ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 39 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ , ਪੀਰ ਮੂਸਾ ਰੋਪੜੀ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਅਸਲੀ ਸਿੱਖੀ ਬਾਰੇ ਦੱਸਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਚੱਕ ਨਾਨਕੀ ਨਗਰ ਤੋਂ ਸਾਰੇ ਸਿੱਖਾਂ ਨੂੰ ਡਿਊਟੀਆਂ ਵੰਡ ਕੇ ਧਰਮ ਪ੍ਰਚਾਰ ਯਾਤਰਾ ਲੲੀ ਨਿਕਲਦੇ ਹਨ
ਗੁਰੂ ਤੇਗ ਬਹਾਦਰ ਜੀ ਵੱਲੋਂ ਚੱਕ ਨਾਨਕੀ ਨਗਰ ਵਸਾਇਆ ਗਿਆ, ਜੋ ਕਿ ਹੁਣ ਆਨੰਦਪੁਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਨੇ ਇੱਥੇ ਕੁਝ ਮੁਖੀ ਸਿੱਖਾਂ ਨੂੰ ਜ਼ਿੰਮੇਵਾਰੀ ਸੌਂਪ ਕੇ ਆਪਣੇ ਧਰਮ ਪ੍ਰਚਾਰ ਦੌਰਿਆਂ ਦੀ ਆਰੰਭਤਾ ਕੀਤੀ।ਇਸਦਾ ਅਸਲ ਕਾਰਨ ਇਹ ਸੀ ਕਿ ਜੋ ਸਿੱਖ ਸੰਗਤਾਂ ਗੁਰੂ ਨਾਨਕ ਦੇਵ ਜੀ ਨੇ ਬੰਗਾਲ , ਆਸਾਮ ਤੱਕ ਕਾਇਮ ਕੀਤੀਆਂ ਸਨ, ਉਹਨਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ। ਅਜਿਹੀਆਂ ਬਹੁਤ ਥਾਵਾਂ ਸਨ, ਜਿੱਥੇ ਗੁਰੂ ਨਾਨਕ ਦੇਵ ਜੀ ਗੲੇ ਸਨ। ਗੁਰੂ ਸਾਹਿਬ ਜੀ ਨੇ ਤੀਰਥ ਅਸਥਾਨਾਂ ਤੇ ਜਾ ਕੇ ਉਹਨਾਂ ਭੁੱਲੇ ਭਟਕੇ ਲੋਕਾਂ ਨੂੰ ਨਾਮ ਬਾਣੀ ਨਾਲ ਜੋੜਿਆ ਸੀ। ਗੁਰੂ ਤੇਗ ਬਹਾਦਰ ਜੀ ਵੀ ਉਹਨਾਂ ਤੀਰਥਾਂ ਤੇ ਜਾਣਾ ਚਾਹੁੰਦੇ ਸਨ। ਗੁਰੂ ਸਾਹਿਬ ਜੀ ਤੀਰਥਾਂ ਤੇ ਕਿਉਂ ਜਾਣਗੇ। ਗੁਰਬਾਣੀ ਦਾ ਫੁਰਮਾਨ ਹੈ-
“ਤੀਰਥ ਉਦਮੁ ਸਤਿਗੁਰੂ ਕੀਆ
ਸਭ ਲੋਕ ਉਧਰਣ ਅਰਥਾ”
ਅਸਲ ਕਾਰਨ ਸੀ ਕਿ ਉਹਨਾਂ ਤੀਰਥਾਂ ਤੇ ਜਾ ਕੇ ਲੋਕਾਈ ਨੂੰ ਸੱਚ ਨਾਲ ਜੋੜਿਆ ਜਾਵੇ।ਸੋ, ਗੁਰੂ ਸਾਹਿਬ ਜੀ ਨੇ ਜਾਣ ਲੱਗਿਆਂ ਸਿੱਖਾਂ ਨੂੰ ਡਿਊਟੀਆਂ ਵੰਡ ਦਿੱਤੀਆਂ , ਜਿਸ ਵਿੱਚ ਮੁੱਖ ਦੀਵਾਨ ਭਾਈ ਸਤੀ ਦਾਸ ਜੀ ਨੂੰ ਪੂਰੀ ਯਾਤਰਾ ਦਾ ਕਾਰਜ ਸੌਂਪਿਆ ਗਿਆ। ਭਾਈ ਦਇਆਲਾ ਜੀ, ਗੁਰੂ ਪਰਿਵਾਰ ਅਤੇ ਹੋਰ ਸਿੱਖ ਬੀਬੀਆਂ ਦੇ ਆਗੂ ਥਾਪੇ ਗਏ। ਭਾਈ ਦਇਆਲਾ ਜੀ ਦੀ ਡਿਊਟੀ ਲਗਾਈ ਗਈ ਕਿ ਉਹ ਗੁਰੂ ਪਰਿਵਾਰ ਅਤੇ ਹੋਰ ਸਿੱਖ ਬੀਬੀਆਂ ਨੂੰ ਸਾਰੀਆਂ ਸਹੂਲਤਾਂ ਉਪਲਭਧ ਕਰਵਾਉਣਗੇ ਤਾਂ ਕਿ ਰਸਤੇ ਵਿੱਚ ਚਲਦਿਆਂ ਹੋਇਆਂ ਕੋਈ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ। ਭਾਈ ਸਤੀ ਦਾਸ ਜੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਲਗਾੲੀ ਗੲੀ ਕਿਉਂਕਿ ਉਹ ਬਹੁਤ ਵੱਡੇ ਵਿਦਵਾਨ ਸਨ।
“ਧੁਰ ਕੀ ਬਾਣੀ ਆਈ
ਤਿਨ ਸਗਲੀ ਚਿੰਤ ਮਿਟਾਈ”
ਭਾਈ ਸਤੀ ਦਾਸ ਜੀ ਦੀ ਡਿਊਟੀ ਲਗਾਈ ਗਈ ਕਿ ਜਿੱਥੇ ਵੀ ਗੁਰੂ ਸਾਹਿਬ ਜੀ ਕੋੲੀ ਗੁਰਬਾਣੀ ਦਾ ਸ਼ਬਦ ਉਚਾਰਨ ਕਰਨਗੇ, ਸਤੀ ਦਾਸ ਜੀ ਉਹਨਾਂ ਸ਼ਬਦਾਂ ਦੇ ਲਿਖਤੀ ਰੂਪ ਵਿੱਚ ਉਤਾਰੇ ਕਰਦੇ ਜਾਣਗੇ ਅਤੇ ਨਾਲ ਹੀ ਫ਼ਾਰਸੀ ਭਾਸ਼ਾ ਵਿੱਚ ਵੀ ਉਤਾਰੇ ਕਰਦੇ ਜਾਣਗੇ। ਭਾਈ ਸਤੀ ਦਾਸ ਜੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ ਕਿ ਇਹ ਉਹਨਾਂ ਨੇ ਸਾਰੇ ਰਸਤੇ ਨਿਭਾਉਣੀ ਹੈ, ਜਿੱਥੋਂ ਕਿ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਬਾਣੀ ਸਾਂਭੀ ਜਾਣੀ ਸੀ। ਕੇਸਰ ਸਿੰਘ ਛਿੱਬਰ ਦੇ ਬੰਸਾਵਲੀ ਨਾਮਾ ਵਿੱਚ ਲਿਖਿਆ ਹੈ-
” ਬਾਣੀ ਜੋ ਸਾਹਿਬ ਕਰਨ ਉਚਾਰ
ਸੋ ਸਤੀ ਦਾਸ ਨਿਤ ਕਰੇ ਫ਼ਾਰਸੀ ਅੱਖਰਾਂ ਮੇ ਉਤਾਰ”
ਮਾਤਾ ਗੁਜਰੀ ਜੀ ਦੇ ਭਰਾ ਕਿਰਪਾਲ ਚੰਦ ਜੀ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਲੱਗਦੇ ਸਨ , ਜਿਨ੍ਹਾਂ ਨੂੰ ਅੱਜ ਸਿੱਖ ਜਗਤ ਵਿੱਚ ਮਾਮਾ ਕਿਰਪਾਲ ਚੰਦ ਜੀ ਕਹਿ ਕੇ ਸਤਿਕਾਰ ਵਜੋਂ ਜਾਣਿਆ ਜਾਂਦਾ ਹੈ। ਇਹਨਾਂ ਦੀ ਡਿਊਟੀ ਲਗਾਈ ਗਈ ਕਿ ਜੋ ਵੀ ਦਸਵੰਧ ਜਾਂ ਗੋਲਕ ਦੀ ਮਾਇਆ ਹੋੲੇਗੀ, ਉਹ ਸਾਰੀ ਲੋਕ ਭਲਾਈ ਦੇ ਕਾਰਜਾਂ ਵਿੱਚ ਲਗਾਈ ਜਾਵੇ। ਇਹ ਸਾਰੀ ਜ਼ਿੰਮੇਵਾਰੀ ਮਾਮਾ ਕਿਰਪਾਲ ਚੰਦ ਜੀ ਕੋਲ ਸੀ। ਡਾਕਟਰ ਤ੍ਰਿਲੋਚਨ ਸਿੰਘ ਜੀ ਅਤੇ ਪ੍ਰਿੰਸੀਪਲ ਸੇਵਾ ਸਿੰਘ ਜੀ ਅਨੁਸਾਰ- ਗੁਰੂ ਸਾਹਿਬ ਜੀ ਦੀ ਯਾਤਰਾ ਦੇ ਸਾਰੇ ਖਰਚੇ ਦੀ ਜ਼ਿੰਮੇਵਾਰੀ ਢਾਕਾ ਅਤੇ ਪਟਨੇ ਦੀ ਸੰਗਤ ਨੇ ਚੁੱਕੀ ਸੀ। ਕੁਝ ਮੁਖੀ ਸਿੱਖਾਂ ਦੀ ਡਿਊਟੀ ਲਗਾਈ ਸੀ ਕਿ ਅੱਗੇ ਚੱਲ ਕੇ ਠਹਿਰਨ ਲਈ ਯੋਗ ਸਥਾਨ ਦੇਖ ਕੇ ਉੱਥੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ। ਖ਼ਾਸ ਕਰਕੇ ਜਿੱਥੇ ਗੁਰੂ ਸਾਹਿਬ ਜੀ ਦੇ ਜੱਥੇ ਨੇ ਠਹਿਰਨਾ ਹੁੰਦਾ ਸੀ, ਉੱਥੇ ਪਾਣੀ ਦੀ ਸਹੂਲਤ ਜ਼ਰੂਰ ਹੋਣੀ ਚਾਹੀਦੀ ਸੀ। ਗੁਰੂ ਘਰ ਦੇ ਮੁਖੀ ਕੀਰਤਨੀਏ ਨੂੰ ਵੀ ਨਾਲ ਰੱਖਿਆ ਗਿਆ ਸੀ ਤਾਂ ਕਿ ਜਿੱਥੇ ਵੀ ਪੜਾਅ ਹੋਵੇਗਾ, ਉੱਥੇ ਦੂਰ ਦੂਰਾਡੇ ਪਿੰਡਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਸਕਣ। ਸੋ, ਇਹ ਸਾਰੀ ਯੋਜਨਾ ਗੁਰੂ ਤੇਗ ਬਹਾਦਰ ਜੀ ਦੀ ਸੀ। ਚੱਕ ਨਾਨਕੀ ਸਾਹਿਬ ਤੋਂ ਜਿਹੜਾ ਪ੍ਰਚਾਰ ਦੌਰਾ ਆਰੰਭਣਾ ਸੀ, ਉਸ ਰਸਤੇ ਤੇ ਜਾਣ ਲਈ ਸਾਰੇ ਪ੍ਰਬੰਧ ਗੁਰੂ ਸਾਹਿਬ ਜੀ ਵਲੋਂ ਪਹਿਲਾਂ ਤੋਂ ਹੀ ਕੀਤੇ ਗਏ ਸਨ ਤਾਂ ਕਿ ਪ੍ਰਚਾਰ ਕਰਦਿਆਂ ਹੋਇਆਂ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਵਿੱਚ ਇੱਕ ਬਹੁਤ ਵੱਡੀ ਰੁਕਾਵਟ ਚੌਮਾਸਾ ਕੱਟਣ ਦੀ ਹੁੰਦੀ ਹੈ ਕਿ ਚਾਰ ਮਹੀਨੇ ਕਿੱਥੇ ਕੱਟੇ ਜਾਣ। ਜਦੋਂ ਬਰਸਾਤਾਂ ਦੇ ਦਿਨ ਆਉਣਗੇ, ਉਸ ਸਮੇਂ ਸੰਗਤਾਂ ਅਤੇ ਗੁਰੂ ਸਾਹਿਬ ਜੀ ਕਿਹੜੇ ਇਲਾਕੇ ਵਿੱਚ ਹੋਣਗੇ। ਇਹ ਸਾਰਾ ਰਸਤਾ ਗੁਰੂ ਸਾਹਿਬ ਜੀ ਨੇ ਆਪ ਤਿਆਰ ਕੀਤਾ ਸੀ।
ਸੋ, ਅਗਲੀ ਲੜੀ ਵਿੱਚ ਅਸੀਂ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਾਂਗੇ, ਜਿੱਥੇ ਗੁਰੂ ਸਾਹਿਬ ਜੀ ਨੇ ਚੱਕ ਨਾਨਕੀ ਤੋਂ ਚਲ ਕੇ ਪਹਿਲਾ ਪੜਾਅ ਕੀਤਾ ਸੀ ਅਤੇ ਉੱਥੇ ਗੁਰੂ ਸਾਹਿਬ ਜੀ ਨੇ ਕਿਹੜੀ ਸੇਵਾ ਕੀਤੀ ਸੀ।
ਸੋ, ਇਹ ਸਾਰਾ ਇਤਿਹਾਸ ਤੁਸੀਂ ਯੂਟਿਊਬ ਅਤੇ ਫੇਸਬੁੱਕ ਉੱਤੇ ‘ਖੋਜ ਵਿਚਾਰ’ ਚੈਨਲ ਉੱਤੇ ਸ੍ਰਵਨ ਕਰ ਸਕਦੇ ਹੋ ਜੀ।