ਸਫ਼ਰ ਏ ਪਾਤਸ਼ਾਹੀ ਦੀ ਲੜੀ ਨੰ 12 ਵਿੱਚ ਅਸੀਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਨਾਨਕੀ ਜੀ ਦੇ ਬਾਬਾ ਬਕਾਲਾ ਸਾਹਿਬ ਜਾਣ ਬਾਰੇ ਇਤਿਹਾਸ ਸ੍ਰਵਨ ਕੀਤਾ ਸੀ
ਇਸ ਲੜੀ ਨੰ 13 ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਬਾਬਾ ਬਕਾਲਾ ਵਿਖੇ ਪਹੁੰਚਣ ਬਾਰੇ ਅਤੇ ੳੁੱਥੇ ਕਿਹਦੇ ਘਰ ਵਿੱਚ ਨਿਵਾਸ ਕੀਤਾ, ਇਸ ਬਾਰੇ ਇਤਿਹਾਸ ਸ੍ਰਵਨ ਕਰਾਂਗੇ
‘ਬਕਾਲੇ’ ਦਾ ਪਹਿਲਾ ਨਾਮ ‘ਬਕਨ’ ਸੀ। ‘ਬਕਨ’ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਭਾਵ ੳੁਹ ਜਗ੍ਹਾ ਜਿੱਥੇ ਹਿਰਨ ਚਰਦੇ ਹੋਣ। ਇੱਥੇ ਇੱਕ ਬਹੁਤ ਵੱਡਾ ਟਿੱਲ੍ਹਾ ਸੀ ਜਿਸਤੇ ਹਿਰਨ ਚਰਦੇ ਸਨ। ਇਸਨੂੰ ‘ਬਕਨ’ ਕਿਹਾ ਜਾਂਦਾ ਸੀ ਜਿਸਨੂੰ ਬਾਅਦ ਵਿੱਚ ‘ਬਕਨਵਾੜਾ’ ਕਿਹਾ ਜਾਣ ਲੱਗਾ। ‘ਬਕਨਵਾੜਾ’ ਤੋਂ ਨਾਮ ਵਿਗੜਦਾ-ਵਿਗੜਦਾ ‘ਬਕਾਲਾ’ ਬਣ ਗਿਆ। ਅੱਜ ਅਸੀਂ ਇਸਨੂੰ ‘ਬਾਬਾ ਬਕਾਲਾ’ ਦੇ ਨਾਮ ਨਾਲ ਜਾਣਦੇ ਹਾਂ। ਇਸੇ ਬਕਾਲੇ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਹੁਰੇ ਘਰ ਸਨ ਅਤੇ ਗੁਰੂ ਤੇਗ ਬਹਾਦਰ ਜੀ ਤੇ ਬਾਬਾ ਅਟੱਲ ਜੀ ਦੇ ਨਾਨਕੇ ਘਰ ਸਨ। ਬਾਬਾ ਅਟੱਲ ਰਾਏ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਨਾਨਕੀ ਜੀ ਦਾ ਇਹ ਪੇਕਾ ਘਰ ਸੀ। ਇੱਥੇ ਹੀ ਆਪ ਜੀ ਦੇ ਨਾਨਾ ਹਰੀਚੰਦ ਜੀ ਅਤੇ ਨਾਨੀ ਹਰੀਦੇਈ ਜੀ ਨਿਵਾਸ ਕਰਦੇ ਸਨ, ਜੋ ਕਿ ਇੱਕ ਬਹੁਤ ਵੱਡੇ ਉੱਚੇ ਪਰਿਵਾਰ ਵਿੱਚੋਂ ਸਨ। ਗੁਰੂ ਹਰਿਗੋਬਿੰਦ ਜੀ ਆਪਣੇ ਪੂਰੇ ਪਰਿਵਾਰ ਸਮੇਤ ਇੱਥੇ ਆਇਆ ਜਾਇਆ ਕਰਦੇ ਸਨ।
ਇੱਥੇ ਦਾ ਇੱਕ ਗੁਰਸਿੱਖ ਪਰਿਵਾਰ ਸੀ ਜਿਸਦਾ ਨਾਮ ਸੀ- ‘ਭਾਈ ਮਿਹਰਾ ਜੀ’ ਭਾਈ ਮਿਹਰਾ ਜੀ ਗੁਰੂ ਜੀ ਦਾ ਬਹੁਤ ਵੱਡਾ ਸ਼ਰਧਾਲੂ ਸੀ ਇਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਸੀ ਕਿ ਮੈਂ ਨਵਾਂ ਘਰ ਬਣਾਇਆ ਹੈ, ਤੁਸੀਂ ਉਸ ਘਰ ਵਿੱਚ ਚਰਨ ਪਾਓ। ਗੁਰੂ ਹਰਿਗੋਬਿੰਦ ਜੀ ਭਾਈ ਮਿਹਰਾ ਜੀ ਦੇ ਘਰ ਆ ਕੇ ਰਹਿੰਦੇ ਹਨ। ਜਦੋਂ ਗੁਰੂ ਜੀ ਜਾਣ ਲਗਦੇ ਹਨ ਤਾਂ ਭਾਈ ਮਿਹਰਾ ਜੀ ਬੇਨਤੀ ਕਰਦੇ ਹਨ ਕਿ,” ਗੁਰੂ ਜੀ, ਤੁਸੀਂ ਨਾ ਜਾਓ। ਥੋੜੀ ਦੇਰ ਇੱਥੇ ਹੀ ਨਿਵਾਸ ਕਰੋ।” ਗੁਰੂ ਹਰਿਗੋਬਿੰਦ ਜੀ ਨੇ ਇਸਦੀ ਸ਼ਰਧਾ ਭਾਵਨਾ ਦੇਖਦੇ ਹੋਏ ਇਸਨੂੰ ਬਚਨ ਕੀਤੇ ਕਿ ,” ਭਾਈ ਮਿਹਰਾ ਜੀ, ਅਜੇ ਸਮਾਂ ਨਹੀਂ ਆਇਆ। ਕੋਈ ਗੱਲ ਨਹੀਂ, ਤੇਰੀ ਸ਼ਰਧਾ ਨੂੰ ਫਲ ਜ਼ਰੂਰ ਲਗੇਗਾ। ਜਦੋਂ ਸਮਾਂ ਆਏਗਾ, ਅਸੀਂ ਬਹੁਤ ਲੰਮਾ ਸਮਾਂ ਤੇਰੇ ਘਰ ਵਿੱਚ ਨਿਵਾਸ ਰੱਖਾਂਗੇ। ਭਾਈ ਮਿਹਰਾ ਜੀ ਨੇ ਪੁੱਛਿਆ ਕਦੋਂ? ਇਸੇ ਘਰ ਵਿੱਚ ਗੁਰੂ ਅਰਜਨ ਦੇਵ ਜੀ ਦੇ ਸੁਪਤਨੀ ਮਾਤਾ ਗੰਗਾ ਜੀ ( ਜੋ ਕਿ ਗੁਰੂ ਹਰਿਗੋਬਿੰਦ ਜੀ ਦੇ ਮਾਤਾ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਦਾਦੀ ਜੀ ਲਗਦੇ ਸਨ ) ਜੀ ਦਾ ਨਿਵਾਸ ਇਸ ਘਰ ਵਿੱਚ ਹੀ ਰਖਿੱਆ ਗਿਆ। ਗੁਰੂ ਤੇਗ ਬਹਾਦਰ ਜੀ ਦੇ ਦਾਦੀ ਜੀ ਭਾਈ ਮਿਹਰਾ ਜੀ ਦੇ ਘਰ ਰਹਿੰਦੇ ਰਹੇ ਅਤੇ ਇੱਥੇ ਉਨ੍ਹਾਂ ਦੀ ਸੇਵਾ ਹੁੰਦੀ ਰਹੀ।
ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਮਿਲਣ ਆਉਂਦੇ ਰਹੇ। ਇਸੇ ਘਰ ਵਿੱਚ ਮਾਤਾ ਗੰਗਾ ਜੀ ਨੇ ਅੰਤਿਮ ਸਵਾਸ ਤਿਆਗੇ ਸਨ। ਅੱਜ ਇੱਥੇ ਮਾਤਾ ਗੰਗਾ ਜੀ ਦੀ ਯਾਦ ਵਿੱਚ ਗੁਰਦੁਆਰਾ ਸ਼ੀਸ਼ ਮਹਿਲ ਬਣਿਆ ਹੋਇਆ ਹੈ। ਭਾਈ ਮਿਹਰਾ ਜੀ ਨੇ ਆਪਣੇ ਘਰ ਨੂੰ ਹੋਰ ਵੱਡਾ ਬਣਾ ਦਿੱਤਾ ਸੀ ਕਿੳੁਂਕਿ ਗੁਰੂ ਸਾਹਿਬ ਨੇ ਬਚਨ ਕੀਤੇ ਸਨ ਕਿ ਤੁਹਾਡੇ ਘਰ ਵਿੱਚ ਆ ਕੇ ਅਸੀਂ ਕਾਫੀ ਦੇਰ ਨਿਵਾਸ ਰੱਖਾਂਗੇ। ਇਹ ਇਸੀ ਉਡੀਕ ਵਿੱਚ ਸੀ। ਹੁਣ ਗੁਰੂ ਹਰਿਗੋਬਿੰਦ ਜੀ ਨੇ 1644 ਈਸਵੀ ਵਿੱਚ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਿਰਾਇ ਜੀ ਨੂੰ ਸੌਂਪ ਦਿੱਤੀ ਸੀ ਅਤੇ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਨੂੰ ਬਚਨ ਕੀਤੇ ਸਨ ਕਿ ਤੁਸੀਂ ਬਕਾਲੇ ਚਲੇ ਜਾਓ, ਉੱਥੇ ਭਾਈ ਮਿਹਰਾ ਜੀ ਦੇ ਘਰ ਜਾ ਕੇ ਨਿਵਾਸ ਕਰੋ। ਇਸ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਜੋਤੀ ਜੋਤਿ ਸਮਾ ਜਾਂਦੇ ਹਨ। ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਨਾਨਕੀ ਜੀ, ਕੀਰਤਪੁਰ ਵਿਖੇ 1644 ਈਸਵੀ ਨੂੰ ਗੁਰੂ ਹਰਿਗੋਬਿੰਦ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਬਾਬਾ ਬਕਾਲੇ ਵਿਖੇ ਅਾ ਜਾਂਦੇ ਹਨ ਅਤੇ ਭਾਈ ਮਿਹਰਾ ਜੀ ਦੇ ਘਰ ਆ ਕੇ ਨਿਵਾਸ ਕਰਦੇ ਹਨ।
*ਸੋ ਅਗਲੀ ਲੜੀ ਨੰ 14 ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਦਾ ਬਾਬਾ ਬਕਾਲਾ ਵਿਖੇ ਰਹਿੰਦਿਆਂ ਹੋਇਆਂ ਰੋਜ਼ ਦਾ ਕੀ ਨਿਤਨੇਮ ਸੀ ਅਤੇ ਗੁਰੂ ਜੀ ਬਾਬਾ ਬਕਾਲਾ ਵਿਖੇ ਰਹਿੰਦਿਆਂ ਹੋਇਆਂ ਕੀ ਕਰਦੇ ਹੁੰਦੇ ਸਨ। ਸੋ, ਦੇਖਣਾ ਨਾ ਭੁੱਲਣਾ ਜੀ..