ਸਫ਼ਰ ੲੇ ਪਾਤਸ਼ਾਹੀ ਨੌਵੀਂ ਦੀ ਲੜੀ ਨੰ 40 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਸਾਰੇ ਸਿੱਖਾਂ ਨੂੰ ਡਿਊਟੀਆਂ ਵੰਡ ਕੇ ਧਰਮ ਪ੍ਰਚਾਰ ਯਾਤਰਾ ਲੲੀ ਨਿਕਲਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਹਿਲੀ ਧਰਮ ਪ੍ਰਚਾਰ ਯਾਤਰਾ ਵੇਲੇ ਕਿੱਥੇ ਪੜਾਅ ਕਰਦੇ ਹਨ
ਸੋ, ਅੰਮ੍ਰਿਤ ਵੇਲੇ ਯਾਤਰਾ ਤੇ ਜਾਣ ਲਈ ਪੂਰੀ ਤਿਆਰੀ ਹੋ ਚੁੱਕੀ ਸੀ। ਗੁਰੂ ਜੀ ਅਤੇ ਸਾਰੀਆਂ ਸੰਗਤਾਂ ਨੇ ਰਲ ਕੇ ਅਰਦਾਸ ਕੀਤੀ, ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ।
ਚੱਕ ਨਾਨਕੀ ਦੀਆਂ ਸੰਗਤਾਂ ਨੇ ਗੁਰੂ ਸਾਹਿਬ ਦੇ ਜੱਥੇ ਨੂੰ ਰਵਾਨਾ ਕੀਤਾ। ਪ੍ਰਿੰਸੀਪਲ ਸਤਿਬੀਰ ਸਿੰਘ ਜੀ ਅਨੁਸਾਰ 3 ਅਕਤੂਬਰ 1665 ਈਸਵੀ ਨੂੰ ਪਹਿਲੀ ਯਾਤਰਾ ਦੀ ਆਰੰਭਤਾ ਹੋਈ। ਗੁਰੂ ਤੇਗ ਬਹਾਦਰ ਜੀ ਨੇ ਚੱਕ ਨਾਨਕੀ ਤੋਂ ਚਲ ਕੇ ਤਕਰੀਬਨ 20 ਕਿਲੋਮੀਟਰ ਤੇ ਪਹਿਲਾ ਪੜਾਅ ਕੀਤਾ। ਡਾਕਟਰ ਸੁਖਦਿਆਲ ਸਿੰਘ ਜੀ ਅਨੁਸਾਰ ਪਹਿਲਾਂ ਇਸ ਜਗ੍ਹਾ ਦਾ ਨਾਮ ਵਸੂਟੀਵਾਲਾ ਸੀ। ਇੱਥੇ ਵਸੂਟੀ ਦੇ ਬਹੁਤ ਜ਼ਿਆਦਾ ਝਾੜ ਹੋਣ ਕਰਕੇ ਇਹ ਵਸੂਟੀਵਾਲਾ ਦੇ ਨਾਂਮ ਨਾਲ ਜਾਣਿਆ ਜਾਂਦਾ ਸੀ। ਇੱਥੇ ਘੁਮਿਆਰਾਂ ਦੇ ਪਹਿਲਾਂ ਆਵੇ ਹੁੰਦੇ ਸਨ। ਆਵਾ ਉਹ ਹੁੰਦਾ ਹੈ ਜਿਸ ਵਿੱਚ ਘੁਮਿਆਰ ਆਪਣੇ ਭਾਂਡੇ ਬਣਾਉਂਦੇ ਹਨ। ਮੀਂਹ ਜਾਂ ਹੜ੍ਹ ਕਾਰਨ ਉਹਨਾਂ ਦੇ ਘਰ, ਮਕਾਨ ਨੁਕਸਾਨੇ ਜਾਂਦੇ ਸਨ , ਜਿਸ ਕਰਕੇ ਉਹ ਬਹੁਤ ਚਿੰਤਤ ਸਨ।। ਜਦੋਂ ਗੁਰੂ ਜੀ ਨੇ ਆਪਣਾ ਪਹਿਲਾ ਪੜਾਅ ਇਸ ਜਗ੍ਹਾ ਤੇ ਕੀਤਾ ਤਾਂ ਇੱਥੋਂ ਦੀਆਂ ਸੰਗਤਾਂ ਵੱਲੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਗੲੀ ਕਿ ਗੁਰੂ ਜੀ, ਤੁਸੀਂ ਹੀ ਕਿਰਪਾ ਕਰੋ, ਅਸੀਂ ਇਸ ਗੱਲ ਤੋਂ ਬਹੁਤ ਦੁਖੀ ਹਾਂ। ਗੁਰੂ ਜੀ ਨੇ ਆਪਣੇ ਖਜ਼ਾਨੇ ਵਿੱਚੋਂ ਇਹਨਾਂ ਨੂੰ ਮਾਇਆ ਦੇ ਕੇ ਲੰਗਰ ਲਾਉਣ ਲਈ ਕਿਹਾ ਤਾਂ ਕਿ ਜਦੋਂ ਹੜ੍ਹਾਂ ਦੇ ਕਾਰਨ ਨੁਕਸਾਨ ਹੁੰਦਾ ਹੈ, ਘਰਾਂ ਵਿੱਚ ਰੋਟੀ ਨਹੀਂ ਪਕਦੀ ਤਾਂ ਉਸ ਸਮੇਂ ਵੱਧ ਤੋਂ ਵੱਧ ਲੰਗਰ ਲਗਾਏ ਜਾਣ। ਨੇੜੇ ਤੇੜੇ ਦੀਆਂ ਸੰਗਤਾਂ ਨੂੰ ਵੀ ਇਹ ਕਰਨ ਦੀ ਪ੍ਰੇਰਨਾ ਦਿੱਤੀ। ਸੋ, ਇਸ ਗੁਰਦੁਆਰਾ ਸਾਹਿਬ ਦਾ ਨਾਮ ਮੰਜੀ ਸਾਹਿਬ ਭਰਤਗੜ੍ਹ ਹੈ। ਇਸ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੇ ਪਹਿਲਾ ਪੜਾਅ ਕੀਤਾ ਸੀ।
ਗੁਰੂ ਜੀ ਭਰਤਗੜ੍ਹ ਤੋਂ ਚੱਲ ਕੇ ਅੱਗੇ ਇਸ ਅਸਥਾਨ ਤੇ ਪਹੁੰਚਦੇ ਹਨ, ਜੋ ਕਿ ਗੁਰਦੁਆਰਾ ਸਦਾਬਰਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਇਸ ਅਸਥਾਨ ਤੇ ਪਹਿਲਾਂ ਛੇਵੇਂ, ਸਤਵੇਂ ਅਤੇ ਅੱਠਵੇਂ ਗੁਰੂ ਜੀ ਨੇ ਚਰਨ ਪਾਏ ਸਨ। ਹੁਣ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸਨ। ਇੱਥੇ ਪਹਿਲਾਂ 5 ਖੂਹ ਦੱਸੇ ਜਾਂਦੇ ਸਨ। ਹੁਣ ਇੱਕ ਖੂਹ ਬਾਉਲੀ ਸਾਹਿਬ ਹੀ ਮੌਜੂਦ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਕੁਝ ਦੇਰ ਰੁਕ ਕੇ ਅੱਗੇ ਚਲੇ ਜਾਂਦੇ ਹਨ।ਗੁਰੂ ਸਾਹਿਬ ਅੱਗੇ ਦੁਗਰੀ ਵੱਲ ਜਾਂਦੇ ਹਨ। ਜਦੋਂ ਸਾਨੂੰ ਦੁਗਰੀ ਜਾਣ ਦਾ ਮੌਕਾ ਮਿਲਿਆ ਤਾਂ ਰਸਤੇ ਵਿੱਚ ਬਹੁਤ ਸੋਹਣੇ ਜੰਗਲ ਅਤੇ ਪੇੜ-ਪੌਦੇ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਇਸ ਰਸਤੇ ਤੋਂ ਅੱਗੇ ਚੱਲ ਕੇ ਅਸੀਂ ਗੁਰਦੁਆਰਾ ਬੋਹੜ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਪਹੁੰਚੇ। ਇੱਥੇ ਬਹੁਤ ਸੋਹਣੇ ਅਤੇ 400 ਸਾਲ ਪੁਰਾਣੇ ਦਰੱਖਤ ਅੱਜ ਵੀ ਮੌਜੂਦ ਹਨ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਥੇ ਗੁਰੂ ਜੀ ਗੜ੍ਹੀ ਦੁੱਗਰੀ ਦੀ ਬੇਨਤੀ ਕਰਨ ਤੇ ਪਹੁੰਚੇ ਸਨ। ਜਦੋਂ ਗੁਰੂ ਜੀ ਇੱਥੇ ਪਹੁੰਚਦੇ ਹਨ ਤਾਂ ਇੱਥੇ ਇੱਕ ਮਾਈ ਭੰਤੀ ਦਾ ਪੁੱਤਰ ਬੀਮਾਰੀ ਦੀ ਹਾਲਤ ਵਿੱਚ ਜੂਝ ਰਿਹਾ ਸੀ। ਮਾਈ ਭੰਤੀ ਵੀ ਆਪਣੇ ਪੁੱਤਰ ਨੂੰ ਗੁਰੂ ਸਾਹਿਬ ਜੀ ਦੇ ਕੋਲ ਲੈ ਕੇ ਆਉਂਦੀ ਹੈ। ਸੋ, ਗੁਰੂ ਜੀ ਨੇ ਉਸ ਤੇ ਕਿਰਪਾ ਕੀਤੀ, ਉਸਦਾ ਇਲਾਜ ਕੀਤਾ ਅਤੇ ਉਹ ਠੀਕ ਹੋਣਾ ਸ਼ੁਰੂ ਹੋ ਗਿਆ। ਗੁਰੂ ਸਾਹਿਬ ਜੀ ਨੇ ਆਈਆਂ ਹੋਈਆਂ ਸੰਗਤਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਦੁੱਖ ਪੈਣ ਤੇ ਸਾਰੇ ਇੱਕ ਦੂਜੇ ਦਾ ਦੁੱਖ ਵੰਡਾਇਆ ਕਰੋ।ਸੁੱਖ ਵੇਲੇ ਤਾਂ ਸਾਰੇ ਨਾਲ ਖੜ ਜਾਂਦੇ ਹਨ, ਦੁੱਖ਼ ਵੇਲੇ ਵੀ ਸਾਥ ਦਿਆ ਕਰੋ। ਸੋ, ਜਿਹੜੇ ਪਰਿਵਾਰ ਦੁਖੀ ਹਨ, ਉਹਨਾਂ ਨੂੰ ਘੱਟੋ-ਘੱਟ ਦਿਲਾਸਾ ਦਿੰਦੇ ਰਹੋ। ਸੋ, ਜਿੱਥੇ ਦਵਾ ਦੀ ਲੋੜ ਹੈ, ਉੱਥੇ ਦੁਆ ਦੀ ਵੀ ਲੋੜ ਹੈ। ਤੁਸੀਂ ਸਾਰੇ ਰਲ ਮਿਲ ਕੇ ਸਿੱਖੀ ਦੇ ਸਿਧਾਂਤਾਂ ਤੇ ਪਹਿਰਾ ਦਿਓ।ਦੀਨ ਦੁਖੀਆਂ ਅਤੇ ਲੋੜਵੰਦਾਂ ਦੀ ਸੇਵਾ ਕਰੋ। ਜਿੱਥੇ ਵੀ ਕੋਈ ਲੋੜਵੰਦ ਦਿਖੇ, ਉਸ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਵੇ। ਸੋ, ਗੁਰੂ ਤੇਗ ਬਹਾਦਰ ਜੀ ਨੇ ਇੱਥੇ ਇੱਕ ਧਰਮਸ਼ਾਲਾ ਕਾਇਮ ਕਰਨ ਲਈ ਕਿਹਾ ਅਤੇ ਰੋਗੀਆਂ ਦੇ ਇਲਾਜ ਕਰਨ ਦੀ ਪ੍ਰੇਰਨਾ ਦਿੱਤੀ। ਭਾਈ ਦੁਗਰੀ ਜੀ ਵੱਲੋਂ 700 ਵਿਘੇ ਜ਼ਮੀਨ ਧਰਮਸ਼ਾਲਾ ਦੇ ਨਾਮ ਤੇ ਦਿੱਤੀ ਗਈ। ਮਾਈ ਭੰਤੀ ਵੱਲੋਂ ਵੀ 60-70 ਵਿਘੇ ਜ਼ਮੀਨ ਧਰਮਸ਼ਾਲਾ ਦੇ ਨਾਮ ਕਰਾਈ ਗਈ। ਇੱਥੇ ਹੁਣ ਗੁਰੂ ਸਾਹਿਬ ਜੀ ਤੋਂ ਬਾਅਦ ਵੀ ਸੰਗਤਾਂ ਲੲੀ ਲੋਕ ਭਲਾਈ ਦੇ ਕਾਰਜ ਅੱਜ ਤੱਕ ਕੀਤੇ ਜਾ ਰਹੇ ਹਨ। ਇੱਥੇ ਹੁਣ ਗੁਰਦੁਆਰਾ ਬੋਹੜ ਸਾਹਿਬ ਪਾਤਸ਼ਾਹੀ ਨੌਵੀਂ ਮੌਜੂਦ ਹੈ। ਇਸ ਤੋਂ ਬਾਅਦ ਗੁਰੂ ਜੀ ਕੋਟਲੀ ਤੋਂ ਹੂੰਦੇ ਹੋਏ ਮਾਨਪੁਰ ਪਹੁੰਚਦੇ ਹਨ। ਇਹ ਅਸੀਂ ਅੱਗੇ ਸਫ਼ਰ ਏ ਪਾਤਸ਼ਾਹੀ ਨੌਵੀਂ ਦੇ ਲੜੀ ਨੰ 42 ਵਿੱਚ ਸ੍ਰਵਨ ਕਰਾਂਗੇ।