ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 6 ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚ ਉਸ ਘਟਨਾ ਬਾਰੇ ਸ੍ਰਵਨ ਕੀਤਾ ਸੀ ਜਿਸਨੇ ਛੋਟੀ ਉਮਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਹਿਰਦੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚ ਹੋਰ ਵੀ ਕਈ ਘਟਨਾਵਾਂ ਵਾਪਰਦੀਆਂ ਹਨ ਜਿਹਨਾਂ ਦਾ ਗੁਰੂ ਸਾਹਿਬ ਜੀ ਦੇ ਜੀਵਨ ਤੇ ਬਹੁਤ ਅਸਰ ਪਿਆ ਸੀ
ਹੁਣ ਤੱਕ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਤੋਂ ਲੈ ਕੇ, ਉਹਨਾਂ ਦੀ ਵਿਦਿਆ ਅਤੇ ਸ਼ਸਤਰ ਵਿੱਦਿਆ ਤੱਕ ਦਾ ਇਤਿਹਾਸ ਸ੍ਰਵਨ ਕਰ ਚੁੱਕੇ ਹਾਂ। ਜਦੋਂ ਗੁਰੂ ਤੇਗ ਬਹਾਦਰ ਜੀ 7 ਸਾਲ ਦੇ ਹੋਏ ਤਾਂ ਇਹਨਾਂ ਦੇ ਜੀਵਨ ਵਿੱਚ ਉਹਨਾਂ ਦੇ ਵੱਡੇ ਭਰਾ ਬਾਬਾ ਅਟੱਲ ਰਾਏ ਜੀ ਦਾ ਅਕਾਲ ਚਲਾਣਾ ਕਰ ਜਾਣ ਦਾ ਵੀ ਬਹੁਤ ਡੂੰਘਾ ਪ੍ਰਭਾਵ ਪਿਆ। ਇਸੇ ਸਾਲ ਗੁਰੂ ਅਰਜਨ ਦੇਵ ਜੀ ਦੇ ਮਹਿਲ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਾਤਾ ਅਤੇ ਗੁਰੂ ਤੇਗ ਬਹਾਦਰ ਜੀ ਦੀ ਦਾਦੀ ਮਾਤਾ ਗੰਗਾ ਜੀ ਕੋਲੋਂ ਇਹਨਾਂ ਨੇ ਗੋਦ ਦੀ ਨਿੱਘ ਪ੍ਰਾਪਤ ਕੀਤੀ। ਗੁਰੂ ਤੇਗ ਬਹਾਦਰ ਜੀ ਦੇ ਦਾਦਾ ਗੁਰੂ ਅਰਜਨ ਦੇਵ ਜੀ ਇਹਨਾਂ ਦੇ ਪ੍ਰਕਾਸ਼ ਤੋਂ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਸਨ। ਗੁਰੂ ਤੇਗ ਬਹਾਦਰ ਜੀ ਅਤੇ ਬਾਕੀ ਪੁੱਤਰਾਂ ਦਾ ਮਾਤਾ ਗੰਗਾ ਜੀ ਨਾਲ ਬਹੁਤ ਪ੍ਰੇਮ ਸੀ। ਅਚਾਨਕ 1628 ਈਸਵੀ ਵਿੱਚ ਪਹਿਲਾਂ ਸਕੇ ਭਰਾ ਬਾਬਾ ਅਟੱਲ ਰਾਏ ਜੀ ਦਾ ਵਿਛੋੜਾ ਪੈ ਜਾਣਾ ਅਤੇ ਇਸੇ ਸਾਲ ਮਾਤਾ ਗੰਗਾ ਜੀ ਦਾ ਅਕਾਲ ਚਲਾਣਾ ਕਰ ਜਾਣ ਨੇ ਵੀ ਗੁਰੂ ਤੇਗ ਬਹਾਦਰ ਜੀ ਦੇ ਹਿਰਦੇ ਤੇ ਬਹੁਤ ਡੂੰਘਾ ਅਸਰ ਛੱਡਿਆ। ਇੱਥੇ ਹੀ ਬੱਸ ਨਹੀਂ, ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ, ਜਿਹਨਾਂ ਦਾ ਗੁਰੂ ਘਰ ਨਾਲ ਬਹੁਤ ਪ੍ਰੇਮ ਸੀ। ਇਹਨਾਂ ਨੇ ਆਪਣੇ ਜਿਉਂਦੇ ਜੀਅ ਆਪਣੇ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਨੂੰ ਉਦਾਸੀ ਸੰਪਰਦਾ ਦੀ ਵਾਗਡੋਰ ਸੰਭਾਲ ਦਿੱਤੀ। ਬਾਬਾ ਸ੍ਰੀ ਚੰਦ ਜੀ ਦੀ ਉਮਰ 100 ਸਾਲ ਤੋਂ ਵੱਧ ਹੋ ਚੁੱਕੀ ਸੀ। ਇਹਨਾਂ ਦਾ ਗੁਰੂ ਘਰ ਨਾਲ ਬਹੁਤ ਪ੍ਰੇਮ ਸੀ। ਗੁਰੂ ਸਾਹਿਬ ਜੀ ਵੀ ਬਾਬਾ ਸ੍ਰੀ ਚੰਦ ਜੀ ਦਾ ਬਹੁਤ ਸਤਿਕਾਰ ਕਰਦੇ ਸਨ। ਜਦੋਂ ਗੁਰੂ ਤੇਗ ਬਹਾਦਰ ਜੀ 8 ਸਾਲ ਦੇ ਹੋਏ ਤਾਂ ਉਸ ਸਮੇਂ ਬਾਬਾ ਸ੍ਰੀ ਚੰਦ ਜੀ ਅਕਾਲ ਚਲਾਣਾ ਕਰ ਗਏ। ਇਹ ਸਭ ਵੀ ਗੁਰੂ ਤੇਗ ਬਹਾਦਰ ਜੀ ਨੇ ਆਪਣੀਆਂ ਅੱਖਾਂ ਨਾਲ ਆਪਣੀ ਜ਼ਿੰਦਗੀ ਵਿੱਚ ਮਹਿਸੂਸ ਕੀਤਾ। ਜਦੋਂ ਗੁਰੂ ਸਾਹਿਬ 10 ਸਾਲ ਦੇ ਹੋਏ ਤਾਂ ਉਸ ਸਮੇਂ 17 ਨਵੰਬਰ 1631 ਨੂੰ ਬਾਬਾ ਬੁੱਢਾ ਜੀ ਅਕਾਲ ਚਲਾਣਾ ਕਰ ਗਏ
ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਦੇਵ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਦਰਸ਼ਨ ਕਰ ਚੁੱਕੇ ਸਨ। ਉਹਨਾਂ ਨੇ 6 ਗੁਰੂ ਸਾਹਿਬਾਨ ਦੇ ਦਰਸ਼ਨ ਹੀ ਨਹੀਂ ਕੀਤੇ ਸਗੋਂ ਗੁਰੂ ਤੇਗ ਬਹਾਦਰ ਜੀ ਅਤੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਵੀ ਇਹਨਾਂ ਦਿਨਾਂ ਵਿੱਚ ਹੁੰਦਾ ਹੈ। ਬਾਬਾ ਬੁੱਢਾ ਜੀ ਨੇ 8 ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ। 6 ਗੁਰੂ ਸਾਹਿਬਾਨ ਉਸ ਸਮੇਂ ਗੁਰਗੱਦੀ ਤੇ ਬਿਰਾਜਮਾਨ ਸਨ। ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ 5 ਗੁਰੂ ਸਾਹਿਬਾਨ ਨੂੰ ਆਪਣੇ ਹੱਥੀਂ ਗੁਰਤਾਗੱਦੀ ਦਾ ਤਿਲਕ ਲਗਾਇਆ। ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦਿੱਤੀ ਗਈ ਤਾਂ ਉਸ ਸਮੇਂ ਵੀ ਬਾਬਾ ਬੁੱਢਾ ਜੀ ਨੇ ਗੁਰਗੱਦੀ ਦਾ ਤਿਲਕ ਆਪਣੇ ਹੱਥੀਂ ਲਗਾਇਆ। ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦਿੱਤੀ ਗਈ ਤਾਂ ਉਸ ਸਮੇਂ ਵੀ ਬਾਬਾ ਬੁੱਢਾ ਜੀ ਨੇ ਆਪਣੇ ਹੱਥੀਂ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦਾ ਤਿਲਕ ਲਗਾਇਆ। ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦਿੱਤੀ ਗਈ ਤਾਂ ਉਸ ਸਮੇਂ ਵੀ ਇਹ ਰਸਮ ਬਾਬਾ ਬੁੱਢਾ ਜੀ ਨੇ ਅਦਾ ਕੀਤੀ। ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦਾ ਤਿਲਕ ਲਗਾਉਣ ਸਮੇਂ ਵੀ ਇਹ ਰਸਮ ਬਾਬਾ ਬੁੱਢਾ ਜੀ ਨੇ ਨਿਭਾਈ। ਜਦੋਂ ਛੇਵੇਂ ਗੁਰੂ ਸਾਹਿਬ ਨੂੰ ਜਦੋਂ ਗੁਰਗੱਦੀ ਦਾ ਤਿਲਕ ਲਗਾਇਆ ਗਿਆ ਤਾਂ ਉਸ ਸਮੇਂ ਵੀ ਬਾਬਾ ਬੁੱਢਾ ਜੀ ਨੇ ਇਹ ਰਸਮ ਅਦਾ ਕੀਤੀ। ਇਹਨਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੀਰੀ ਅਤੇ ਪੀਰੀ ਦੀਆਂ 2 ਕਿਰਪਾਨਾਂ ਪਹਿਨਾਈਆਂ। ਇਹ ਕਿੰਨੇ ਸੁਭਾਗੇ ਸਨ ਕਿ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ 125 ਸਾਲ ਦੀ ਉਮਰ ਤੱਕ ਇਹ ਸੇਵਾ ਨਿਭਾਈ। ਬਾਬਾ ਬੁੱਢਾ ਜੀ ਨੇ 6 ਗੁਰੂ ਸਾਹਿਬਾਨਾਂ ਦੇ ਗੁਰਗੱਦੀ ਤੇ ਅਤੇ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਹਰਿਰਾਇ ਸਾਹਿਬ ਜੀ, ਜੋ ਕਿ ਅਜੇ ਗੁਰੂ ਨਹੀਂ ਬਣੇ ਸਨ, ਇਹਨਾਂ ਦੇ ਵੀ ਆਪਣੇ ਨੇਤਰਾਂ ਨਾਲ ਦਰਸ਼ਨ ਕੀਤੇ। ਬਾਬਾ ਬੁੱਢਾ ਜੀ ਦਾ ਜਾਣਾ ਇੱਕ ਬਹੁਤ ਵੱਡਾ ਵਿਛੋੜਾ ਸੀ। ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆਪਣੇ ਵਿਦਿਆ ਗੁਰੂ ਅਤੇ ਗੁਰੂ ਘਰ ਦੇ ਗ੍ਰੰਥੀ ਬਾਬਾ ਬੁੱਢਾ ਜੀ, ਜਿਹਨਾਂ ਦਾ ਬਹੁਤ ਉੱਚਾ ਰੁਤਬਾ ਸੀ, ਇਹਨਾਂ ਦਾ ਵਿਛੋੜਾ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਪੈਂਦਾ ਹੈ। ਬਾਬਾ ਬੁੱਢਾ ਜੀ ਪਰਲੋਕ ਗਮਨ ਕਰ ਜਾਂਦੇ ਹਨ। ਇਹਨਾਂ ਦਾ ਸਮੁੱਚਾ ਜੀਵਨ ਗੁਰੂ ਘਰ ਲਈ ਸਮਰਪਿਤ ਰਿਹਾ ਸੀ। ਬਾਬਾ ਬੁੱਢਾ ਜੀ ਦਾ ਸਸਕਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ ਅਤੇ ਇਹ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਬਹੁਤ ਡੂੰਘਾ ਅਸਰ ਸੀ। ਇੱਕ ਬ੍ਰਹਮਗਿਆਨੀ ਦਾ ਇਸ ਤਰੀਕੇ ਨਾਲ ਜਾਣਾ ਅਤੇ ਹੋਰ ਛੋਟੀਆਂ ਘਟਨਾਵਾਂ ਦਾ 7 ਸਾਲ ਤੋਂ ਲੈ ਕੇ 10 ਸਾਲ ਦੀ ਉਮਰ ਤੱਕ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਬਹੁਤ ਡੂੰਘਾ ਪ੍ਰਭਾਵ ਪਿਆ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚੋਂ ਤਿਆਗ ਅਤੇ ਬੈਰਾਗ ਦੀ ਰੰਗਤ ਦੇਖਣ ਨੂੰ ਮਿਲਦੀ ਹੈ। ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਸਮੁੱਚੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਉਸ ਸਮੇਂ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਉਹਨਾਂ ਸਲੋਕਾਂ ਨੂੰ ਵੀ ਪੜ੍ਹਦੇ ਹਾਂ-
” ਚਿੰਤਾ ਤਾ ਕੀ ਕੀਜੀਏ ਜੋ ਅਨਹੋਨੀ ਹੋਇ
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ”
ਸੋ ਅੱਗੇ ਲੜੀ ਨੰ 8 ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਦੀ ਗੱਲ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਦਾ ਵਿਆਹ 11 ਸਾਲ ਦੀ ਉਮਰ ਵਿੱਚ ਕੀਤਾ ਜਾਂਦਾ ਹੈ। ਉਸ ਸਮੇਂ ਮਾਤਾ ਗੁਜਰੀ ਜੀ ਦੀ ਕਿੰਨੀ ਉਮਰ ਸੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਸਹੁਰੇ ਘਰ ਦੇ ਵੀ ਦਰਸ਼ਨ ਕਰਾਂਗੇ।