ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 42 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਆਪਣੀ ਧਰਮ ਪ੍ਰਚਾਰ ਯਾਤਰਾ ਕਰਦੇ ਹੋਏ ਪਿੰਡ ਘੜੂੰਆ ਵਿਖੇ ਪਹੁੰਚਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਨੰਦਪੁਰ ਕਲੌੜ ਵਿਖੇ ਪਹੁੰਚ ਕੇ ਉੱਥੇ ਪ੍ਰਚਾਰ ਦੀ ਸੇਵਾ ਨਿਭਾਉਂਦੇ ਹਨ
ਗੁਰੂ ਤੇਗ ਬਹਾਦਰ ਜੀ ਪਿੰਡ ਘੜੂੰਆ ਤੋਂ ਚੱਲ ਕੇ ਨੰਦਪੁਰ ਕਲੌੜ ਵਿਖੇ ਪਹੁੰਚਦੇ ਹਨ। ਇੱਥੇ ਗੁਰੂ ਸਾਹਿਬ ਜੀ ਇੱਕ ਬੀਬੀ ਦੇ ਵਾੜੇ ਵਿੱਚ ਆ ਕੇ ਨਿਵਾਸ ਕਰਦੇ ਹਨ। ਗੁਰੂ ਸਾਹਿਬ ਜੀ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਂਦਾ ਹੈ। ਅੰਮ੍ਰਿਤ ਵੇਲੇ ਆਸਾ ਜੀ ਵਾਰ ਦਾ ਕੀਰਤਨ ਹੁੰਦਾ ਹੈ। ਗੁਰੂ ਜੀ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦ੍ਰਿੜ੍ਹ ਕਰਵਾਉਂਦੇ ਹਨ। ਇੱਥੇ ਨੇੜੇ ਤੇੜੇ ਦੀਆਂ ਸੰਗਤਾਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਜੀ ਨੂੰ ਇਸ ਪਿੰਡ ਦੀ ਹਾਲਤ ਬਾਰੇ ਪਤਾ ਲਗਦਾ ਹੈ। ਪਿੰਡ ਦੀਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ, ਸਾਡੇ ਇੱਥੇ ਹੜ੍ਹਾਂ ਦੀ ਬਹੁਤ ਮਾਰ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਹੜ੍ਹਾਂ ਦੀ ਮਾਰ ਨਾਲ ਪੂਰਾ ਪਿੰਡ ਤਬਾਹ ਹੋ ਜਾਂਦਾ ਹੈ। ਇਸਦਾ ਕਾਰਨ ਇਹ ਹੈ ਕਿ ਇਹ ਪਿੰਡ ਨੀਵੀਂ ਜਗ੍ਹਾ ਤੇ ਹੈ।ਸੋ, ਸਾਨੂੰ ਉਹਨਾਂ ਦਿਨਾਂ ਵਿੱਚ ਆਪਣੇ ਘਰ-ਬਾਰ ਛੱਡਣੇ ਪੈਂਦੇ ਹਨ। ਸਾਡੀਆਂ ਫਸਲਾਂ ਤਬਾਹ ਹੋ ਜਾਂਦੀਆਂ ਹਨ। ਸਾਰਾ ਪਿੰਡ ਤਬਾਹ ਹੋ ਜਾਂਦਾ ਹੈ। ਗੁਰੂ ਜੀ, ਅਸੀਂ ਇਸ ਗੱਲ ਤੋਂ ਬਹੁਤ ਦੁਖੀ ਹਾਂ। ਜਦੋਂ ਸੰਗਤਾਂ ਦਾ ਇਕੱਠ ਹੋਇਆ ਤਾਂ ਗੁਰੂ ਜੀ ਨੇ ਸੰਗਤਾਂ ਨੂੰ ਕਿਹਾ ਕਿ ਪਰਉਪਕਾਰ ਸਿਰਫ ਕਹਿਣ ਮਾਤਰ ਨਹੀਂ ਹੈ।
” ਮਿਥਿਆ ਤਨ ਨਹੀ ਪਰਉਪਕਾਰਾ “
ਭਾਵ ਤੁਹਾਡਾ ਇਹ ਤਨ ਝੂਠਾ ਹੈ ਜੇ ਕਿਸੇ ਪਰਉਪਕਾਰ ਲੲੀ ਅੱਗੇ ਨਹੀਂ ਆਇਆ।
ਜੇ ਸਾਰੇ ਪਿੰਡ ਦੀਆਂ ਸੰਗਤਾਂ ਰਲ ਮਿਲ ਕੇ ਇਕੱਠੀਆਂ ਹੋਣ ਤਾਂ ਉਹ ਰਲ਼ ਮਿਲ਼ ਕੇ ਜਿੱਥੇ ਪਾਣੀ ਦੀ ਮਾਰ ਹੁੰਦੀ ਹੈ, ਉੱਥੇ ਬੰਨ੍ਹ ਲਗਾ ਸਕਦੇ ਹਨ। ਜਦੋਂ ਇਹ ਗੱਲ ਸੰਗਤਾਂ ਨੂੰ ਪਤਾ ਲੱਗੀ ਕਿ ਇਹ ਇੱਕ ਬਹੁਤ ਵੱਡਾ ਪਰਉਪਕਾਰ ਹੈ ਭਾਵ ਇਹ 1-2 ਬੰਦਿਆਂ ਦਾ ਕੰਮ ਨਹੀਂ ਹੈ। ਜੇ ਅਸੀਂ ਰਲ਼ ਮਿਲ਼ ਕੇ ਕਰੀਏ ਤਾਂ ਪਿੰਡ ਦੇ ਦੁਆਲੇ ਬੰਨ੍ਹ ਲਗਾ ਸਕਦੇ ਹਾਂ ਅਤੇ ਇਹ ਪਿੰਡ ਹੜ੍ਹਾਂ ਦੀ ਮਾਰ ਤੋਂ ਬਚ ਸਕਦਾ ਹੈ। ਗੁਰੂ ਸਾਹਿਬ ਜੀ ਨੇ ਇਹ ਇੱਕ ਬਹੁਤ ਵੱਡਾ ਪਰਉਪਕਾਰ ਕੀਤਾ ਸੀ। ਗੁਰੂ ਜੀ ਸੰਗਤਾਂ ਦੇ ਆਗੂ ਬਣੇ ਸਨ।
ਨੇੜੇ ਤੇੜੇ ਦੀਆਂ ਸੰਗਤਾਂ ਵੀ ਆਪਣੇ ਔਜ਼ਾਰ ਲੈ ਕੇ ਪਹੁੰਚ ਗੲੀਅਾਂ। ਸਾਰੀਆਂ ਸੰਗਤਾਂ ਵੱਲੋਂ ਰਲ਼ ਮਿਲ਼ ਕੇ ਪਿੰਡ ਦੇ ਆਲੇ-ਦੁਆਲੇ ਇੱਕ ਬਹੁਤ ਵੱਡਾ ਬੰਨ੍ਹ ਲਗਾਇਆ ਗਿਆ, ਜਿਸ ਕਰਕੇ ਇਹ ਪਿੰਡ ਕਦੇ ਵੀ ਹੜ੍ਹਾਂ ਦੀ ਮਾਰ ਵਿੱਚ ਨਹੀਂ ਆਇਆ। ਇਸ ਪਿੰਡ ਵਿੱਚ ਭਰਤ ਪਾ ਕੇ ਬਾਕੀ ਪਿੰਡਾਂ ਨਾਲੋਂ ਉੱਚਾ ਵੀ ਕੀਤਾ ਗਿਆ। ਅੱਜ ਇੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜੇ ਤੁਸੀਂ ਕਦੇ ਨੰਦਪੁਰ ਕਲੌੜ ਦਰਸ਼ਨ ਕਰਨ ਆਓ ਤਾਂ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਪਿੰਡ ਦੀ ਉਂਚੀ ਜਗ੍ਹਾ ਤੇ ਸੁਸ਼ੋਭਿਤ ਮਿਲੇਗਾ। ਸੋ, ਇਸੇ ਜਗ੍ਹਾ ਤੇ ਨੰਦਪੁਰ ਅਤੇ ਕਲੌੜ 2 ਇਕੱਠੇ ਪਿੰਡ ਹਨ। ਇਸੇ ਨਗਰ ਕਲੋੜ ਦੀ ਜਾਨੀ ਮਾਨੀ ਹਸਤੀ ਉੱਚ ਕੋਟੀ ਦੇ ਵਿਦਵਾਨ, ਕਵੀ, ਲੇਖਕ, ਖਾਲਸਾ ਅਖ਼ਬਾਰ ਦੇ ਬਾਨੀ ਅਤੇ ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਰਹਿੰਦੇ ਸਨ। ਉਹ ਵੀ ਇਹਨਾਂ ਪਿੰਡਾਂ ਵਿੱਚ ਰਹਿੰਦੇ ਹੋਏ ਜਵਾਨ ਹੋਏ ਸਨ। ਬਾਅਦ ਵਿੱਚ ਸਿੱਖ ਕੌਮ ਦੀ ਮਹਾਨ ਹਸਤੀ ਗਿਆਨੀ ਦਿੱਤ ਸਿੰਘ ਜੀ ਬਣੇ ਸਨ , ਜਿਹਨਾਂ ਨੇ ਸਿੰਘ ਸਭਾ ਲਹਿਰ ਨੂੰ ਖੜ੍ਹਾ ਕੀਤਾ। ਪ੍ਰਚਾਰ ਦੀ ਹਨੇਰੀ ਲਿਆ ਦਿੱਤੀ ਅਤੇ ਦੰਬੀਆਂ ਦੇ ਪਾਜ ਉਖੇੜ ਕੇ ਰੱਖ ਦਿੱਤੇ। ਇਹ ਗਿਆਨੀ ਦਿੱਤ ਸਿੰਘ ਜੀ ਸਨ, ਜਿਹਨਾਂ ਦੇ ਨਾਮ ਤੇ ਅੱਜ ਪੂਰੀ ਦੁਨੀਆ ਵਿੱਚ ਗੁਰਦੁਆਰੇ ਸਿੰਘ ਸਭਾ ਮੌਜੂਦ ਹਨ। ਇਹ ਵੀ ਇਸੇ ਪਿੰਡ ਦੇ ਵਸਨੀਕ ਸਨ।
ਸੋ , ਇਸੇ ਤਰ੍ਹਾਂ ਅਸੀਂ ਅਗਲੇ ਪਿੰਡਾਂ ਵਿੱਚ ਜਾ ਕੇ ਜਾਣਕਾਰੀਆਂ ਲੱਭ ਕੇ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਇਸ ਲੜੀ ਸਫ਼ਰ ਏ ਪਾਤਸ਼ਾਹੀ ਨੌਵੀਂ ਨਾਲ ਤੁਸੀਂ ਵੀ ਜੁੜੋ ਅਤੇ ਆਪਣੇ ਪਰਿਵਾਰ ਨੂੰ ਵੀ ਜੋੜੋ। ਇਸ ਇਤਿਹਾਸ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਓ ਤਾਂ ਕਿ ਆਪਣੇ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਪਤਾ ਲੱਗ ਸਕੇ।
ਸੋ, ਅਗਲੀ ਲੜੀ ਵਿੱਚ ਅਸੀਂ ਅਗਲੇ ਪਿੰਡ ਵਿੱਚ ਚਲਾਂਗੇ ਕਿਸ ਉੱਤੇ ਗੁਰੂ ਜੀ ਕਿਵੇਂ ਪਰਉਪਕਾਰ ਕਰਦੇ ਹਨ।