ਸਲੋਕ ਮਹਿਲਾ ੯ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ

Spread the love

ਸਲੋਕ ਮਹਿਲਾ ੯ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ

ਸਲੋਕ ਮਹਲਾ ੯ ॥

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥

ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥

ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥

ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥

ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥

ਭਾਵਾਰਥ-

ਦੇ ਮਨੁੱਖ । ਪਰਮਾਤਮਾ ਦੇ ਗੁਣਾਂ ਦਾ ਗਾਇਨ ਨ ਕਰਕੇ ਤੂੰ ਆਪਣਾ ਜਨਮ ਵਿਅਰਥ ਵਿਚ (ਗਵਾ) ਲਿਆ ਹੈ। ਨਾਨਕ ਦਾ ਕਥਨ ਹੈ ਕਿ ਹੇ ਮੇਰੇ ਮਨ। ਪ੍ਰਭੂ ਦਾ ਭਜਨ (ਇਸ ਤਰ੍ਹਾਂ) ਕਰ, ਜਿਸ ਤਰ੍ਹਾਂ ਜਲ ਨੂੰ ਮੱਛਲੀ ਚੇਤੇ ਰਖਦੀ ਹੈ ।੧। (ਹੇ ਭਾਈ। ਤੂੰ ਸੰਸਾਰਿਕ) ਵਿਸ਼ਿਆਂ ਨਾਲ ਇਤਨਾ ਕਿਸ ਲਈ ਲੀਨ ਹੈਂ ਕਿ ਛਿਣ ਭਰ ਲਈ ਵੀ ਉਨ੍ਹਾਂ ਪ੍ਰਤਿ ਉਪਰਾਮ ਨਹੀਂ ਹੁੰਦਾ। ਨਾਨਕ ਦਾ ਕਥਨ ਹੈ ਕਿ ਹੇ ਮਨ। ਤੂੰ ਹਰਿ ਦਾ ਭਜਨ ਕਰ ਫਿਰ ਜਮ ਦੀ ਫਾਹੀ ਨਹੀਂ ਪੈਂਦੀ ।੨।

ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥

ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥

ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥

ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥

ਭਾਵਾਰਥ-

ਹੇ ਮਨੁੱਖ। ਤੇਰੀ ਜਵਾਨੀ ਇਵੇਂ ਹੀ ਬੀਤ ਗਈ ਹੈ ਅਤੇ ਹੁਣ ਬੁਢਾਪੇ ਨੇ (ਤੇਰੇ) ਸ਼ਰੀਰ ਉਪਰ ਕਾਬੂ ਪਾ ਲਿਆ ਹੈ। ਨਾਨਕ ਦਾ ਕਥਨ ਹੈ ਕਿ ਹੇ ਮਨ। (ਤੂੰ) ਹਰਿ ਦਾ ਭਜਨ ਕਰ (ਕਿਉਂਕਿ ਉਮਰ ਗੁਜ਼ਰਦੀ ਜਾ ਰਹੀ ਹੈ ।੩। (ਹੇ ਭਾਈ! ਤੂੰ) ਬਿਰਧ ਹੋ ਗਿਆ ਹੈਂ, (ਤੈਨੂੰ) ਸਮਝ ਨਹੀਂ ਆ ਰਹੀ ਕਿ ਮੌਤ ਆ ਪਹੁੰਚੀ ਹੈ। ਨਾਨਕ ਦਾ ਕਥਨ ਹੈ ਕਿ ਹੇ ਬਾਵਲੇ ਮਨੁੱਖ। (ਤੂੰ) ਪ੍ਰਭੂ ਦਾ ਭਜਨ ਕਿਉਂ ਨਹੀਂ ਕਰਦਾ ?॥੪।

ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥

ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥

ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥

ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥

ਭਾਵਾਰਥ-

(ਹੋ ਭਾਈ।) ਧਨ, ਇਸਤਰੀ, ਸਾਰੀ ਸੰਪੱਤੀ/ਜਾਇਦਾਦ, ਜਿਨ੍ਹਾਂ ਨੂੰ (ਤੂੰ) ਆਪਣਾ ਸਮਝ ਰਖਿਆ ਹੈ, ਨਾਨਕ (ਦਾ ਕਥਨ ਹੈ ਕਿ) ਸੱਚ ਸਮਝ, ਇਨ੍ਹਾਂ ਵਿਚੋਂ ਕੁਝ ਵੀ (ਤੇਰੇ) ਨਾਲ (ਨਿਭਣ ਵਾਲਾ) ਨਹੀਂ ਹੈ ।੫ । (ਹੇ ਮਨੁੱਖ) ਪ੍ਰਭੂ ਪਤਿਤਾਂ ਦਾ ਉਧਾਰ ਕਰਨ ਵਾਲਾ, ਭੇ ਨੂੰ ਖਤਮ ਕਰਨ ਵਾਲਾ ਅਤੇ ਅਨਾਥਾਂ ਦਾ ਨਾਥ/ਸੁਆਮੀ ਹੈ। ਨਾਨਕ ਦਾ ਕਥਨ ਹੈ ਕਿ ਇਹ ਸਮਝ ਲੈਣਾ ਚਾਹੀਦਾ ਹੈ— (ਪਰਮਾਤਮਾ) ਸਦਾ ਤੇਰੇ ਨਾਲ ਵਸਦਾ ਹੈ ।੬।

ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥

ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥

ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥

ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥

ਭਾਵਾਰਥ-

(ਹੇ ਭਾਈ!) ਜਿਸ (ਪ੍ਰਭੂ) ਨੇ ਤੈਨੂੰ ਤਨ ਅਤੇ ਧਨ ਦਿੱਤੇ ਹਨ, (ਤੂੰ) ਉਸ ਨਾਲ ਪ੍ਰੇਮ ਨਹੀਂ ਕੀਤਾ। ਨਾਨਕ ਦਾ ਕਥਨ ਹੈ ਕਿ ਹੇ ਬਾਵਲੇ ਮਨੁੱਖ। ਹੁਣ ਤੂੰ ਆਤੁਰ ਹੋਇਆ ਕਿਉਂ ਡੋਲਦਾ ਫਿਰਦਾ ਹੈ ? 1੭। ਜਿਸ (ਪਰਮਾਤਮਾ ਨੇ) ਤਨ, ਧਨ, ਸੰਪੱਤੀ, ਸੁਖ ਅਤੇ ਸੁੰਦਰ ਨਿਵਾਸ ਦਿੱਤੇ ਹਨ, ਨਾਨਕ ਦਾ ਕਥਨ ਹੈ ਕਿ ਹੇ ਮਨ। ਸੁਣ (ਤੂੰ) ਕਿਸ ਲਈ ਪ੍ਰਭੂ (ਦੇ ਨਾਮ) ਦਾ ਸਿਮਰਨ ਨਹੀਂ ਕਰਦਾ ? ॥੮।

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥

ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥

ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥

ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥੧੦॥

ਭਾਵਾਰਥ-

ਸਭ ਸੁਖ ਪ੍ਰਦਾਨ ਕਰਨ ਵਾਲਾ (ਕੇਵਲ) ਪ੍ਰਭੂ ਹੈ, (ਹੋਰ) ਕੋਈ ਦੂਜਾ ਨਹੀਂ ਹੈ। ਨਾਨਕ ਦਾ ਕਥਨ ਹੈ ਕਿ ਹੇ ਮਨ! ਸੁਣ, ਉਸ (ਪਰਮਾਤਮਾ) ਨੂੰ ਸਿਮਰਨ ਨਾਲ ਹੀ ਸਦ-ਗਤਿ ਪ੍ਰਾਪਤ ਹੁੰਦੀ ਹੈ ।੯। ਹੇ ਮਿਤਰ। ਜਿਸ (ਪ੍ਰਭੂ) ਦੇ ਸਿਮਰਨ ਨਾਲ ਸਦ-ਗਤਿ ਪਾਈਦੀ ਹੈ, ਉਸ ਦਾ ਤੂੰ ਭਜਨ ਕਰ । ਨਾਨਕ ਦਾ ਕਥਨ ਹੈ ਕਿ ਹੇ ਮਨ। ਸੁਣ, ਨਿਤ ਉਮਰ ਬੀਤਦੀ ਜਾ ਰਹੀ ਹੈ ।੧੦।

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥

ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥੧੧॥

ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥

ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥

ਭਾਵਾਰਥ-

ਹੇ ਸੂਝਵਾਨ ਅਤੇ ਸਿਆਣੇ (ਮਨੁੱਖ। ਤੂੰ ਇਹ ਭਲੀ ਭਾਂਤ) ਜਾਣਦਾ ਹੈ ਕਿ (ਤੇਰਾ) ਤਨ ਪੰਜ ਤੱਤ੍ਰਾਂ ਦਾ ਬਣਿਆ ਹੋਇਆ ਹੈ। ਨਾਨਕ (ਦਾ ਕਥਨ ਹੈ ਕਿ) ਜਿਸ ਤੋਂ (ਤੂੰ) ਪੈਦਾ ਹੋਇਆ ਹੈਂ, ਉਸ ਵਿਚ ਹੀ ਲੀਨ ਹੋਣਾ ਸਮਝ ਲੈ ।੧੧। ਸੰਤ (ਸਾਧਕਾਂ) ਨੇ ਪੁਕਾਰ ਪੁਕਾਰ ਕੇ ਕਿਹਾ ਹੈ ਕਿ ਹਰ ਇਕ ਸ਼ਰੀਰ/ਹਿਰਦੇ ਵਿਚ ਹਰਿ ਵਸਦਾ ਹੈ। ਨਾਨਕ ਦਾ ਕਥਨ ਹੈ ਕਿ ਹੈ ਮਨ। ਉਸ (ਪ੍ਰਭੂ) ਦਾ ਭਜਨ ਕਰ, (ਅਜਿਹਾ ਕਰਨ ਨਾਲ) ਭਵਸਾਗਰ ਤਰ ਜਾਵੇਗਾ।੧੨।

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥

ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥੧੩॥

ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ॥

ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੪॥

ਭਾਵਾਰਥ-

ਜਿਸ (ਮਨੁੱਖ) ਨੂੰ ਸੁਖ, ਦੁਖ, ਲੋਭ ਮੋਹ ਅਤੇ ਹੰਕਾਰ ਛੋਹ ਨਹੀਂ ਸਕਦੇ, ਨਾਨਕ ਦਾ ਕਥਨ ਹੈ ਕਿ ਹੇ ਮਨ। ਸੁਣ, ਉਹ (ਸਾਧਕ) ਪ੍ਰਭੂ ਦਾ ਹੀ ਰੂਪ ਹੈ ।੧੩। ਜਿਸ (ਮਨੁੱਖ ਦੇ ਮਨ ਵਿਚ) ਉਸਤਤਿ ਅਤੇ ਨਿੰਦਿਆ ਨਹੀਂ ਹੈ ਅਤੇ ਸੈਨਾ ਤੇ ਲੋਹਾ ਇਕ-ਸਮਾਨ ਹਨ, ਨਾਨਕ ਦਾ ਕਥਨ ਹੈ ਕਿ ਹੇ ਮਨ। ਸੁਣ, ਤੂੰ ਉਸ ਨੂੰ (ਸਹੀ ਅਰਥਾਂ ਵਿਚ) ‘ਮੁਕਤ’ ਸਮਝ ।੧੪।

ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥

ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੫॥

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥

ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥

ਭਾਵਾਰਥ-

ਜਿਸ (ਮਨੁੱਖ ਦੇ ਮਨ) ਵਿਚ ਖ਼ੁਸ਼ੀ ਅਤੇ ਗਮੀ ਨਹੀਂ ਹੈ ਅਤੇ ਵੈਰੀ ਤੇ ਮਿਤਰ ਬਰਾਬਰ ਹਨ। ਨਾਨਕ ਦਾ ਕਥਨ ਹੈ ਕਿ ਹੇ ਮਨ। ਸੁਣ, ਤੂੰ ਉਸ ਨੂੰ ਹੀ ਸਦ-ਗਤਿ ਪ੍ਰਾਪਤ ਕਰਨ ਵਾਲਾ ਸਮਝ ।੧੫ । (ਜੋ ਮਨੁੱਖ) ਨ ਕਿਸੇ ਨੂੰ ਡਰ ਦਿੰਦਾ ਹੈ ਅਤੇ ਨ ਹੀ ਕਿਸੇ ਦਾ ਡਰ ਮੰਨਦਾ ਹੈ, ਨਾਨਕ ਦਾ ਕਥਨ ਹੈ ਕਿ ਹੇ ਮਨ। ਸੁਣ, ਉਸੇ (ਸਾਧਕ) ਨੂੰ ‘ਗਿਆਨੀ’ ਕਹਿਣਾ ਚਾਹੀਦਾ ਹੈ’।੧੬।

ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥

ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ ॥੧੭॥

ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥

ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ ॥੧੮॥

ਭਾਵਾਰਥ-

ਜਿਸ (ਮਨੁੱਖ) ਨੇ ਮਾਇਆ ਦੀ ਸਾਰੀ (ਖਿਚ) ਛਡ ਦਿੱਤੀ ਹੈ ਅਤੇ ਵੈਰਾਗ ਨੂੰ ਅਪਣਾ ਲਿਆ ਹੈ, ਨਾਨਕ ਦਾ ਕਥਨ ਹੈ ਕਿ ਹੇ ਮਨ। ਸੁਣ, ਅਜਿਹੇ ਮਨੁੱਖ ਦੇ ਮੱਥੇ ਉਤੇ (ਚੰਗੇ) ਭਾਗ ਹਨ ।੧੭। ਜਿਸ (ਮਨੁੱਖ) ਨੇ ਮਾਇਆ ਦਾ ਮੋਹ/ਮਮਤਾ ਤਿਆਗ ਦਿੱਤੀ ਹੈ ਅਤੇ ਸਭ ਪ੍ਰਤਿ ਉਪਰਾਮ ਹੋ ਗਿਆ ਹੈ। ਨਾਨਕ ਦਾ ਕਥਨ ਹੈ ਕਿ ਹੇ ਮਨ! ਸੁਣ, ਉਸ (ਸਾਧਕ) ਦੇ ਮਨ ਵਿਚ ਬ੍ਰਹਮ ਦਾ ਨਿਵਾਸ ਹੈ ।੧੮।

ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥

ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥੧੯॥

ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥

ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥੨੦॥

ਭਾਵਾਰਥ-

ਜਿਸ ਪ੍ਰਾਣੀ ਨੇ ਹਉਮੈ ਛਡ ਦਿੱਤੀ ਹੈ ਅਤੇ ਰਾਮ ਨੂੰ (ਸਾਰੀ ਸ੍ਰਿਸ਼ਟੀ ਦੇ) ਕਰਤਾ ਵਜੋਂ ਪਛਾਣ ਲਿਆ ਹੈ, ਨਾਨਕ ਦਾ ਕਥਨ ਹੈ ਕਿ ਹੇ ਮਨ। ਇਹ (ਗੱਲ) ਸੱਚੀ ਮੰਨ ਕਿ ਉਹ ਮਨੁੱਖ ‘ਮੁਕਤ’ ਹੈ ।੧੯। ਕਲਿਯੁਗ ਵਿਚ ਹਰਿ ਦਾ ਨਾਮ ਭੈ ਨੂੰ ਨਸ਼ਟ ਕਰਨ ਵਾਲਾ ਅਤੇ ਖੋਟੀ ਬੁੱਧੀ ਨੂੰ ਦੂਰ ਕਰਨ ਵਾਲਾ ਹੈ । ਨਾਨਕ (ਦਾ ਕਥਨ ਹੈ ਕਿ) ਜੋ (ਵਿਅਕਤੀ) ਰਾਤ ਦਿਨ (ਹਰਿ-ਨਾਮ) ਸਿਮਰਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ।੨੦।

ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥

ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥੨੧॥

ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥

ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥੨੨॥

ਭਾਵਾਰਥ-

(ਹੇ ਮਨੁੱਖ!) ਜੀਭ ਨਾਲ ਪ੍ਰਭੂ ਦਾ ਗੁਣ-ਗਾਨ ਕਰੋ ਅਤੇ ਕੰਨਾਂ ਨਾਲ ਹਰਿ-ਨਾਮ ਸੁਣੋ। ਨਾਨਕ ਦਾ ਕਥਨ ਹੈ ਕਿ ਹੇ ਮਨ! ਸੁਣ, (ਉਹ ਸਾਧਕ) ਜਮ-ਪੁਰੀ ਵਿਚ ਨਹੀਂ ਜਾਂਦਾ ।੨੧। ਜੋ ਪ੍ਰਾਣੀ ਮਮਤਾ, ਲੋਭ, ਮੋਹ ਅਤੇ ਹੰਕਾਰ ਨੂੰ ਛਡ ਦਿੰਦਾ ਹੈ। ਨਾਨਕ ਦਾ ਕਥਨ ਹੈ ਕਿ ਉਹ ਭਵ-ਸਾਗਰ ਤੋਂ) ਆਪ ਤਰ ਜਾਂਦਾ ਹੈ ਅਤੇ ਹੋਰਾਂ ਨੂੰ ਵੀ ਪਾਰ ਲੰਘਾ ਦਿੰਦਾ ਹੈ ।੨੨।

ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥

ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥੨੩॥

ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥

ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥

ਭਾਵਾਰਥ-

(ਹੇ ਭਾਈ!) ਜਿਸ ਤਰ੍ਹਾਂ ਸੁਪਨਾ ਅਤੇ ਤਮਾਸ਼ਾ (ਪੇਖਨਾ) (ਅਸਥਿਰ) ਹਨ, ਉਸੇ ਤਰ੍ਹਾਂ ਜਗਤ ਨੂੰ ਸਮਝ । ਨਾਨਕ (ਦਾ ਕਥਨ ਹੈ ਕਿ) ਇਸ ਵਿਚ ਭਗਵਾਨ ਤੋਂ ਬਿਨਾ ਕੁਝ ਵੀ ਸੱਚਾ ਨਹੀਂ ਹੈ।੨੩। ਹਰ ਰੋਜ਼ ਮਾਇਆ ਕਰਕੇ ਪ੍ਰਾਣੀ ਨਿਤ ਡੋਲਦਾ ਫਿਰਦਾ ਹੈ। ਨਾਨਕ (ਦਾ ਕਥਨ ਹੈ ਕਿ) ਕਰੋੜਾਂ (ਮਨੁੱਖਾਂ) ਵਿਚੋਂ ਕੋਈ (ਵਿਰਲਾ ਹੀ ਅਜਿਹਾ ਹੈ), ਜਿਸ ਦੇ ਚਿਤ ਵਿਚ ਪ੍ਰਭੂ (ਦਾ ਨਾਮ) ਹੈ ।੨੪।

ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥

ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥

ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥

ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥੨੬॥

ਭਾਵਾਰਥ-

ਹੇ ਮਿਤਰ। ਸੁਣ, ਜਿਵੇਂ ਜਲ ਵਿਚੋਂ ਬੁਲਬੁਲਾ ਨਿਤ ਪੈਦਾ ਹੁੰਦਾ ਹੈ ਅਤੇ (ਫਿਰ) ਨਸ਼ਟ ਹੋ ਜਾਂਦਾ ਹੈ, ਨਾਨਕ ਦਾ ਕਥਨ ਹੈ ਕਿ (ਪ੍ਰਭੂ ਨੇ) ਜਗਤ ਦੀ ਰਚਨਾ ਵੀ ਉਸੇ ਤਰ੍ਹਾਂ ਦੀ ਕੀਤੀ ਹੈ ।੨੫ । ਮਾਇਆ ਦੀ ਮਸਤੀ ਕਰਕੇ ਅੰਨ੍ਹਾ ਹੋਇਆ ਪ੍ਰਾਣੀ (ਪ੍ਰਭੂ ਦਾ ਨਾਮ) ਉਕਾ ਹੀ ਯਾਦ ਨਹੀਂ ਕਰਦਾ, ਨਾਨਕ ਦਾ ਕਥਨ ਹੈ ਕਿ ਹਰ ਦੇ ਭਜਨ ਤੋਂ ਬਿਨਾ ਉਸ ਨੂੰ ਜਮ ਦੀ ਫਾਹੀ ਪੈਂਦੀ ਹੈ ।੨੬।

ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥

ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ ॥੨੭॥

ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥

ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥੨੮॥

ਭਾਵਾਰਥ-

(ਹੇ ਭਾਈ !) ਜੇ (ਤੂੰ) ਸਦਾ ਸੁਖ ਨੂੰ ਚਾਹੁੰਦਾ ਹੈਂ, (ਤਾਂ ਤੂੰ) ਰਾਮ ਦੀ ਸ਼ਰਣ ਲੈ । ਨਾਨਕ ਦਾ ਕਥਨ ਹੈ ਕਿ ਹੇ ਮਨ। ਸੁਣ, ਮਨੁੱਖ ਦੇਹ (ਬਹੁਤ) ਦੁਰਲਭ ਹੈ ।੨੭। ਮੂਰਖ ਅਤੇ ਅਜਾਣ ਲੋਕ ਮਾਇਆ ਲਈ ਭਟਕਦੇ ਫਿਰਦੇ ਹਨ। ਨਾਨਕ ਦਾ ਕਥਨ ਹੈ ਕਿ ਹਰ ਦੇ ਭਜਨ ਤੋਂ ਬਿਨਾ (ਉਨ੍ਹਾਂ ਲੋਕਾਂ ਦਾ) ਜੀਵਨ ਵਿਅਰਥ ਹੀ ਬੀਤ ਜਾਂਦਾ ਹੈ ।੨੮।

ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥

ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੨੯॥

ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥

ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥੩੦॥

ਭਾਵਾਰਥ-

ਜੋ ਪ੍ਰਾਣੀ ਰਾਤ ਦਿਨ (ਪ੍ਰਭੂ ਦਾ) ਭਜਨ ਕਰਦਾ ਹੈ, ਉਸ ਨੂੰ ਪ੍ਰਭੂ ਦਾ ਰੂਪ ਸਮਝੋ । ਨਾਨਕ (ਦਾ ਕਥਨ ਹੈ ਕਿ) ਇਹ (ਗੱਲ) ਸੱਚ ਮੰਨੋ ਕਿ ਹਰ ਅਤੇ ਹਰਿ-ਜਨ ਵਿਚ ਕੋਈ ਫ਼ਰਕ ਨਹੀਂ ਹੈ ।੨੯। (ਮਨੁੱਖ ਦਾ) ਮਨ ਮਾਇਆ ਵਿਚ ਫਸਿਆ ਹੋਇਆ ਹੈ, (ਜਿਸ ਕਰਕੇ ਉਸ ਨੂੰ) ਪ੍ਰਭੂ ਦਾ ਨਾਮ ਭੁਲ ਗਿਆ ਹੈ। ਨਾਨਕ ਦਾ ਕਥਨ ਹੈ ਕਿ ਹਰਿ ਦੇ ਭਜਨ ਤੋਂ ਬਿਨਾ ਜੀਵਨ ਕਿਸੇ ਕੰਮ ਦਾ ਨਹੀਂ ਹੈ ।੩੦।

ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥

ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥੩੧॥

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥

ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥੩੨॥

ਭਾਵਾਰਥ-

ਹੇ ਪ੍ਰਾਣੀ ! (ਤੂੰ ਕਦੇ) ਹਰਿ-ਨਾਮ ਦਾ ਸਿਮਰਨ ਨਹੀਂ ਕੀਤਾ ਅਤੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ’ । ਨਾਨਕ ਦਾ ਕਥਨ ਹੈ ਕਿ ਹਰਿ ਦੇ ਭਜਨ ਤੋਂ ਬਿਨਾ ਉਸ (ਵਿਅਕਤੀ) ਨੂੰ ਜਮ ਦੀ ਫਾਹੀ ਪੈਂਦੀ ਹੈ ।੩੧। (ਸੰਸਾਰ ਦੇ ਚਲਨ ਅਨੁਸਾਰ) ਸੁਖ ਵਿਚ ਬਹੁਤ ਸਾਥੀ ਹੁੰਦੇ ਹਨ, (ਪਰ) ਦੁਖ ਵਿਚ ਕੋਈ ਵੀ ਨਾਲ ਨਹੀਂ ਨਿਭਦਾ। ਨਾਨਕ ਦਾ ਕਥਨ ਹੈ ਕਿ ਹੇ ਮਨ ! ਹਰਿ ਦਾ ਭਜਨ ਕਰ, (ਇਹ) ਅੰਤ ਨੂੰ ਸਹਾਇਕ ਹੁੰਦਾ ਹੈ ।੩੨।

ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸੁ ॥

ਕਹੁ ਨਾਨਕ ਹਰਿ ਭਜੁ ਮਨਾ ਨਿਰਭੈ ਪਾਵਹਿ ਬਾਸੁ ॥੩੩॥

ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ ॥

ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ ॥੩੪॥

ਭਾਵਾਰਥ-

(ਹੇ ਮਨੁੱਖ! ਤੂੰ) ਜਨਮ-ਜਨਮਾਂਤਰਾਂ ਤੋਂ ਭਟਕਦਾ ਫਿਰ ਰਿਹਾ ਹੈਂ, (ਪਰ ਤੇਰੇ ਮਨ ਵਿਚੋਂ) ਜਮ ਦਾ ਡਰ ਦੂਰ ਨਹੀਂ ਹੋਇਆ। ਨਾਨਕ ਦਾ ਕਥਨ ਹੈ ਕਿ ਹੇ ਮਨ! ਹਰਿ ਦਾ ਭਜਨ ਕਰ, (ਜਿਸ ਕਰਕੇ ਤੂੰ) ਨਿਰਭਉ (ਪ੍ਰਭੂ ਦੀ ਦਰਗਾਹ) ਵਿਚ ਵਾਸਾ ਪ੍ਰਾਪਤ ਕਰ ਲਏਂ ।੩੩। (ਹੇ ਪ੍ਰਭੂ!) ਮੈਂ ਬਹੁਤ ਯਤਨ ਕਰ ਚੁਕਿਆ ਹਾਂ, (ਪਰ) ਮਨ ਵਿਚੋਂ ਹੰਕਾਰ (ਮਾਨੁ) ਨਹੀਂ ਮਿਟਿਆ। ਨਾਨਕ (ਦਾ ਕਥਨ ਹੈ ਕਿ ਮੈਂ) ਖੋਟੀ ਮਤਿ ਵਿਚ ਫਸਿਆ ਪਿਆ ਹਾਂ, ਹੇ ਭਗਵਾਨ! (ਮੈਨੂੰ) ਬਚਾ ਲਵੋ ।੩੪।

ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥

ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ ॥੩੫॥

ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ ॥

ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥੩੬॥

ਭਾਵਾਰਥ-

(ਹੇ ਭਾਈ!) ਬਚਪਨ, ਜਵਾਨੀ ਅਤੇ ਫਿਰ ਬੁਢਾਪਾ-ਇਨ੍ਹਾਂ ਨੂੰ (ਜੀਵਨ ਦੀਆਂ) ਤਿੰਨ ਅਵਸਥਾਵਾਂ ਸਮਝ। ਨਾਨਕ ਦਾ ਕਥਨ ਹੈ ਕਿ ਹਰਿ ਦੇ ਭਜਨ ਤੋਂ ਬਿਨਾ ਇਨ੍ਹਾਂ ਨੂੰ ਵਿਅਰਥ ਜਾਣ ।੩੫ । (ਹੇ ਮਨੁੱਖ! ਤੂੰ) ਜੋ ਕਰਨਾ ਸੀ, (ਉਹ) ਨਹੀਂ ਕੀਤਾ ਅਤੇ ਲੋਭ ਦੇ ਫੰਧੇ ਵਿਚ ਫਸਿਆ ਰਿਹਾ। ਨਾਨਕ (ਦਾ ਕਥਨ ਹੈ ਕਿ) ਸਮਾਂ ਬੀਤ ਗਿਆ ਹੈ, ਹੁਣ ਹੋ ਅਗਿਆਨੀ (ਵਿਅਕਤੀ)। ਕਿਉਂ ਰੋਂਦਾ ਹੈ ।੩੬।

ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥

ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥੩੭॥

ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥

ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥੩੮॥

ਭਾਵਾਰਥ-

ਹੋ ਮਿਤਰ! (ਜਿਸ ਵਿਅਕਤੀ ਦਾ) ਮਨ ਮਾਇਆ ਵਿਚ ਉਲਝ ਜਾਂਦਾ ਹੈ, (ਉਹ) ਨਿਕਲ ਨਹੀਂ ਸਕਦਾ। ਨਾਨਕ (ਦਾ ਕਥਨ ਹੈ ਕਿ ਇਹ ਸਥਿਤੀ ਕੰਧ ਉਪਰ ਬਣੇ ਕਿਸੇ) ਮੂਰਤੀ ਦੇ ਚਿਤਰ ਵਰਗੀ ਹੈ ਜੋ ਦੀਵਾਰ ਨੂੰ ਨਹੀਂ ਛਡਦਾ ।੩੭। ਮਨੁੱਖ (ਮਨ ਵਿਚ) ਕੁਝ ਹੋਰ ਚਾਹੁੰਦਾ ਹੈ, (ਪਰ) ਹੁੰਦਾ ਹੋਰ ਦਾ ਹੋਰ ਹੀ ਹੈ। ਨਾਨਕ (ਦਾ ਕਥਨ ਹੈ ਕਿ ਵਿਅਕਤੀ ਮਨ ਵਿਚ) ਠਗੀਆਂ ਕਰਨੀਆਂ ਸੋਚਦਾ ਰਹਿੰਦਾ ਹੈ, (ਪਰ ਜਮ ਦੀ) ਫਾਹੀ ਗੱਲ ਵਿਚ ਪੈ ਜਾਂਦੀ ਹੈ ।੩੮।

ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥

ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ ॥੩੯॥

ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥

ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥੪੦॥

ਭਾਵਾਰਥ-

(ਹੇ ਭਾਈ। ਤੂੰ) ਸੁਖ (ਦੀ ਪ੍ਰਾਪਤੀ) ਲਈ ਬਹੁਤ ਯਤਨ ਕੀਤੇ ਹਨ, (ਪਰ) ਦੁਖ ਲਈ ਕੋਈ (ਯਤਨ) ਨਹੀਂ ਕੀਤਾ। ਨਾਨਕ ਦਾ ਕਥਨ ਹੈ ਕਿ ਹੇ ਮਨ! ਸੁਣ, (ਜੋ) ਹਰਿ ਨੂੰ ਚੰਗਾ ਲਗਦਾ ਹੈ, ਉਹੀ ਹੁੰਦਾ ਹੈ ।੩੯। ਜਗਤ (ਦੀ ਸਾਰੀ ਲੋਕਾਈ) ਭਿਖਾਰੀ ਵਾਂਗ ਭਟਕਦੀ ਫਿਰਦੀ ਹੈ, (ਪਰ) ਸਭ ਦਾ ਦਾਤਾ ਪ੍ਰਭੂ ਹੈ। ਨਾਨਕ ਦਾ ਕਥਨ ਹੈ ਕਿ ਹੇ ਮਨ। ਉਸ (ਪ੍ਰਭੂ) ਨੂੰ ਸਿਮਰ, (ਤਾਂ ਜੋ ਸਾਰੇ) ਕੰਮ ਸਿਰੇ ਚੜ੍ਹ ਜਾਣ 1੪੦ ।

ਝੂਠੈ ਮਾਨੁ ਕਹਾ ਕਰੈ ਜਗੁ ਸੁਪਨੇ ਜਿਉ ਜਾਨੁ ॥

ਇਨ ਮੈ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ ॥੪੧॥

ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ ॥

ਜਿਹਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤਿ ॥੪੨॥

ਭਾਵਾਰਥ-

(ਹੇ ਭਾਈ) ਨਾਸ਼ਮਾਨ (ਜਗਤ) ਉਤੇ ਕਿਉਂ ਮਾਣ ਕਰਦਾ ਹੈ, ਜਗਤ ਨੂੰ ਸੁਪਨੇ ਵਾਂਗ ਸਮਝ। ਨਾਨਕ (ਸਪੱਸ਼ਟ) ਬਖਾਨ ਕਰਦਾ ਹੈ ਕਿ (ਹੇ ਪ੍ਰਾਣੀ!) ਇਨ੍ਹਾਂ ਵਿਚ ਤੇਰਾ ਕੁਝ ਵੀ ਨਹੀਂ ਹੈ ।੪੧। ਹੇ ਮਿਤਰ । (ਜਿਸ) ਦੇਹ ਦਾ ਤੂੰ ਹੰਕਾਰ ਕਰਦਾ ਹੈ, (ਉਹ) ਛਿਣ ਭਰ ਵਿਚ ਨਸ਼ਟ ਹੋ ਜਾਣੀ ਹੈ। ਨਾਨਕ (ਦਾ ਕਥਨ ਹੈ ਕਿ) ਜਿਸ ਪ੍ਰਾਣੀ ਨੇ ਹਰਿ ਦਾ ਜਸ ਗਾਇਆ ਹੈ, ਉਸ ਨੇ (ਮਾਨੋ) ਜਗਤ ਜਿਤ ਲਿਆ ਹੈ ॥੪੨।

ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥

ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੪੩॥

ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ ॥

ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥੪੪॥

ਭਾਵਾਰਥ-

ਜਿਸ (ਵਿਅਕਤੀ) ਦੇ ਹਿਰਦੇ ਵਿਚ ਰਾਮ (-ਨਾਮ) ਦੇ ਸਿਮਰਨ (ਦੀ ਭਾਵਨਾ) ਬਣੀ ਹੋਈ ਹੈ, ਉਸ ਮਨੁੱਖ ਨੂੰ ਮੁਕਤ ਸਮਝੇ। ਨਾਨਕ (ਦਾ ਕਥਨ ਹੈ ਕਿ ਇਹ ਗੱਲ) ਸੱਚੀ ਜਾਣੋ ਕਿ ਉਸ ਮਨੁੱਖ ਅਤੇ ਹਰ ਵਿਚ ਫ਼ਰਕ ਨਹੀਂ ਹੈ ।੪੩। ਜਿਸ ਪ੍ਰਾਣੀ ਦੇ ਮਨ ਵਿਚ ਇਕ ਪਰਮਾਤਮਾ ਦੀ ਭਗਤੀ ਨਹੀਂ ਹੈ, ਨਾਨਕ (ਦਾ ਕਥਨ ਹੈ ਕਿ) ਉਸ ਦਾ ਸ਼ਰੀਰ ਸੂਰ ਜਾਂ ਕੁੱਤੇ (ਸੁਆਨ) ਵਰਗਾ ਮੰਨ 1੪੪।

ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥

ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ॥੪੫॥

ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥

ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥੪੬॥

ਭਾਵਾਰਥ-

ਜਿਵੇਂ ਕੁੱਤਾ ਹਮੇਸ਼ਾ ਸੁਆਮੀ ਦੇ ਘਰ ਨੂੰ ਨਹੀਂ ਛਡਦਾ । ਨਾਨਕ (ਦਾ ਕਥਨ ਹੈ ਕਿ ਹੇ ਮਨੁੱਖ!) ਤਿਵੇਂ ਇਕ-ਮਨ, ਇਕ-ਚਿਤ ਹੋ ਕੇ ਹਰਿ ਦਾ ਭਜਨ ਕਰੋ ॥੪੫॥ (ਜੋ ਵਿਅਕਤੀ) ਤੀਰਥ-ਇਸ਼ਨਾਨ, ਵਰਤ, ਦਾਨ ਆਦਿ ਕਰਦਾ ਹੈ, (ਪਰ) ਮਨ ਵਿਚ ਹੰਕਾਰ ਵਸਾਈ ਰਖਦਾ ਹੈ, ਨਾਨਕ (ਦਾ ਕਥਨ ਹੈ ਕਿ ਉਸ ਦੇ ਇਹ ਸਾਰੇ ਕਰਮ) ਨਿਸ਼ਫਲ ਚਲੇ ਜਾਂਦੇ ਹਨ, ਜਿਵੇਂ ਹਾਥੀ (ਕੁੰਚਰ) ਦਾ ਇਸ਼ਨਾਨ (ਕਰਨਾ ਹੁੰਦਾ ਹੈ ਜੋ ਫਿਰ ਆਪਣੇ ਉਪਰ ਮਿੱਟੀ ਪਾ ਲੈਂਦਾ ਹੈ) ।੪੬।

ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥

ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ ॥੪੭॥

ਨਿਜ ਕਰਿ ਦੇਖਿਓ ਜਗਤੁ ਜਗਤੁ ਮੈ ਕੋ ਕਾਹੂ ਕੋ ਨਾਹਿ ॥

ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥

ਭਾਵਾਰਥ-

(ਮਨੁੱਖ ਦਾ) ਸਿਰ ਕੰਬਦਾ ਹੈ, ਪੈਰ ਥਿੜਕਦੇ ਹਨ, ਅੱਖਾਂ ਜੋਤਿ ਤੋਂ ਵੰਚਿਤ ਹਨ, ਨਾਨਕ ਦਾ ਕਥਨ ਹੈ ਕਿ ਅਜਿਹੀ ਸਥਿਤੀ ਹੋ ਜਾਣ ‘ਤੇ ਵੀ (ਮਨੁੱਖ) ਹਰਿ ਦੇ (ਨਾਮ-ਰਸ ਵਿਚ ਲੀਨ ਨਹੀਂ ਹੁੰਦਾ ।੪੭। ਮੈਂ ਜਗਤ ਨੂੰ ਆਪਣਾ ਸਮਝ ਕੇ ਵੇਖਦਾ ਆ ਰਿਹਾ ਹਾਂ (ਪਰ ਇਸ ਵਿਚ) ਕੋਈ ਵੀ ਕਿਸੇ ਦਾ ਨਹੀਂ ਹੈ। ਨਾਨਕ (ਦਾ ਕਥਨ ਹੈ ਕਿ ਹੇ ਜਿਗਿਆਸੂ। ਇਸ ਸੰਸਾਰ ਵਿਚ ਕੇਵਲ) ਹਰਿ-ਭਗਤੀ ਹੀ ਸਦਾ ਸਥਿਰ ਹੈ, ਉਸ ਨੂੰ ਮਨ ਵਿਚ ਰੱਖੋ ॥੪੮॥

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥

ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥

ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥

ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥

ਭਾਵਾਰਥ-

ਹੇ ਮਿਤਰ। (ਇਹ ਗੱਲ ਚੰਗੀ ਤਰ੍ਹਾਂ) ਸਮਝ ਲਵੋ ਕਿ ਜਗਤ ਦੀ ਸਾਰੀ ਰਚਨਾ ਨਾਸ਼ਮਾਨ ਹੈ। ਨਾਨਕ ਦਾ ਕਥਨ ਹੈ ਕਿ (ਸੰਸਾਰ) ਸਥਿਰ ਨਹੀਂ ਰਹਿੰਦਾ, ਜਿਵੇਂ ਰੇਤ ਦੀ ਕੰਧ (ਕਾਇਮ ਨਹੀਂ ਰਹਿੰਦੀ) ।੪੯। (ਸੰਸਾਰ ਵਿਚੋਂ) ਰਾਮ ਚਲਾ ਗਿਆ, ਰਾਵਣ ਚਲਾ ਗਿਆ ਜਿਸ ਦਾ ਬਹੁਤ ਵੱਡਾ ਪਰਿਵਾਰ ਸੀ। ਨਾਨਕ ਦਾ ਕਥਨ ਹੈ ਕਿ ਸੰਸਾਰ ਸੁਪਨੇ ਵਰਗਾ ਹੈ, (ਇਸ ਵਿਚ) ਕੁਝ ਵੀ ਸਥਾਈ ਨਹੀਂ ਹੈ। ੫੦।

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥

ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥

ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥

ਭਾਵਾਰਥ-

ਹੇ ਮਨੁੱਖ! ਚਿੰਤਾ ਉਸ ਦੀ ਕਰਨੀ ਚਾਹੀਦੀ ਹੈ ਜੋ ਅਣਹੋਣੀ ਹੋਵੇ। ਨਾਨਕ (ਦਾ ਕਥਨ ਹੈ ਕਿ) ਸੰਸਾਰ ਦੇ ਇਸ ਮਾਰਗ ਉਪਰ ਕੋਈ ਵੀ ਸਥਿਰ ਨਹੀਂ ਹੈ ।੫੧। (ਹੇ ਜਿਗਿਆਸੂ। ਇਸ ਸੰਸਾਰ ਵਿਚ) ਜੋ ਉਪਜਿਆ ਹੈ, ਉਸ ਨੇ ਨਸ਼ਟ ਹੋਣਾ ਹੈ, (ਹਰ ਕਿਸੇ ਨੇ) ਅਜ ਜਾਂ ਕਲ ਡਿਗ ਪੈਣਾ ਹੈ (ਅਰਥਾਤ ਖ਼ਤਮ ਹੋ ਜਾਣਾ ਹੈ) । ਨਾਨਕ (ਦਾ ਕਥਨ ਹੈ ਕਿ ਇਸ ਵਾਸਤੇ) ਸਾਰੇ ਜੰਜਾਲ ਛਡ ਕੇ ਹਰਿ ਦਾ ਗੁਣ-ਗਾਨ ਕਰ ਲੈ ।੫੨।

ਦੋਹਰਾ ॥

ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥

ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥

ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥

ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥

ਭਾਵਾਰਥ-

(ਜਦੋਂ) ਸ਼ਕਤੀ ਖ਼ਤਮ ਹੋ ਜਾਂਦੀ ਹੈ, (ਤਾਂ) ਬੰਧਨ ਪੈ ਜਾਂਦੇ ਹਨ, (ਫਿਰ ਬੰਧਨਾਂ ਤੋਂ ਮੁਕਤੀ ਦਾ) ਕੁਝ ਵੀ ਉਪਾ ਨਹੀਂ ਹੋ ਸਕਦਾ। ਨਾਨਕ ਦਾ ਕਥਨ ਹੈ ਕਿ ਹੁਣ ਹਰ ਦੀ ਹੀ ਓਟ ਹੈ, (ਉਹ) ਹਾਥੀ (ਦੀ ਕੀਤੀ ਸਹਾਇਤਾ) ਵਾਂਗ ਸਹਾਇਕ ਹੋਣ ।੫੩। (ਜਦੋਂ ਆਤਮਿਕ) ਬਲ ਮਿਲ ਜਾਂਦਾ ਹੈ, ਤਾਂ ਬੰਧਨ ਛੁਟ ਜਾਂਦੇ ਹਨ ਅਤੇ ਹਰ ਤਰ੍ਹਾਂ ਦੇ ਉਪਾ ਸੰਭਵ ਹੋ ਜਾਂਦੇ ਹਨ। ਨਾਨਕ (ਦਾ ਕਥਨ ਹੈ ਕਿ ਹੇ ਪ੍ਰਭੂ!) ਸਭਕੁਝ ਤੁਹਾਡੇ ਹੱਥ ਵਿਚ ਹੈ, ਤੁਸੀਂ ਹੀ ਸਹਾਇਕ ਹੋ ਸਕਦੇ ਹੋ ।੫੪।

ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥

ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥

ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥

ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥

ਭਾਵਾਰਥ-

(ਸੰਸਾਰ ਦੇ) ਸਾਰੇ ਸੰਗੀ ਸਾਥੀ ਛਡ ਗਏ ਹਨ, ਕੋਈ ਵੀ ਨਾਲ ਨਿਭਿਆ ਨਹੀਂ ਹੈ। ਨਾਨਕ ਦਾ ਕਥਨ ਹੈ ਕਿ ਇਸ ਬਿਪਤਾ (ਦੀ ਘੜੀ) ਵਿਚ ਇਕ ਪ੍ਰਭੂ ਦੀ ਹੀ ਟੇਕ ਹੈ।੫੫। (ਲੋਕ-ਪਰਲੋਕ ਵਿਚ ਹੇ ਜਿਗਿਆਸੂ !) ਨਾਮ ਨਾਲ ਰਹਿੰਦਾ ਹੈ, ਸਾਧੂ (ਦੀ ਸੰਗਤ) ਨਾਲ ਨਿਭਦੀ ਹੈ ਅਤੇ ਗੋਬਿੰਦ ਰੂਪ ਗੁਰੂ (ਹਮੇਸ਼ਾ) ਸਹਾਇਕ ਹੁੰਦਾ ਹੈ। ਨਾਨਕ ਦਾ ਕਥਨ ਹੈ ਕਿ ਇਸ ਸੰਸਾਰ ਵਿਚ ਕਿਸੇ (ਵਿਰਲੇ) ਨੇ ਗੁਰੂ ਦਾ ਮੰਤ੍ਰ (ਹਰਿ-ਨਾਮ) ਜਪਿਆ ਹੈ।੫੬।

ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥

ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥

ਭਾਵਾਰਥ-

(ਹੇ ਪ੍ਰਭੂ !) ਮੈਂ ਰਾਮ ਦਾ ਨਾਮ ਹਿਰਦੇ ਵਿਚ ਧਾਰਣ ਕਰ ਲਿਆ ਹੈ, ਜਿਸ ਦੇ ਸਮਾਨ (ਹੋਰ) ਕੋਈ ਨਹੀਂ ਹੈ। ਜਿਸ (ਨਾਮ) ਦੇ ਸਿਮਰਨ ਨਾਲ ਸੰਕਟ ਮਿਟ ਜਾਂਦੇ ਹਨ ਅਤੇ ਤੇਰਾ ਦਰਸ਼ਨ ਹੋ ਜਾਂਦਾ ਹੈ ।੫੭।੧।

 

 

 

 

ਤਾਲਿਕਾ ਵਿਚ ਵਰਤੀਆਂ ਗਈਆਂ ਤਾਲਾਂ

 

 

 

ਤਾਲਿਕਾ ਵਿਚ ਵਰਤੇ ਗਏ ਰਾਗ ਅਤੇ ਸ਼ਬਦ ਗਿਣਤੀ

ਸੰਕਲਪਨਾ, ਸੰਕਲਨ ਅਤੇ ਸੰਪਾਦਨ: ਡਾ. ਰਣਜੀਤ ਸਿੰਘ ‘ਅਰਸ਼’

ਮਾਰਗਦਰਸ਼ਨ: ਇਤਿਹਾਸਕਾਰ ਡਾ. ਭਗਵਾਨ ਸਿੰਘ ‘ਖੋਜੀ’

 


ਰਾਗ ਗਉੜੀ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ


Spread the love

Leave a Comment

Your email address will not be published. Required fields are marked *