ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 36 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਆਪਣੀ ਧਰਮ ਪ੍ਰਚਾਰ ਯਾਤਰਾ ਤੋਂ ਵਾਪਸ ਕੀਰਤਪੁਰ ਸਾਹਿਬ ਆ ਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਮਾਖੋਵਾਲ ਜਗ੍ਹਾ ਨੂੰ ਪਸੰਦ ਕਰਕੇ ਉਹ ਜਗ੍ਹਾ ਨੂੰ ਖਰੀਦ ਲੈਂਦੇ ਹਨ
ਗੁਰੂ ਤੇਗ ਬਹਾਦਰ ਜੀ ਦੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਉਹਨਾਂ 52 ਰਾਜਿਆਂ ਨੂੰ, ਜਿਹੜੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਸਨ, ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ, ਜਿਹਨਾਂ ਦੀ ਕੋਈ ਉਮੀਦ ਨਹੀਂ ਸੀ ਕਿ ਉਹ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਵਾਪਸ ਘਰ ਆਉਣਗੇ। ਪਿੱਛੇ ਇਹਨਾਂ ਰਾਜਿਆਂ ਦਾ ਪਰਿਵਾਰ ਵੀ ਉਮੀਦ ਛੱਡ ਚੁੱਕਾ ਸੀ ਕਿ ਹੁਣ ਕਦੇ ਵੀ ਰਾਜੇ ਵਾਪਸ ਨਹੀਂ ਆਉਂਦੇ। ਉੱਥੇ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ( ਬੰਦੀ ਛੋੜ ) 52 ਰਾਜਿਆਂ ਨੂੰ ਕਿਲ੍ਹੇ ਵਿੱਚੋਂ ਆਜ਼ਾਦ ਕਰਾ ਕੇ ਲੈ ਕੇ ਆਉਂਦੇ ਹਨ ਅਤੇ ਉਹਨਾਂ ਨੂੰ ਆਪਣੀਆਂ ਰਿਆਸਤਾਂ ਵਿੱਚ ਵਾਪਸ ਭੇਜਿਆ ਜਾਂਦਾ ਹੈ। ਇਹਨਾਂ ਵਿਚੋਂ ਇੱਕ ਰਾਜਾ ਤਾਰਾ ਚੰਦ ਸੀ। ਇਹਨਾਂ ਦਾ ਪਰਿਵਾਰ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਕੀਤਾ ਹੋਇਆ ਪਰਉਪਕਾਰ ਉਹ ਕਦੇ ਭੁੱਲ ਨਹੀਂ ਸਕਦਾ ਸੀ।ਸੋ, ਇਹ ਪਰਿਵਾਰ ਗੁਰੂ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦਾ ਸੀ। ਸੋ, ਰਾਜਾ ਤਾਰਾ ਚੰਦ ਤੋਂ ਬਾਅਦ ਇਸਦਾ ਪੁੱਤਰ ਦੀਪ ਚੰਦ ਰਾਜ ਭਾਗ ਸੰਭਾਲ ਰਿਹਾ ਸੀ। ਅਚਾਨਕ ਦੀਪ ਚੰਦ ਦੀ ਮੌਤ ਹੋ ਜਾਂਦੀ ਹੈ। ਦੀਪ ਚੰਦ ਤੋਂ ਬਾਅਦ ਇਸਦੀ ਰਾਣੀ ਚੰਪਾ , ਗੁਰੂ ਤੇਗ ਬਹਾਦਰ ਜੀ ਨੂੰ ਚਿੱਠੀ ਭੇਜਦੀ ਹੈ ਕਿ ਗੁਰੂ ਸਾਹਿਬ ਜੀ ਤੁਸੀਂ ਆ ਕੇ ਦਰਸ਼ਨ ਦਿਓ ਅਤੇ ਦਿਲਾਸਾ ਦਿਓ। ਜਦੋਂ ਇਹ ਚਿੱਠੀ ਗੁਰੂ ਤੇਗ ਬਹਾਦਰ ਜੀ ਨੂੰ ਕੀਰਤਪੁਰ ਸਾਹਿਬ ਵਿਖੇ ਪਹੁੰਚੀ ਤਾਂ ਗੁਰੂ ਤੇਗ ਬਹਾਦਰ ਜੀ ਆਪਣੇ ਕੁਝ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਕਹਿਲੂਰ ਦੇ ਰਾਜੇ ਦੀਪ ਚੰਦ ਦੇ ਆਖ਼ਰੀ ਕਿਰਿਆ ਕਰਮ ਉੱਤੇ ਚਲੇ ਜਾਂਦੇ ਹਨ। ਗੁਰੂ ਜੀ ਉੱਥੇ ਹੀ ਨਿਵਾਸ ਰੱਖਦੇ ਹਨ।
ਹੋਰ ਰਾਜੇ ਵੀ ਗੁਰੂ ਤੇਗ ਬਹਾਦਰ ਜੀ ਨੂੰ ਆ ਕੇ ਮਿਲਦੇ ਹਨ। ਉੱਥੇ ਹੀ ਰਾਣੀ ਚੰਪਾ ਨੂੰ ਪਤਾ ਲਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਕੋਈ ਇਲਾਕਾ ਖਰੀਦਣਾ ਚਾਹੁੰਦੇ ਹਨ ਅਤੇ ਕਾਫੀ ਦੇਰ ਤੋਂ ਇਲਾਕੇ ਦੀ ਭਾਲ ਵਿੱਚ ਹਨ। ਸੋ, ਚੰਪਾ ਰਾਣੀ ਨੇ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ ਕਿ ਗੁਰੂ ਜੀ, ਇਹ ਸਾਰਾ ਰਾਜ ਭਾਗ ਤੁਹਾਡੇ ਪਿਤਾ ਜੀ ਦੀ ਬਦੌਲਤ ਹੀ ਹੈ। ਤੁਸੀਂ ਆ ਕੇ ਸਾਡੇ ਇਸ ਇਲਾਕੇ ਨੂੰ ਭਾਗ ਲਾਓ। ਤੁਸੀਂ ਜੋ ਵੀ ਇਲਾਕਾ ਪਸੰਦ ਕਰੋਗੇ, ਉਹ ਇਲਾਕਾ ਤੁਹਾਨੂੰ ਭੇਟਾ ਵਜੋਂ ਦਿੱਤਾ ਜਾਏਗਾ। ਗੁਰੂ ਤੇਗ ਬਹਾਦਰ ਜੀ ਨੇ ਰਾਣੀ ਚੰਪਾ ਨੂੰ ਸਮਝਾਇਆ ਕਿ ਇਹ ਗੁਰੂ ਘਰ ਦੀ ਰੀਤ ਰਹੀ ਹੈ ਕਿ ਕੋਈ ਵੀ ਜਗ੍ਹਾ ਤੇ ਕਬਜ਼ਾ ਨਾ ਕੀਤਾ ਜਾਵੇ।ਸੋ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਿਰਾਇ ਸਾਹਿਬ ਜੀ ਤੱਕ, ਕੀਰਤਪੁਰ ਸਾਹਿਬ ਤੱਕ ਜਿੰਨੇ ਵੀ ਨਗਰ ਵਸਾਏ ਗੲੇ ਸਨ, ਉਹ ਸਾਰੇ ਨਗਰ ਜਗ੍ਹਾ ਮੁੱਲ ਖਰੀਦ ਕੇ ਹੀ ਵਸਾਏ ਗੲੇ ਸਨ। ਅਸੀਂ ਨਹੀਂ ਚਾਹੁੰਦੇ ਕਿ ਬਾਅਦ ਵਿੱਚ ਕੋਈ ਦਾਅਵੇਦਾਰ ਉੱਠ ਕੇ ਦਾਅਵਾ ਕਰੇ ਕਿ ਇਹ ਸਾਡੇ ਪੁਰਖਾਂ ਦੀ ਜਾਇਦਾਦ ਹੈ। ਇਸ ਕਰਕੇ ਅਸੀਂ ਜਗ੍ਹਾ ਨੂੰ ਮੁੱਲ ਖਰੀਦਣਾ ਚਾਹੁੰਦੇ ਹਾਂ ਕਿ ਕੱਲ੍ਹ ਨੂੰ ਕੋਈ ਝਗੜਾ ਨਾ ਕਰੇ।
ਸੋ, ਰਾਣੀ ਚੰਪਾ ਵਲੋਂ ਮਾਖੋਵਾਲ ਇਲਾਕੇ ਦੀ ਪੇਸ਼ਕਸ਼ ਕੀਤੀ ਗੲੀ। ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਮਾਖੋਵਾਲ, ਮਾਖੋ ਦੈਂਤ ਦੇ ਨਾਮ ਤੇ ਸੀ। ਉਸ ਇਲਾਕੇ ਵਿੱਚ ਮਾਖੋ ਨਾਮ ਦਾ ਇੱਕ ਡਾਕੂ ਰਹਿੰਦਾ ਸੀ, ਜਿਸ ਤੋਂ ਲੋਕ ਡਰਦੇ ਸਨ। ਸੋ, ਉਸ ਇਲਾਕੇ ਨੂੰ ਆਬਾਦ ਕਰਨ ਲਈ ਗੁਰੂ ਤੇਗ ਬਹਾਦਰ ਜੀ ਵਲੋਂ ਦਰਗਾਹ ਮੱਲ (ਮੁਨਸ਼ੀ) ਦੀ ਜ਼ਿੰਮੇਵਾਰੀ ਲਾਈ ਗਈ ਕਿ ਇਸ ਇਲਾਕੇ ਨੂੰ ਚੰਗੀ ਤਰ੍ਹਾਂ ਦੇਖਿਆ ਅਤੇ ਪਰਖਿਆ ਜਾਵੇ।ਸੋ, ਇਸ ਜਗ੍ਹਾ ਨੂੰ ਦੇਖਦਿਆਂ ਹੋਇਆਂ 2 ਪਿੰਡਾਂ ਦੀ ਹੱਦ ਵਿੱਚ- ਪਿੰਡ ਮੀਆਂਪੁਰ ਅਤੇ ਪਿੰਡ ਲੋਧੀਪੁਰ ਦੀ ਹੱਦ ਪਿੰਡ ਸਹੋਡੇ ਦੀ ਇੱਕ ਉਂਚੀ ਥੇਰ ਨੂੰ ਪਸੰਦ ਕੀਤਾ ਗਿਆ। ਨੇੜੇ ਹੀ ਇੱਕ ਪਾਣੀ ਦਾ ਦਰਿਆ ਵਗਦਾ ਸੀ। ਉੱਚੀਆਂ ਸੋਹਣੀਆਂ ਪਹਾੜੀਆਂ ਦੇ ਵਿੱਚ ਇਹ ਜਗ੍ਹਾ ਪਸੰਦ ਕੀਤੀ ਜਾਂਦੀ ਹੈ। ਵਾਪਸ ਆ ਕੇ ਇਲਾਕੇ ਦੇ ਮੁਖੀਆਂ ਨੂੰ ਸੱਦ ਕੇ, ਸਾਰਿਆਂ ਦੀ ਹਾਜ਼ਰੀ ਵਿੱਚ ਇਹ ਜਗ੍ਹਾ ਖਰੀਦੀ ਜਾਂਦੀ ਹੈ। ਪਟਾ ਖਰੀਦਿਆ ਜਾਂਦਾ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ –
“ਜਰ ਖਰੀਦ ਕਰ ਪਟੇ ਲਿਖਾਏ
ਲੈ ਸਤਿਗੁਰ ਨਿਜ ਨਿਕਟ ਰਖਾਏ”
3 ਪਿੰਡਾਂ ਦੀ ਜ਼ਮੀਨ ਨੂੰ ਖਰੀਦਿਆ ਜਾਂਦਾ ਹੈ। ਸੋ, ਇਹ ਪਟਾ ਮਾਤਾ ਨਾਨਕੀ ਜੀ ਦੇ ਨਾਮ ਉੱਤੇ ਰਖਾਇਆ ਜਾਂਦਾ ਹੈ। ਰਾਣੀ ਦੇ ਮੰਗਣ ਤੇ 500 ਮੋਹਰਾਂ ਦਿੱਤੀਆਂ ਜਾਂਦੀਆਂ ਹਨ। ਇੱਕ ਗੱਲ ਯਾਦ ਰਹੇ ਕਿ ਜਦੋਂ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਨਗਰ ਵਸਾਇਆ ਸੀ ਤਾਂ ਉਸ ਸਮੇਂ ਤਰਨਤਾਰਨ ਦਾ ਇਲਾਕਾ 1,57,000 ਦਾ ਖਰੀਦਿਆ ਗਿਆ ਸੀ। ਮਾਖੋਵਾਲ ਦੀ ਜਗ੍ਹਾ ਵੀ ਮਹਿੰਗੀ ਤਾਂ ਬਹੁਤ ਸੀ ਪਰ ਰਾਣੀ ਚੰਪਾ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਇਸ ਜਗ੍ਹਾ ਨੂੰ 500 ਰੁਪਇਆਂ ਵਿੱਚ ਦੇਣ ਦਾ ਫੈਸਲਾ ਕੀਤਾ ਸੀ। 500 ਰੁਪਇਆਂ ਵਿੱਚ ਇਹ ਜਗ੍ਹਾ ਖਰੀਦੀ ਜਾਂਦੀ ਹੈ। ਹੁਣ ਇਸ ਤੋਂ ਬਾਅਦ ਕੋਈ ਹੋਰ ਦਾਅਵੇਦਾਰ ਉੱਠ ਕੇ ਇਹ ਨਹੀਂ ਕਹਿ ਸਕਦਾ ਕਿ ਇਹ ਸਾਡੀ ਜਗ੍ਹਾ ਹੈ। ਇਹ ਗੁਰੂ ਤੇਗ ਬਹਾਦਰ ਜੀ ਦੀ ਦੂਰ-ਅੰਦੇਸੀ਼ ਸੀ। ਸੋ, ਮੋਹਰੀ ਗੱਡਣ( ਨੀਂਹ ਪੱਥਰ) ਰੱਖਣ ਦਾ ਦਿਨ 19 ਜੂਨ ਰੱਖਿਆ ਗਿਆ ਕਿ ਇਲਾਕ਼ੇ ਦੀਆਂ ਸੰਗਤਾਂ 19 ਜੂਨ ਨੂੰ ਪਿੰਡ ਸਹੋਤੇ ਪਹੁੰਚ ਜਾਣ।ਮੋਹਰੀ ਗੱਡ ਕੇ ਨਵੇਂ ਨਗਰ ਦੀ ਉਸਾਰੀ ਸ਼ੁਰੂ ਕੀਤੀ ਗਈ।
ਸੋ, ਅਗਲੀ ਲੜੀ ਨੰ 38 ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਚੱਕ ਨਾਨਕੀ ਨਗਰ ਕਿਵੇਂ ਵਸਿਆ।