ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 29 ਵਿੱਚ ਅਸੀਂ ਪਾਠਕਾਂ ਨੂੰ ਸ੍ਰਵਨ ਕਰਵਾਇਆ ਸੀ ਕਿ ਗੁਰੂ ਤੇਗ ਬਹਾਦਰ ਜੀ ਪ੍ਰਚਾਰ ਕਰਦੇ ਹੋਏ ਆਪਣੇ ਜੱਦੀ ਪਿੰਡ ਵਿਖੇ ਪਹੁੰਚ ਜਾਂਦੇ ਹਨ।
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅੱਗੇ ਪ੍ਰਚਾਰ ਕਰਦੇ ਹੋਏ ਖੇਮਕਰਨ ਸਾਹਿਬ ਵਿਖੇ ਪਹੁੰਚਦੇ ਹਨ ਅਤੇ ਉੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ੲਿਤਿਹਾਸਕ ਗੁਰਦੁਆਰਾ ਸਾਹਿਬ ਵੀ ਬਣੇ ਹੋਏ ਹਨ
ਤਰਨਤਾਰਨ, ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਤੋਂ ਹੁੰਂਦੇ ਹੋਏ ਗੁਰੂ ਤੇਗ ਬਹਾਦਰ ਜੀ ਖੇਮਕਰਨ ਪਹੁੰਚਦੇ ਹਨ। ਖੇਮਕਰਨ ਨਗਰ ‘ਰਾਇ ਬਹਾਦਰ ਬਿਧੀ ਚੰਦ‘ ਦੇ ਪੁੱਤਰ ‘ਖੇਮਕਰਨ‘ ਨੇ ਵਸਾਇਆ ਸੀ। ਅੱਜ ਵੀ ਖੇਮਕਰਨ ਦੀ ਹਵੇਲੀ ਦੇ ਕੁਝ ਅੰਸ਼ ਮੌਜੂਦ ਹਨ। ਇਹ ਉਹ ਹਵੇਲੀ ਹੈ ਜੋ ਬਿਲਕੁਲ ਗੁਰਦੁਆਰਾ ਚੈਨ ਸਾਹਿਬ ਦੇ ਨਾਲ਼ ਮੌਜੂਦ ਹੈ। ਇਹ ਇਲਾਕਾ ਪਹਿਲਾਂ ਪਾਕਿਸਤਾਨ ਦੇ ਜ਼ਿਲ੍ਹਾ ‘ ਕਸੂਰ‘ ਦਾ ਹਿੱਸਾ ਸੀ। ਬਾਅਦ ਵਿੱਚ ਜਦੋਂ ਸਰਹੱਦਾਂ ਬਣੀਆਂ ਤਾਂ ਇਹ ਹਿੱਸਾ ਪੰਜਾਬ ਦੇ ਵਿੱਚ ਆ ਗਿਆ ਅਤੇ ਅੱਜ ਇਹ ਤਸੀਰ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ‘ਖੇਮਕਰਨ‘ ਮੌਜੂਦ ਹੈ। ਇਹ ਅੰਮ੍ਰਿਤਸਰ ਤੋਂ 64 ਕਿਲੋਮੀਟਰ ਅਤੇ ਝਬਾਲ ਤੋਂ 42 ਕਿਲੋਮੀਟਰ ਤੇ ਸਥਿਤ ਹੈ। ਇੱਥੋਂ ਦੇ ਇੱਕ ਸਿੱਖ ਭਾਈ ਮੂਲ ਚੰਦ ਦਾ ਬੇਟਾ ਰਘੂਪਤ ਰਾਇ , ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕਰਕੇ ਗੋਇੰਦਵਾਲ ਸਾਹਿਬ ਤੋਂ ਆਪਣੇ ਨਗਰ ਲੈ ਕੇ ਆਉਂਦਾ ਹੈ। ਇੱਥੇ ਸੰਗਤਾਂ ਜੁੜਨ ਲਗਦੀਆਂ ਹਨ। ਇੱਥੋਂ ਦੇ ਹੀ 2 ਸਿੱਖ ਭਾਈ ਚੈਨ ਜੀ ਅਤੇ ਭਾਈ ਧਿਗਾਣਾ ਜੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਹਾਜ਼ਿਰ ਹੁੰਦੇ ਹਨ। ਗੁਰੂ ਤੇਗ ਬਹਾਦਰ ਜੀ ਜਦੋਂ ਭਾਈ ਚੈਨ ਜੀ ਨੂੰ ਬੁਲਾਉਂਦੇ ਹਨ ਤਾਂ ਉਹਨਾਂ ਦਾ ਦਾਹੜਾ ਇਤਨਾ ਵੱਡਾ ਸੀ ਕਿ ਕੁਝ ਸਿੱਖ ਜਦੋਂ ਭਾਈ ਚੈਨ ਜੀ ਨੂੰ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਲੈ ਕੇ ਆਉਂਦੇ ਹਨ ਤਾਂ ਉਸ ਸਮੇਂ ਉਹਨਾਂ ਦੇ ਦਾਹੜੇ ਨੂੰ ਹੱਥ ਵਿੱਚ ਫੜ ਕੇ ਲਿਆਉਂਦੇ ਹਨ ਤਾਂ ਕਿ ਜ਼ਮੀਨ ਤੇ ਨਾ ਲੱਗ ਜਾਵੇ। ਇਹ ਭਾਈ ਚੈਨ ਸਿੰਘ ਜੀ ਹੀ ਸਨ ਜਿਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਚੈਨ ਸਾਹਿਬ ਬਿਲਕੁਲ ਖੇਮਕਰਨ ਦੀ ਹਵੇਲੀ ਦੇ ਨਾਲ ਬਣਿਆ ਹੋਇਆ ਹੈ। ਇਸਦੀ ਇੱਕ ਹੋਰ ਵੀ ਗੱਲ ਹੈ ਕਿ ਇਸਦੀ ਦਿੱਖ ਬਿਲਕੁਲ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਨਾਲ ਮਿਲਦੀ ਹੈ।
ਜੇ ਤੁਸੀਂ ਪਾਕਿਸਤਾਨ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਸਾਡੇ ਤੋਂ ਵਿਛੜੇ ਹੋਏ ਹਨ, ਉਹਨਾਂ ਦੀ ਦਿੱਖ ਦੇਖੋਗੇ ਤਾਂ ਸਾਨੂੰ ਇਹੀ ਦਿੱਖ ਇੱਥੇ ਵੀ ਦੇਖਣ ਨੂੰ ਮਿਲਦੀ ਹੈ। ਇੱਥੇ ਇੱਕ ਵੱਡਾ ਗੁਰਦੁਆਰਾ ਸਾਹਿਬ ਵੀ ਬਣਾਇਆ ਜਾ ਰਿਹਾ ਹੈ । ਸੋ, ਮੇਰੀ ਸੰਗਤਾਂ ਅੱਗੇ ਬੇਨਤੀ ਹੈ ਕਿ ਇਹ ਅਸਥਾਨ ਇਸ ਤਰੀਕੇ ਨਾਲ ਰੱਖਿਆ ਜਾਵੇ ਕਿ ਸੰਗਤਾਂ ਪੁਰਾਤਨ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰ ਸਕਣ। ਇੱਥੇ ਹੀ ਇੱਕ ਸਿੱਖ ਭਾਈ ਧਿਗਾਣਾ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ, ਜਦੋਂ ਤੱਕ ਮੇਰੇ ਸਵਾਸ ਚਲਦੇ ਹਨ , ਮੇਰੇ ਤੋਂ ਕਿਸੇ ਦਾ ਮਾੜਾ ਨਾ ਹੋਵੇ। ਮੈਂ ਆਖ਼ਰੀ ਸਵਾਸਾਂ ਤੱਕ ਪਰਮਾਤਮਾ ਦੀ ਬੰਦਗੀ ਕਰਦਾ ਰਹਾਂ। ਕਿਰਪਾ ਕਰਿਓ ਕਿ ਜਦੋਂ ਮੈਂ ਸਵਾਸ ਛੱਡਾਂ, ਤੁਸੀਂ ਮੈਨੂੰ ਦਰਸ਼ਨ ਦੇਣ ਜ਼ਰੂਰ ਆਉਣਾ। ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ –
“ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ”
ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਧਿਗਾਣਾ ਜੀ, ਕੋਈ ਪਤਾ ਨਹੀਂ ਕਿ ਅਸੀਂ ਤੇਰੇ ਤੋਂ ਪਹਿਲਾਂ ਹੀ ਸਵਾਸ ਛੱਡ ਜਾਈਏ। ਭਾਈ ਧਿਗਾਣਾ ਜੀ ਨੇ ਫਿਰ ਬੇਨਤੀ ਕੀਤੀ ਕਿ ਗੁਰੂ ਸਾਹਿਬ ਫਿਰ ਮੇਰੀ ਇੱਕ ਬੇਨਤੀ ਪ੍ਰਵਾਨ ਕਰਨਾ ਕਿ ਜੇ ਤੁਸੀਂ ਮੇਰੇ ਤੋਂ ਪਹਿਲਾਂ ਸਵਾਸ ਤਿਆਗੋ ਤਾਂ ਜਦੋਂ ਤੁਹਾਡੇ ਸਵਾਸ ਤਿਆਗੇ ਜਾਣ ਤਾਂ ਉਦੋਂ ਮੈਂ ਵੀ ਆਪਣੇ ਸਵਾਸ ਤਿਆਗ ਸਕਾਂ ਕਿਉਂਕਿ ਇਹ ਵਿਛੋੜਾ ਮੇੈਂ ਸਹਿ ਨਹੀਂ ਸਕਦਾ। ਇਵੇਂ ਹੀ ਹੋਇਆ ਕਿ 11 ਸਾਲ ਬਾਅਦ ਜਦੋਂ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਂਕ ਵਿੱਚ ਧਰਮ ਦੀ ਰੱਖਿਆ ਲਈ ਆਪਣਾ ਸੀਸ ਕਟਵਾਉਂਦੇ ਹਨ, ਉਸ ਸਮੇਂ ਜਿਸ ਅਸਥਾਨ ਤੇ ਭਾਈ ਧਿਗਾਣਾ ਜੀ ਰਹਿੰਦੇ ਸਨ, ਉਹ ਵੀ ਚਾਦਰ ਲੈ ਕੇ ਲੰਮੇ ਪੈ ਗੲੇ ਅਤੇ ਆਪਣਾ ਸਰੀਰ ਤਿਆਗ ਦਿੱਤਾ। ਇੱਥੋਂ ਦੀਆਂ ਸੰਗਤਾਂ ਨੂੰ ਪਤਾ ਲਗ ਗਿਆ ਕਿ ਗੁਰੂ ਤੇਗ ਬਹਾਦਰ ਜੀ ਵੀ ਸਰੀਰ ਤਿਆਗ ਚੁੱਕੇ ਹਨ। ਇੱਥੇ ਹੀ ਭਾਈ ਚੈਨ ਜੀ ਦੇ ਨਾਮ ਉੱਤੇ ਗੁਰਦੁਆਰਾ ਚੈਨ ਸਾਹਿਬ ਹੈ। ਭਾਈ ਧਿਗਾਣਾ ਜੀ ਦੇ ਨਾਮ ਤੇ ਖੇਤਾਂ ਵਿੱਚ ਗੁਰਦੁਆਰਾ ਧਿਗਾਣਾ ਸਾਹਿਬ ਹੈ। ਜਿੱਥੇ ਗੁਰੂ ਤੇਗ ਬਹਾਦਰ ਜੀ ਬਿਰਾਜੇ ਸਨ, ਉੱਥੇ ਗੁਰਦੁਆਰਾ ਗੁਰੂਸਰ ਮੌਜੂਦ ਹੈ।
ਇੱਥੇ ਰਘੂਪਤ ਰਾਇ ਨੇ ਗੁਰੂ ਤੇਗ ਬਹਾਦਰ ਜੀ ਨੂੰ ਯਾਤਰਾ ਲੲੀ ਘੋੜੀ ਵੀ ਭੇਟ ਕੀਤੀ ਸੀ।
ਸੋ, ਗੁਰੂ ਤੇਗ ਬਹਾਦਰ ਜੀ ਇਸ ਇਲਾਕੇ ਦੀਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਇਸ ਤੋਂ ਬਾਅਦ ਜਿਹੜੀ ਜਗ੍ਹਾ ਤੇ ਜਾਂਦੇ ਹਨ, ਉਸ ਜਗ੍ਹਾ ਨੂੰ ਲੱਭਣ ਲਈ ਦਾਸ ਨੂੰ ਬਹੁਤ ਮਿਹਨਤ ਕਰਨੀ ਪਈ। ਪਿੰਡ ਦੇ ਲੋਕਾਂ ਨੂੰ ਮਿਲਣਾ ਪਿਆ ਤਾਂ ਜਾ ਕੇ ਦੱਸਿਆ ਕਿ 400 ਸਾਲਾਂ ਬਾਅਦ ਇੱਥੇ ਗੁਰੂ ਤੇਗ ਬਹਾਦਰ ਜੀ ਆਏ ਸਨ।
ਸੋ, ਅੱਗੇ ਲੜੀ ਨੰ 31 ਵਿੱਚ ਅਸੀਂ ਅਗਲਾ ਇਤਿਹਾਸ ਸ੍ਰਵਨ ਕਰਾਂਗੇ। ਯੂਟਿਊਬ ਅਤੇ ਫੇਸਬੁੱਕ ਦੇ ‘ਖੋਜ ਵਿਚਾਰ’ ਚੈਨਲ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਪੂਰਾ ਇਤਿਹਾਸ ਦੱਸਿਆ ਜਾ ਰਿਹਾ ਹੈ ਜੀ।