ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 33 ਵਿੱਚ ਅਸੀਂ ਪਾਠਕਾਂ ਨੂੰ ਸ੍ਰਵਨ ਕਰਵਾਇਆ ਸੀ ਕਿ ਗੁਰੂ ਤੇਗ ਬਹਾਦਰ ਜੀ ਇੱਕ ਨਵਾਂ ਨਗਰ ਵਸਾਉਣ ਲਈ ਸਹੀ ਜਗ੍ਹਾ ਦੀ ਛਾਣ ਬੀਣ ਕਰਦੇ ਹਨ
ਇਹ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ 10 ਕਿਲੋਮੀਟਰ ਦੂਰ ਅੱਗੇ ਜਾ ਕੇ ਪ੍ਰਚਾਰ ਕਰਦੇ ਹਨ ਜਿੱਥੇ ਇੱਕ ਸਿੱਖ ਵਲੋਂ ਕੁਝ ਜ਼ਮੀਨ ਵੀ ਗੁਰੂ ਘਰ ਭੇਟਾ ਕੀਤੀ ਜਾਂਦੀ ਹੈ
ਹਕੀਮਪੁਰ ਤੋਂ ਚੱਲ ਕੇ ਗੁਰੂ ਸਾਹਿਬ ਜੀ ਇਸ ਅਸਥਾਨ ਤੇ ਆ ਕੇ ਨਿਵਾਸ ਕਰਦੇ ਹਨ। ਇੱਥੇ ਗੁਰੂ ਤੇਗ ਬਹਾਦਰ ਜੀ ਪਹਿਲਾਂ ਵੀ ਆ ਚੁੱਕੇ ਸਨ। ਜ਼ਿਆਦਾ ਕਰਕੇ ਗੁਰੂ ਸਾਹਿਬ ਦਾ ਨਿਵਾਸ ਉਹਨਾਂ ਇਲਾਕਿਆ ਵਿੱਚ ਹੁੰਦਾ ਸੀ ਜਿੱਥੇ ਛੱਪੜ ਹੋਣ। ਇਹ ਛੱਪੜ ਅੱਜ ਕੱਲ੍ਹ ਦੀ ਤਰ੍ਹਾਂ ਗੰਦਗੀ ਦੇ ਭਰੇ ਹੋਏ ਨਹੀਂ ਸਨ। ਉਸ ਸਮੇਂ ਵਾਤਾਵਰਨ ਬਹੁਤ ਸਾਫ ਹੁੰਦਾ ਸੀ। ਅੱਜ ਤੋਂ ਜੇ ਅਸੀਂ 400 ਸਾਲ ਪਿੱਛੇ ਜਾਈਏ ਤਾਂ ਪਾਣੀ ਦਾ ਸਰੋਤ ਤਲਾਬਾਂ ਵਿੱਚ ਕੀਤਾ ਜਾਂਦਾ ਸੀ, ਜਿਸਨੂੰ ਆਪਾਂ ਛੋਟਾ ਤਲਾਅ ਵੀ ਕਹਿ ਦਿੰਦੇ ਹਾਂ। ਇਹ ਕੁਦਰਤੀ ਤਲਾਅ ਸਨ ਜੋ ਕਿ ਨੀਵੀਂ ਜਗ੍ਹਾ ਤੇ ਬਣੇ ਹੋਏ ਸਨ। ਇਹ ਪਾਣੀ ਦਾ ਬਹੁਤ ਵਧੀਆ ਸਰੋਤ ਹੁੰਦੇ ਸਨ। ਇਹ ਪਾਣੀ ਪੀਣ ਯੋਗ ਅਤੇ ਸਾਫ਼ ਹੁੰਦਾ ਸੀ। ਜਦੋਂ ਗੁਰੂ ਤੇਗ ਬਹਾਦਰ ਜੀ ਇੱਥੇ ਪਹੁੰਚੇ ਸਨ ਤਾਂ ਇੱਥੋਂ ਦੇ ਕੁਝ ਬੱਚੇ ਜਿਨ੍ਹਾਂ ਨੂੰ ਅਸੀਂ ਪਾਲੀ ਵੀ ਕਹਿੰਦੇ ਹਾਂ, ਜੋ ਕਿ ਮੱਝਾਂ ਚਰਾਉਣ ਲੲੀ ਆਏ ਸਨ। ਇਹਨਾਂ ਨੇ ਗੁਰੂ ਸਾਹਿਬ ਨੂੰ ਇੱਕ ਥੜ੍ਹੇ ਉੱਤੇ ਬੈਠਣ ਲਈ ਕਿਹਾ। ਇੱਥੇ ਇੱਕ ਪਲਾਹ ਦਾ ਦਰੱਖਤ ਹੁੰਦਾ ਸੀ। ਹੁਣ ਅਸੀਂ ਜਿੱਥੇ ਵੀ ਜਾਈਏ ਤਾਂ ਗੁਰੂ ਸਾਹਿਬ ਦੀਆਂ ਪੁਰਾਣੀਆਂ ਨਿਸ਼ਾਨੀਆਂ ਜਾਂ ਯਾਦਗਾਰਾਂ ਸਾਡੇ ਤੋਂ ਸਾਂਭੀਆ ਨਹੀਂ ਗੲੀਆਂ। ਹੋ ਸਕਦਾ ਹੈ ਕਿ ਜਿਹੜੇ ਅਸਥਾਨਾਂ ਦੀ ਅਸੀਂ ਵੀਡੀਓ ਰਾਹੀਂ ਦਰਸ਼ਨ ਕਰ ਰਹੇ ਹਾਂ ਜਾਂ ਜਿਹੜੀਆਂ ਨਿਸ਼ਾਨੀਆਂ ਵੀਡੀਓ ਰਾਹੀਂ ਦਿਖਾ ਰਹੇ ਹਾਂ, ਅੱਜ ਤੋਂ 400 ਸਾਲਾਂ ਬਾਅਦ ਮੌਜੂਦ ਨਾ ਹੋਣ।
ਸੋ, ਗੁਰੂ ਤੇਗ ਬਹਾਦਰ ਜੀ ਇੱਥੇ ਪਹੁੰਚਦੇ ਹਨ। ਰੋਜ਼ਾਨਾ ਦੀਵਾਨ ਲੱਗਣੇ ਸ਼ੁਰੂ ਹੋ ਜਾਂਦੇ ਹਨ। ਦੂਰ ਦੂਰਾਡੇ ਤੋਂ ਸੰਗਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਜੀ ਇੱਥੇ ਸਾਰਿਆਂ ਦੇ ਦੁੱਖ ਸੁਣਦੇ ਹਨ। ਪਤਾ ਲਗਦਾ ਹੈ ਕਿ ਇੱਥੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਪਾਣੀ ਦੀ ਬਹੁਤ ਘਾਟ ਹੈ। ਗੁਰੂ ਸਾਹਿਬ ਜੀ ਸਭ ਦਾ ਭਲਾ ਕਰਨਾ ਚਾਹੁੰਦੇ ਸਨ। ਸੋ, ਗੁਰੂ ਸਾਹਿਬ ਨੇ ਪਿੰਡ ਦੇ ਲੋਕਾਂ ਦੀਆਂ ਅਰਜ਼ੋਈਆਂ ਸੁਣੀਆਂ। ਗੁਰੂ ਸਾਹਿਬ ਨੇ ਮਾਤਾ ਨਾਨਕੀ ਜੀ ਦੇ ਕਹਿਣ ਤੇ ਨੇੜੇ ਤੇੜੇ ਦੇ ਪਿੰਡਾਂ ਵਿੱਚ 84 ਖੂਹ ਲਗਵਾਏ। ਜਿਹੜੀ ਦਸਵੰਧ ਦੀ ਮਾਇਆ ਆਉਂਦੀ ਸੀ, ਗੁਰੂ ਸਾਹਿਬ ਜੀ ਉਸਨੂੰ ਲੋਕ ਭਲਾਈ ਦੇ ਕੰਮਾਂ ਲਈ ਖ਼ਰਚ ਕਰਦੇ ਸਨ। 84 ਖੂਹ ਲਗਵਾਉਣਾ ਇੱਕ ਬਹੁਤ ਵੱਡੀ ਗੱਲ ਸੀ। ਜਦੋਂ ਇੱਕ ਜਿ਼ਮੀਦਾਰ ਜਾਂ ਪਿੰਡ ਦੇ ਲੋਕ ਮਿਲ ਕੇ ਇੱਕ ਖੂਹ ਲਗਵਾਉਂਦੇ ਸਨ ਤਾਂ ਬਹੁਤ ਵੱਡਾ ਖਰਚਾ ਆਉਂਦਾ ਸੀ। ਇਸ ਨਾਲ ਪੂਰੇ ਇਲਾਕੇ ਨੂੰ ਪੀਣ ਯੋਗ ਅਤੇ ਵਰਤਣ ਲਈ ਪਾਣੀ ਮਿਲ ਜਾਂਦਾ ਸੀ। ਇਹ ਇੱਕ ਬਹੁਤ ਵੱਡਾ ਪਰਉਪਕਾਰ ਦਾ ਕੰਮ ਸੀ। ਗੁਰੂ ਤੇਗ ਬਹਾਦਰ ਜੀ ਨੇ ਮਾਤਾ ਗੁਜਰ ਕੌਰ ਜੀ ਦੇ ਨਾਮ ਤੇ ਇੱਕ ਬਹੁਤ ਵੱਡਾ ਖੂਹ ਲਗਵਾਇਆ ਸੀ। ਇਹ ਖੂਹ ਅੱਜ ਵੀ ਮੌਜੂਦ ਹੈ।
ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਇੱਕ ਨਵਾਂ ਨਗਰ ਵਸਾਉਣਾ ਚਾਹੁੰਦੇ ਹਨ ਤਾਂ ਇੱਕ ਸਿੱਖ ਨੇ 700 ਏਕੜ ਘੁਮਾ ਜ਼ਮੀਨ ਗੁਰੂ ਸਾਹਿਬ ਨੂੰ ਦਿੱਤੀ। ਘੁਮਾ ਦਾ ਅਰਥ ਹੈ – ਕਿਲ੍ਹਾ ਜਾਂ ਏਕੜ। ਉਸਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ, ਰੱਬ ਦਾ ਦਿੱਤਾ ਹੋਇਆ ਮੇਰੇ ਕੋਲ ਸਭ ਕੁਝ ਹੈ। ਜੇ ਲੋਕ ਭਲਾਈ ਦੇ ਕੰਮਾਂ ਲੲੀ ਮੇਰੀ ਇਹ ਸੇਵਾ ਪ੍ਰਵਾਨ ਹੈ ਤਾਂ ਮੇਰੀ ਇਹ ਸੇਵਾ ਮੰਜੂਰ ਕਰੋ।
ਸੋ, ਸਿੱਖ ਵੱਲੋਂ 700 ਏਕੜ ਜ਼ਮੀਨ ਨਗਰ ਵਸਾਉਣ ਲਈ ਗੁਰੂ ਸਾਹਿਬ ਜੀ ਨੂੰ ਭੇਟ ਕੀਤੀ ਗਈ। ਨਗਰ ਦਾ ਨਾਮ ਰੱਖਿਆ ਗਿਆ- ਗੁਰੂ ਕਾ ਚੱਕ। ਗੁਰੂ ਸਾਹਿਬ ਜੀ ਵੱਲੋਂ ਇੱਥੇ ਨਗਰ ਵਸਾਉਣ ਦੀ ਤਾਕੀਦ ਕੀਤੀ ਗਈ ਅਤੇ ਨਗਰ ਦਾ ਨਾਮ ਰੱਖਿਆ- ਚੱਕ ਗੁਰੂ। ਅੱਜ ਇਸ ਨਗਰ ਦਾ ਨਾਮ ‘ਚੱਕ ਗੁਰੂ‘ ਹੈ। ਜਿੱਥੇ ਗੁਰੂ ਸਾਹਿਬ ਜੀ ਬਿਰਾਜਮਾਨ ਹੋਏ ਸਨ, ਉੱਥੇ ਗੁਰਦੁਆਰਾ ਗੁਰਪਲਾਹ ਸਾਹਿਬ ਹੈ।ਇਹ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਘੋੜਾ ਬੰਨ੍ਹਿਆ ਸੀ, ਉੱਥੇ ਗੁਰਦੁਆਰਾ ਪੰਜ ਟਾਹਲੀਆਂ ਸਾਹਿਬ ਮੌਜੂਦ ਹੈ। ਇਹ ਪੰਜ ਟਾਹਲੀਆਂ ਸਾਹਿਬ ਦੇ ਕੁਝ ਅੰਸ਼ ਅੱਜ ਵੀ ਮੌਜੂਦ ਹਨ ਜੋ ਕਿ ਇੱਥੋਂ ਦੀਆਂ ਸੰਗਤਾਂ ਵੱਲੋਂ ਸ਼ੀਸ਼ੇ ਵਿੱਚ ਮੜ੍ਹਾ ਕੇ ਰੱਖੇ ਗਏ ਹਨ। ਇਹਨਾਂ ਵਿਚੋਂ 1 ਟਾਹਲੀ ਅਜੇ ਖੜ੍ਹੀ ਹੈ , ਬਾਕੀ 4 ਟਾਹਲੀਆਂ ਗਿਰ ਚੁੱਕੀਆਂ ਹਨ,ਜੋ ਕਿ ਸੰਗਤਾਂ ਵੱਲੋਂ ਸ਼ੀਸ਼ੇ ਵਿੱਚ ਮੜ੍ਹਾ ਕੇ ਰੱਖੀਆਂ ਗੲੀਆਂ ਹਨ।ਸੋ, ਗੁਰੂ ਜੀ ਆਉਣ ਵਾਲੇ ਭਵਿੱਖ ਨੂੰ ਦੇਖਦੇ ਹੋਏ ਇੱਕ ਹੋਰ ਜਗ੍ਹਾ ਦੇਖਣਾ ਚਾਹੁੰਦੇ ਸਨ।
ਗੁਰੂ ਜੀ ਪਿੰਡ ‘ਕੱਟ’ ਤੋਂ ਹੁੰਦਿਆਂ ਹੋਇਆਂ ਅੱਗੇ ਚਾਲੇ ਪਾ ਦਿੰਦੇ ਹਨ। ਪਿੰਡ ‘ਕੱਟ’ ਵਿੱਚ ਵੀ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਸੋ, ਅੱਗੇ ਗੁਰੂ ਜੀ ਕਿੱਥੇ ਜਾਂਦੇ ਹਨ ਅਤੇ ਕਿੱਥੇ ਨਿਵਾਸ ਕਰਦੇ ਹਨ, ਇਹ ਅਸੀਂ ਲੜੀ ਨੰ 35 ਵਿੱਚ ਸ੍ਰਵਨ ਕਰਾਂਗੇ।