ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 11 ਦੇ ਤਹਿਤ ਅਸੀਂ ਗੁਰੂ ਹਰਿਰਾਇ ਸਾਹਿਬ ਨੂੰ ਗੁਰਗੱਦੀ ਮਿਲਣ ਬਾਰੇ ਅਤੇ ਗੁਰੂ ਤੇਗ ਬਹਾਦਰ ਜੀ ਦੇ ਕੀਰਤਪੁਰ ਸਾਹਿਬ ਵਿਖੇ ਹੋਈਆਂ ਘਟਨਾਵਾਂ ਬਾਰੇ ਇਤਿਹਾਸ ਸ੍ਰਵਣ ਕੀਤਾ ਸੀ
ਇਸ ਲੜੀ ਨੰ 12 ਦੇ ਤਹਿਤ ਅਸੀਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਬਾਰੇ ਅਤੇ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਨਾਨਕੀ ਜੀ ਦੇ ਬਾਬਾ ਬਕਾਲਾ ਸਾਹਿਬ ਵਿਖੇ ਜਾਣ ਦੇ ਇਤਿਹਾਸ ਤੋਂ ਜਾਣੂ ਹੋਵਾਂਗੇ
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਦੇਣ ਤੋਂ ਬਾਅਦ ਸੱਚਖੰਡ ਜਾਣ ਦੀ ਤਿਆਰੀ ਕਰ ਲਈ। ਗੁਰੂ ਸਾਹਿਬ ਨੇ ਗੁਰਬਾਣੀ ਦੇ ਸ਼ਬਦ ਰਾਹੀਂ ਸੰਗਤ ਨੂੰ ਉਪਦੇਸ਼ ਦਿੱਤਾ। ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਬਾਣੀ ਵਿਚੋਂ ਇਹ ਅਖੀਰਲਾ ਸ਼ਬਦ ਉਚਾਰਿਆ-
ਮਾਰੂ ਮਹਲਾ ੫ ਘਰ ੪ ਅਸਟਪਦੀਆਂ
।।੧ਓ ਸਤਿਗੁਰ ਪ੍ਰਸਾਦਿ।।
“ਚਾਦਨਾ ਚਾਦਨ ਨੀਕਾ, ਪ੍ਰਭ ਜੀਉ ਅੰਤਰਿ ਚਾਦਨਾ।।੧।।
ਆਰਾਧਨਾ ਆਰਾਧਨ ਨੀਕਾ, ਹਰਿ ਹਰਿ ਨਾਮੁ ਆਰਾਧਨਾ।।੨।।
ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ।।੩।।
ਮਾਗਨਾ ਮਾਗਨ ਨੀਕਾ, ਹਰਿ ਜਸੁ ਗੁਰ ਤੇ ਮਾਗਨਾ।।੪।।
ਜਾਗਨਾ ਜਾਗਨ ਨੀਕਾ, ਹਰਿ ਕੀਰਤਨ ਮਹਿ ਜਾਗਨਾ।।੫।।
ਲਾਗਨਾ ਲਾਗਨ ਨੀਕਾ, ਗੁਰ ਚਰਣੀ ਮਨ ਲਾਗਨਾ।।੬।।
ਇਹ ਬਿਧਿ ਤਿਸਹਿ ਪਰਾਪਤੇ, ਜਾ ਕੈ ਮਸਤਕਿ ਭਾਗਨਾ।।੭।।
ਕਹੁ ਨਾਨਕ ਤਿਸੁ ਸਭ ਕਿਛੁ ਨੀਕਾ, ਜੋ ਪ੍ਰਭ ਕੀ ਸਰਨਾਗਨਾ।।੮।।੧।।੪।।
ਕਿ ਹੋਰ ਬਾਕੀ ਦੀਵੇ ਬਾਲਣ ਦੇ ਚਾਨਣ ਤੋਂ ,ਭਾਵ ਬਾਹਰਲੇ ਚਾਨਣ ਨਾਲੋਂ ਅੰਦਰ ਨਾਮ ਦਾ ਚਾਨਣ ਕਰਨਾ ਹੀ ਸਭ ਤੋਂ ਵੱਡਾ ਚਾਨਣ ਹੈ।। ਬਾਕੀ ਨਾਮਾਂ ਨਾਲੋਂ ਕੇਵਲ ਪਰਮਾਤਮਾ ਦਾ ਨਾਮ ਜਪਣਾ ਹੀ ਸਭ ਤੋਂ ਵਧੀਆ ਸਿਮਰਨ ਹੈ। ਸੋ, ਗੁਰੂ ਸਾਹਿਬ ਜੀ ਨੇ ਇਸ ਸ਼ਬਦ ਰਾਹੀਂ ਸਾਰੀਆਂ ਸੰਗਤਾਂ ਨੂੰ ਉਪਦੇਸ਼ ਦਿੱਤਾ ਅਤੇ ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ ਨੂੰ ਬਚਨ ਕੀਤੇ ਕਿ , ” ਤੁਸੀਂਂ ‘ਰਮਦਾਸ’ ਚਲੇ ਜਾਓ। ਜੋ ਗੁਰਬਾਣੀ ਸੰਥਿਆ ਦੇ ਕਾਰਜ ਬਾਬਾ ਬੁੱਢਾ ਜੀ ਵੱਲੋਂ ਵੀ ਅਰੰਭੇ ਗੲੇ ਸਨ, ਉਹਨਾਂ ਕਾਰਜਾਂ ਨੂੰ ਜਾ ਕੇ ਸੰਭਾਲੋ। ਉੱਥੇ ਜਾ ਕੇ ਬੱਚਿਆਂ ਅਤੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜੋ।” ਉਸ ਤੋਂ ਬਾਅਦ ਗੁਰੂ ਜੀ ਨੇ ਆਪਣੇ ਨਿਕਟਵਰਤੀ ਢਾਡੀ ਵਾਰਾਂ ਗਾਉਣ ਵਾਲੇ, ਨੱਥਾ ਅਤੇ ਅਬਦੁੱਲਾ ਨੂੰ ਵੀ ਬਚਨ ਕੀਤੇ ਕਿ ਤੁਸੀਂ ਵੀ ਆਪਣੇ ਘਰ ਜਾਓ। ਆਪਣੇ ਇਲਾਕੇ ਵਿੱਚ ਆਪਣੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਨਾਮ ਦ੍ਰਿੜ ਕਰਵਾਉਂਦੇ ਰਹੋ। ਉਸ ਤੋਂ ਬਾਅਦ ਗੁਰੂ ਹਰਿਰਾਇ ਜੀ ਨੂੰ ਅੰਤਲੇ ਉਪਦੇਸ਼ ਦਿੱਤੇ ਕਿ “ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਰੀਤ ਨੂੰ ਅੱਗੇ ਚਲਾਓ। ਸੀਤਲਤਾ ਅਤੇ ਸ਼ਾਂਤੀ ਬਣਾ ਕੇ ਰੱਖੋ। ਆਪਾ ਨਾ ਜਤਾਉਣਾ। 2200 ਘੋੜਸਵਾਰ ਨਾਲ ਰੱਖਣੇ। ਲੋੜ ਪੈਣ ਤੇ ਜ਼ਰੂਰ ਵਰਤ ਲੈਣਾ।” ਫਿਰ ਗੁਰੂ ਸਾਹਿਬ ਨੇ ਆਪਣੀ ਸੁਪਤਨੀ ਮਾਤਾ ਨਾਨਕੀ ਜੀ ਨੂੰ ਬਚਨ ਕੀਤੇ –
“ਅਬ ਮਾਨੋ ਮਮ ਬਾਇ, ਜਾਇ ਬਕਾਲੇ ਤੁਮ ਰਹੁ।।
ਤਿਹੰ ਤਾਂ ਬਸ ਤੁਮ ਜਾਇ, ਸਤਿ ਗੁਰਿਆਈ ਤੋਹਿ ਹੋਇ।।”
ਭਾਵ ਤੁਸੀਂ ਆਪਣੇ ਪੇਕੇ ਬਕਾਲੇ ਚਲੇ ਜਾਓ। ਸੱਚ ਜਾਣੀਂ, ਇੱਕ ਦਿਨ ਤੇਰੇ ਪੁੱਤਰ ਤੇਗ ਬਹਾਦਰ ਨੂੰ ਗੁਰਗੱਦੀ ਦੀ ਦਾਤ ਜ਼ਰੂਰ ਪ੍ਰਾਪਤ ਹੋਵੇਗੀ। ਇਸ ਸਮੇਂ ਗੁਰੂ ਹਰਿਗੋਬਿੰਦ ਜੀ ਨੇ 3 ਚੀਜ਼ਾਂ ਮਾਤਾ ਨਾਨਕੀ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਬਖਸ਼ਿਸ਼ ਕੀਤੀਆਂ। ਇਹ ਸਨ- ਕਟਾਰ, ਰੁਮਾਲ ਅਤੇ ਪੋਥੀ ਸਾਹਿਬ। ਇਹੀ ਰੁਮਾਲ ਇੱਕ ਦਿਨ ਧਰਮ ਦੀ ਚਾਦਰ ਦੀ ਬਣੀ ਅਤੇ ਇਹੀ ਕਟਾਰ ਧਰਮ ਨੂੰ ਬਚਾਉਣ ਵਾਸਤੇ ਤੇਗ ਬਣੀ। ਸੋ ਅਗਲੇ ਦਿਨ ਐਤਵਾਰ ਨੂੰ, 3 ਮਾਰਚ 1644 ਈਸਵੀ ਨੂੰ ਗੁਰੂ ਹਰਿਗੋਬਿੰਦ ਜੀ ਜੋਤੀ ਜੋਤਿ ਸਮਾ ਗਏ। ਗੁਰੂ ਜੀ ਦੇ ਸਸਕਾਰ ਵਾਲੀ ਜਗ੍ਹਾ ਤੇ ਅੱਜ ਗੁਰਦੁਆਰਾ ਪਾਤਾਲਪੁਰੀ ਸਾਹਿਬ ਬਣਿਆ ਹੋਇਆ ਹੈ। ਗੁਰੂ ਸਾਹਿਬ ਦਾ ਸਸਕਾਰ – ਗੁਰੂ ਹਰਿਰਾਇ ਸਾਹਿਬ ਜੀ, ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ,ਸਿੱਖਾਂ ਵਿੱਚੋਂ ਭਾਈ ਜੋਧ ਰਾਇ ਜੀ ਅਤੇ ਗੁਰੂ ਸਾਹਿਬ ਦੇ 2 ਪੁੱਤਰ – ਬਾਬਾ ਸੂਰਜ ਮੱਲ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਹੱਥੀਂ ਕੀਤਾ। ਸੋ, ਜੋਤੀ ਜੋਤਿ ਸਮਾਉਣ ਤੋਂ ਕੁਝ ਦਿਨਾਂ ਬਾਅਦ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਜੀ ਨੂੰ ਨਾਲ ਲੈ ਕੇ ਬਾਬਾ ਬਕਾਲਾ ਵਿਖੇ ਚਲੇ ਜਾਂਦੇ ਹਨ।
ਅੱਗੇ ਲੜੀ ਨੰ 13 ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦਾ, ਮਾਤਾ ਨਾਨਕੀ ਜੀ ਨਾਲ ਬਾਬਾ ਬਕਾਲੇ ਜਾਣਾ ਅਤੇ ਉੱਥੇ ਕਿਹਦੇ ਘਰ ਰਹੇ, ਇਸ ਬਾਰੇ ਸਾਰੇ ਇਤਿਹਾਸ ਤੋਂ ਜਾਣੂ ਹੋਵਾਂਗੇ। ਸੋ ਦੇਖਣਾ ਨਾ ਭੁੱਲਣਾ ਜੀ….