ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 18 ਵਿੱਚ ਅਸੀਂ ਪਾਠਕਾਂ ਨੂੰ ਗੁਰੂ ਹਰਕ੍ਰਿਸ਼ਨ ਜੀ ਦੁਆਰਾ ਕੀਤੇ ਗਏ ਕਾਰਜਾਂ ਬਾਰੇ ਅਤੇ ਭਿਆਨਕ ਬੀਮਾਰੀ ਵੇਲੇ ਲੋਕਾਂ ਦੀ ਸੇਵਾ ਕਰਨ ਬਾਰੇ ਜਾਣੂ ਕਰਵਾਇਆ ਸੀ
ਇਸ ਲੜੀ ਵਿੱਚ ਅਸੀਂ ਗੁਰੂ ਹਰਕ੍ਰਿਸ਼ਨ ਜੀ ਦੇ ਜੋਤੀ ਜੋਤਿ ਸਮਾਉਣ ਬਾਰੇ ਅਤੇ ਗੁਰਤਾਗੱਦੀ ਪ੍ਰਤੀ ਕੀਤੇ ਗਏ ਬਚਨਾਂ ਤੋਂ ਜਾਣੂ ਹੋਵਾਂਗੇ
1664 ੲੀਸਵੀ ਵਿੱਚ ਦਿੱਲੀ ਵਿਖੇ ਜਦੋਂ ਚੇਚਕ ਦੀ ਭਿਆਨਕ ਬੀਮਾਰੀ ਫੈਲ ਗਈ ਸੀ ਤਾਂ ਉਸ ਸਮੇਂ ਗੁਰੂ ਹਰਕ੍ਰਿਸ਼ਨ ਜੀ ਨੇ ਖੁਦ ਲੋਕਾਂ ਦਾ ਇਲਾਜ ਕੀਤਾ ਸੀ। ਆਪਣੇ ਦਰਸ਼ਨ ਦੇ ਕੇ ਉਹਨਾਂ ਨੂੰ ਨਿਹਾਲ ਕੀਤਾ ਸੀ। ਇੱਥੇ ਗੁਰੂ ਸਾਹਿਬ ਨੇ ਪਾਣੀ ਦਾ ਇੱਕ ਚੁਬੱਚਾ ਵੀ ਬਣਵਾਇਆ ਸੀ ਜਿਸ ਵਿੱਚੋਂ ਰੋਗੀਆਂ ਨੂੰ ਜਲ ਛਕਾ ਕੇ ਠੀਕ ਕੀਤਾ ਜਾਂਦਾ ਸੀ।ਇਸ ਸਮੇਂ ਗੁਰੂ ਸਾਹਿਬ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਗੲੇ ਸਨ। ਚੇਚਕ ਦਾ ਕਾਫੀ ਹਮਲਾ ਗੁਰੂ ਸਾਹਿਬ ਉੱਤੇ ਹੋ ਚੁੱਕਾ ਸੀ। ਬੀਮਾਰੀ ਦੀ ਹਾਲਤ ਵਿੱਚ ਗੁਰੂ ਸਾਹਿਬ ਤਖ਼ਤ ਉੱਤੇ ਬਿਰਾਜਮਾਨ ਹੋਏ। ਔਰੰਗਜ਼ੇਬ ਵੀ ਇਸ ਸਮੇਂ ਗੁਰੂ ਜੀ ਨੂੰ ਮਿਲਣਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਮਨਾ ਕਰ ਦਿੱਤਾ ਸੀ। ਗੁਰੂ ਹਰਕ੍ਰਿਸ਼ਨ ਜੀ ਨੇ 5 ਦਿਨ ਪਹਿਲਾਂ ਹੀ ਆਪਣੀ ਮਾਤਾ ਜੀ ਨੂੰ ਇਹ ਬਚਨ ਕਹੇ-
“ਹਮਰਾ ਤੁਰਕਨ ਸੋ ਮੇਲ ਨਾ ਹੋਇ,
ਸੋ ਹਰਿ ਭਾਵੈ ਹੋਵੈ ਸੋਇ।।
ਪਾਂਚ ਦਿਵਸ ਇਮ ਬਿਤਤ ਭਇਆ,
ਤਬ ਮਾਤਾ ਜੀ ਕੋ ਸਤਿਗੁਰ ਕਹਿਆ।।
ਅਬ ਹਮ ਪਰਮ ਧਾਮ ਕੋ ਜਾਵੈ,
ਤਨ ਤਜ ਜੋਤੀ ਜੋਤਿ ਸਮਾਵੈ।।”
ਇਹ ਸ਼ਬਦ ਮਹਿਮਾ ਪ੍ਰਕਾਸ਼ ਵਿੱਚ ਲਿਖੇ ਗਏ ਹਨ ਕਿ ਪੰਜ ਦਿਨ ਪਹਿਲਾਂ ਹੀ ਜਦੋਂ ਗੁਰੂ ਸਾਹਿਬ ਨੇ ਆਪਣੀ ਜੋਤੀ ਜੋਤਿ ਸਮਾਉਣ ਦੀ ਗੱਲ ਕਹੀ ਤਾਂ ਦਿੱਲੀ ਦੀਆਂ ਸੰਗਤਾਂ ਅਤੇ ਸਿੱਖਾਂ ਉੱਤੇ ਇਸ ਗੱਲ ਦਾ ਗਹਿਰਾ ਅਸਰ ਹੋਇਆ।ਉਸ ਸਮੇਂ ਕੁਝ ਨਿਕਟਵਰਤੀ ਸਿੱਖਾਂ ਨੇ ਗੁਰੂ ਹਰਕ੍ਰਿਸ਼ਨ ਜੀ ਕੋਲ ਆ ਕੇ ਕਿਹਾ
” ਗੁਰੂ ਸਾਹਿਬ ਤੁਸੀਂ ਇਹ ਕਿਹੜਾ ਭਾਣਾ ਵਰਤਾਉਣ ਲੱਗੇ ਹੋ?”
ਉਹਨਾਂ ਵਿੱਚੋਂ ਇੱਕ ਸਿੱਖ ਨੇ ਇਹ ਵੀ ਬੇਨਤੀ ਕੀਤੀ –
“ਗੁਰੂ ਸਾਹਿਬ, ਜੇ ਤੁਸੀਂ ਚਲੇ ਗਏ ਤਾਂ ਸਾਨੂੰ ਕਿਸਦੇ ਲੜ ਲਾ ਕੇ ਜਾਓਗੇ?”
ਗੁਰੂ ਸਾਹਿਬ ਨੇ ਗੁਰਿਆਈ ਦੀ ਸਮੱਗਰੀ ਮੰਗਵਾਈ।ਇਸ ਗੱਲ ਨੂੰ ਭੱਟ ਵਹੀਆਂ ਵਿੱਚ ਦਰਜ ਕੀਤਾ ਗਿਆ ਹੈ। ‘ ਭੱਟ ਵਹੀ ਭਾਦਸੋਂ ਥਾਨੇਸਰ ‘ ਵਿੱਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਗੁਰੂ ਹਰਕ੍ਰਿਸ਼ਨ ਜੀ ਨੇ ਉਸ ਸਮੇਂ ਕੀ ਬਚਨ ਕੀਤੇ ਸਨ। ਭੱਟ ਵਹੀਆਂ ਵਿੱਚ ਲਿਖਿਆ ਹੈ-
” ।।ਗੁਰੂ ਹਰਕ੍ਰਿਸ਼ਨ ਜੀ ਮਹਲਾ ਅਠਮਾਂ।।
।।ਬੇਟਾ ਗੁਰੂ ਹਰਿਰਾਇ ਜੀ ਕਾ।।
ਸੰਮਤ ਸਤ੍ਰਾ ਸੈ ਇਕੀਸ, ਮਾਸੇ ਸੁਦੀ ਚਉਦਸ,
ਬੁਧਵਾਰ ਕੇ ਦੇਹੁ,
ਦੀਵਾਨ ਦਰਗਾਹ ਮਲ ਸੇ ਬਚਨ ਕੀਆ,
ਗੁਰਿਆਈ ਕੀ ਸਾਮਗ੍ਰੀ ਲੇ ਆਓ।।
ਹੁਕਮ ਪਾਏ ਦੀਵਾਨ ਜੀ ਲੇ ਆਏ,
ਸਤਿਗੁਰਾਂ ਇਸ ਹਾਥ ਛੁਹਾਏ।।
ਤੀਨ ਦਫ਼ਾ ਦਾਈ ਭੁਜਾ ਹਿਲਾਇ,
ਧੀਮੀ ਆਵਾਜ਼ ਸੇ ਕਹਾ।।
ਇਸੇ ਬਕਾਲਾ ਨਗਰੀ ਮੇਂ ਲੇ ਜਾਣਾ,
ਪਾਂਚ ਪੈਸੇ ਨਲੀਏਰ ਬਾਬਾ ਤੇਗ ਬਹਾਦਰ ਆਗੇ ਰਾਖ,
ਹਮਾਰੀ ਤਰਫ਼ ਸੇ ਮਸਤਕ ਟੇਕ ਦੇਣਾ।।”
ਹੁਣ ਇਹ ਗੱਲ ਸਪੱਸ਼ਟ ਹੋ ਚੁੱਕੀ ਸੀ ਕਿ ਬਾਬਾ ਕੌਂਣ ਹੈ। ਗੁਰੂ ਹਰਕ੍ਰਿਸ਼ਨ ਜੀ ਖੁਦ ਉੱਠ ਨਹੀਂ ਸਕਦੇ ਸਨ। ਗੁਰੂ ਸਾਹਿਬ ਨੇ ਗੁਰਿਆਈ ਦੀ ਥਾਲ ਤੇ ਤਿੰਨ ਵਾਰ ਆਪਣੇ ਹੱਥ ਨੂੰ ਘੁਮਾ ਕੇ ਪ੍ਰਕਰਮਾ ਕਰ ਦਿੱਤੀਆਂ ਅਤੇ ਸੰਗਤਾਂ ਨੂੰ ਬਚਨ ਕੀਤੇ-
” ਬਾਬਾ ਬਸੇ ਗ੍ਰਾਮ ਬਕਾਲੇ,
ਬਨ ਗੁਰ ਸੰਗਤਿ ਸਕਲ ਸਮਾਲੇ।।”
ਗੁਰੂ ਸਾਹਿਬ ਨੇ ਬਚਨ ਕੀਤੇ-“ਬਾਬਾ ਬਕਾਲੇ”। ਭਾਵ ਹੁਣ ਸਾਡੇ ਤੋਂ ਬਾਅਦ ਅਗਲੇ ਗੁਰੂ ਬਾਬਾ ਬਕਾਲਾ ਵਿਖੇ ਹੋਣਗੇ। ਗੁਰੂ ਜੀ ਨੇ ਬਿਸਤਰ ਤੇ ਲੇਟਿਆਂ ਹੋਇਆਂ ਹੀ ਗੁਰਬਾਣੀ ਦੀ ਇਹ ਆਖ਼ਰੀ ਤੁਕ ਪੜੀ-
“ਜੋ ਤੁਧ ਭਾਵੈ ਸਾਈ ਭਲੀ ਕਾਰ,
ਤੂ ਸਦਾ ਸਲਾਮਤਿ ਨਿਰੰਕਾਰ।।”
ਗੁਰੂ ਜੀ ਗੁਰਬਾਣੀ ਦੀ ਇਹ ਤੁਕ ਪੜ੍ਹ ਕੇ ਜੋਤੀ ਜੋਤਿ ਸਮਾ ਗਏ।
“ਜੋਤੀ ਜੋਤਿ ਰਲੀ, ਸੰਪੂਰਨ ਥੀਆ ਰਾਮ”
ਬਾਬਾ ਬਕਾਲੇ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਦੇਣ ਸੰਬੰਧੀ ਸਾਡੇ ਪੁਰਾਤਨ ਸਰੋਤਾਂ ਵਿੱਚ ਦਰਜ ਹੈ-
ਭਾਈ ਕੇਸਰ ਸਿੰਘ ਬੰਸਾਵਲੀ ਨਾਮਾ ਦੇ ਲਿਖਾਰੀ ਲਿਖਦੇ ਹਨ-
“ਵਕ਼ਤ ਚਲਾਣੇ ਸਿੱਖਾਂ ਕੀਤੀ ਅਰਦਾਸ,
ਗ਼ਰੀਬ ਨਿਵਾਜ਼ ਸੰਗਤ ਛੋਡੀ ਕਿਸ ਪਾਸ”
ਉਸ ਸਮੇਂ ਬਚਨ ਕੀਤਾ-“ਬਾਬਾ ਬਕਾਲੇ”
ਗੁਰਬਿਲਾਸ ਪਾਤਸ਼ਾਹੀ ਦਸਵੀਂ ਕ੍ਰਿਤ ਸੁੱਖਾ ਸਿੰਘ ਜੀ (ਲਿਖਾਰੀ)
“ਸੰਗਤ ਕਹੀ ਪ੍ਰਭੂ ਜਗੰ ਨਾਥਾ, ਬਾਬਾ ਸਹੀ ਬਕਾਲੇ ਆਹੈ
ਯੋ ਕਹਿ ਕਰਿ ਸਤਿਗੁਰ ਬਚ ਆਦਿ ਨਿਜ, ਸੁਖ ਭੀਤਰ ਗੲੇ ਸਮਾਇ।।”
ਸੋ, ਗੁਰੂ ਜੀ ਨੇ ਸਾਰੀ ਸੰਗਤ ਨੂੰ ਆਖ਼ਰੀ ਦਰਸ਼ਨ ਦੀਦਾਰੇ ਦੇ ਕੇ ਆਪਣੀ ਮਾਤਾ ਕ੍ਰਿਸ਼ਨ ਕੌਰ ਜੀ (ਇਹਨਾਂ ਨੂੰ ਮਾਤਾ ਸੁਲੱਖਣੀ ਜੀ ਵੀ ਕਹਿੰਦੇ ਹਨ) ਦੀ ਗੋਦ ਵਿੱਚ ਆਪਣਾ ਸਰੀਰ ਤਿਆਗ ਦਿੱਤਾ। ਜਿਸ ਬੰਗਲੇ ਵਿੱਚ ਗੁਰੂ ਹਰਕ੍ਰਿਸ਼ਨ ਜੀ ਰਹਿੰਦੇ ਸਨ, ਉੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ। ਜਿਸ ਚੁੱਬਚੇ ਵਿੱਚੋਂ ਰੋਗੀਆਂ ਦਾ ਇਲਾਜ ਕੀਤਾ, ਉੱਥੇ ਸੰਗਤਾਂ ਅੱਜ ਜਲ ਛਕਦੀਆਂ ਹਨ। ਜਿੱਥੇ ਗੁਰੂ ਹਰਕ੍ਰਿਸ਼ਨ ਜੀ ਦਾ ਸਸਕਾਰ ਕੀਤਾ, ਉੱਥੇ ਗੁਰਦੁਆਰਾ ਬਾਲਾ ਸਾਹਿਬ ਸੁਸ਼ੋਭਿਤ ਹੈ।
ਸੋ, ਅੱਗੇ ਲੜੀ ਨੰ 20 ਵਿੱਚ ਅਸੀਂ ਬਾਬਾ ਬਕਾਲੇ ਬਾਰੇ, ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਤੇ ਬਿਠਾਉਣ ਬਾਰੇ ਅਤੇ ਉਨ੍ਹਾਂ ਤੇ ਗੋਲੀ ਚਲਾਉਣ ਬਾਰੇ ਜ਼ਿਕਰ ਕਰਾਂਗੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਬਾਅਦ ਕਿੰਨੇ ਮਹੀਨੇ ਗੁਰਗੱਦੀ ਖਾਲੀ ਰਹੀ, ਇਸਦਾ ਵੀ ਜ਼ਿਕਰ ਅਸੀਂ ਅਗਲੀ ਲੜੀ ਵਿੱਚ ਕਰਾਂਗੇ।ਸੋ ਦੇਖਣਾ ਨਾ ਭੁੱਲਣਾ ਜੀ….