ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 24 ਵਿੱਚ ਅਸੀਂ ਇੱਕ ਸਿੱਖ ਦੀ ਗੁਰੂ ਘਰ ਪ੍ਰਤੀ ਸ਼ਰਧਾ ਭਾਵਨਾ ਬਾਰੇ ਜ਼ਿਕਰ ਕੀਤਾ ਸੀ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਵਿਖੇ ਪਹੁੰਚਦੇ ਹਨ ਤਾਂ ਉਥੋਂ ਦੇ ਮਸੰਦ ਕਿਉਂ ਜ਼ਿੰਦਰੇ ਲਾ ਲੈਂਦੇ ਹਨ ਅਤੇ ਗੁਰੂ ਸਾਹਿਬ ਨੂੰ ਅੰਦਰ ਕਿਉਂ ਨਹੀਂ ਆਉਣ ਦਿੰਦੇ।
22 ਨਵੰਬਰ 1664 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਧਰਮ ਪ੍ਰਚਾਰ ਦੇ ਦੌਰੇ ਤੇ ਬਕਾਲੇ ਤੋਂ ਨਿਕਲਦੇ ਹਨ। 8 ਕਿਲੋਮੀਟਰ ਤੇ ਪਿੰਡ ਕਾਲੇਕੇ ਪਹੁੰਚਦੇ ਹਨ। ਪਿੰਡ ਕਾਲੇਕੇ ਤੋਂ ਚੱਲ ਕੇ ਪਿੰਡ ਤਰਸੀਕਾ ਆਉਂਦਾ ਹੈ। ਪਿੰਡ ਤਰਸੀਕਾ ਵਿੱਚ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਕੋਈ ਗੁਰਦੁਆਰਾ ਸਾਹਿਬ ਨਹੀਂ ਬਣਿਆ ਹੋਇਆ ਹੈ। ਪ੍ਰਿੰਸੀਪਲ ਸੇਵਾ ਸਿੰਘ ਕੌੜਾ ਲਿਖਦੇ ਹਨ ਕਿ ਇੱਥੇ ਪਹਿਲਾਂ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਇੱਕ ਸਕੂਲ ਬਣਾਇਆ ਸੀ- ਜੀ ਟੀ ਬੀ ਖਾਲਸਾ ਹਾਈ ਸਕੂਲ।
ਜਦੋਂ ਦਾਸ ਇਸ ਪਿੰਡ ਵਿੱਚ ਪਹੁੰਚਿਆ। ਇੱਥੇ ਦਾਸ ਦੇ ਮਿੱਤਰ ਭਾਈ ਬੂਟਾ ਸਿੰਘ ਜੀ ਪ੍ਰਚਾਰਕ ਰਹਿੰਦੇ ਹਨ। ਇਹਨਾਂ ਨਾਲ਼ ਵੀ ਗੱਲ ਕੀਤੀ ਅਤੇ ਉਹਨਾਂ ਨੇ ਵੀ ਦਸਿਆ ਕਿ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਕਿ ਸਾਡੇ ਪਿੰਡ ਵਿੱਚੋਂ ਗੁਰੂ ਤੇਗ ਬਹਾਦਰ ਜੀ ਨਿਕਲ਼ੇ ਸਨ ਅਤੇ ਉਸ ਸਕੂਲ ਦਾ ਨਾਮ ਜੀ ਟੀ ਬੀ ਖਾਲਸਾ ਹਾਈ ਸਕੂਲ ਸੀ। ਹੁਣ ਇਹ ਸਕੂਲ ਇੱਕ ਆਮ ਸਰਕਾਰੀ ਸਕੂਲ ਦੇ ਨਾਂਮ ਉੱਤੇ ਰੱਖਿਆ ਗਿਆ ਹੈ। ਪਿੰਡ ਵਾਲਿਆਂ ਨੂੰ ਇਸਦੀ ਖੋਜ ਕਰਨ ਦੀ ਲੋੜ ਹੈ।
ਸੋ, ਪਿੰਡ ਤਰਸੀਕਾ ਤੋਂ ਚਲ ਕੇ ਗੁਰੂ ਜੀ ਪਿੰਡ ਲੇਹਲ ਵਿਚੋਂ ਹੁੰਂਦੇ ਹੋਏ ਗੁਰੂ ਰਾਮਦਾਸ ਜੀ ਦੀ ਨਗਰੀ ਦਰਬਾਰ ਸਾਹਿਬ ਵਿਖੇ ਪਹੁੰਚਦੇ ਹਨ। ਸੋ, 22 ਨਵੰਬਰ 1664 ਈਸਵੀ ਨੂੰ ਜਦੋਂ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਪਹੁੰਚਦੇ ਹਨ ਤਾਂ ਉਸ ਦਿਨ ਬਾਰੇ ਭਾਈ ਸਰੂਪ ਸਿੰਘ ਕੋਸ਼ਿਸ਼ ਲਿਖਦੇ ਹਨ-
“ਬਾਬਾ ਬਕਾਲਾ ਗ੍ਰਾਮ ਸੇ ਚਲ,
ਸਨੇ ਸਨੇ ਮੱਘਰ ਮਾਸ ਕੀ ਪੂਰਨਮਾਸ਼ੀ ਕੇ ਦਿਹੁੰ,
ਗੁਰੂ ਰਾਮਦਾਸ ਕੀ ਨਗਰੀ ਗੁਰੂ ਚੱਕ ਮੇਂ ਆਏ ਪਹੁੰਚੇ”
‘ਗੁਰੂ ਕੀਆਂ ਸਾਖੀਆਂ ਪੰਨਾ ਨੰ 68 ਸਾਖੀ ਨੰ 21‘ ਉੱਤੇ ਵੀ 22 ਨਵੰਬਰ ਲਿਖਿਆ ਹੈ। ਪ੍ਰਿੰਸੀਪਲ ਜੋਧ ਸਿੰਘ, ਡਾਕਟਰ ਤ੍ਰਿਲੋਚਨ ਸਿੰਘ, ਪ੍ਰਿੰਸੀਪਲ ਫੌਜਾ ਸਿੰਘ ਵਲੋਂ ਅਤੇ ਪ੍ਰਿੰਸੀਪਲ ਸਤਿਬੀਰ ਸਿੰਘ ਜੀ ਦੀ ਕਿਤਾਬ ‘ਇਤੀ ਜਿਨ ਕਰੀ‘ ਦੇ ਪੰਨਾ ਨੰ 56 ਉੱਤੇ ਵੀ 22 ਨਵੰਬਰ ਹੀ ਲਿਖਿਆ ਹੈ। 22 ਨਵੰਬਰ ਨੂੰ ਪਹੁੰਚਣ ਤੇ ਸਾਰੇ ਇਤਿਹਾਸਕਾਰ ਆਪਸ ਵਿੱਚ ਸਹਿਮਤ ਹਨ।
ਜਦੋਂ ਸ਼ਾਮ ਨੂੰ ਗੁਰੂ ਤੇਗ ਬਹਾਦਰ ਜੀ ਮੱਖਣ ਸ਼ਾਹ ਲੁਬਾਣਾ ਨਾਲ ਦਰਬਾਰ ਸਾਹਿਬ ਪਹੁੰਚੇ ਤਾਂ ਅੱਗੋਂ ਦਰਬਾਰ ਸਾਹਿਬ ਦੀ ਡਿਉਢੀ ਨੂੰ ਜ਼ਿੰਦਰੇ ਲਾ ਕੇ ਉੱਥੋਂ ਦੇ ਮਸੰਦ ਭੱਜ ਜਾਂਦੇ ਹਨ। ਕਿਉਂਕਿ ਇੱਥੇ ਹਰਿ ਜੀ ਦਾ ਕਬਜ਼ਾ ਸੀ ਜੋ ਕਿ ਆਪਣੇ ਆਪ ਨੂੰ ਗੁਰੂ ਹੋਣ ਦਾ ਦਾਅਵਾ ਕਰ ਰਿਹਾ ਸੀ। ਜਦੋਂ ਬਕਾਲੇ ਵਿਖੇ ਝੂਠੇ ਗੁਰੂ ਮੰਜੀਆਂ ਲਾ ਕੇ ਬੈਠੇ ਸਨ, ਉਹਨਾਂ ਵਿੱਚੋਂ ਇਹ ਵੀ ਇੱਕ ਸੀ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਮਿਲਣ ਤੇ ਇਹ ਉੱਥੋਂ ਵਾਪਸ ਦਰਬਾਰ ਸਾਹਿਬ ਆ ਗਿਆ ਸੀ। ਹੁਣ ਇਸਨੂੰ ਡਰ ਸੀ ਕਿ ਜੇ ਗੁਰੂ ਤੇਗ ਬਹਾਦਰ ਜੀ ਦਰਬਾਰ ਸਾਹਿਬ ਵਿਖੇ ਆ ਗੲੇ ਤਾਂ ਮੇਰੇ ਕੋਲੋਂ ਕਬਜ਼ਾ ਚਲਾ ਜਾਵੇਗਾ। ਇਸਨੇ ਦਰਸ਼ਨੀ ਡਿਉਢੀ ਨੂੰ ਜ਼ਿੰਦਰੇ ਲਗਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਅੰਦਰ ਹੀ ਨਹੀਂ ਆਉਣ ਦਿੱਤਾ। ਗੁਰੂ ਤੇਗ ਬਹਾਦਰ ਜੀ ਨੇ ਸਰੋਵਰ ਵਿੱਚ ਇਸ਼ਨਾਨ ਕਰਕੇ ਦੂਰੋਂ ਹੀ ਅਰਦਾਸ ਕੀਤੀ ਅਤੇ ਅਕਾਲ ਤਖ਼ਤ ਸਾਹਿਬ ਦੇ ਨਾਲ਼ ਇੱਕ ਥੜ੍ਹਾ ਬਣਿਆ ਹੋਇਆ ਸੀ। ਉੱਥੇ ਇੱਕ ਬੇਰੀ ਦਾ ਦਰਖੱਤ ਵੀ ਸੀ, ਉਸ ਹੇਠਾਂ ਗੁਰੂ ਜੀ ਬੈਠ ਗਏ।
ਇਹ ਹਰਿ ਜੀ ਕੌਣ ਸੀ? ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ, ਜੋ ਕਿ ਗੁਰੂ ਘਰ ਨਾਲ ਮੱਥਾ ਲਾਉਂਦਾ ਰਿਹਾ। ਇਸਨੇ ਗੁਰੂ ਹਰਿਗੋਬਿੰਦ ਜੀ ਨੂੰ ਬਚਪਨ ਵਿੱਚ ਮਾਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ। ਗੁਰੂ ਅਰਜਨ ਦੇਵ ਜੀ ਉੱਤੇ ਵੀ ਹਮਲੇ ਕਰਵਾਏ ਪਰ ਇਹ ਗੁਰੂ ਨਾ ਬਣ ਸਕਿਆ। ਇਸਨੇ ਇਹ ਕਹਿ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਕੋਲ ਕਿਹੜਾ ਕੋਈ ਅੌਲਾਦ ਹੈ। ਇਹਨਾਂ ਤੋਂ ਬਾਅਦ ਗੁਰਗੱਦੀ ਮੇਰੇ ਪੁੱਤਰ ਮਿਹਰਬਾਨ ਨੂੰ ਹੀ ਮਿਲਣੀ ਹੈ। ਮਿਹਰਬਾਨ ਕਵੀਸ਼ਰੀ ਕਰਨ ਲੱਗ ਗਿਆ ਸੀ ਅਤੇ ਝੂਠੀ ਬਾਣੀ ਰਚਨ ਲੱਗ ਪਿਆ ਸੀ। ਮਿਹਰਬਾਨ ਸੁਪਨੇ ਦੇਖਣ ਲੱਗ ਪਿਆ ਸੀ ਕਿ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਮੈਂ ਗੁਰੂ ਬਣਾਂਗਾ। ਇਸਦੇ ਸੁਪਨਿਆਂ ਤੇ ਉਦੋਂ ਪਾਣੀ ਫਿਰਿਆ ਜਦੋਂ ਗੁਰੂ ਹਰਿਗੋਬਿੰਦ ਜੀ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਗੁਰੂ ਬਣ ਜਾਂਦੇ ਹਨ। ਉਦੋਂ ਵੀ ਇਹ ਦਿਲ ਵਿੱਚ ਪਾਲ਼ੀ ਬੈਠਾ ਸੀ ਕਿ ਇਹਨਾਂ ਤੋਂ ਬਾਅਦ ਮੈਂ ਗੁਰੂ ਬਣਾਂਗਾ। ਇਸੇ ਮਿਹਰਬਾਨ ਦਾ ਪੁੱਤਰ ਸੀ – ‘ਹਰਿ ਜੀ‘ , ਜੋ ਕਿ ਪ੍ਰਿਥੀ ਚੰਦ ਦਾ ਪੋਤਰਾ ਸੀ। ਇਹ ਹਰਿ ਜੀ ਆਪਣੇ ਆਪ ਨੂੰ ਗੁਰੂ ਬਣ ਕੇ ਦਰਬਾਰ ਸਾਹਿਬ ਵਿਖੇ ਬੈਠਾ ਸੀ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਚਲੇ ਜਾਂਦੇ ਹਨ ਤਾਂ ਉਸ ਦਿਨ ਤੋਂ ਬਾਅਦ ‘ਹਰਿ ਜੀ‘ ਦਰਬਾਰ ਸਾਹਿਬ ਤੇ ਕਾਬਜ਼ ਹੋਇਆ ਸੀ ਅਤੇ ਝੂਠੀ ਬਾਣੀ ਰਚ ਕੇ ਆਪਣੇ ਆਪ ਨੂੰ ਗੁਰੂ ਹੋਣ ਦਾ ਦਾਅਵੇਦਾਰ ਦੱਸ ਰਿਹਾ ਸੀ। ਜਦੋਂ ਗੁਰੂ ਤੇਗ ਬਹਾਦਰ ਜੀ ਦਰਬਾਰ ਸਾਹਿਬ ਪਹੁੰਚੇ ਤਾਂ ਇਸਨੂੰ ਡਰ ਸੀ ਕਿ ਮੇਰੇ ਹੱਥੋਂ ਹੁਣ ਕਬਜ਼ਾ ਚਲਾ ਜਾਏਗਾ। ਇਸਨੇ ਦਰਸ਼ਨੀ ਡਿਉਢੀ ਨੂੰ ਜ਼ਿੰਦਰੇ ਲਗਾ ਦਿੱਤੇ ਅਤੇ ਆਪ ਉੱਥੋਂ ਭੱਜ ਕੇ ਆਪਣੇ ਪਿੰਡ ‘ ਹੇਹਰ ‘ ਚਲਾ ਗਿਆ।। ਗੁਰੂ ਤੇਗ ਬਹਾਦਰ ਜੀ ਨੇ ਥੜ੍ਹੇ ਤੇ ਬੈਠ ਕੇ ਫਿਰ ਅੱਗੇ ਪਿੰਡ ਵੱਲ ਚਲ ਪਏ। ਗੁਰੂ ਸਾਹਿਬ ਨੇ ਸੰਗਤਾਂ ਨੂੰ ਵੀ ਅੱਗੇ ਚਾਲੇ ਪਾਉਣ ਲਈ ਹੁਕਮ ਕੀਤਾ। ਮੱਖਣ ਸ਼ਾਹ ਲੁਬਾਣਾ ਨੇ ਇਹ ਗੱਲ ਕਹੀ ਕਿ ਜੇ ਤੁਸੀਂ ਕਹੋ ਤਾਂ ਮੈਂ ਇਹਨਾਂ ਨੂੰ ਸਬਕ਼ ਸਿਖਾ ਸਕਦਾ ਹਾਂ। ਗੁਰੂ ਸਾਹਿਬ ਨੇ ਮੱਖਣ ਸ਼ਾਹ ਲੁਬਾਣਾ ਨੂੰ ਮਨਾ ਕਰ ਦਿੱਤਾ ਅਤੇ ਕਿਹਾ ਕਿ ਆਪਣੀ ਕੀਤੀ ਦਾ ਫਲ ਇਹ ਆਪ ਹੀ ਭੁਗਤਣਗੇ। ਜਿਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਜੀ ਬੈਠੇ ਸਨ, ਉਸ ਜਗ੍ਹਾ ਤੇ ਅਕਾਲ ਤਖ਼ਤ ਸਾਹਿਬ ਦੇ ਨਾਲ਼ ਗੁਰਦੁਆਰਾ ਥੜ੍ਹਾ ਸਾਹਿਬ ਬਣਿਆ ਹੋਇਆ ਹੈ। ਉਹ ਬੇਰੀ ਦਾ ਮੁੱਢ ਅੱਜ ਵੀ ਇੱਥੇ ਮੌਜੂਦ ਹੈ ਜਿੱਥੇ ਗੁਰੂ ਜੀ ਬੈਠੇ ਸਨ।
ਜਦੋਂ ਤੁਸੀਂ ਦਰਬਾਰ ਸਾਹਿਬ ਜਾਓ ਤਾਂ ਇੱਥੇ ਜ਼ਰੂਰ ਨਤਮਸਤਕ ਹੋ ਕੇ ਆਉਣਾ ਜੀ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਅੱਗੇ ਕਿੱਥੇ ਜਾਂਦੇ ਹਨ, ਇਹ ਅਸੀਂ ਲੜੀ ਨੰ 26 ਵਿੱਚ ਸ੍ਰਵਨ ਕਰਾਂਗੇ। ਯੂਟਿਊਬ ਅਤੇ ਫੇਸਬੁੱਕ ਉੱਤੇ ‘ਖੋਜ ਵਿਚਾਰ’ ਚੈਨਲ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਸਾਰਾ ਇਤਿਹਾਸ ਦੱਸਿਆ ਜਾ ਰਿਹਾ ਹੈ ਜੀ। ਸੋ, ਦੇਖਣਾ ਨਾ ਭੁੱਲਣਾ ਜੀ……