ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 14 ਵਿੱਚ ਅਸੀਂ ਪਾਠਕਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਬਾਬਾ ਬਕਾਲਾ ਵਿਖੇ ਰਹਿੰਦਿਆਂ ਹੋਇਆਂ ਉਹਨਾਂ ਦੇ ਨਿਤਨੇਮ ਅਤੇ ਰੋਜ਼ਾਨਾ ਜੀਵਨ ਸ਼ੈਲੀ ਬਾਰੇ ਜਾਣਕਾਰੀ ਦਿੱਤੀ ਸੀ
ਇਸ ਲੜੀ ਨੰ 15 ਵਿੱਚ ਅਸੀਂ ਗੁਰੂ ਹਰਿਰਾਇ ਜੀ ਦੇ ਕੀਰਤਪੁਰ ਸਾਹਿਬ ਵਿਖੇ ਜੋ ਘਟਨਾਵਾਂ ਵਾਪਰਦੀਆਂ ਹਨ, ਉਸ ਇਤਿਹਾਸ ਤੋਂ ਜਾਣੂ ਹੋਵਾਂਗੇ।
1644 ਈਸਵੀ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰੂ ਹਰਿਰਾਇ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦੇ ਦਿੱਤੀ ਸੀ। ਇਸੇ ਸਮੇਂ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਬਕਾਲਾ ਵਿਖੇ ਭੇਜ ਦਿੱਤਾ ਸੀ। ਬਾਅਦ ਵਿੱਚ ਗੁਰੂ ਹਰਿਰਾਇ ਜੀ ਨੇ ਕੀਰਤਪੁਰ ਸਾਹਿਬ ਵਿਖੇ ਰਹਿੰਦਿਆਂ ਹੋਇਆਂ 52 ਬਾਗ਼ ਵੀ ਲਗਵਾਏ। ਉਹਨਾਂ ਵਿੱਚ ਜੜੀਆਂ ਬੂਟੀਆਂ ਵੀ ਲਗਾਈਆਂ ਗਈਆਂ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕ ਭਲਾਈ ਦੇ ਕਾਰਜ ਕੀਤੇ ਜਾਣ। ਗੁਰੂ ਜੀ ਵੱਲੋਂ ਇੱਥੇ ਜ਼ਖ਼ਮੀ ਪਸ਼ੂ ਪੰਛੀਆਂ ਲਈ ਇੱਕ ਚਿੜੀਆ ਘਰ ਵੀ ਖੋਲਿਆ ਗਿਆ। ਇੱਥੇ ਹੀ ਬਸ ਨਹੀਂ, ਗੁਰੂ ਜੀ ਨੇ ਹੋਰ ਵੈਦ ਬੁਲਾਏ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਜੜੀਆਂ ਬੂਟੀਆਂ ਮੰਗਵਾ ਕੇ ਦਵਾਈਆਂ ਤਿਆਰ ਕਰਵਾਈਆਂ ਕਿਉਂਕਿ ਸ਼ਿਵਾਲਿਕ ਦੀਆਂ ਪਹਾੜੀਆਂ ਇੱਥੋਂ ਨੇੜੇ ਸਨ।ਇਸ ਤਰ੍ਹਾਂ ਇਕ ਵੱਡਾ ਦਵਾਖਾਨਾ ਖੋਲਿਆ ਗਿਆ ਜਿਸ ਵਿੱਚ ਭਿਆਨਕ ਤੋਂ ਭਿਆਨਕ ਬੀਮਾਰੀਆਂ ਦਾ ਇਲਾਜ ਕੀਤਾ ਜਾਂਦਾ ਸੀ।ਇਹ ਸਭ ਗੁਰੂ ਜੀ ਵੱਲੋਂ ਮੁਫ਼ਤ ਕੀਤਾ ਜਾਂਦਾ ਸੀ।
ਗੁਰੂ ਜੀ ਆਪਣੇ ਪਿਤਾ ਦੇ ਕਹੇ ਅਨੁਸਾਰ 2200 ਘੋੜਸਵਾਰ ਆਪਣੇ ਨਾਲ ਰੱਖਦੇ ਸਨ। ਸ਼ਸਤਰਾਂ ਅਤੇ ਜੰਗਾਂ ਯੁੱਧਾਂ ਦਾ ਅਭਿਆਸ ਵੀ ਜਾਰੀ ਰੱਖਦੇ ਸਨ। 1646 ਈਸਵੀ ਵਿੱਚ ਪੰਜਾਬ ਵਿੱਚ ਕਾਲ ਪੈ ਗਿਆ। ਉਸ ਸਮੇਂ ਕਾਲ ਪੀੜਤਾਂ ਲੲੀ ਗੁਰੂ ਹਰਿਰਾਇ ਸਾਹਿਬ ਜੀ ਨੇ ਕੀਰਤਪੁਰ ਵਿਖੇ ਇਸ ਦਵਾਖਾਨੇ ਦੇ ਦਰਵਾਜੇ ਖੋਲ੍ਹ ਦਿੱਤੇ। ਆਪਣੇ ਹੱਥੀਂ ਉਹਨਾਂ ਰੋਗੀਆਂ ਦਾ ਇਲਾਜ ਕੀਤਾ। ਇਸੇ ਸਮੇਂ ਦੌਰਾਨ ਸ਼ਾਹਜਹਾਂ ਦਾ ਵੱਡਾ ਪੁੱਤਰ ਦਾਰਾ ਸ਼ਿਕੋਹ ਬੀਮਾਰ ਹੋ ਗਿਆ। ਉਸਦਾ ਕਿਤੇ ਵੀ ਇਲਾਜ ਨਾ ਹੋਇਆ। ਪੂਰੇ ਹਿੰਦੁਸਤਾਨ ਵਿੱਚ ਗੁਰੂ ਹਰਿਰਾਇ ਜੀ ਦੇ ਦਵਾਖਾਨੇ ਦਾ ਬਹੁਤ ਨਾਮ ਸੀ। ਲੋਕਾਂ ਵਲੋਂ ਦੱਸਿਆ ਗਿਆ ਕਿ ਜੇਕਰ ਤੇਰੇ ਪੁੱਤਰ ਨੇ ਠੀਕ ਹੋਣਾ ਹੈ ਤਾਂ ਗੁਰੂ ਹਰਿਰਾਇ ਜੀ ਵੱਲੋਂ ਕੀਰਤਪੁਰ ਵਿਖੇ ਦਵਾਖਾਨਾ ਖੋਲਿਆ ਗਿਆ ਹੈ, ਉੱਥੇ ਹੀ ਇਸਦਾ ਇਲਾਜ ਹੋ ਸਕਦਾ ਹੈ। ਦਾਰਾ ਸ਼ਿਕੋਹ ਗੁਰੂ ਹਰਿਰਾਇ ਜੀ ਕੋਲ ਆਇਆ ਅਤੇ ਗੁਰੂ ਜੀ ਨੇ ਕੀਮਤੀ ਜੜੀਆਂ ਬੂਟੀਆਂ ਨਾਲ ਉਸਦਾ ਇਲਾਜ ਕੀਤਾ। ਦਾਰਾ ਸ਼ਿਕੋਹ ਠੀਕ ਹੋ ਗਿਆ ਅਤੇ ਬਾਅਦ ਵਿੱਚ ਗੁਰੂ ਘਰ ਦਾ ਸ਼ਰਧਾਲੂ ਵੀ ਬਣਿਆ।
ਉਧਰੋਂ ਅੌਰੰਗਜ਼ੇਬ ਆਪਣੀ ਕੁਟਲ ਨੀਤੀ ਕਰਕੇ ਮਾਹਿਰ ਸੀ। ਉਸਨੇ। 1658 ਈਸਵੀ ਵਿੱਚ ਆਪਣੇ ਪਿਤਾ ਸ਼ਾਹਜਹਾਂ ਨੂੰ ਨਜ਼ਰਬੰਦ ਕਰ ਦਿੱਤਾ ਅਤੇ ਆਪਣੇ ਭਰਾਵਾਂ ਵਿਰੁੱਧ ਬਗਾਵਤ ਕਰ ਦਿੱਤੀ। ਦਾਰਾ ਸ਼ਿਕੋਹ ਤੇ ਵੀ ਹਮਲਾ ਕੀਤਾ ਗਿਆ। ਦਾਰਾ ਸ਼ਿਕੋਹ ਦਿੱਲੀ ਤੋਂ ਲਾਹੌਰ ਵੱਲ ਭੱਜ ਗਿਆ। ਇੱਧਰ ਗੁਰੂ ਹਰਿਰਾਇ ਸਾਹਿਬ ਜੀ ਕੀਰਤਪੁਰ ਤੋਂ ਕਰਤਾਰਪੁਰ ਸਾਹਿਬ ਗੲੇ । ਕਰਤਾਰਪੁਰ ਤੋਂ ਬਾਬਾ ਬਕਾਲੇ, ਗੁਰੂ ਤੇਗ ਬਹਾਦਰ ਜੀ ਨੂੰ ਮਿਲ ਕੇ ਗੋਇੰਦਵਾਲ ਸਾਹਿਬ ਪੁੱਜੇ। ਜਦੋਂ ਗੁਰੂ ਜੀ ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਨੂੰ ਧਰਮ ਪ੍ਰਚਾਰ ਨਾਲ ਜੋੜ ਰਹੇ ਸਨ ਤਾਂ ਉਸ ਸਮੇਂ ਦਾਰਾ ਸ਼ਿਕੋਹ ਨੇ ਗੁਰੂ ਹਰਿਰਾਇ ਜੀ ਕੋਲ ਆ ਕੇ ਮਦਦ ਮੰਗੀ। ਗੁਰੂ ਸਾਹਿਬ ਨੇ ਦਰਿਆ ਦੇ ਕਿਨਾਰੇ ਆਪਣੀਆਂ ਫੌਜਾਂ ਲਾ ਕੇ ਅੌਰੰਗਜ਼ੇਬ ਦੀਆਂ ਫੌਜਾਂ ਨੂੰ ਰੋਕ ਕੇ ਰਖਿੱਆ।ਇਸ ਤਰ੍ਹਾਂ ਦਾਰਾ ਸ਼ਿਕੋਹ ਅੱਗੇ ਲਾਹੌਰ ਵੱਲ ਭੱਜ ਗਿਆ।ਬਾਅਦ ਵਿੱਚ ਔਰਗਜੇਬ ਕੋਲ ਖਬਰਾਂ ਪਹੁੰਚਾਈਆਂ ਜਾਂਦੀਆਂ ਹਨ, ਇਹ ਖ਼ਬਰਾਂ ਫੈਲਾਉਣ ਵਿੱਚ ਧੀਰ ਮੱਲ ਦਾ ਵੀ ਹੱਥ ਸੀ। ਔਰੰਗਜ਼ੇਬ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੇ ਭਰਾ ਦਾਰਾ ਸ਼ਿਕੋਹ ਦੀ ਮਦਦ ਗੁਰੂ ਹਰਿਰਾਇ ਜੀ ਨੇ ਕੀਤੀ ਹੈ । ਔਰੰਗਜ਼ੇਬ ਇੱਕ ਚਿੱਠੀ ਭੇਜ ਕੇ ਗੁਰੂ ਜੀ ਨੂੰ ਸਫਾਈ ਦੇਣ ਲਈ ਦਿੱਲੀ ਵੱਲ ਸੱਦਾ ਭੇਜਦਾ ਹੈ। ਗੁਰੂ ਹਰਿਰਾਇ ਜੀ ਇਹ ਪੱਕਾ ਕਰ ਚੁੱਕੇ ਸਨ ਕਿ-
“ਨੈਂਹ ਮਲੇਸ਼ ਕੋ ਦਰਸਨ ਦੇਹੈਂ।।
ਨੈਂਹ ਮਲੇਸ਼ ਕੋ ਦਰਸਨ ਲੇਹੈਂ।।”
ਭਾਵ ਕਿ ਮੈਂ ਔਰਗਜੇਬ ਦੇ ਮੱਥੇ ਨਹੀਂ ਲੱਗਣਾ। ਗੁਰੂ ਹਰਿਰਾਇ ਜੀ ਆਪਣੀ ਜਗ੍ਹਾ ਆਪਣੇ ਵੱਡੇ ਪੁੱਤਰ ਰਾਮਰਾਇ ਜੀ ਨੂੰ ਦਿੱਲੀ ਵੱਲ ਭੇਜ ਦਿੰਦੇ ਹਨ। ਅਗਲਾ ਇਤਿਹਾਸ ਅਸੀਂ ਅਗਲੀ ਲੜੀ ਵਿੱਚ ਸ੍ਰਵਨ ਕਰਾਂਗੇ। ਸੋ ਦੇਖਣਾ ਨਾ ਭੁੱਲਣਾ ਜੀ…