ਸਫ਼ਰ ੲੇ ਪਾਤਸ਼ਾਹੀ ਦੀ ਲੜੀ ਨੰ 9 ਦੇ ਤਹਿਤ ਪਾਠਕਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਬਹਾਦਰੀ ਅਤੇ ਜੋਸ਼ ਬਾਰੇ ਜਾਣੂ ਕਰਵਾਇਆ ਗਿਆ ਸੀ, ਜੋ ੳੁਹਨਾਂ ਨੇ ਕਰਤਾਰਪੁਰ ਦੀ ਜੰਗ ਵਿੱਚ ਵਿਖਾਏ ਸਨ।
ਇਸ ਲੜੀ ਨੰ 10 ਦੇ ਤਹਿਤ, ਗੁਰੂ ਤੇਗ ਬਹਾਦਰ ਜੀ ਨੇ ਕੀਰਤਪੁਰ ਸਾਹਿਬ ਵਿਖੇ ਕਿਵੇਂ ਆਪਣਾ ਜੀਵਨ ਬਤੀਤ ਕੀਤਾ, ਅਸੀਂ ਉਸ ੲਿਤਿਹਾਸ ਬਾਰੇ ਜਾਣੂ ਹੋਵਾਂਗੇ।
ਕਰਤਾਰਪੁਰ ਦੀ ਜੰਗ ਤੋਂ ਬਾਅਦ ਜਲਦੀ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਮੇਂ ਦੇ ਹਲਾਤਾਂ ਨੂੰ ਵੇਖਦੇ ਹੋਏ ਕਰਤਾਰਪੁਰ ਤੋਂ, ਕੀਰਤਪੁਰ ਸਾਹਿਬ ਨੂੰ ਆਪਣਾ ਨਿਵਾਸ ਸਥਾਨ ਬਣਾ ਲਿਆ ਸੀ। ਕੀਰਤਪੁਰ ਸਾਹਿਬ ਆਉਣ ਤੋਂ ਪਹਿਲਾਂ, ਗੁਰੂ ਜੀ ਨੇ ਆਪਣੇ ਪੁੱਤਰ ਗੁਰਦਿੱਤਾ ਜੀ ਨੂੰ ਭੇਜ ਕੇ, ਮੋਹੜੀ ਗੱਡ ਕੇ, ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੇੜੇ, ਕੀਰਤਪੁਰ ਸਾਹਿਬ ਨਗਰ ਵਸਾ ਦਿੱਤਾ ਸੀ। ਕਾਫੀ ਘਰ ਵੀ ਬਣ ਚੁੱਕੇ ਸਨ। ਇੱਥੇ ਹੀ ਗੁਰੂ ਕੇ ਮਹਿਲ,- ਜਿਹਨੂੰ ਅੱਜ ਗੁਰਦੁਆਰਾ ਸ਼ੀਸ਼ ਮਹਿਲ ਕਿਹਾ ਜਾਂਦਾ ਹੈ, ੲਿਹ ਅਸਥਾਨ ਵੀ ਬਣ ਕੇ ਤਿਆਰ ਹੋ ਗਿਆ ਸੀ। ਕਰਤਾਰਪੁਰ ਦੀ ਜੰਗ ਤੋਂ ਬਾਅਦ ਆਪਣੇ ਪਰਿਵਾਰ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਜਗ੍ਹਾ ਤੇ ਪਹੁੰਚ ਜਾਂਦੇ ਹਨ।ਇਸ ਸਮੇਂ ਗੁਰੂ ਤੇਗ ਬਹਾਦਰ ਜੀ ਦੀ ਉਮਰ 14 ਸਾਲ ਦੀ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਇੱਥੋਂ ਪ੍ਰਚਾਰਕ ਦੌਰਿਆਂ ਤੇ ਵੀ ਜਾਉਂਦੇ ਸਨ। ਗੁਰੂ ਹਰਿਰਾਇ ਸਾਹਿਬ ਜੀ, ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸਨ। ਇਸ ਲੲੀ ਗੁਰੂ ਤੇਗ ਬਹਾਦਰ ਜੀ, ਗੁਰੂ ਹਰਿਰਾਇ ਸਾਹਿਬ ਜੀ ਦੇ ਚਾਚਾ ਜੀ ਲਗਦੇ ਸਨ। ਗੁਰੂ ਹਰਿਰਾਇ ਸਾਹਿਬ ਜੀ, ਜੋ ਕਿ ਅਜੇ ਗੁਰੂ ਨਹੀਂ ਸਨ ਬਣੇ, ਗੁਰੂ ਤੇਗ ਬਹਾਦਰ ਜੀ ਤੋਂ 10 ਸਾਲ ਛੋਟੇ ਸਨ। ਗੁਰੂ ਹਰਿਰਾਇ ਸਾਹਿਬ ਜੀ ਦੇ ਵੱਡੇ ਭਰਾ ਦਾ ਨਾਮ ਧੀਰ ਮੱਲ ਸੀ। ਇੱਥੇ ਇਹ ਵੀ ਸ਼ਬਦ ਵਰਤੇ ਜਾਂਦੇ ਹਨ ਕਿ ਧੀਰ ਮੱਲ ਤਾਂ ਦੂਜਾ ਪ੍ਰਿਥੀਆ ਹੈ। ਸੋ, ਬਾਬਾ ਗੁਰਦਿੱਤਾ ਜੀ ਦੇ 2 ਪੁੱਤਰ ਸਨ- ਧੀਰ ਮੱਲ ਜੀ ਅਤੇ ਗੁਰੂ ਹਰਿਰਾਇ ਜੀ। ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਹਰਿਰਾਇ ਸਾਹਿਬ ਜੀ ਦੋਨੋਂ ਚਾਚਾ – ਭਤੀਜਾ ਬਹੁਤ ਵੱਡੀਆਂ ਸੇਵਾਵਾਂ ਕੀਰਤਪੁਰ ਸਾਹਿਬ ਵਿਖੇ ਨਿਭਾਉਂਦੇ ਸਨ। ਇਕੱਠੇ ਸੰਗਤਾਂ ਦੀ ਸੇਵਾ ਕਰਦੇ ਸਨ। ਇਸ ਤਰ੍ਹਾਂ ਸੇਵਾ ਕਰਦਿਆਂ ਹੋਇਆਂ ਸਮਾਂ ਲੰਘਦਾ ਜਾਂਦਾ ਹੈ।
ਇਕ ਦਿਨ ਗੁਰੂ ਹਰਿਰਾਇ ਸਾਹਿਬ ਜੀ, ਬਾਗ਼ ਵਿੱਚ ਟਹਿਲਣ ਜਾਂਦੇ ਹਨ। ਉਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਬਾਗ਼ ਵਿੱਚ ਸੈਰ ਕਰਨ ਜਾਂਦੇ ਹਨ(ਇੱਥੇ ਮੈਨੂੰ ਮਾਫ਼ ਕਰ ਦੇਣਾ ਕਿ ਗੁਰੂ ਹਰਿਰਾਇ ਸਾਹਿਬ ਜੀ, ਅਜੇ ਗੁਰੂ ਨਹੀਂ ਸਨ ਬਣੇ ਪਰ ਦਾਸ ਵਲੋਂ ਗੁਰੂ ਕਰਕੇ ਹੀ ਸੰਬੋਧਨ ਕੀਤਾ ਜਾ ਰਿਹਾ ਹੈ) ਗੁਰੂ ਜੀ ਜਦੋਂ ਬਾਗ਼ ਵਿੱਚ ਟਹਿਲਣ ਜਾ ਰਹੇ ਸਨ, ਉਦੋਂ ਗੁਰੂ ਹਰਿਰਾਇ ਜੀ ਦੇ ਚੋਲੇ ਨਾਲ ਅੜ ਕੇ ਇੱਕ ਫੁੱਲ ਟੁੱਟ ਜਾਂਦਾ ਹੈ। ਇਹ ਦੇਖ ਕੇ ਗੁਰੂ ਜੀ ਬਹੁਤ ਉਦਾਸ ਹੁੰਦੇ ਹਨ ਕਿਉਂਕਿ ਗੁਰੂ ਜੀ ਦਾ ਦਿਲ ਬੜਾ ਕੋਮਲ ਸੀ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਹ ਗੱਲ ਪੁੱਛੀ ਕਿ,” ਪੁੱਤਰ ਜੀ, ਇਹ ਫੁੱਲ ਕਿਉਂ ਤੋੜਿਆ?” ਹਰਿਰਾਇ ਜੀ ਜਵਾਬ ਦਿੰਦੇ ਹਨ ਕਿ,” ਪਿਤਾ ਜੀ, ਜਾਮੇ ਨਾਲ ਅੜ ਕੇ ਟੁੱਟ ਗਿਆ।” ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬੜੇ ਪਿਆਰ ਭਰੇ ਬਚਨ ਕੀਤੇ ਕਿ ,” ਪੁੱਤਰ ਜੀ, ਜੇ ਜਾਮਾ ਵੱਡਾ ਮਿਲ ਜਾਏ ਤਾਂ ਇਸਦਾ ਇਹ ਮਤਲਬ ਨਹੀਂ ਕਿ ਫੁੱਲ ਤੋੜਦੇ ਫਿਰੀਏ। ਜਾਮਾ ਵੱਡਾ ਮਿਲ ਜਾਏ ਤਾਂ ਕਦਮ ਸਾਂਭ ਸਾਂਭ ਕੇ ਰੱਖਣੇ ਚਾਹੀਦੇ ਹਨ।” ਇਸ ਗੱਲ ਪਿੱਛੇ ਗੁਰੂ ਹਰਿਗੋਬਿੰਦ ਜੀ ਦਾ ਵੱਡਾ ਜਾਮਾ ਪਹਿਨ ਕੇ ਗੱਲ ਕਰਨੀ ਇਕ ਬਹੁਤ ਵੱਡਾ ਰਾਜ਼ ਸੀ।
ਸੋ 1634-1644 ਈਸਵੀ ਤੱਕ ਗੁਰੂ ਪਰਿਵਾਰ ਨੂੰ ਕੀਰਤਪੁਰ ਸਾਹਿਬ ਵਿਖੇ ਰਹਿੰਦਿਆਂ ਹੋਇਆਂ ਤਕਰੀਬਨ 10 ਸਾਲ ਹੋ ਚੁੱਕੇ ਸਨ।ਇਸ ਸਮੇਂ ਗੁਰੂ ਤੇਗ ਬਹਾਦਰ ਜੀ ਦੀ ਉਮਰ 24 ਸਾਲ ਅਤੇ ਗੁਰੂ ਹਰਿਰਾਇ ਜੀ ਦੀ ਉਮਰ 14 ਸਾਲ ਹੋ ਚੁੱਕੀ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੰਗਤ ਵਿੱਚ ਇੱਕ ਬਚਨ ਕੀਤਾ ਕਿ ,”ਅਸੀਂ ਆਪਣੇ ਤੋਂ ਬਾਅਦ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਦੇਣ ਜਾ ਰਹੇ ਹਾਂ।ਇਹ ਸੁਣ ਕੇ ਮਾਤਾ ਨਾਨਕੀ ਜੀ ਦੇ ਮਨ ਵਿੱਚ ਕੀ ਆਉਂਦਾ ਹੈ, ਗੁਰੂ ਤੇਗ ਬਹਾਦਰ ਜੀ ਦੇ ਮਨ ਵਿੱਚ ਕੀ ਆਉਂਦਾ ਹੈ, ਇਹ ਅਸੀਂ ਅੱਗੇ ਲੜੀ ਨੰ 11 ਵਿੱਚ ਸ੍ਰਵਨ ਕਰਾਂਗੇ। ਸੋ ਦੇਖਣਾ ਨਾ ਭੁੱਲਣਾ ਜੀ।