ਪ੍ਰਸੰਗ ਨੰਬਰ 27: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਸਫਰ ਨਾਲ ਸਬੰਧਤ ਪਿੰਡ ਵੱਲੇ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 26 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਪਿੰਡਾਂ ਵਿਚੋਂ ਹੁੰਂਦੇ ਹੋਏ ਮਾਤਾ ਹਰੋ ਜੀ ਦੇ ਖੇਤਾਂ ਵਿੱਚ ਜਾ ਕੇ ਰੁਕਦੇ ਹਨ

ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਮਾਤਾ ਹਰੋ ਜੀ ਦੇ ਘਰ ਨਿਵਾਸ ਕਰਕੇ ਸੰਗਤਾਂ ਨੂੰ ਆਪਣੇ ਬਚਨਾਂ ਨਾਲ ਨਿਹਾਲ ਕਰਦੇ ਹਨ

22 ਨਵੰਬਰ 1664 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਦੇ ਹਨ। ਗੁਰੂ ਸਾਹਿਬ ਨੂੰ ਦਰਬਾਰ ਸਾਹਿਬ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਗੁਰੂ ਜੀ ਬਾਹਰ ਇੱਕ ਥੜ੍ਹੇ ਤੇ ਬਿਰਾਜਮਾਨ ਹੁੰਦੇ ਹਨ, ਜਿੱਥੇ ਗੁਰਦੁਆਰਾ ਥੜ੍ਹਾ ਸਾਹਿਬ ਬਣਿਆ ਹੋਇਆ ਹੈ। ਇਥੋਂ ਚੱਲ ਕੇ ਗੁਰੂ ਸਾਹਿਬ ਜੀ 2 ਕਿਲੋਮੀਟਰ ਤੇ ਪਹੁੰਚਦੇ ਹਨ, ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਹੈ। ਇਥੋਂ ਚੱਲ ਕੇ ਗੁਰੂ ਸਾਹਿਬ  ਮਾਤਾ ਹਰੋ ਜੀ ਦੇ ਖੇਤਾਂ ਵਿੱਚ ਪਹੁੰਚਦੇ ਹਨ, ਜਿੱਥੇ ਅੱਜ ਗੁਰਦੁਆਰਾ ਗੁਰਿਆਣਾ ਸਾਹਿਬ ਸੁ਼ਸ਼ੋਭਿਤ ਹੈ। ਇਸ ਤੋਂ ਬਾਅਦ ਰਾਤ ਹੋਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਪਿੰਡ ਵੱਲੇਪਹੁੰਚ ਜਾਂਦੇ ਹਨ। ਇਥੇ ਹੀ ਗੁਰੂ ਸਾਹਿਬ ਜੀ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਂਦਾ ਹੈ। ਮੱਖਣ ਸ਼ਾਹ ਲੁਬਾਣਾ ਦੇ ਸਾਥੀਆਂ ਵਲੋਂ ਨੇੜੇ ਤੇੜੇ ਟੈਂਟ ਲਗਾਏ ਜਾਂਦੇ ਹਨ। ਜਦੋਂ ਗੁਰੂ ਤੇਗ ਬਹਾਦਰ ਜੀ ਧਰਮ ਪ੍ਰਚਾਰ ਦੌਰਿਆਂ ਤੇ ਨਿਕਲਦੇ ਹਨ ਤਾਂ ਉਦੋਂ ਇਹ ਸਾਰਾ ਪ੍ਰਬੰਧ ਇਹਨਾਂ ਨਾਲ਼ ਮੌਜੂਦ ਸੀ। ਗੁਰੂ ਸਾਹਿਬ ਦੇ ਰਹਿਣ  ਅਤੇ ਲੰਗਰਾਂ ਵਾਸਤੇ ਸਾਰੀਆਂ ਜ਼ਰੂਰੀ ਚੀਜ਼ਾਂ ਨਾਲ ਹੁੰਦੀਆਂ ਸਨ ਕਿਉਂਕਿ ਸਿੱਖਾਂ ਵਲੋਂ ਟੈਂਟ ਲਗਾ ਕੇ ਰਹਿਣ ਦਾ ਵਧੀਆ ਪ੍ਰਬੰਧ ਕੀਤਾ ਜਾਂਦਾ ਸੀ।

ਸੋ, 22 ਨਵੰਬਰ 1664 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਮਾਤਾ ਹਰੋ ਜੀ ਦੇ ਘਰ ਰੁਕਦੇ ਹਨ। ਸ਼ਾਮ ਦਾ ਦੀਵਾਨ ਸਜਦਾ ਹੈ। ਨੇੜੇ-ਤੇੜੇ ਦੀਆਂ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਹਨ। ਰਾਤ ਸੁੱਖਾਂ ਦੀ ਲੰਘਦੀ ਹੈ।  23 ਨਵੰਬਰ ਨੂੰ ਅੰਮ੍ਰਿਤ ਵੇਲੇ ਫਿਰ ਦੀਵਾਨ ਸਜਦਾ ਹੈ। ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ। ਗੁਰੂ ਸਾਹਿਬ ਆਪ ਕੀਰਤਨ ਕਰਦੇ ਹਨ। ਸੰਗਤਾਂ ਆਉਣ ਲਗਦੀਆਂ ਹਨ। ਉੱਧਰ ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਪਤਾ ਲੱਗ ਗਿਆ ਸੀ ਕਿ ਹਰਿ ਜੀ ਨੇ ਗੁਰੂ ਤੇਗ ਬਹਾਦਰ ਜੀ ਨਾਲ ਬਹੁਤ ਮਾੜਾ ਕੀਤਾ। ਇਸਨੇ ਦਰਬਾਰ ਸਾਹਿਬ ਦੇ ਅੰਦਰ ਗੁਰੂ ਸਾਹਿਬ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਅਤੇ ਗੁਰੂ ਤੇਗ ਬਹਾਦਰ ਜੀ ਬਾਹਰ ਥੜ੍ਹੇ ਤੇ ਬੈਠ ਕੇ ਹੀ ਕਿਸੇ ਪਾਸੇ ਨੂੰ ਚਲੇ ਗਏ ਹਨ। ਸੰਗਤਾਂ ਵਲੋਂ ਗੁਰੂ ਤੇਗ ਬਹਾਦਰ ਜੀ ਦੀ ਭਾਲ ਕੀਤੀ ਜਾਂਦੀ ਹੈ। ਪਤਾ ਲਗਦਾ ਹੈ ਕਿ ਇਸ ਸਮੇਂ ਗੁਰੂ ਤੇਗ ਬਹਾਦਰ ਜੀ ਪਿੰਡ ਵੱਲੇ ਵਿੱਚ, ਮਾਤਾ ਹਰੋ ਜੀ ਦੇ ਘਰ ਹਨ। ਕਿਉਂਕਿ ਇਹ ਬਿਲਕੁਲ ਅੰਮ੍ਰਿਤਸਰ ਦੇ ਨਾਲ ਲਗਦਾ ਹੀ ਪਿੰਡ ਹੈ। ਇੱਥੇ ਗੁਰੂ ਤੇਗ ਬਹਾਦਰ ਜੀ 17 ਦਿਨ ਰੁਕੇ ਸਨ।

ਸੋ, ਅੰਮ੍ਰਿਤਸਰ ਤੋਂ ਸੰਗਤਾਂ ਵਹੀਰਾਂ ਕੱਤ ਕੇ ਮਾਤਾ ਹਰੋ ਜੀ ਦੇ ਪਿੰਡ ਵੱਲੇ ਪਹੁੰਚਦੀਆਂ ਹਨ।

ਗੁਰੂ ਤੇਗ ਬਹਾਦਰ ਜੀ ਕੋਲੋਂ ਮਾਫ਼ੀ ਮੰਗਦੀਆਂ ਹਨ ਕਿ ਗੁਰੂ ਸਾਹਿਬ ਜੀ ਸਾਨੂੰ ਪਤਾ ਨਹੀਂ ਸੀ ਕਿ ਤੁਸੀਂ ਇੱਥੇ ਆਏ ਹੋਏ ਹੋ, ਸਾਡੇ ਕੋਲੋਂ ਗਲਤੀ ਹੋ ਗਈ ਕਿ ਸਾਨੂੰ ਤੁਹਾਡੇ ਆਉਣ ਦਾ ਪਤਾ ਨਹੀਂ ਲੱਗਿਆ। ਦਰਬਾਰ ਸਾਹਿਬ ਤੇ ਕਾਬਜ਼ ਹੋਏ ਬੈਠੇ ਹਰਿ ਜੀ ਅਤੇ ਮਸੰਦਾਂ ਨੂੰ ਸੰਗਤਾਂ ਨੇ ਲਾਹਨਤਾਂ ਪਾਈਆਂ। ਗੁਰੂ ਤੇਗ ਬਹਾਦਰ ਜੀ ਸ਼ਾਂਤ ਚਿਤ ਰਹੇ ਅਤੇ ਸੰਗਤਾਂ ਨੂੰ ਬਚਨ ਕੀਤੇ ਕਿ ਉਹ ਆਪਣੀ ਕੀਤੀ ਆਪ ਭੁਗਤਣਗੇ। ਤੁਸੀਂ ਪਿਆਰ, ਇਤਫ਼ਾਕ ਅਤੇ ਏਕਤਾ ਬਣਾਈ ਰੱਖੋ। ਪਰਮਾਤਮਾ ਦਾ ਨਾਮ ਜਪੋ ਅਤੇ ਬਾਣੀ ਪੜ੍ਹੋ। ਹਰ ਰੋਜ਼ ਮਾਤਾ ਹਰੋ ਜੀ ਦੇ ਘਰ ਦੀਵਾਨ ਸਜਦੇ ਸਨ। ਸੰਗਤਾਂ ਨਾਮ ਬਾਣੀ ਨਾਲ ਜੁੜਦੀਆਂ। ਇੱਥੇ ਆਈਆਂ ਹੋਈਆਂ ਸੰਗਤਾਂ ਨੇ ਸਵਾਲ ਕੀਤਾ ਕਿ ਗੁਰੂ ਸਾਹਿਬ ਜੀ, ਅੰਦਰੋਂ ਮੌਤ ਦਾ ਡਰ ਕਿਵੇਂ ਦੂਰ ਹੋਵੇ। ਕਿਹੜਾ ਤਰੀਕਾ ਵਰਤੀਏ ਕਿ ਮੌਤ ਦਾ ਡਰ ਅੰਦਰੋਂ ਮੁੱਕ ਜਾਵੇ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ-

ਸੋਰਠਿ ਮ : ੯

” ਪ੍ਰਾਨੀ ਕਉਨੁ ਉਪਾਉ ਕਰੈ।।

ਜਾ ਤੇ ਭਗਤਿ ਰਾਮ ਕੀ ਪਾਵੈ, ਜਮ ਤੇ ਤ੍ਰਾਸੁ ਹਰੈ।। ਰਹਾਉ।।

ਕੁਉਨੁ ਕਰਮ ਬਿਦਿਆ ਕਹੁ ਕੈਸੀ, ਧਰਮੁ ਕਉਨੁ ਫੁਨਿ ਕਰਈ।।

ਕਉਨੁ ਨਾਮੁ  ਗੁਰ ਜਾ ਕੈ ਸਿਮਰੈ, ਭਾਵ ਸਾਗਰ ਕੲੀ ਤਰਈ।।੧।।

ਕਲ ਮੈ ਏਕੁ ਨਾਮੁ ਕਿਰਪਾ ਨਿਧਿ, ਜਾਹਿ ਜਪੈ ਗਤਿ ਪਾਵੈ।।

ਅਉਰ ਧਰਮ ਤਾ ਕੈ ਸਮ ਨਾਹਨਿ, ਇਹ ਬਿਧਿ ਬੇਦੁ ਬਤਾਵੈ।।੨।।

ਸੁਖੁ ਦੁਖੁ ਰਹਤ ਸਦਾ ਨਿਰਲੇਪੀ, ਜਾ ਕਉ ਕਹਤ ਗੁਸਾਈ।।

ਸੋ ਤੁਮ ਹੀ ਮਹਿ ਬਸੈ ਨਿਰੰਤਰਿ, ਨਾਨਕ ਦਰਪਨਿ ਨਿਆਈ।।੩।।੫।।”

ਸੋ, ਗੁਰੂ ਤੇਗ ਬਹਾਦਰ ਜੀ ਨੇ ਇਸ ਸ਼ਬਦ ਰਾਹੀਂ ਸੰਗਤਾਂ ਨੂੰ ਉਪਦੇਸ਼ ਦਿੱਤਾ। 17 ਦਿਨ ਇੱਥੇ ਰਹਿ ਕੇ ਅੱਗੇ ਚਾਲੇ ਪਾ ਦਿੱਤੇ। ਇੱਥੇ ਬੀਬੀਆਂ ਨੇ ਸੰਗਤਾਂ ਦੀ ਬਹੁਤ ਸੇਵਾ ਕੀਤੀ ਅਤੇ ਗੁਰੂ ਸਾਹਿਬ ਨੇ ਬਚਨ ਕੀਤੇ-

” ਵੱਲਾ ਗੁਰੂ ਕਾ ਗੱਲਾ”

” ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ”

ਇਹ ਅੰਮ੍ਰਿਤਸਰ ਅਤੇ ਵੱਲੇ ਪਿੰਡ ਦੀਆਂ ਬੀਬੀਆਂ ਨੂੰ ਗੁਰੂ ਸਾਹਿਬ ਜੀ ਨੇ ਬਚਨ ਕੀਤੇ।

ਅੱਗੇ ਲੜੀ ਨੰ 28 ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਸਾਹਿਬ ਜੀ ਅੱਗੇ ਕਿਹੜੇ ਰਸਤੇ ਗੲੇ।

ਯੂਟਿਊਬ ਅਤੇ ਫੇਸਬੁੱਕ ਦੇ ‘ਖੋਜ ਵਿਚਾਰ’ ਚੈਨਲ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਸਾਰਾ ਇਤਿਹਾਸ ਦੱਸਿਆ ਜਾ ਰਿਹਾ ਹੈ ਜੀ।

ਪ੍ਰਸੰਗ ਨੰਬਰ 28 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਸਫਰ ਨਾਲ ਸਬੰਧਤ ਪਿੰਡ ਘੁੱਕੇਵਾਲੀ ਦਾ ਇਤਿਹਾਸ

KHOJ VICHAR YOUTUBE CHANNEL


Spread the love

Leave a Comment

Your email address will not be published. Required fields are marked *