ਪ੍ਰਸੰਗ ਕ੍ਰਮਾਂਕ 16: ਨੌਵੇਂ ਪਾਤਸ਼ਾਹ ਤੋਂ ਬਾਅਦ ਅੱਜ ਤੱਕ ਕਿਉਂ ਪਛਤਾਂਦਾ ਹੈ ਇਹ ਨਗਰ?(ਕਰਹਾਲੀ ਨਗਰ ਦਾ ਸੰਪੂਰਨ ਇਤਿਹਾਸ)

Spread the love

ਪ੍ਰਸੰਗ ਕ੍ਰਮਾਂਕ 16: ਨੌਵੇਂ ਪਾਤਸ਼ਾਹ ਤੋਂ ਬਾਅਦ ਅੱਜ ਤੱਕ ਕਿਉਂ ਪਛਤਾਂਦਾ ਹੈ ਇਹ ਨਗਰ?(ਕਰਹਾਲੀ ਨਗਰ ਦਾ ਸੰਪੂਰਨ ਇਤਿਹਾਸ)

  (ਸਫ਼ਰ-ਏ-ਪਾਤਸ਼ਾਹੀ ਨੌਵੀਂ — ਸ਼ਹੀਦੀ ਮਾਰਗ ਯਾਤਰਾ)

ਅੱਜ ਅਸੀਂ ਇਤਿਹਾਸ ਦੀ ਉਸ ਪੀੜ੍ਹ ਨਾਲ ਸੰਵਾਦ ਕਰਨ ਜਾ ਰਹੇ ਹਾਂ, ਜੋ ਸਮੇਂ ਦੀਆਂ ਪਰਤਾਂ ਹੇਠ ਦਬੀ ਹੋਈ ਹੈ। ਅੱਜ ਚਰਚਾ ਦਾ ਕੇਂਦਰ ਹੈ, ਗੁਰਦੁਆਰਾ ਕਰਹਾਲੀ ਸਾਹਿਬ ਅਤੇ ਉਸ ਨਾਲ ਜੁੜਿਆ ਉਹ ਨਗਰ, ਜੋ ਅੱਜ ਵੀ ਆਪਣੇ ਅਤੀਤ ਨੂੰ ਯਾਦ ਕਰਦਾ ਹੋਇਆ ਮੌਨ ਪਛਤਾਵਾ ਕਰਦਾ ਹੋਇਆ ਦਿਸਦਾ ਹੈ।

ਧੰਨ – ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਪਾਵਨ ਸਫ਼ਰ ਸੈਫ਼ਾਬਾਦ ਤੋਂ ਆਰੰਭ ਹੋ ਕੇ ਮੋਤੀ ਬਾਗ ਪਹੁੰਚਿਆ ਅਤੇ ਮੋਤੀ ਬਾਗ ਤੋਂ ਗੁਰੂ ਸਾਹਿਬ ਸਮਾਣਾ ਵੱਲ ਅੱਗੇ ਵਧੇ। ਗੁਰਦੁਆਰਾ ਗੜ੍ਹੀ ਨਜ਼ੀਰ ਉਹ ਇਤਿਹਾਸਕ ਅਸਥਾਨ ਹੈ, ਜਿੱਥੇ ਗੁਰੂ ਸਾਹਿਬ ਨੇ ਰਾਤ ਦਾ ਵਿਸ਼ਰਾਮ ਕੀਤਾ ਸੀ। ਇਸ ਤੋਂ ਬਾਅਦ ਲਗਭਗ ਅਠਾਰਾਂ ਕਿਲੋਮੀਟਰ ਅੱਗੇ, ਪਟਿਆਲਾ ਦੀ ਦਿਸ਼ਾ ਵੱਲ ਜਾਂਦੇ ਹੋਏ, ਨਹਿਰ ਦੇ ਕੰਢੇ – ਕੰਢੇ ਇਹ ਸ਼ਹੀਦੀ ਮਾਰਗ ਦੀ ਯਾਤਰਾ ਸਾਨੂੰ ਗੁਰਦੁਆਰਾ ਕਰਹਾਲੀ ਸਾਹਿਬ ਵੱਲ ਲੈ ਜਾਂਦੀ ਹੈ।

ਵਾਪਸੀ ਦੇ ਮਾਰਗ ’ਤੇ ਗੜ੍ਹੀ ਨਜ਼ੀਰ ਦੇ ਮੁੱਖ ਦਰਵਾਜ਼ੇ ਤੋਂ ਅੱਗੇ ਵਧਦੇ ਹੋਏ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਚੌਕ ’ਤੇ ਪਹੁੰਚਦੇ ਹਾਂ। ਇਹ ਚੌਕ ਬੰਦਾ ਸਿੰਘ ਬਹਾਦਰ ਦੀ ਵੀਰਤਾ ਦੇ ਮਹਾਨ ਪ੍ਰਤੀਕ ਦੀ ਯਾਦ ਵਿੱਚ ਸ਼ੋਭਾਇਮਾਨ ਹੈ। ਹਰੇ – ਭਰੇ ਖੇਤਾਂ, ਪਿੰਡਾਂ ਅਤੇ ਪਗਡੰਡੀਆਂ ਰਾਹੀਂ ਲੰਘਦੀ ਇਹ ਯਾਤਰਾ ਕੇਵਲ ਭੂਗੋਲਕ ਨਹੀਂ ਰਹਿੰਦੀ, ਸਗੋਂ ਇਤਿਹਾਸਕ ਚੇਤਨਾ ਦੀ ਯਾਤਰਾ ਬਣ ਜਾਂਦੀ ਹੈ।

ਪਟਿਆਲਾ ਸ਼ਹਿਰ ਤੋਂ ਕਰਹਾਲੀ ਸਾਹਿਬ ਵੱਲ ਜਾਂਦੇ ਸਮੇਂ ਰਸਤੇ ਵਿੱਚ ਇੱਕ ਤਖ਼ਤੀ ਦਿਸਦੀ ਹੈ। ਇਹ ਮੋੜ ‘ਨਨਾਨਸੂ ਚੌਕ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅੱਗੇ ਕਈ ਪਿੰਡ ਲੰਘਦੇ ਹੋਏ, ਇੱਕ ਛੋਟੇ ਜਿਹੇ ਸੂਏ  ਨੂੰ ਪਾਰ ਕਰਕੇ ਅਸੀਂ ਕਰਹਾਲੀ ਨਗਰ ਵਿੱਚ ਦਾਖ਼ਲ ਹੁੰਦੇ ਹਾਂ। ਸਾਹਮਣੇ ਹੀ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਉਢੀ ਸ਼ਰਧਾ ਅਤੇ ਗੰਭੀਰਤਾ ਨਾਲ ਸ਼ੋਭਾਇਮਾਨ ਹੈ। ਡਿਉਢੀ ਪਾਰ ਕਰਦੇ ਹੀ ਗੁਰਦੁਆਰਾ ਸਾਹਿਬ ਸਾਕਸ਼ਾਤ ਸਾਹਮਣੇ ਪ੍ਰਗਟ ਹੋ ਜਾਂਦਾ ਹੈ।

ਆਓ, ਸਭ ਤੋਂ ਪਹਿਲਾਂ ਗੁਰਦੁਆਰਾ ਕਰਹਾਲੀ ਸਾਹਿਬ ਦੇ ਦਰਸ਼ਨ ਕਰੀਏ, ਉਸ ਤੋਂ ਬਾਅਦ ਗੁਰੂ ਸਾਹਿਬ ਨਾਲ ਜੁੜੇ ਇਤਿਹਾਸ ਦੀਆਂ ਪਰਤਾਂ ਤੁਹਾਡੇ ਸਾਹਮਣੇ ਕ੍ਰਮਵਾਰ ਖੁਲ੍ਹਦੀਆਂ ਜਾਣਗੀਆਂ।

ਬੈਕਗ੍ਰਾਊੱਡ ਮਿਊਜ਼ਿਕ: ਸਮੇਂ ਦੀ ਧੂੜ ਹਟਾਉਂਦੀ ਹੋਈ ਮਾਰਮਿਕ ਸੁਰ-ਲਹਿਰ ਦਰਸ਼ਕ ਨੂੰ ਇਤਿਹਾਸ ਦੀਆਂ ਗਹਿਰਾਈਆਂ ਵੱਲ ਲੈ ਜਾਂਦੀ ਹੈ।

ਹੁਣ ਅਸੀਂ ਕਰਹਾਲੀ ਨਗਰ ਦੇ ਅੰਦਰ ਸਥਿਤ ਗੁਰਦੁਆਰਾ ਚਰਨ ਕਮਲ ਸਾਹਿਬ ਵੱਲ ਵਧਦੇ ਹਾਂ। ਜੋ ਦ੍ਰਿਸ਼ ਤੁਹਾਡੇ ਸਾਹਮਣੇ ਹੈ, ਉਹ ਕੇਵਲ ਇੱਕ ਇਮਾਰਤ ਨਹੀਂ, ਸਗੋਂ ਗੁਰੂ-ਚਰਨਾਂ ਦੀ ਯਾਦ ਨਾਲ ਪ੍ਰਾਣਿਤ ਪਵਿੱਤਰ ਧਰਤੀ ਹੈ। ਆਓ, ਗੁਰਦੁਆਰਾ ਚਰਨ ਕਮਲ ਸਾਹਿਬ ਦੇ ਦਰਸ਼ਨ ਕਰੀਏ।

ਪਾਰਸ਼ਵ-ਗਾਇਨ: ਗੁਰੂ-ਸਮ੍ਰਿਤੀ ਨੂੰ ਜਾਗ੍ਰਿਤ ਕਰਦੀ ਕੋਮਲ, ਆਧਿਆਤਮਿਕ ਧੁਨ ਪਿਛੋਕੜ ਵਿੱਚ ਪ੍ਰਵਾਹਿਤ ਹੈ।

ਜਦੋਂ ਇਸ ਅਸਥਾਨ ਦੇ ਇਤਿਹਾਸ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਇੱਥੋਂ ਦੇ ਬੁਜ਼ੁਰਗਾਂ ਨਾਲ ਸੰਵਾਦ ਕਰਨ ਦਾ ਮੌਕਾ ਮਿਲਿਆ। ਇੱਕ ਸਥਾਨਕ ਬਾਪੂ ਜੀ ਨੇ ਦੱਸਿਆ ਕਿ ਦਰਬਾਰ ਸਾਹਿਬ ਦੇ ਨੇੜੇ, ਜਿੱਥੇ ਅੱਜ ਕਡਾਹ ਪ੍ਰਸਾਦ ਦਾ ਕਾਊਂਟਰ ਬਣਿਆ ਹੋਇਆ ਹੈ, ਉੱਥੇ ਕਦੇ ਇੱਕ ਵਿਸ਼ਾਲ ਬੋਹੜ ਦਾ ਦਰੱਖ਼ਤ ਹੁੰਦਾ ਸੀ।

ਡਾ. ਖੋਜੀ ਨੇ ਪੁੱਛਿਆ- “ਅਸੀਂ ਸੁਣਿਆ ਹੈ ਕਿ ਉਹ ਦਰੱਖ਼ਤ ਕਟਵਾ ਦਿੱਤਾ ਗਿਆ, ਬਾਪੂ ਜੀ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਉਹ ਖੂਹ ਅਤੇ ਬੋਹੜ ਕਿਸ ਅਸਥਾਨ ’ਤੇ ਸਨ?”

ਬਾਪੂ ਜੀ ਨੇ ਉੱਤਰ ਦਿੱਤਾ- “ਜਿੱਥੇ ਅੱਜ ਜੋਤ ਜਗਦੀ ਹੈ ਅਤੇ ਕਡਾਹ ਪ੍ਰਸਾਦ ਦਾ ਕਾਊਂਟਰ ਬਣਿਆ ਹੋਇਆ ਹੈ, ਓਹੀ ਥਾਂ ਉਸ ਬੋਹੜ ਦੀ ਸੀ।”

ਡਾ. ਖੋਜੀ ਨੇ ਮੁੜ ਪੁੱਛਿਆ- “ਕੀ ਉਹ ਦਰੱਖ਼ਤ ਚੰਗੀ ਹਾਲਤ ਵਿੱਚ ਸੀ?”

ਉੱਤਰ ਮਿਲਿਆ- “ਹਾਂ ਜੀ, ਉਹ ਦਰੱਖ਼ਤ ਪੂਰੀ ਤਰ੍ਹਾਂ ਹਰਾ – ਭਰਾ ਅਤੇ ਸਿਹਤਮੰਦ ਸੀ।”

“ਫਿਰ ਉਸਨੂੰ ਕਟਵਾਉਣ ਦਾ ਕਾਰਨ ਕੀ ਸੀ?”

ਬਾਪੂ ਜੀ ਨੇ ਦਰਦ ਨਾਲ ਦੱਸਿਆ- “ਕਾਰ-ਸੇਵਾ ਵਾਲੇ ਸੇਵਾਦਾਰਾਂ ਨੇ ਥਾਂ ਦਾ ਹਵਾਲਾ ਦੇ ਕੇ ਉਸਨੂੰ ਕਟਵਾ ਦਿੱਤਾ। ਉਸ ਸਮੇਂ ਮਹਾਂਪੁਰਖ ਸੰਤ ਗੁਰਚਰਨ ਸਿੰਘ ਜੀ ਆਪ ਇੱਥੇ ਵਿਰਾਜਮਾਨ ਰਹਿੰਦੇ ਸਨ।”

ਡਾ. ਖੋਜੀ ਨੇ ਜ਼ਿਕਰ ਕੀਤਾ- “ਇਸੇ ਤਰ੍ਹਾਂ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦਾ ਬੋਹੜ ਵੀ ਕਟਵਾਇਆ ਗਿਆ ਸੀ।”

ਬਾਪੂ ਜੀ ਨੇ ਅੱਗੇ ਜੋੜਿਆ- “ਉਹਨਾਂ ਨੇ ਤਾਂ ਪੁਰਾਤਨ ਖੂਹ ਵੀ ਬੰਦ ਕਰਵਾ ਦਿੱਤਾ। ਅੱਜ ਵੀ ਗੁਰਦੁਆਰਾ ਛਰਹਟਾ ਸਾਹਿਬ ਵਿੱਚ ਛੇ ਹਲਟੀਆਂ ਚੱਲ ਰਹੀਆਂ ਹਨ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਸ ਖੂਹ ਅਤੇ ਹਲਤੀ ਨੂੰ ਬੰਦ ਨਾ ਕੀਤਾ ਜਾਵੇ।”

ਡਾ. ਖੋਜੀ ਨੇ ਪੁੱਛਿਆ-“ਹੁਣ ਸਰੋਵਰ ਵਿੱਚ ਪਾਣੀ ਕਿੱਥੋਂ ਆਉਂਦਾ ਹੈ?”

ਉੱਤਰ ਮਿਲਿਆ- “ਹੁਣ ਬੋਰਵੈਲ ਅਤੇ ਮੋਟਰ ਰਾਹੀਂ। ਪਹਿਲਾਂ ਨਹਿਰ ਤੋਂ ਇੱਕ ਸੂਏ ਰਾਹੀਂ ਪਾਣੀ ਆਉਂਦਾ ਸੀ। ਜਦੋਂ ਨਹਿਰ ਦਾ ਪਾਣੀ ਰੁਕ ਜਾਂਦਾ ਸੀ, ਤਾਂ ਹਲਟੀ ’ਤੇ ਵਲਦ ਜੋੜ ਕੇ ਪਾਣੀ ਕੱਢਿਆ ਜਾਂਦਾ ਸੀ।”

ਇੱਕ ਹੋਰ ਬੁਜ਼ੁਰਗ ਨੇ ਕਿਹਾ- “ਮਹਾਰਾਜ ਕਰਮ ਸਿੰਘ ਜੀ ਪਟਿਆਲਾ ਵਾਲਿਆਂ ਵੱਲੋਂ ਬਣਾਏ ਗਏ ਸਾਰੇ ਗੁਰਦੁਆਰਿਆਂ ਦਾ ਮੁੱਖ ਦਰਵਾਜ਼ਾ ਉਨ੍ਹਾਂ ਦੇ ਰਾਜ ਵੱਲ ਹੀ ਰੱਖਿਆ ਗਿਆ ਸੀ।”

ਇਸ ਤੋਂ ਬਾਅਦ ਸਾਨੂੰ ਨੱਬੇ ਸਾਲਾਂ ਦੇ ਬੁਜ਼ੁਰਗ ਨੰਬਰਦਾਰ ਜੀ ਨਾਲ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਆਪਣੇ ਹਿਰਦੇ ਵਿੱਚ ਸੰਚਿਤ  ਵਲਵਲੇ ਪ੍ਰਗਟ ਕਰਦੇ ਹੋਏ ਦੱਸਿਆ- “ਅਸੀਂ 1947 ਵਿੱਚ ਜ਼ਿਲ੍ਹਾ ਲਾਇਲਪੁਰ, ਤਹਿਸੀਲ ਸਮੁੰਦਰੀ (ਪਾਕਿਸਤਾਨ) ਤੋਂ ਇੱਥੇ ਆਏ ਸਾਂ। ਤਦੋਂ ਤੋਂ ਅਸੀਂ ਵੇਖਦੇ ਆ ਰਹੇ ਹਾਂ ਕਿ ਸੰਤ ਗੁਰਚਰਨ ਸਿੰਘ ਜੀ ਦੇ ਸਮੇਂ ਸਥਾਨਕ ਕਮੇਟੀ ਹੀ ਇਸ ਅਸਥਾਨ ਦੀ ਸੇਵਾ – ਸੰਭਾਲ ਕਰਦੀ ਸੀ। ਜੋ ਇਮਾਰਤ ਅੱਜ ਵਿਸ਼ਾਲ ਰੂਪ ਵਿੱਚ ਦਿਸਦੀ ਹੈ, ਉਹ ਉਸ ਵੇਲੇ ਇੱਕ ਛੋਟੇ ਕਿਲੇ ਵਰਗੀ ਸੀ, ਚਾਰ-ਪੰਜ ਕਮਰੇ, ਵਿਚਕਾਰ ਇੱਕ ਕਮਰੇ ਵਿੱਚ ਮਹਾਰਾਜ ਦਾ ਸਰੂਪ ਵਿਰਾਜਮਾਨ ਸੀ। ਸਾਹਮਣੇ ਵਾਲੇ ਕਮਰੇ ਦੇ ਦਰਵਾਜ਼ੇ ਕੋਲ ਇੱਕ ਖੂਹ ਸੀ ਅਤੇ ਨੇੜੇ ਹੀ ਬੋਹੜ। ਅੱਗੇ ਇੱਕ ਛੋਟਾ ਜਿਹਾ ਸਰੋਵਰ ਸੀ, ਜੋ ਹੁਣ ਕਾਫ਼ੀ ਵੱਡਾ ਹੋ ਗਿਆ ਹੈ। ਸਾਹਮਣੇ ਦੋ ਨਿਸ਼ਾਨ ਸਾਹਿਬ ਸ਼ੋਭਾਇਮਾਨ ਹਨ।”

ਉਹ ਭਾਵੁਕ ਹੋ ਕੇ ਕਹਿੰਦੇ ਹਨ- “ਅੱਜ ਇਮਾਰਤ ਵੱਡੀ ਹੋ ਗਈ ਹੈ, ਪਰ ਉਸ ਵੇਲੇ ਸਭ ਕੁਝ ਛੋਟਾ ਸੀ। ਫਿਰ ਵੀ ਇਹ ਧਰਤੀ ਇੰਨੀ ਪਵਿੱਤਰ ਸੀ ਕਿ ਜੋ ਵੀ ਇੱਥੇ ਦਰਸ਼ਨ ਕਰਕੇ ਜਾਂਦਾ ਸੀ, ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਸਨ। ਪੰਜ ਸੌ ਕਿਲੋਮੀਟਰ ਦੂਰ – ਦੂਰ ਤੱਕੋਂ ਵੀ ਸੰਗਤ ਇੱਥੇ ਆਉਂਦੀ ਸੀ। ਇਹ ਬਹੁਤ ਹੀ ਪਾਵਨ ਧਰਤੀ ਹੈ। ਅੱਜ ਹਾਲਾਤ ਬਦਲ ਗਏ ਹਨ, ਕਾਰ-ਸੇਵਾ ਵਾਲੇ ਬਾਬਾ ਜੀ ਸੇਵਾ ਕਰ ਰਹੇ ਹਨ, ਪਰ ਇਤਿਹਾਸ ਅੱਜ ਵੀ ਮੌਨ ਪ੍ਰਸ਼ਨ ਪੁੱਛਦਾ ਹੈ।”

ਸਥਾਨਕ ਸੇਵਾਦਾਰਾਂ ਦੀ ਵਾਣੀ ਵਿੱਚ ਸਾਲਾਂ ਦਾ ਅਨੁਭਵ ਅਤੇ ਹਿਰਦੇ ਵਿੱਚ ਸੰਚਿਤ ਪੀੜਾ ਸਾਫ਼ ਝਲਕਦੀ ਹੈ। ਉਹ ਕਹਿੰਦੇ ਹਨ- ਅਸੀਂ ਇਸ ਦਰਬਾਰ ਸਾਹਿਬ ਨੂੰ ਬਚਪਨ ਤੋਂ ਵੇਖਦੇ ਆ ਰਹੇ ਹਾਂ। ਪਹਿਲਾਂ ਇੱਥੇ ਇੱਕ ਹਲਟੀ ਹੁੰਦੀ ਸੀ, ਜਿਸਨੂੰ ਕਦੇ ਵਲਦ ਖਿੱਚਦੇ ਸਨ ਅਤੇ ਕਦੇ ਹੱਥਾਂ ਨਾਲ ਚਲਾਇਆ ਜਾਂਦਾ ਸੀ। ਪਾਣੀ ਦਾ ਇਹ ਪ੍ਰਬੰਧ ਕੇਵਲ ਸਹੂਲਤ ਨਹੀਂ ਸੀ, ਸਗੋਂ ਪਰੰਪਰਾ ਅਤੇ ਜੀਵੰਤ ਇਤਿਹਾਸ ਦਾ ਪ੍ਰਤੀਕ ਸੀ। ਪਰੰਤੂ ਕਾਰ ਸੇਵਾ ਦੇ ਨਾਂ ’ਤੇ ਉਹ ਸਭ ਕੁਝ ਸਮਾਪਤ ਕਰ ਦਿੱਤਾ ਗਿਆ।

ਬੈਕਗ੍ਰਾਊੱਡ ਮਿਊਜ਼ਿਕ: ਅਸਥਾਨ ਦੇ ਗੌਰਵ ਨੂੰ ਉਭਾਰਦੀ ਹੋਈ ਹੌਲੀ, ਸ਼ਰਧਾਮਈ ਧੁਨ ਵਾਤਾਵਰਣ ਵਿੱਚ ਉਤਰ ਰਹੀ ਹੈ।

ਇੱਕ ਹੋਰ ਸੇਵਾਦਾਰ ਯਾਦਾਂ ਦੀਆਂ ਪਰਤਾਂ ਖੋਲ੍ਹਦੇ ਹੋਏ ਦੱਸਦੇ ਹਨ- ਇੱਥੇ ਇੱਕ ਵਿਸ਼ਾਲ ਬੋਹੜ ਦਾ ਦਰੱਖ਼ਤ ਸੀ, ਇੱਕ ਹਲਟੀ ਸੀ, ਸਾਹਮਣੇ ਇੱਕ ਦਰਵਾਜ਼ਾ ਸੀ ਅਤੇ ਛੋਟੀਆਂ ਇੱਟਾਂ ਨਾਲ ਬਣੀ ਹੋਈ ਇੱਕ ਕੰਧ ਖੜੀ ਸੀ। ਉਹ ਸਭ ਕੁਝ ਢਾਹ ਦਿੱਤਾ ਗਿਆ।

ਜਦੋਂ ਪੁੱਛਿਆ ਗਿਆ- ਕਿਸ ਨੇ ਢਾਹਿਆ?
ਉੱਤਰ ਸਿੱਧਾ ਅਤੇ ਦਰਦਨਾਕ ਸੀ- ਕਾਰ ਸੇਵਾ ਵਾਲਿਆਂ ਨੇ।

ਡਾ. ਖੋਜੀ ਨੇ ਸਵਾਲ ਕੀਤਾ- ਕੀ ਤੁਹਾਨੂੰ ਇਸ ਦਾ ਦੁੱਖ ਮਹਿਸੂਸ ਨਹੀਂ ਹੋਇਆ?
ਸੇਵਾਦਾਰ ਬੋਲੇ- ਉਸ ਸਮੇਂ ਸਰਪੰਚ ਹਰਿ ਸਿੰਘ ਜੀ ਨੇ ਵੀ ਇਸ ਦਾ ਵਿਰੋਧ ਕੀਤਾ ਸੀ, ਪਰੰਤੂ ਉਨ੍ਹਾਂ ਦੀ ਆਵਾਜ਼ ਵੀ ਅਣਸੁਣੀ ਰਹਿ ਗਈ।

ਡਾ. ਖੋਜੀ ਦੀ ਵਾਣੀ ਵਿੱਚ ਗੁੱਸਾ ਅਤੇ ਕਰੁਣਾ ਇਕੱਠੇ ਉਭਰ ਆਉਂਦੇ ਹਨ- ਸਨ 1980 ਤੋਂ ਪਹਿਲਾਂ ਇੱਥੇ ਉਹ ਬੋਹੜ ਦਾ ਦਰੱਖ਼ਤ ਮੌਜੂਦ ਸੀ, ਜਿਸ ਦੀ ਛਾਂ ਹੇਠ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਰਾਜਮਾਨ ਹੋਏ ਸਨ। ਸੰਭਵ ਹੈ ਉਸ ਦਰੱਖ਼ਤ ਦੀ ਉਮਰ ਬਹੁਤ ਲੰਬੀ ਹੁੰਦੀ; ਪਤਾ ਨਹੀਂ ਉਹ ਭਵਿੱਖ ਦੇ ਕਿੰਨੇ ਬਸੰਤ ਵੇਖਦਾ। ਉਹ ਦਰੱਖ਼ਤ ਹੀ ਤਾਂ ਇੱਕੋ-ਇੱਕ ਜੀਵੰਤ ਨਿਸ਼ਾਨੀ ਸੀ, ਇੱਕ ਖੂਹ ਦੀ ਨਿਸ਼ਾਨੀ ਅਤੇ ਇੱਕ ਦਰੱਖ਼ਤ ਦੀ ਨਿਸ਼ਾਨੀ। ਦੋਹਾਂ ਨੂੰ ਨਸ਼ਟ ਕਰ ਦਿੱਤਾ ਗਿਆ। ਅੱਜ ਸਰੋਵਰ ਸਾਹਿਬ ਬਣਿਆ ਹੋਇਆ ਹੈ, ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਸ਼ੋਭਾਇਮਾਨ ਹੈ, ਸੰਗਤ ਦਰਸ਼ਨ ਕਰ ਰਹੀ ਹੈ, ਪਰੰਤੂ ਹਿਰਦੇ ਵਿੱਚ ਇਹ ਸਵਾਲ ਚੁਭਦਾ ਹੈ ਕਿ ਉਸ ਸਮੇਂ ਦੀਆਂ ਪਵਿੱਤਰ ਨਿਸ਼ਾਨੀਆਂ ਦੀ ਸੇਵਾ – ਸੰਭਾਲ ਕਿਉਂ ਨਹੀਂ ਕੀਤੀ ਗਈ?

ਪਿੱਛੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿੱਚ ਜੋ ਬੋਹੜ ਦਾ ਦਰੱਖ਼ਤ ਸੀ, ਉਸ ਦੇ ਹੇਠ ਇਹ ਦਾਸ (ਡਾ. ਖੋਜੀ) ਸਾਲਾਂ ਤੱਕ ਜਾਂਦਾ ਰਿਹਾ, ਉਸਨੂੰ ਵੀ ਨਸ਼ਟ ਕਰ ਦਿੱਤਾ ਗਿਆ। ਆਖਿਰ ਇਹਨਾਂ ਦਰੱਖ਼ਤਾਂ ਨਾਲ ਐਨੀ ਕੀ ਤਕਲੀਫ਼ ਸੀ, ਜੋ ਉਨ੍ਹਾਂ ਨੂੰ ਕੱਟ ਦਿੱਤਾ ਗਿਆ?

ਇੱਕ ਹੋਰ ਸੇਵਾਦਾਰ ਵੀ ਇਸ ਇਤਿਹਾਸ ਦੀ ਪੁਸ਼ਟੀ ਕਰਦੇ ਹੋਏ ਕਹਿੰਦੇ ਹਨ- ਕਈ ਵਾਰ ਸਾਨੂੰ ਇਸ ਗੱਲ ਦਾ ਡੂੰਘਾ ਅਫ਼ਸੋਸ ਹੁੰਦਾ ਹੈ ਕਿ ਪੁਰਾਤਨ ਖੂਹ ਬੰਦ ਕਰ ਦਿੱਤੇ ਗਏ। ਅਸੀਂ ਸਭ ਚਾਹੁੰਦੇ ਹਾਂ ਕਿ ਉਸ ਪੁਰਾਤਨ ਖੂਹ ਨੂੰ ਦੁਬਾਰਾ ਜੀਵੰਤ ਕੀਤਾ ਜਾਵੇ, ਤਾਂ ਜੋ ਆਉਣ ਵਾਲੀ ਸੰਗਤ ਵੀ ਉਸ ਦੇ ਦਰਸ਼ਨ ਕਰ ਸਕੇ। ਮੌਜੂਦ ਸਾਰੇ ਬੁਜ਼ੁਰਗ ਵਾਰ – ਵਾਰ ਇਸ ਇਤਿਹਾਸ ਦੀ ਪੁਸ਼ਟੀ ਕਰਦੇ ਹਨ। ਇੱਕ ਬੁਜ਼ੁਰਗ ਦੱਸਦੇ ਹਨ ਕਿ ਪੁਰਾਤਨ ਗੁਰੂ ਘਰ ਦਾ ਮੁੱਖ ਮੂੰਹ ਨਨਾਨਸੂ ਪਿੰਡ ਵੱਲ ਸੀ।

ਡਾ. ਖੋਜੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ- ਪਰੰਪਰਾ ਦੀ ਰੀਤ ਮੰਨੋ। ਕੁਝ ਇਤਿਹਾਸ ਲਿਖਤੀ ਰੂਪ ਵਿੱਚ ਮਿਲਦਾ ਹੈ ਅਤੇ ਕੁਝ ਇਤਿਹਾਸ ਨੂੰ ਧਰਾਤਲ ’ਤੇ ਖੋਜ ਕੇ ਸਮਝਣਾ ਪੈਂਦਾ ਹੈ। ਜਦੋਂ ਇਨ੍ਹਾਂ ਬੁਜ਼ੁਰਗਾਂ ਨਾਲ ਗੱਲਬਾਤ ਹੋਈ, ਤਾਂ ਸੀਨਾ-ਬਸੀਨਾ ਚੱਲਦਾ ਆ ਰਿਹਾ ਮੌਖਿਕ ਇਤਿਹਾਸ ਇਹ ਵੀ ਦੱਸਦਾ ਹੈ ਕਿ ਸੰਭਵਤ: ਇੱਥੇ ਗੁਰੂ ਪਿਤਾ ਜੀ ’ਤੇ ਹਮਲਾ ਵੀ ਕੀਤਾ ਗਿਆ ਸੀ ਅਤੇ ਪੱਥਰ ਵੀ ਮਾਰੇ ਗਏ ਸਨ। ਇਸ ਤੱਥ ਦੀ ਪੁਸ਼ਟੀ ਉਥੇ ਦੇ ਸਰਪੰਚ ਨੇ ਵੀ ਕੀਤੀ ਸੀ।

ਇਸੇ ਕ੍ਰਮ ਵਿੱਚ ਸਾਨੂੰ ਸਰਦਾਰ ਗੁਰਸੇਵਕ ਸਿੰਘ ਜੀ ਨਾਲ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਸਾਨੂੰ ਪਿੰਡ ਦੀਆਂ ਪੁਰਾਣੀਆਂ ਗਲੀਆਂ ਵਿੱਚ ਸਥਿਤ ਟੁੱਟੇ – ਫੁੱਟੇ ਘਰ ਦਿਖਾਏ। ਇਹ ਸਾਰੇ ਪੁਰਾਤਨ ਘਰ ਛੋਟੀਆਂ ਇੱਟਾਂ ਨਾਲ ਬਣੇ ਹੋਏ ਹਨ। ਉਨ੍ਹਾਂ ਦਾ ਆਪਣਾ ਘਰ ਵੀ ਉਸੇ ਪੁਰਾਣੀ ਨਿਰਮਾਣ ਸ਼ੈਲੀ ਦਾ ਸਾਕਸ਼ ਹੈ। ਇਸੇ ਅਸਥਾਨ ’ਤੇ ਇੱਕ ਪੁਰਾਤਨ ਦਰਵਾਜ਼ਾ ਅੱਜ ਵੀ ਟੂਟੀ – ਫੁਟੀ ਅਵਸਥਾ ਵਿੱਚ ਆਪਣੀ ਬੇਬਸੀ ਬਿਆਨ ਕਰਦਾ ਦਿਸਦਾ ਹੈ। ਇਸ ਦਰਵਾਜ਼ੇ ਨੂੰ ‘ਸ਼ੇਰ ਵਾਲਾ ਗੇਟ’ ਕਿਹਾ ਜਾਂਦਾ ਹੈ। ਇਹ ਹੁਣ ਇੱਥੇ ਬਚਿਆ ਹੋਇਆ ਇੱਕੋ-ਇੱਕ ਪੁਰਾਤਨ ਦਰਵਾਜ਼ਾ ਹੈ; ਇਸ ਨਾਲ ਹੋਰ ਵੀ ਕਈ ਦਰਵਾਜ਼ੇ ਸਨ, ਜੋ ਸਮੇਂ ਦੀ ਭੇਟ ਚੜ੍ਹ ਗਏ।

ਇਸ ਤਰ੍ਹਾਂ ਦਾ ਇੱਕ ਸ਼ੇਰਾ ਵਾਲਾ ਗੇਟ ਪਟਿਆਲਾ ਸ਼ਹਿਰ ਵਿੱਚ ਵੀ ਹੈ। ਜਦੋਂ ਕਰਹਾਲੀ ਨਗਰ ਦੇ ਇਤਿਹਾਸ ਦੀ ਖੋਜ ਕੀਤੀ ਗਈ, ਤਾਂ ਸਥਾਨਕ ਵਸਨੀਕਾਂ ਤੋਂ ਇਹ ਜਾਣਕਾਰੀ ਮਿਲੀ ਕਿ ਇਸ ਨਗਰ ਵਿੱਚ ਕਦੇ ਕੁੱਲ ਛੇ ਦਰਵਾਜ਼ੇ ਹੁੰਦੇ ਸਨ। ਜੇਕਰ ਇੱਕ ਮੁੱਖ ਦਰਵਾਜ਼ੇ ਵਿੱਚ ਦੋ ਦਰਵਾਜ਼ੇ ਲੱਗੇ ਹੋਣ, ਤਾਂ ਛੇ ਦਰਵਾਜ਼ਿਆਂ ਦਾ ਅਰਥ ਬਾਰ੍ਹਾਂ ਦਰਵਾਜ਼ੇ ਬਣਦਾ ਹੈ। ਸੁਰੱਖਿਆ ਦੀ ਦ੍ਰਿਸ਼ਟੀ ਨਾਲ ਪੂਰੇ ਨਗਰ ਦੇ ਚਾਰੋਂ ਪਾਸੇ ਇੱਕ ਕੰਧ ਵੀ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਜੀ ਵੱਲੋਂ ਬਣਵਾਈ ਗਈ ਸੀ। ਅੱਜ ਨਾ ਉਹ ਕੰਧ ਬਚੀ ਹੈ, ਨਾ ਉਹ ਕਿਲਾ, ਕੇਵਲ ਇਹ ਇੱਕ ਦਰਵਾਜ਼ਾ ਹੀ ਬਚਿਆ ਹੋਇਆ ਹੈ।

ਇਹ ਨਗਰ ਇਸ ਲਈ ਵੀ ਵਿਸ਼ੇਸ਼ ਹੈ ਕਿ ਇਸਨੂੰ ਇੱਕ ਨਹੀਂ, ਦੋ – ਦੋ ਗੁਰੂ ਸਾਹਿਬਾਨਾਂ ਨੇ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ ਹੈ। ਇਸ ਬਚੇ ਹੋਏ ਦਰਵਾਜ਼ੇ ’ਤੇ ਕੀਤੀ ਗਈ ਮੀਨਾਕਾਰੀ ਅੱਜ ਵੀ ਆਪਣੀ ਕਲਾ – ਭਾਸ਼ਾ ਵਿੱਚ ਇਤਿਹਾਸ ਕਹਿੰਦੀ ਹੈ। ਉੱਪਰ ਬਣੇ ਹੋਏ ਦੋ ਸ਼ੇਰ ਹੁਣ ਟੂਟੀ – ਫੁਟੀ ਅਵਸਥਾ ਵਿੱਚ ਦਿਸ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਇਹ ਪੁਰਾਤਨ ਘਰ ਵੀ ਸਮਾਪਤ ਹੋ ਸਕਦੇ ਹਨ। ਜਦੋਂ ਇਨ੍ਹਾਂ ਘਰਾਂ ਦੀ ਬਣਾਵਟ ਵੇਖੀ ਜਾਂਦੀ ਹੈ, ਤਾਂ ਉਨ੍ਹਾਂ ਵਿੱਚ ਅਦਭੁੱਤ ਸਾਂਝੀਵਾਲਤਾ ਦੀ ਝਲਕ ਮਿਲਦੀ ਹੈ, ਕਿਤੇ ਰੋਸ਼ਨਦਾਨਾਂ ਵਿੱਚ ਸ੍ਰੀ ਕ੍ਰਿਸ਼ਨ ਜੀ ਦੀ ਆਕ੍ਰਿਤੀ ਉਕੇਰੀ ਹੋਈ ਹੈ, ਤਾਂ ਕਿਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ। ਹੁਣ ਇਹ ਰੋਸ਼ਨਦਾਨ ਵੀ ਹੌਲੀ-ਹੌਲੀ ਲੁਪਤ ਹੋ ਚੁੱਕੇ ਹਨ।

ਅੱਜ ਇਹ ਨਗਰ ਵਿਕਾਸ ਦੇ ਰਸਤੇ ’ਤੇ ਹੈ। ਇਸੇ ਅਸਥਾਨ ’ਤੇ ਮੇਰੇ ਪਰਮ ਮਿੱਤਰ ਸਰਦਾਰ ਹਰਭਜਨ ਸਿੰਘ ਜੀ ਦੀ ਹਵੈਲੀ ਹੁੰਦੀ ਸੀ; ਹੁਣ ਉਹ  ਅਕਾਲ ਚਲਾਨਾ ਕਰ ਗਏ ਹਣ। ਇਸ ਨਗਰ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵੀ ਆਗਮਨ ਹੋਇਆ ਸੀ ਅਤੇ ਉਨ੍ਹਾਂ ਨੇ ਇੱਥੇ ਲਗਭਗ ਚਾਲੀ ਦਿਨਾਂ ਤੱਕ ਨਿਵਾਸ ਕੀਤਾ ਸੀ। ਸਾਹਮਣੇ ਹੀ ਛੇਵੇਂ ਪਾਤਸ਼ਾਹ ਜੀ ਦੇ ਅਸਥਾਨ ਦੇ ਦਰਸ਼ਨ ਹੋ ਰਹੇ ਹਨ; ਆਓ, ਹੁਣ ਉਸ ਪਾਵਨ ਅਸਥਾਨ ਵੱਲ ਵਧੀਏ।

ਜੋ ਦਰਵਾਜ਼ਾ ਅੱਜ ਅਸੀਂ ਇਸ ਵੀਡੀਓ ਵਿੱਚ ਵੇਖ ਰਹੇ ਹਾਂ, ਸੰਭਵ ਹੈ ਭਵਿੱਖ ਵਿੱਚ ਉਸ ਦਾ ਨਾਂ ਵੀ ਬਚਾ ਨਾ ਰਹੇ। ਜੇਕਰ ਇਸ ਦੀ ਸੇਵਾ – ਸੰਭਾਲ ਕੀਤੀ ਗਈ, ਤਾਂ ਇਹੀ ਦਰਵਾਜ਼ਾ ਇਸ ਨਗਰ ਦੀ ਜੀਵੰਤ ਵਿਰਾਸਤ ਬਣ ਕੇ ਬਚ ਸਕੇਗਾ; ਨਹੀਂ ਤਾਂ ਇਹ ਵੀ ਇਤਿਹਾਸ ਦੀ ਧੂੜ ਵਿੱਚ ਗੁੰਮ ਹੋ ਜਾਵੇਗਾ।

ਇਸ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਜੀ ਨੇ ਵੀ ਸੰਪੂਰਨ ਇਤਿਹਾਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਗੁਰਦੁਆਰਾ ਨਗਰ ਤੋਂ ਕੁਝ ਦੂਰੀ ’ਤੇ ਸਥਿਤ ਹੈ। ਇਸ ਪਾਵਨ ਅਸਥਾਨ ’ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ ਸੀ, ਕਿਉਂਕਿ ਉਨ੍ਹਾਂ ਦੇ ਇੱਕ ਸੇਵਕ ਭਾਈ ਸੁਰਮੁਖ ਸਿੰਘ ਜੀ ਕੋਢ ਦੇ ਭਿਆਨਕ ਰੋਗ ਨਾਲ ਪੀੜਤ ਹੋ ਗਏ ਸਨ। ਰੋਗ ਦੀ ਅਵਸਥਾ ਇੰਨੀ ਵਿਸ਼ਾਲ ਸੀ ਕਿ ਉਨ੍ਹਾਂ ਦਾ ਸਾਰਾ ਸਰੀਰ ਗਲ ਚੁੱਕਾ ਸੀ, ਬਦਬੂ ਆਉਂਦੀ ਸੀ, ਪੀਕ ਅਤੇ ਗੰਦਾ ਖੂਨ ਵਗਦਾ ਰਹਿੰਦਾ ਸੀ। ਉਨ੍ਹਾਂ ਦੀ ਹਾਲਤ ਇੰਨੀ ਦਰਦਨਾਕ ਹੋ ਗਈ ਸੀ ਕਿ ਕੋਈ ਵੀ ਉਨ੍ਹਾਂ ਦੇ ਨੇੜੇ ਆਉਣ ਨੂੰ ਤਿਆਰ ਨਹੀਂ ਸੀ।

ਲੋਕਾਂ ਨੇ ਉਸ ਦੁਖੀ, ਅਸਹਾਇ ਅਤੇ ਰੋਗ-ਗ੍ਰਸਤ ਮਨੁੱਖ ਨੂੰ ਨਗਰ ਤੋਂ ਬਾਹਰ, ਇਸ ਸੁੰਨਸਾਨ ਅਸਥਾਨ ’ਤੇ ਛੱਡ ਦਿੱਤਾ ਸੀ। ਉੱਥੇ ਹੀ ਉਸ ਨੇ ਇੱਕ ਛੋਟੀ ਜਿਹੀ ਕੂਲੀ ਬਣਾਕੇ ਜੀਵਨ ਗੁਜ਼ਾਰਨਾ ਸ਼ੁਰੂ ਕਰ ਦਿੱਤਾ। ਕੋਈ ਭੋਜਨ ਦੇ ਦਿੰਦਾ ਤਾਂ ਠੀਕ, ਨਹੀਂ ਤਾਂ ਉਹ ਉਸੇ ਦਰਦ ਵਿੱਚ ਗੁਰੂ ਸਾਹਿਬ ਦਾ ਸਿਮਰਨ ਕਰਦਾ ਰਹਿੰਦਾ, ਅਰਦਾਸਾਂ ਕਰਦਾ ਰਹਿੰਦਾ। ਅੰਤ ਵਿੱਚ ਉਸ ਦੀ ਅਰਦਾਸ ਕਬੂਲ ਹੋ ਗਈ।

ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਆਪ ਸੌ ਘੁੜਸਵਾਰਾਂ ਦੇ ਨਾਲ ਇਸ ਅਸਥਾਨ ’ਤੇ ਪਧਾਰੇ। ਜਦੋਂ ਇੰਨੀ ਵੱਡੀ ਸੰਗਤ ਦਾ ਆਗਮਨ ਹੋਇਆ, ਤਾਂ ਭਾਈ ਸੁਰਮੁਖ ਸਿੰਘ ਜੀ ਮਨ ਵਿੱਚ ਸੋਚਣ ਲੱਗੇ-“ਜਿੱਥੇ ਮੇਰੇ ਕੋਲ ਚਿੜੀ ਤਾਂ ਕੀ, ਪਸ਼ੂ – ਪੰਛੀ ਵੀ ਨਹੀਂ ਆਉਂਦੇ, ਅੱਜ ਉੱਥੇ ਇੰਨੀ ਭੀੜ ਕਿਵੇਂ?” ਉਹ ਰਿਡਦੇ – ਰਿਡਦੇ ਹੋਏ ਆਪਣੀ ਝੋਂਪੜੀ ਤੋਂ ਬਾਹਰ ਆਏ। ਤਦ ਮਹਾਰਾਜ ਨੇ ਉਨ੍ਹਾਂ ਨੂੰ ਨਾਮ ਲੈ ਕੇ ਪੁਕਾਰਿਆ-“ਭਾਈ ਸੁਰਮੁਖ ਸਿੰਘ ਜੀ, ਜਿਨ੍ਹਾਂ ਨੂੰ ਤੁਸੀਂ ਦਿਨ – ਰਾਤ ਸਿਮਰਦੇ ਹੋ, ਅਸੀਂ ਓਹੀ ਹਾਂ।”

ਭਾਈ ਸੁਰਮੁਖ ਸਿੰਘ ਜੀ ਨੇ ਕਿਹਾ- “ਮੈਂ ਤਾਂ ਗੁਰੂ ਸਾਹਿਬ ਤੋਂ ਬਿਨਾਂ ਕਿਸੇ ਹੋਰ ਦਾ ਸਿਮਰਨ ਨਹੀਂ ਕਰਦਾ।” ਸੇਵਾਦਾਰਾਂ ਨੇ ਉਨ੍ਹਾਂ ਨੂੰ ਦੱਸਿਆ-“ਭਾਈ, ਛੇਵੇਂ ਪਾਤਸ਼ਾਹ ਮਹਾਰਾਜ ਆਪ ਹਾਜ਼ਰ ਹਨ।” ਤਦ ਉਨ੍ਹਾਂ ਨੇ ਮਹਾਰਾਜ ਦੇ ਚਰਨਾਂ ਵਿੱਚ ਸੀਸ ਰੱਖ ਕੇ ਆਪਣੀ ਵਿਆਥਾ ਬਿਯਾਨ ਕੀਤੀ। ਮਹਾਰਾਜ ਨੇ ਕਰੁਣਾ ਨਾਲ ਬਚਨ ਕੀਤੇ-“ਉੱਠੋ, ਸੁਰਮੁਖ ਪ੍ਰੇਮੀ ਜੀ, ਅਤੇ ਇਸ ਛਪੜੀ  ਵਿੱਚ ਇਸ਼ਨਾਨ ਕਰੋ। ਤੁਹਾਡਾ ਦੁੱਖ ਦੂਰ ਹੋ ਜਾਵੇਗਾ। ਕੇਵਲ ਤੁਹਾਡਾ ਹੀ ਨਹੀਂ, ਭਵਿੱਖ ਵਿੱਚ ਪਤਾ ਨਹੀਂ ਕਿੰਨੇ ਲੋਕਾਂ ਦਾ ਦੁੱਖ ਇਸ ਅਸਥਾਨ ’ਤੇ ਦੂਰ ਹੋਵੇਗਾ। ਅਸੀਂ ਤਾਂ ਤੁਹਾਡੇ ਕਾਰਨ ਹੀ ਇੱਥੇ ਆਏ ਹਾਂ।”

ਜਦੋਂ ਭਾਈ ਸੁਰਮੁਖ ਸਿੰਘ ਜੀ ਨੇ ਇਸ਼ਨਾਨ ਕੀਤਾ, ਤਾਂ ਉਹ ਪੂਰੀ ਤਰ੍ਹਾਂ ਨਿਰੋਗੀ ਹੋ ਗਏ। ਉਨ੍ਹਾਂ ਦੀ ਕਾਇਆ ਕਾਂਚਨ ਵਾਂਗ ਚਮਕ ਉਠੀ। ਇਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬਖ਼ਸ਼ਿਸ਼ ਸੀ। ਇਸ ਤੋਂ ਬਾਅਦ ਮਹਾਰਾਜ ਨੇ ਵਰ ਦਿੱਤਾ ਕਿ ਇਸ ਅਸਥਾਨ ’ਤੇ ਜੋ ਵੀ ਅਠਾਰਾਂ ਪ੍ਰਕਾਰ ਦੇ ਕੱਚੇ ਕੋਢ ਅਤੇ ਚਰਮ ਰੋਗਾਂ ਨਾਲ ਪੀੜਤ ਵਿਅਕਤੀ ਇਸ਼ਨਾਨ ਕਰੇਗਾ, ਉਸ ਦੀ ਕਾਇਆ ਨਿਰੋਗੀ ਹੋ ਕੇ ਕਾਂਚਨ ਸਮਾਨ ਹੋ ਜਾਵੇਗੀ।

ਇਸ ਤੋਂ ਬਾਅਦ ਭਾਈ ਸੁਰਮੁਖ ਸਿੰਘ ਜੀ ਮਹਾਰਾਜ ਨੂੰ ਨਗਰ ਵਿੱਚ ਆਪਣੇ ਨਿਵਾਸ ਅਸਥਾਨ ’ਤੇ ਲੈ ਗਏ। ਕੁਝ ਦਿਨ ਮਹਾਰਾਜ ਉੱਥੇ ਹੀ ਵਿਰਾਜਮਾਨ ਰਹੇ। ਆਲੇ-ਦੁਆਲੇ ਦੀ ਸੰਗਤ ਨੇ ਦਰਸ਼ਨ ਕਰਕੇ ਅਨੇਕ ਆਤਮਿਕ ਅਤੇ ਸੰਸਾਰਕ ਲਾਹੇ ਪ੍ਰਾਪਤ ਕੀਤੇ।

ਕਾਲਾਂਤਰ ਵਿੱਚ, ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣਾ ਸੀਸ ਅਰਪਣ ਕਰਨ ਲਈ ਦਿੱਲੀ ਵੱਲ ਅੱਗੇ ਵਧੇ, ਤਾਂ ਉਹ ਆਪਣੇ ਗੁਰੂ-ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਇਸ ਪਾਵਨ ਅਸਥਾਨ ’ਤੇ ਆ ਕੇ ਨਤਮਸਤਕ ਹੋਏ ਅਤੇ ਕੁਝ ਸਮਾਂ ਇੱਥੇ ਵਿਅਤੀਤ ਕੀਤਾ। ਇਹ ਓਹੀ ਸ਼ਹੀਦੀ ਮਾਰਗ ਹੈ, ਜਿਸ ’ਤੇ ਸਥਿਤ ਗੁਰਦੁਆਰਾ ਕਰਹਾਲੀ ਸਾਹਿਬ ਅੱਜ ਵੀ ਵਿਰਾਜਮਾਨ ਹੈ। ਇਸ ਤਰ੍ਹਾਂ ਇਹ ਅਸਥਾਨ ਇੱਕ ਨਹੀਂ, ਦੋ – ਦੋ ਗੁਰੂ ਸਾਹਿਬਾਨਾਂ ਦੇ ਚਰਨ-ਕਮਲਾਂ ਨਾਲ ਪਾਵਨ ਹੋਇਆ ਹੈ, ਪਾਤਸ਼ਾਹੀ ਛੇਵੀਂ ਅਤੇ ਪਾਤਸ਼ਾਹੀ ਨੌਵੀਂ।

ਹੈੱਡ ਗ੍ਰੰਥੀ ਸਾਹਿਬ ਜੀ ਭਾਵੁਕ ਹੋ ਕੇ ਦੱਸਦੇ ਹਨ- “ਦਾਸ ਨੂੰ ਮਹਾਰਾਜ ਸਾਹਿਬ ਨੇ ਇਸ ਅਸਥਾਨ ’ਤੇ ਸੇਵਾ ਬਖ਼ਸ਼ੀ ਹੈ। ਮੈਂ ਆਪਣੀਆਂ ਅੱਖਾਂ ਨਾਲ ਅਨੇਕ ਅਚੰਭੇ ਵਾਲੀਆਂ ਘਟਨਾਵਾਂ ਵੇਖੀਆਂ ਹਨ। ਜਦੋਂ ਮੈਂ ਪੰਜਵੀਂ-ਛੇਵੀਂ ਕਲਾਸ ਵਿੱਚ ਪੜ੍ਹਦਾ ਸੀ, ਤਦ ਮੇਰੀਆਂ ਦੋਨੋਂ ਬਾਂਹਾਂ ਕੋਢ ਰੋਗ ਨਾਲ ਪੀੜਤ ਹੋ ਗਈਆਂ ਸਨ। ਇੱਕ ਐਤਵਾਰ ਮੇਰੇ ਮਾਤਾ – ਪਿਤਾ ਮੈਨੂੰ ਇੱਥੇ ਇਸ਼ਨਾਨ ਕਰਵਾਉਣ ਲਈ ਲੈ ਕੇ ਆਏ। ਕਿਸੇ ਮਹਾਂਪੁਰਖ ਨੇ ਉਨ੍ਹਾਂ ਨੂੰ ਇਸ ਅਸਥਾਨ ਬਾਰੇ ਜਾਣਕਾਰੀ ਦਿੱਤੀ ਸੀ। ਨਿਯਮਤ ਇਸ਼ਨਾਨ ਤੋਂ ਬਾਅਦ ਮੇਰੇ ਸਰੀਰ ’ਤੇ ਕਦੇ ਵੀ ਕੋਢ ਦਾ ਕੋਈ ਨਿਸ਼ਾਨ ਨਹੀਂ ਨਿਕਲਿਆ। ਇਹ ਘਟਨਾ ਮੇਰੇ ਆਪਣੇ ਜੀਵਨ ਦੀ ਹੈ। ਉਸ ਸਮੇਂ ਮੈਨੂੰ ਇਹ ਪਤਾ ਨਹੀਂ ਸੀ ਕਿ ਸੱਚੇ ਬਾਦਸ਼ਾਹ ਆਪ ਹੀ ਮੈਨੂੰ ਅੱਗੇ ਚਲ ਕੇ ਇਸ ਅਸਥਾਨ ਦੀ ਸੇਵਾ ਬਖ਼ਸ਼ਣਗੇ। ਇਸ ਕਰਜ਼ੇ ਨੂੰ ਮੈਂ ਇਸ ਜਨਮ ਵਿੱਚ ਚੁਕਾ ਹੀ ਨਹੀਂ ਸਕਦਾ।”

ਉਹ ਅੱਗੇ ਕਹਿੰਦੇ ਹਨ-“ਮਹਾਰਾਜ ਦੀ ਕਿਰਪਾ ਅੱਜ ਵੀ ਓਹੀ ਤਰ੍ਹਾਂ ਚੱਲ ਰਹੀ ਹੈ। ਪਹਿਲਾਂ ਪੰਚਮੀ ਨੂੰ ਸੰਗਤ ਆਉਂਦੀ ਸੀ, ਹੁਣ ਤਾਂ ਹਰ ਐਤਵਾਰ ਇੱਥੇ ਜੋੜ-ਮੇਲਾ ਲੱਗਦਾ ਹੈ। ਦੇਸ਼, ਵਿਦੇਸ਼ ਦੀ ਸੰਗਤ ਇੱਥੇ ਆ ਕੇ ਲਾਹਾ ਲੈਂਦੀ ਹੈ। ਇਹ ਕਿਸੇ ਖ਼ਾਸ ਐਤਵਾਰ ਦੀ ਗੱਲ ਨਹੀਂ, ਇਹ ਗੁਰੂ ਸਾਹਿਬ ਦਾ ਬਚਨ ਹੈ। ਚੈਨਲ ਦੇ ਵੀਰਾਂ ਦਾ ਬਹੁਤ – ਬਹੁਤ ਧੰਨਵਾਦ, ਜੋ ਇਸ ਗੁਰੂ-ਘਰ ਦਾ ਪ੍ਰਚਾਰ – ਪ੍ਰਸਾਰ ਕਰ ਰਹੇ ਹਨ, ਜਿਸ ਨਾਲ ਸੰਸਾਰ ਭਰ ਦੀ ਸੰਗਤ ਇੱਥੇ ਦਰਸ਼ਨ ਕਰ ਰਹੀ ਹੈ। ਦਾਸ ਰਣਜੀਤ ਸਿੰਘ ਮਲਿਨ, ਇਸ ਅਸਥਾਨ ’ਤੇ ਹੈੱਡ ਗ੍ਰੰਥੀ ਦੇ ਰੂਪ ਵਿੱਚ ਮਹਾਰਾਜ ਵੱਲੋਂ ਬਖ਼ਸ਼ੀ ਗਈ ਸੇਵਾ ਨਿਭਾ ਰਿਹਾ ਹੈ।”

ਬੈਕਗ੍ਰਾਊੱਡ ਮਿਊਜ਼ਿਕ:  ਗੁਰੂ-ਸਮ੍ਰਿਤੀ ਨੂੰ ਜਾਗ੍ਰਿਤ ਕਰਦੀ ਕੋਮਲ, ਆਧਿਆਤਮਿਕ ਧੁਨ ਪਿਛੋਕੜ ਵਿੱਚ ਪ੍ਰਵਾਹਿਤ ਹੈ।

ਇਤਿਹਾਸ ਦੀ ਕੜੀ ਨੂੰ ਅੱਗੇ ਵਧਾਉਂਦੇ ਹੋਏ ਦੱਸਿਆ ਗਿਆ ਕਿ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਅਸਥਾਨ ’ਤੇ ਆਏ, ਉਸ ਸਮੇਂ ਇੱਥੇ ਨਾਥਾਂ ਦਾ ਬਹੁਤ ਪ੍ਰਭਾਵ ਸੀ। ਨਾਥਾਂ ਨੇ ਸੰਗਤ ਨੂੰ ਡਰਾਇਆ ਕਿ ਜੇਕਰ ਉਹ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਏ ਤਾਂ ਉਨ੍ਹਾਂ ’ਤੇ ਵੱਡਾ ਸੰਕਟ ਆਵੇਗਾ। ਉਨ੍ਹਾਂ ਦੇ ਭਰਮ ਵਿੱਚ ਆ ਕੇ ਕੁਝ ਲੋਕ ਗੁਰੂ-ਦਰ ਤੋਂ ਦੂਰ ਹੋ ਗਏ। ਅੱਜ ਹਾਲਾਤ ਇਹ ਹਨ ਕਿ ਨਾਥਾਂ ਦੇ ਡੇਰੇ ਦੇ ਨਾਂ ’ਤੇ 90-92 ਕਿਲੇ ਜ਼ਮੀਨ ਹੋਣ ਦੇ ਬਾਵਜੂਦ ਨਾ ਉੱਥੇ ਕੋਈ ਜੀਵੰਤ ਧਾਰਮਿਕ ਗਤੀਵਿਧੀ ਹੈ ਅਤੇ ਨਾ ਹੀ ਨਗਰ ਲਈ ਕੋਈ ਯੋਗਦਾਨ।

ਸਥਾਨਕ ਸੇਵਾਦਾਰਾਂ ਨੇ ਦੱਸਿਆ ਕਿ ਅੱਜ ਨਾਥਾਂ ਦੇ ਦਰ ’ਤੇ ਕੋਈ ਨਹੀਂ ਜਾਂਦਾ— ਨਾ ਕੋਈ ਪੁੱਛ-ਪੜਤਾਲ, ਨਾ ਕੋਈ ਸੇਵਾ-ਭਾਵ। ਇਸਦੇ ਉਲਟ, ਗੁਰਦੁਆਰਾ ਕਰਹਾਲੀ ਸਾਹਿਬ ਬਾਰੇ ਜਿਸ ਨੂੰ ਵੀ ਗਿਆਨ ਹੁੰਦਾ ਹੈ, ਉਹ ਇੱਥੇ ਜ਼ਰੂਰ ਨਤਮਸਤਕ ਹੁੰਦਾ ਹੈ। ਹਰ ਐਤਵਾਰ ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਆ ਕੇ ਇਸ਼ਨਾਨ ਕਰਦੀ ਹੈ ਅਤੇ ਤਨ-ਮਨ ਦੇ ਰੋਗਾਂ ਤੋਂ ਮੁਕਤੀ ਪਾਉਂਦੀ ਹੈ।

ਇਤਿਹਾਸਕ ਤੱਥ ਇਹ ਵੀ ਦੱਸਦੇ ਹਨ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਨਗਰ ਵਿੱਚ ਆਏ, ਤਾਂ ਨਗਰ ਦਾ ਮਸੰਦ ਸਰਕਾਰ ਦੇ ਡਰ ਕਾਰਨ ਗੁਰੂ ਸਾਹਿਬ ਨੂੰ ਮਿਲਣ ਨਹੀਂ ਆਇਆ ਅਤੇ ਲੋਕਾਂ ਨੂੰ ਵੀ ਦੂਰ ਰਹਿਣ ਦੀ ਹਦਾਇਤ ਦਿੱਤੀ। ਗੁਰੂ ਸਾਹਿਬ ਨੇ ਇੱਥੇ ਵਿਸ਼ਰਾਮ ਕੀਤਾ ਅਤੇ ਅੱਗੇ ਦੀ ਯਾਤਰਾ ਵੱਲ ਚੱਲ ਪਏ। ਕਿਹਾ ਜਾਂਦਾ ਹੈ ਕਿ ਉਸ ਸਮੇਂ ਨਗਰ ਵਾਸੀਆਂ ਨੇ ਗੁਰੂ ਸਾਹਿਬ ਵੱਲੋਂ ਮੂੰਹ ਮੋੜ ਲਿਆ ਸੀ।

ਸਥਾਨਕ ਬੁਜ਼ੁਰਗ ਦੱਸਦੇ ਹਨ ਕਿ ਇਸੀ ਕਾਰਨ ਨਗਰਵਾਸੀ ਆਪਣੇ ਆਪ ਨੂੰ ਬਦਨਸੀਬ ਮੰਨਦੇ ਹਨ। ਬਾਅਦ ਦੇ ਸਮੇਂ ਵਿੱਚ ਧੰਨ ਬਾਬਾ ਦਇਆ ਸਿੰਘ ਜੀ, ਬਾਬਾ ਵਿਧੀ ਚੰਦ ਦੀ ਗੱਦੀ ਦੇ ਦਸਵੀਂ ਮੁਖੀ ਮਹਾਂਪੁਰਖਾਂ ਅਤੇ ਬਾਬਾ ਸੁਖਬੀਰ ਸਿੰਘ ਜੀ ਨੇ ਇਸ ਭੁੱਲ ਦੀ ਮਾਫ਼ੀ ਲਈ ਅਰਦਾਸਾਂ ਕਰਵਾਈਆਂ। ਅੱਜ ਵੀ ਅਖੰਡ ਪਾਠ ਸਾਹਿਬ ਲਗਾਤਾਰ ਹੋ ਰਹੇ ਹਨ, ਤਾਂ ਜੋ ਇਹ ਭੁੱਲ ਬਖ਼ਸ਼ੀ ਜਾਵੇ।

ਭਾਈ ਅਵਤਾਰ ਸਿੰਘ ਜੀ (ਹੈੱਡ ਗ੍ਰੰਥੀ, ਰਾਮ ਨਗਰ ਬਕਸ਼ੀਵਾਲਾ) ਨੇ ਵੀ ਪੁਸ਼ਟੀ ਕੀਤੀ ਕਿ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਅਰਦਾਸ ਕੀਤੀ ਜਾ ਰਹੀ ਹੈ। ਗੁਰਬਾਣੀ ਦਾ ਫ਼ਰਮਾਨ ਹੈ—

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥
(ਅੰਗ 544)

ਅਰਥਾਤ ਜੋ ਪ੍ਰਭੂ ਦੀ ਸ਼ਰਨ ਵਿੱਚ ਆਉਂਦਾ ਹੈ, ਉਸ ਦੀ ਭੁੱਲ ਬਖ਼ਸ਼ੀ ਜਾਂਦੀ ਹੈ।

ਅੱਜ ਇਹ ਅਸਥਾਨ ਸੰਸਾਰ ਭਰ ਵਿੱਚ ਖ਼ਿਆਤੀ ਪ੍ਰਾਪਤ ਕਰ ਰਿਹਾ ਹੈ। ਕਿਹਾ ਜਾਂਦਾ ਹੈ ਕਿ ਜੋ ਪੰਜ ਐਤਵਾਰ ਜਾਂ ਪੰਜ ਪੰਚਮੀ ਨੂੰ ਇੱਥੇ ਇਸ਼ਨਾਨ ਕਰਦਾ ਹੈ, ਉਸ ਦੇ ਚਰਮ ਰੋਗ ਨਿਸ਼ਚਿਤ ਤੌਰ ’ਤੇ ਦੂਰ ਹੋ ਜਾਂਦੇ ਹਨ।

ਪ੍ਰਚਾਰ – ਪ੍ਰਸਾਰ ਦੀ ਦ੍ਰਿਸ਼ਟੀ ਨਾਲ ਵੀ ਇਹ ਨਗਰ ਚੜ੍ਹਦੀ ਕਲਾ ਵਿੱਚ ਹੈ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਰਲਜ਼ ਕਾਲਜ ਕਾਰਜਰਤ ਹੈ, ਜਿੱਥੇ ਅਨੇਕ ਸਿੱਖ ਬਚਿਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ। ਡਾ. ਖੋਜੀ ਨੇ ਇੱਥੇ ਵਿਦਿਆਰਥਣਾਂ ਨਾਲ ਸੈਮੀਨਾਰ ਕਰਕੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ।

ਆਪਣੇ ਵਿਆਖਿਆਨ ਵਿੱਚ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਲੰਗਰ ਲਈ ਰੁਪਏ ਨਹੀਂ, ਸਗੋਂ ਵੀਹ ਬਹਲੌਲੀ ਦੀਨਾਰ (ਰਜਨ ਬਨ) ਖਰਚ ਕੀਤੇ ਸਨ। ਇਹ ਬਹਲੌਲੀ ਦੀਨਾਰ ਰਜਤ (ਚਾਂਦੀ) ਅਤੇ ਪੀਤਲ ਦੋਵੇਂ ਦੇ ਹੁੰਦੇ ਸਨ।

ਕਾਲਜ ਦੇ ਪ੍ਰੋਫੈਸਰ ਸਾਹਿਬਾਨ ਨੇ ਡਾ. ਖੋਜੀ ਦੇ ਖੋਜ-ਕਾਰਜ ਦੀ ਸਰਾਹਨਾ ਕਰਦੇ ਹੋਏ ਵਿਦਿਆਰਥੀਆਂ ਨੂੰ ਉਸ ਨਾਲ ਜਾਣੂ ਕਰਵਾਇਆ ਅਤੇ ਸਨਮਾਨ ਪ੍ਰਗਟ ਕੀਤਾ।

ਡਾ. ਖੋਜੀ ਨੇ ਸਮਾਪਤੀ ਕਰਦੇ ਹੋਏ ਕਿਹਾ- ਅਸੀਂ ਉਹ ਤੱਥ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਜੋ ਕਿਤਾਬਾ ਵਿੱਚ ਨਹੀਂ ਮਿਲਦੇ। ਗੁਰਦੁਆਰਾ ਕਰਹਾਲੀ ਸਾਹਿਬ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਚੀਕਾ ਨਗਰ ਵੱਲ ਰਵਾਨਾ ਹੁੰਦੇ ਹਨ। ਉੱਥੇ ਕਿਹੜਾ ਮਸੰਦ ਸੀ? ਕੀ ਉਸ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ? ਇਨ੍ਹਾਂ ਸਵਾਲਾਂ ਦੇ ਉੱਤਰ ਅਸੀਂ ਅਗਲੇ ਪ੍ਰਸੰਗ ਵਿੱਚ ਖੋਜਾਂਗੇ।

ਇਤਿਹਾਸ ਦੇ ਪੰਨਿਆਂ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ।
ਮਿਲਾਂਗੇ ਅਗਲੇ ਪ੍ਰਸੰਗ ਵਿੱਚ…

ਸੰਗਤ ਜੀ ਨਾਲ ਨਿਮਰ ਬੇਨਤੀ

ਇਤਿਹਾਸ ਦੀ ਖੋਜ, ਅਸਥਾਨਾਂ ਦਾ ਅਵਲੋਕਨ, ਮਾਰਗ-ਯਾਤਰਾਵਾਂ ਅਤੇ ਵਿਸਤ੍ਰਿਤ ਦਸਤਾਵੇਜ਼ੀਕਰਨ—ਇਨ੍ਹਾਂ ਸਭ ਕਾਰਜਾਂ ਵਿੱਚ ਵੱਡਾ ਖਰਚ ਆਉਂਦਾ ਹੈ। ਜੇਕਰ ਤੁਸੀਂ ਇਸ ਗੁਰੁਵਰ ਕਥਾਨਕ, ਇਸ ਸ਼ਹੀਦੀ ਮਾਰਗ ਪ੍ਰਸੰਗ ਅਤੇ ਆਉਣ ਵਾਲੇ ਸਾਰੇ ਇਤਿਹਾਸਕ ਉਪਰਾਲਿਆਂ ਵਿੱਚ ਆਪਣਾ ਸਹਿਯੋਗ ਦੇਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਮੋਬਾਈਲ ਨੰਬਰ 97819 13113 ’ਤੇ ਸੰਪਰਕ ਕਰੋ। ਤੁਹਾਡਾ ਅਮੂਲ ਸਹਿਯੋਗ ਗੁਰੂ ਸਾਹਿਬ ਦੀ ਮਹਿਮਾ ਅਤੇ ਇਤਿਹਾਸ ਦੀ ਸੱਚਾਈ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਬਹੁਤ ਸਹਾਇਕ ਸਾਬਤ ਹੋਵੇਗਾ।

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।

ਤੁਹਾਡਾ ਆਪਣਾ ਵੀਰ,
ਇਤਿਹਾਸਕਾਰ –  ਡਾ. ਭਗਵਾਨ ਸਿੰਘ ‘ਖੋਜੀ’


Spread the love

Leave a Comment

Your email address will not be published. Required fields are marked *