਰੇ ਵੀ ਸਥਾਪਿਤ ਕੀਤੇ। 1971 ਈਸਵੀ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਸਚਖੰਡ ਪਿਆਨਾ ਕਰ ਗੲੇ। ਉਹਨਾਂ ਤੋਂ ਬਾਅਦ ਮਹੰਤ ਜੈ ਸਿੰਘ ਜੀ ਨੂੰ ਮਹੰਤੀ ਮਿਲੀ ਜੋ ਹੁਣ ਤੱਕ ਮੌਜੂਦਾ ਹਨ। 1979 ਈਸਵੀ ਵਿੱਚ ਲੋਕਲ ਕਮੇਟੀ ਬਣੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ।
ਜਦੋਂ ਅਸੀਂ ਇਸ ਅਸਥਾਨ ਤੇ ਪਹੁੰਚ ਕੇ ਦਰਸ਼ਨ ਕੀਤੇ ਤਾਂ ਅਸੀਂ ਪੁੱਛਿਆ ਕਿ ਇੱਥੇ ਜੋ ਵਿਦਿਆਲਾ ਹੁੰਦਾ ਸੀ, ਜਿੱਥੇ ਹਜ਼ਾਰਾਂ ਬੱਚੇ ਪੜ੍ਹਦੇ ਸਨ, ਉਹ ਵਿਦਿਆਲਾ ਹੁਣ ਕਿੱਥੇ ਹੈ। ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਜਦੋਂ ਦੀ ਕਮੇਟੀ ਬਣੀ ਹੈ, ਉਦੋਂ ਤੋਂ ਉਹ ਵਿਦਿਆਲਾ ਬੰਦ ਹੋ ਗਿਆ ਹੈ ਪਰ ਇਸੇ ਪਿੰਡ ਵਿੱਚ ਇੱਕ ਬਾਬਾ ਰਣਬੀਰ ਸਿੰਘ ਜੀ ਰਹਿੰਦੇ ਹਨ ਜੋ ਕਿ ਗੁਰਮਤਿ ਵਿਦਿਆਲਾ ਦੀ ਸੇਵਾ ਨਿਭਾ ਰਹੇ ਹਨ। ਇਹ ਪਿੰਡਾਂ-ਪਿੰਡਾਂ ਵਿੱਚ ਜਾ ਕੇ ਬੱਚਿਆਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ। ਇਸੇ ਪਿੰਡ ਦੇ ਗੁਰਦੁਆਰਾ ਮੰਜੀ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇੱਥੇ ਪਹਿਲਾਂ ਇੱਕ ਬੋਹੜ ਦਾ ਰੁੱਖ ਹੁੰਦਾ ਸੀ ਜੋ ਕਿ ਸੰਤ ਸੁੰਦਰ ਸਿੰਘ ਮੰਡੋਲੀ ਵਾਲਿਆਂ ਨੇ ਗੁਰਦੁਆਰਾ ਸਾਹਿਬ ਬਣਨ ਵੇਲੇ ਕਟਵਾ ਦਿੱਤਾ ਸੀ ਜਿਸ ਕਰਕੇ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਇਸ ਤੋਂ ਬਾਅਦ ਗੁਰੂ ਜੀ ਪਿੰਡ ਹਸਨਪੁਰ ਕਬੂਲਪੁਰ ਵਿੱਚ ਜਾਂਦੇ ਹਨ। ਅਗਲੀ ਲੜੀ ਵਿੱਚ ਅਸੀਂ ਪਿੰਡ ਹਸਨਪੁਰ ਕਬੂਲਪੁਰ ਦਾ ਇਤਿਹਾਸ ਸ੍ਰਵਣ ਕਰਾਂਗੇ।