ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 28 ਵਿੱਚ ਅਸੀਂ ਪਾਠਕਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਪ੍ਰਚਾਰਕ ਦੌਰਿਆਂ ਬਾਰੇ ਜਾਣੂ ਕਰਵਾਇਆ ਸੀ ਕਿ ਗੁਰੂ ਸਾਹਿਬ ਗੁਰੂ ਕੇ ਬਾਗ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਗੁਰਮਤਿ ਦਾ ਪ੍ਰਚਾਰ ਜਾਰੀ ਰੱਖਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅੱਗੇ ਪਿੰਡਾਂ ਵਿਚੋਂ ਹੁੰਂਦੇ ਹੋਏ ਆਪਣੇ ਜੱਦੀ ਪਿੰਡ ਪਹੁੰਚ ਜਾਂਦੇ ਹਨ
ਪਿੰਡ ‘ਘੂਕੇਵਾਲੀ‘ ਤੋਂ ਹੁੰਦਿਆਂ ਹੋਇਆਂ ਗੁਰੂ ਤੇਗ ਬਹਾਦਰ ਜੀ ਤਰਨਤਾਰਨ ਸਾਹਿਬ ਵਿਖੇ ਪਹੁੰਚਦੇ ਹਨ। ਤਰਨਤਾਰਨ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਆਪਣੇ ਹੱਥੀਂ ਵਸਾਇਆ ਹੋਇਆ ਨਗਰ ਹੈ। ਇੱਥੇ ਹੀ ਗੁਰੂ ਤੇਗ ਬਹਾਦਰ ਜੀ ਨੇ ਇੱਕ ਸਰੋਵਰ ਬਣਵਾਇਆ ਸੀ। ਇਸੇ ਜਗ੍ਹਾ ਤੇ ਗੁਰੂ ਅਰਜਨ ਦੇਵ ਜੀ ਨੇ ਦੀਨ ਦੁਖੀਆਂ ਦੇ ਦਰਦਾਂ ਨੂੰ ਵੰਡਣ ਲਈ ਅਤੇ ਜੋ ਕੋਹੜੀ ਸਨ, ਉਹਨਾਂ ਦੇ ਇਲਾਜ ਲਈ ਇੱਕ ਦਵਾਖਾਨਾ ਵੀ ਖੋਲਿਆ ਸੀ। ਗੁਰੂ ਸਾਹਿਬ ਆਪਣੇ ਹੱਥੀਂ ਉਹਨਾਂ ਕੋਹੜੀਆਂ ਨੂੰ ਦਵਾ ਦਾਰੂ ਦਿੰਦੇ ਅਤੇ ਉਹਨਾਂ ਦੀਆਂ ਪੱਟੀਆਂ ਕਰਕੇ ਇਲਾਜ ਵੀ ਕਰਦੇ ਸਨ। ਇਹ ਇੱਕ ਬਹੁਤ ਵੱਡੀ ਸੇਵਾ ਸੀ, ਜੋ ਗੁਰੂ ਸਾਹਿਬ ਆਪ ਆਪਣੇ ਹੱਥੀਂ ਕਰਦੇ ਸਨ। ਤਰਨਤਾਰਨ ਸਾਹਿਬ ਵਿਖੇ ਹੀ ਸਿੱਖ ਜਗਤ ਦਾ ਸਭ ਤੋਂ ਵੱਡਾ ਸਰੋਵਰ ਹੈ। ਇਸਦੀ ਲੰਬਾਈ 999 ਫੁੱਟ ਅਤੇ ਚੌੜਾਈ 990 ਫੁੱਟ ਹੈ। ਇਸੇ ਸਰੋਵਰ ਦੇ ਕੰਢੇ ਤੇ ਹੀ, ਜਿੱਥੇ ਗੁਰੂ ਸਾਹਿਬ ਜੀ ਕਾਰ ਸੇਵਾ ਕਰਾਉਂਦੇ ਅਤੇ ਰੋਗੀਆਂ ਦਾ ਇਲਾਜ ਕਰਦੇ ਸਨ, ਉੱਥੇ ਗੁਰਦੁਆਰਾ ਮੰਜੀ ਸਾਹਿਬ ਸੁਸ਼ੋਭਿਤ ਹੈ।
ਗੁਰੂ ਤੇਗ ਬਹਾਦਰ ਜੀ ਨੇ ਵੀ ਇੱਥੇ ਚਰਨ ਪਾਏ ਸਨ। ਇੱਥੋਂ ਚਲ ਕੇ ਗੁਰੂ ਸਾਹਿਬ ਜੀ ਅੱਗੇ ਖਡੂਰ ਸਾਹਿਬ ਵਿਖੇ ਪਹੁੰਚਦੇ ਹਨ। ਖਡੂਰ ਸਾਹਿਬ ਉਹ ਜਗ੍ਹਾ ਹੈ ਜਿਥੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਸੀ। ਇਸੇ ਜਗ੍ਹਾ ਤੇ ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜਾ ਖੋਲਿਆ ਸੀ, ਜਿੱਥੇ ਘੋੜਾਂ ਕਰਵਾਈਆਂ ਜਾਂਦੀਆਂ ਸਨ। ਇਸੇ ਅਸਥਾਨ ਤੇ ਰਹਿੰਦਿਆਂ ਹੋਇਆਂ ਗੁਰੂ ਅੰਗਦ ਦੇਵ ਜੀ ਵੱਲੋਂ 35 ਅੱਖਰੀ ਲਿਖੀ ਗਈ। ਗੁਰਮੁਖੀ ਦੇ ਕੈਦੇ ਛਾਪ ਕੇ ਗੁਰਮੁਖੀ ਦੀ ਪੜ੍ਹਾਈ ਕਰਵਾਈ ਗਈ। ਇਸ ਅਸਥਾਨ ਤੇ ਗੁਰਦੁਆਰਾ ਦਰਬਾਰ ਸਾਹਿਬ ਸੁਸ਼ੋਭਿਤ ਹੈ। ਜਦੋਂ ਬਾਬਾ ਅਮਰਦਾਸ ਜੀ , ਗੁਰੂ ਅੰਗਦ ਦੇਵ ਜੀ ਲੲੀ 12 ਸਾਲ ਪਾਣੀ ਦੀ ਗਾਗਰ ਭਰ ਕੇ ਲਿਆ ਕੇ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਲੱਗੇ ਰਹੇ ਸਨ ਤਾਂ ਇੱਕ ਦਿਨ ਉਹ ਖੱਡੀ ਵਿੱਚ ਪੈਰ ਲੱਗਣ ਕਾਰਨ ਡਿੱਗ ਪੲੇ। ਜੁਲਾਹੇ ਨੇ ਪੁੱਛਿਆ ਕਿ ਕੌਣ ਹੈ ਤਾਂ ਜੁਲਾਹੀ ਨੇ ਕਿਹਾ ਕਿ ਉਹੀ ਅਮਰੂ ਨਿਥਾਣਾ ਹੋਏਗਾ ਜਿਸ ਦਾ ਕੋਈ ਘਰ-ਬਾਰ ਨਹੀਂ ਹੈ ਤਾਂ ਬਾਬਾ ਅਮਰਦਾਸ ਜੀ ਨੇ ਬਚਨ ਕੀਤੇ ਕਿ ਕਮਲੀਏ ਮੈਂ ਨਿਥਾਣਾ ਨਹੀਂ ਹਾਂ, ਮੈਂਨੂੰ ਤਾਂ ਸਭ ਤੋਂ ਵੱਡੀ ਥਾਂ ਮਿਲੀ ਹੈ। ਅੱਜ ਉਹ ਅਸਥਾਨ ਜਿੱਥੇ ਖੱਡੀ ਲੱਗੀ ਸੀ , ਅਤੇ ਉਹ ਕਿਲ੍ਹਾ ਵੀ ਮੌਜੂਦ ਹੈ ਜਿਸ ਨਾਲ ਅਟਕ ਕੇ ਗੁਰੂ ਅਮਰਦਾਸ ਜੀ ਡਿੱਗੇ ਸਨ ਅਤੇ ਉਹ ਗਾਗਰ ਵੀ ਮੌਜੂਦ ਹੈ। ਗੁਰੂ ਸਾਹਿਬ ਖੱਡੀ ਤੋਂ ਗੱਦੀ ਤੱਕ ਅਤੇ ਗਾਗਰ ਤੋਂ ਸਾਗਰ ਤੱਕ ਪਹੁੰਚ ਜਾਂਦੇ ਹਨ।
ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਤਪਿਆਣਾ ਸਾਹਿਬ ਮੌਜੂਦ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਖੁਦ ਬੈਠ ਕੇ ਕੀਰਤਨ ਕਰਦੇ ਹੁੰਦੇ ਸਨ। ਹੋਰ ਵੀ ਕਈ ਗੁਰਦੁਆਰਾ ਸਾਹਿਬ ਮੌਜੂਦ ਹਨ। ਇਥੋਂ ਗੁਰੂ ਤੇਗ ਬਹਾਦਰ ਜੀ ਹੁੰਂਦੇ ਹੋਏ ਗੋਇੰਦਵਾਲ ਸਾਹਿਬ ਪਹੁੰਚਦੇ ਹਨ। ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ, ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਗੋਂਦੇ ਮਰਵਾਹੇ ਦੀ ਬੇਨਤੀ ਕਰਨ ਤੇ ਵਸਾਇਆ ਸੀ। ਇੱਥੇ ਹੀ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਵੀ ਹੋਇਆ ਸੀ। ਜੇ ਦੇਖਿਆ ਜਾਵੇ ਤਾਂ ਇਹ ਗੁਰੂ ਤੇਗ ਬਹਾਦਰ ਜੀ ਦਾ ਜੱਦੀ ਨਗਰ ਹੈ ਕਿਉਂਕਿ ਇੱਥੋਂ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਚਲੇ ਜਾਂਦੇ ਹਨ ਅਤੇ ਅੰਮ੍ਰਿਤਸਰ ਗੁਰੂ ਕੇ ਮਹਿਲ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਦਾ ਆਪਣਾ ਨਗਰ ਗੋਇੰਦਵਾਲ ਸਾਹਿਬ ਸੀ ਜਿੱਥੇ ਇਹਨਾਂ ਦਾ ਪ੍ਰਕਾਸ਼ ਹੋਇਆ ਸੀ ਅਤੇ ਗੁਰੂ ਤੇਗ ਬਹਾਦਰ ਜੀ ਦਾ ਇਹ ਜੱਦੀ ਨਗਰ ਸੀ। ਇੱਥੇ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਨ ਜੀ ਦਾ ਉਹ ਚੁਬਾਰਾ ਵੀ ਹੈ ਜਿੱਥੇ ਗੁਰਬਾਣੀ ਦੀਆਂ ਪੋਥੀਆਂ ਸਾਂਭ ਕੇ ਰੱਖੀਆਂ ਸਨ। ਇੱਥੇ ਗੁਰੂ ਤੇਗ ਬਹਾਦਰ ਜੀ ਦੇ ਵਿੱਦਿਆ ਗੁਰੂ ਭਾਈ ਗੁਰਦਾਸ ਜੀ ਨੇ ਆਪਣੇ ਆਖਰੀ ਸੁਆਸ ਤਿਆਗੇ ਸਨ, ਜਿਹਨਾਂ ਦੀ ਯਾਦ ਵਿੱਚ ਇਹ ਅਸਥਾਨ ਬਣਿਆ ਹੋਇਆ ਹੈ।
ਭਾਈ ਪਿਆਰਾ ਸਿੰਘ ਪਦਮ ਦੁਆਰਾ ਲਿਖੀ ਪੁਸਤਕ ‘ਗੁਰੂ ਕੀਆਂ ਸਾਖੀਆਂ‘ ਦੀ ਸਾਖੀ ਨੰ 2 ਪੰਨਾ ਨੰ 69 ਵਿੱਚ ਲਿਖਿਆ ਹੈ-
“ਪੋਖ ਕੀ ਅਮਾਵਸ ਮੱਸਿਆ ਕੇ ਦੇਹੁੰ,
ਸ੍ਰੀ ਬਾਉਲੀ ਸਾਹਿਬ ਕੇ ਆਏ ਦਰਸਨ ਕੀਆ,
ਸਿੱਖ ਸੰਗਤਾਂ ਗੁਰੂ ਜੀ ਕਾ ਆਣਾ ਸੁਣ,
ਚਵਾ ਦਿਸਾ ਸੇ ਦੀਦਾਰ ਪਾਨੇ ਆਈਆਂ ”
ਇੱਥੇ ਗੁਰੂ ਅਮਰਦਾਸ ਜੀ ਦੀ ਵੰਸ਼ ਵਿਚੋਂ ਭਾਈ ਦਵਾਰਕਾ ਦਾਸ ਭੱਲੇ ਨੇ ਇਹਨਾਂ ਦੀ ਬਹੁਤ ਸੇਵਾ ਕੀਤੀ।
ਅੱਗੇ ਇਤਿਹਾਸ ਵਿੱਚ ਦਵਾਰਕਾ ਦਾਸ ਦੇ ਪਰਿਵਾਰ ਦਾ ਵੀ ਜ਼ਿਕਰ ਕਰਾਂਗੇ।
ਇੱਥੇ ਇੱਕ ਸਿੱਖ ਆਉਂਦਾ ਹੈ ਜੋ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕਰਨ ਤੇ ਆਪਣੇ ਨਗਰ ਲੈ ਕੇ ਜਾਂਦਾ ਹੈ। ਇਹ ਸਿੱਖ ਕੌਂਣ ਸੀ, ਇਹ ਗੁਰੂ ਸਾਹਿਬ ਨੂੰ ਕਿਹੜੇ ਨਗਰ ਲੈ ਕੇ ਗਿਆ ਅਤੇ ਉਸਨੇ ਕਿਹੜੀ ਭੇਟਾ ਗੁਰੂ ਸਾਹਿਬ ਨੂੰ ਦਿੱਤੀ, ਇਹ ਅਸੀਂ ਅੱਗੇ ਲੜੀ ਨੰ 30 ਵਿੱਚ ਸ੍ਰਵਨ ਕਰਾਂਗੇ।
ਸੋ, ਯੂਟਿਊਬ ਅਤੇ ਫੇਸਬੁੱਕ ਉੱਤੇ ‘ਖੋਜ ਵਿਚਾਰ’ ਚੈਨਲ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਲੜੀਵਾਰ ਇਤਿਹਾਸ ਦੱਸਿਆ ਜਾ ਰਿਹਾ ਹੈ ਜੀ। ਸੋ ਦੇਖਣਾ ਨਾ ਭੁੱਲਣਾ ਜੀ….