ਪ੍ਰਸੰਗ ਨੰਬਰ 23 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਧੀਰਮਲ ਦੇ ਹਮਲੇ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 22 ਵਿੱਚ ਪਾਠਕਾਂ ਨੂੰ ਮੱਖਣ ਸ਼ਾਹ ਲੁਬਾਣਾ ਦੇ ਬਾਬਾ ਬਕਾਲਾ ਵਿਖੇ ਪਹੁੰਚਣ ਅਤੇ ਅਸਲੀ ਗੁਰੂ ਨੂੰ ਪਹਿਚਾਨਣ ਤੱਕ ਦਾ ਇਤਿਹਾਸ ਸ੍ਰਵਨ ਕਰਵਾਇਆ ਸੀ।

ਇਸ ਲੜੀ ਵਿੱਚ ਅਸੀਂ ਧੀਰਮੱਲ ਦੁਆਰਾ ਗੁਰੂ ਤੇਗ ਬਹਾਦਰ ਜੀ ਉੱਤੇ ਗੋਲੀ ਚਲਾਉਣ ਦੇ ਇਤਿਹਾਸ  ਬਾਰੇ ਜਾਣੂ ਹੋਵਾਂਗੇ।

ਭਾਈ ਮੱਖਣ ਸ਼ਾਹ ਲੁਬਾਣਾ ਜੀ ਜਦੋਂ ਦਿੱਲੀ ਤੋਂ ਹੁੰਦਿਆਂ ਹੋਇਆਂ 8 ਅਕਤੂਬਰ 1664 ਈਸਵੀ ਨੂੰ ਬਾਬਾ ਬਕਾਲੇ ਵਿਖੇ ਪਹੁੰਚਦੇ ਹਨ ਤਾਂ ਦੇਖਦੇ ਹਨ ਕਿ ਕੲੀ ਨਕਲੀ ਗੁਰੂ ਆਪਣੀਆਂ ਗੱਦੀਆਂ ਲਾ ਕੇ ਬੈਠੇ ਸਨ ਅਤੇ ਆਪਣੇ ਆਪ ਨੂੰ ਨੌਵਾਂ ਗੁਰੂ ਕਹਾ ਰਹੇ ਸਨ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਚਨ ਕੀਤੇ ਸਨ- ਬਾਬਾ ਬਕਾਲੇਇਸ ਲੲੀ ਇਹ ਸਾਰੇ ਨਕਲੀ ਗੁਰੂ ਆਪਣੇ ਆਪ ਨੂੰ ਗੁਰੂ ਕਹਾਉਣ ਦਾ ਦਾਅਵਾ ਕਰ ਰਹੇ ਸਨ।

ਮੱਖਣ ਸ਼ਾਹ ਲੁਬਾਣਾ ਜੀ ਇੱਥੇ ਪਾਰਖੂ ਬਣ ਕੇ ਆਏ ਸਨ ਕਿਉਂਕਿ ਇਹ ਪੰਜਵੇਂ ਅਤੇ ਛੇਵੇਂ ਗੁਰੂ ਦੇ ਦਰਸ਼ਨ ਕਰ ਚੁੱਕੇ ਸਨ ਅਤੇ ਸਤਵੇਂ ਗੁਰੂ ਜੀ ਕੋਲ 4 ਮਹੀਨੇ ਰਹਿ ਚੁੱਕੇ ਸਨ। ਇਸ ਕਰਕੇ ਮੱਖਣ ਸ਼ਾਹ ਲੁਬਾਣਾ ਨੂੰ ਪਤਾ ਸੀ ਕਿ ਗੁਰੂ ਮੰਗਤਾ ਨਹੀਂ ਹੁੰਦਾ ਸਗੋਂ ਦਾਤਾ ਹੁੰਦਾ ਹੈ। ਮੱਖਣ ਸ਼ਾਹ ਲੁਬਾਣਾ ਉਸ ਸਮੇਂ ਦਾ ਬਹੁਤ ਅਮੀਰ ਵਿਅਕਤੀ ਸੀ। ਜਿਸਦੇ 200 ਦੇ ਕਰੀਬ ਸਮੁੰਦਰੀ ਜਹਾਜ਼ ਚਲਦੇ ਸਨ ਅਤੇ 500 ਸਿਪਾਹੀ ਹਮੇਸ਼ਾ ਨਾਲ ਰਹਿੰਦੇ ਸਨ। ਮੱਖਣ ਸ਼ਾਹ ਲੁਬਾਣਾ ਨੇ ਨਕਲੀ ਗੁਰੂਆਂ ਨੂੰ ਪਰਖਣ ਲਈ ਸਾਰਿਆਂ ਅੱਗੇ 2-2 ਮੋਹਰਾਂ ਰੱਖ ਕੇ ਮੱਥਾ ਟੇਕਿਆ ਪਰ ਤੱਸਲੀ ਨਾ ਹੋਈ। ਅਗਲੇ ਦਿਨ ਜਦੋਂ ਇਸਨੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਤਾਂ ਸਭ ਸਮਝ ਲਗ ਗੲੀ ਅਤੇ ਉੱਚੇ ਕੋਠੇ ਤੇ ਚੜ੍ਹ ਕੇ ਕਿਹਾ-

“ਚੜ੍ਹ ਉਚੇ ਮੰਦਰ ਏਹ ਸੁਣਾਇਆ,

ਆਵੋ ਗੁਰ ਸਿਖ ਮੈ ਸਤਿਗੁਰ ਲਾਧਾ,

ਜਾ ਕੀ ਮਹਿਮਾ ਅਗਮ ਅਗਾਧਾ।।”

ਖੁਸ਼ਵੰਤ ਸਿੰਘ ਜੀ ਲਿਖਦੇ ਹਨ-

“ਗੁਰੂ ਲਾਧੋ ਰੇ,

ਗੁਰੂ ਲਾਧੋ ਰੇ “

ਭਾਵ ਭੁਲੀਏ ਸੰਗਤੇ, ਤੁਸੀਂ ਭਟਕੋ ਨਾ। ਹੁਣ ਸੱਚਾ ਗੁਰੂ ਮਿਲ ਗਿਆ ਹੈ। ਸੋ, ਸਾਰੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਣ ਲੱਗ ਪਈਆਂ। ਸੰਗਤਾਂ ਹੁਣ ਜੋ ਵੀ ਭੇਟਾ ਲੈ ਕੇ ਆਉਂਦੀਆਂ, ਉਹ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਅਰਪਨ ਕਰਨ ਲਗੀਆਂ। ਗੁਰੂ ਤੇਗ ਬਹਾਦਰ ਜੀ ਸਾਰੀਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨ ਲੱਗੇ।

ਜਦੋਂ ਧੀਰਮੱਲ ਨੂੰ ਪਤਾ ਲਗਿਆ ਕਿ ਮੇਰੇ ਹੱਥੋਂ ਹੁਣ ਬਾਜੀ ਚਲੀ ਗੲੀ ਹੈ, ਤਾਂ ਉਸਨੇ ਆਪਣੇ ਮਸੰਦਾਂ ਨਾਲ ਮਿਲ ਕੇ ਗੱਲ ਕੀਤੀ। ਮਸੰਦਾਂ ਨੇ ਉਸਨੂੰ ਭੜਕਾਇਆ ਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਜਾ ਤਾਂ ਤੂੰਂ ਰਹਿ ਸਕਦਾ ਹੈ ਜਾਂ ਗੁਰੂ ਤੇਗ ਬਹਾਦਰ ਜੀ। ਆਖਿਰ ਧੀਰਮੱਲ ਵਲੋਂ ਗੁਰੂ ਤੇਗ ਬਹਾਦਰ ਜੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗੲੀ। ਸੋ, ਧੀਰਮੱਲ ਨੇ 25 ਬੰਦੂਕਧਾਰੀ ਗੁਰੂ ਤੇਗ ਬਹਾਦਰ ਜੀ ਉੱਤੇ ਹਮਲਾ ਕਰਨ ਲੲੀ ਭੇਜੇ। ਇਹਨਾਂ ਨੇ ਜਾ ਕੇ ਰੌਲਾ ਪਾਇਆ ਤਾਂ ਸੰਗਤ ਇਧਰ ਉਧਰ ਭੱਜਣ ਲੱਗੀ। ਇਹ ਗੁਰੂ ਘਰ ਵਿੱਚ ਆਈਆਂ ਹੋਈਆਂ ਵਸਤਾਂ ਨੂੰ ਲੁੱਟਣ ਲੱਗੇ। ਉਸ ਸਮੇਂ ਸੀ਼ਹੇਂ ਮਸੰਦ  ਨੇ ਗੁਰੂ ਤੇਗ ਬਹਾਦਰ ਜੀ ਉੱਤੇ ਨਿਸ਼ਾਨਾ ਸਾਧ ਕੇ ਗੋਲੀ ਮਾਰ ਦਿੱਤੀ। ਇਹ ਅਕਾਲ ਪੁਰਖ ਦੀ ਮਿਹਰ ਸੀ ਕਿ ਗੁਰੂ ਸਾਹਿਬ ਥੋੜ੍ਹਾ ਪਰ੍ਹੇ ਖੜ੍ਹੇ ਸਨ ਅਤੇ ਉਹ ਗੋਲੀ ਗੁਰੂ ਤੇਗ ਬਹਾਦਰ ਜੀ ਦੇ ਮੱਥੇ ਨੂੰ ਛੂਹ ਕੇ ਲੰਘ ਗਈ। ਕੲੀ ਵਿਦਵਾਨਾਂ ਨੇ ਲਿਖਿਆ ਹੈ ਕਿ ਗੋਲੀ ਮੋਢੇ ਨੂੰ ਛੂਹ ਕੇ ਲੰਘਦੀ ਹੈ

ਗੁਰੂ ਤੇਗ ਬਹਾਦਰ ਜੀ ਇਸ ਹਮਲੇ ਤੋਂ ਬਚ ਜਾਂਦੇ ਹਨ। ਧੀਰਮੱਲ , ਗੁਰੂ ਸਾਹਿਬ ਨੂੰ ਕਾਫੀ ਬੁਰੇ ਅਤੇ ਭੱਦੇ ਸ਼ਬਦ ਬੋਲਦਾ ਹੈ। ਜਦੋਂ ਗੋਲੀ ਚਲਾਈ ਗੲੀ ਸੀ ਤਾਂ ਮਾਤਾ ਨਾਨਕੀ ਜੀ ਸ਼ੇਰਾਂ ਵਾਂਗ ਅੱਗੇ ਆ ਕੇ ਧੀਰਮੱਲ ਨੂੰ ਕਹਿਣ ਲੱਗੇ ,” ਜੇ ਤੇਰੇ ਵਿੱਚ ਹਿੰਮਤ ਹੈ ਤਾਂ ਮੇਰੇ ਪੁੱਤਰ ਨਾਲ਼ ਸਾਹਮਣੇ ਆ ਕੇ ਮੁਕਾਬਲਾ ਕਰ। ਫੇਰ ਤੂੰ ਮੇਰੇ ਪੁੱਤਰ ਦੀ ਬਹਾਦਰੀ ਵੇਖੀਂ। ਇਹਨੂੰ ਤੇਗ ਦੇ ਧਨੀ ਕਹਿੰਦੇ ਹਨ। ਜੇ ਤੇਰੇ ਬੰਦਿਆਂ ਵਿੱਚ ਹਿੰਮਤ ਹੈ ਤਾਂ ਪਿਛੋਂ ਹਮਲਾ ਨਾ ਕਰੋ। ਸਾਹਮਣੇ ਆ ਕੇ ਮੈਦਾਨ-ਏ-ਜੰਗ ਵਿੱਚ ਲੜੋ।

ਉਸ ਸਮੇਂ ਮਾਤਾ ਨਾਨਕੀ ਜੀ ਦੇ ਆਉਣ ਕਰਕੇ ਬਾਕੀ ਸਿੱਖ ਜਦੋਂ ਸੰਭਲੇ ਉਦੋਂ ਤੱਕ ਧੀਰਮੱਲ ਦੇ ਬੰਦੇ ਗੁਰੂ ਦਰਬਾਰ ਵਿੱਚ ਆਈਆਂ ਹੋਈਆਂ ਕੀਮਤੀ ਤੋਂ ਕੀਮਤੀ ਭੇਟਾਵਾਂ ਲੈ ਕੇ ਭੱਜ ਗਏ। ਇਹਨਾਂ ਭੇਟਾਵਾਂ ਵਿੱਚ ਕੲੀਆਂ ਨੇ ਘੋੜੇ, ਕੲੀਆਂ ਨੇ ਸ਼ਸ਼ਤਰ ਲਿਆਂਦੇ ਸਨ ਅਤੇ ਕੲੀਆਂ ਨੇ ਮਾਇਆ ਅਰਪਨ ਕੀਤੀ ਸੀ, ਇਹ ਸਭ ਲੈ ਕੇ ਸਿਪਾਹੀ ਧੀਰਮੱਲ ਦੇ ਡੇਰੇ ਚਲੇ ਗੲੇ।

ਪਿਛੋਂ ਇੱਕ ਸਿੱਖ ਨੇ ਜਾ ਕੇ ਮੱਖਣ ਸ਼ਾਹ ਲੁਬਾਣਾ ਦੀ ਛਾਉਣੀ ਵਿੱਚ ਜਾ ਕੇ ਸਾਰਾ ਇਤਿਹਾਸ ਸੁਣਾਇਆ। ਮੱਖਣ ਸ਼ਾਹ ਲੁਬਾਣਾ ਨੂੰ ਜਦੋਂ ਪਤਾ ਲੱਗਾ ਤਾਂ ਉਸ ਤੋਂ ਗੁਰੂ ਘਰ ਦੀ ਬੇਅਦਬੀ ਨਾ ਸਹਿਣ ਹੋਈ ਅਤੇ ਉਸਨੇ ਆਪਣੇ 500  ਸ਼ਸ਼ਤਰਧਾਰੀ ਸੂਰਮਿਆਂ ਨੂੰ ਨਾਲ਼ ਲੈ ਕੇ ਧੀਰਮੱਲ ਦੇ ਡੇਰੇ ਉੱਤੇ ਹਮਲਾ ਕਰ ਦਿੱਤਾ। ਉਸਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਉਹਨਾਂ ਦੇ ਸਾਰੇ ਸ਼ਸ਼ਤਰ ਬੰਦੂਕਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਫਿਰ ਇਹ ਧੀਰਮੱਲ ਦੀਆਂ ਮੁਸ਼ਕਾਂ ਬੰਨ੍ਹ ਕੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵੱਲ ਚਲ ਪੲੇ। ਧੀਰਮੱਲ ਨੇ ਮੱਖਣ ਸ਼ਾਹ ਲੁਬਾਣਾ ਅੱਗੇ ਬੇਨਤੀਆਂ ਕੀਤੀਆਂ ਕਿ ਮੈਂ ਗੁਰੂ ਪੋਤਰਾ ਹਾਂ, ਮੈਨੂੰ ਇਸ ਤਰੀਕੇ ਨਾਲ ਬੰਨ੍ਹ ਕੇ ਨਾ ਲੈ ਕੇ ਜਾਓ।ਉਸ ਸਮੇਂ ਮੱਖਣ ਸ਼ਾਹ ਲੁਬਾਣਾ ਵਲੋਂ ਕੁਝ ਨਰਮੀ ਵਿਖਾਈ ਗੲੀ ਅਤੇ ਬੰਦਿਆਂ ਦੇ ਘੇਰੇ ਵਿੱਚ ਧੀਰਮੱਲ ਨੂੰ ਲਿਆ ਕੇ ਗੁਰੂ ਤੇਗ ਬਹਾਦਰ ਜੀ ਕੋਲ ਹਾਜ਼ਿਰ ਕੀਤਾ ਗਿਆ। ਮੱਖਣ ਸ਼ਾਹ ਲੁਬਾਣਾ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਤੁਸੀਂ ਇਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੋ।ਉਸ ਸਮੇਂ ਵੈਰਾਗ ਦੀ ਮੂਰਤ ਅਤੇ ਸ਼ਾਂਤ ਚਿਤ ਵਿੱਚ ਬੈਠੇ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤੇ-

“ਭਲੋ ਧੀਰ ਮੱਲ ਧੀਰ ਜੀ,

ਭਲੋ ਧੀਰ ਮੱਲ ਧੀਰ”

ਭਾਵ ਧੀਰਮੱਲ ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ।। ਗੁਰੂ ਤੇਗ ਬਹਾਦਰ ਜੀ ਆਪਣੀ ਬਾਣੀ ਵਿੱਚ ਵੀ ਫੁਰਮਾਉਂਦੇ ਹਨ-

“ਮਿਠ ਬੋਲੜਾ ਜੀ, ਹਰਿ ਸਜਣੁ ਸੁਆਮੀ ਮੋਰਾ,

ਹਉ ਸੰਮਲਿ ਥਕੀ ਜੀ, ਓਹੁ ਕਦੇ ਨ ਬੋਲੈ ਕਉਰਾ,

ਕਉੜਾ ਬੋਲਿ ਨ ਜਾਣੈ ਪੂਰਨ ਭਗਵਾਨੈ,

ਅਉਗਣ ਕੋ ਨ ਚਿਤਾਰੇ”

ਜਦੋਂ ਧੀਰਮੱਲ ਨੇ ਗੁਰੂ ਸਾਹਿਬ ਤੋਂ ਮਾਫ਼ੀ ਮੰਗੀ ਤਾਂ ਗੁਰੂ ਸਾਹਿਬ ਨੇ ਉਸਨੂੰ ਬਖ਼ਸ਼ ਦਿੱਤਾ-

“ਜੋ ਸਰਣਿ ਆਵੈ ਤਿਸੁ ਕੰਠਿ ਲਾਵੈ,

ਇਹੁ ਬਿਰਦੁ ਸੁਆਮੀ ਸੰਦਾ”

ਗੁਰੂ ਸਾਹਿਬ ਨੇ ਬਚਨ ਕੀਤੇ-

“ਕਾਮੁ ਕ੍ਰੋਧੁ ਕਾਇਆ ਕਉ ਗਾਲੈ,

ਜਿਉ ਕੰਚਨ ਸੋਹਾਗਾ ਢਾਲੈ”

ਭਾਵ ਧੀਰਮੱਲ  ਕਾਮ, ਕ੍ਰੋਧ , ਲੋਭ, ਮੋਹ, ਹੰਕਾਰ, ਇਹ ਸਰੀਰ ਨੂੰ ਗਾਲ ਦਿੰਦੇ ਹਨ, ਜਿਵੇਂ ਸੋਨੇ ਨੂੰ ਸੋਹਾਗਾ। ਭਾਵ ਜਾ , ਤੇਰਾ ਭਲਾ ਹੋਵੇ।

ਉਸ ਸਮੇਂ ਮੱਖਣ ਸ਼ਾਹ ਲੁਬਾਣਾ ਨੇ ਉਹ ਸਾਰੀਆਂ  ਵਸਤਾਂ ਵਾਪਸ ਲੈ ਆਂਦੀਆਂ ਜੋ ਵਸਤਾਂ ਧੀਰਮੱਲ ਲੁੱਟ ਕੇ ਲੈ ਕੇ ਗਿਆ ਸੀ। ਨਾਲ ਹੀ ਪੂਰੇ ਸਤਿਕਾਰ ਨਾਲ ਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਵਾਪਸ ਲੈ ਆਉਂਦੀ। ਗੁਰੂ ਤੇਗ ਬਹਾਦਰ ਜੀ ਨੇ ਇਹ ਸਾਰੀਆਂ ਵਸਤਾਂ ਧੀਰਮੱਲ ਨੂੰ ਵਾਪਸ ਦੇ ਦਿਤੀਆਂ ਅਤੇ ਇਹ ਬੀੜ ਵੀ ਦੇ ਦਿੱਤੀ, ਜੋ ਕਿ ਅੱਜ ਕਰਤਾਰਪੁਰ ਸਾਹਿਬ ਵਿਖੇ ਸ਼ੁਸ਼ੋਭਿਤ ਹੈ।

ਸੋ, ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਦਿੱਤੀ ਗਈ, ਉੱਥੇ ਅੱਜ ਗੁਰਦੁਆਰਾ ਦਰਬਾਰ ਸਾਹਿਬ ਬਣਿਆ ਹੋਇਆ ਹੈ। ਜਿੱਥੇ ਗੁਰੂ ਤੇਗ ਬਹਾਦਰ ਜੀ ਭਜਨ ਬੰਦਗੀ ਕਰਦੇ ਸਨ, ਇੱਥੇ ਕਾਫ਼ੀ ਉਂਚੀ ਇਮਾਰਤ ਬਣੀ ਹੋਈ ਹੈ, ਇਸਦਾ ਨਾਮ ਭੋਰਾ ਸਾਹਿਬ ਹੈ। ਉਹ ਜਗ੍ਹਾ ਜਿੱਥੇ ਗੁਰੂ ਸਾਹਿਬ ਨੂੰ ਗੋਲੀ ਮਾਰੀ ਗੲੀ ਸੀ, ਇੱਥੇ ਅਸਥਾਨ ਮੰਜੀ ਸਾਹਿਬ ਬਣਿਆ ਹੋਇਆ ਹੈ। ਜਿੱਥੇ ਮਾਤਾ ਗੰਗਾ ਜੀ ਦਾ ਸਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਬਣਿਆ ਹੋਇਆ ਹੈ।

ਸੋ, ਤੁਸੀਂ  ਇਸ ਸਫ਼ਰ ਏ ਪਾਤਸ਼ਾਹੀ ਨੌਵੀਂ ਦੇ ਇਸ ਪ੍ਰੋਗਰਾਮ ਨੂੰ ਯੂਟਿਊਬ ਅਤੇ ਫੇਸਬੁੱਕ ਉੱਤੇ ਖੋਜ ਵਿਚਾਰਚੈਨਲ ਉੱਤੇ ਲੜੀਵਾਰ ਗੁਰੂ ਤੇਗ ਬਹਾਦਰ ਜੀ ਦਾ ਪੂਰਾ ਜੀਵਨ  ਸ੍ਰਵਨ ਕਰ ਸਕਦੇ ਹੋ।

ਸੋ, ਅੱਗੇ ਲੜੀ ਨੰ 24 ਵਿੱਚ ਅਸੀਂ ਸ੍ਰਵਨ  ਕਰਾਂਗੇ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਜਾਂਦੇ ਹਨ ਤਾਂ ਉਹਨਾਂ ਨੂੰ ਅੰਮ੍ਰਿਤਸਰ ਵਿਖੇ ਕਿਉਂ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਸੋ, ਦੇਖਣਾ ਨਾ ਭੁੱਲਣਾ ਜੀ….

ਪ੍ਰਸੰਗ ਨੰਬਰ 24: ਗੁਰਤਾ ਗੱਦੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਹਿਲੀ ਅੰਮ੍ਰਿਤਸਰ ਯਾਤਰਾ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments