ਰਾਗ ਜੈਜਾਵੰਤੀ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ
ਰਾਗੁ ਜੈਜਾਵੰਤੀ
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ਰਾਗੁ ਜੈਜਾਵੰਤੀ ਮਹਲਾ ੯ ॥
ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥
ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥
ਜਗਤ ਸੁਖ ਮਾਨੁ ਮਿਥਿਆ ਝੂਠੇ ਸਭ ਸਾਜੁ ਹੈ ॥੧॥ ਰਹਾਉ ॥
ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥
ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥
ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ ॥
ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੩੫੨)
ਭਾਵਾਰਥ-
(ਹੇ ਜਿਗਿਆਸੂ !) ਰਾਮ (ਦੇ ਨਾਮ) ਦਾ ਸਿਮਰਨ ਕਰ, ਰਾਮ-ਨਾਮ ਦਾ ਸਿਮਰਨ ਕਰ, ਇਹੀ ਤੇਰਾ (ਕਰਨ ਯੋਗ) ਕੰਮ ਹੈ । (ਤੂੰ) ਮਾਇਆ ਦਾ ਸੰਗ ਛਡ ਦੇ, ਪ੍ਰਭੂ ਦੀ ਸ਼ਰਣ ਵਿਚ ਪੈ ਜਾ। ਜਗਤ ਦੇ ਸੁਖਾਂ ਨੂੰ ਝੂਠਾ/ਨਾਸ਼ਮਾਨ ਸਮਝ, (ਸੰਸਾਰਿਕ) ਪ੍ਰਪੰਚ ਸਭ ਝੂਠਾ ਹੈ ।੧ ਰਹਾਉ। ਧਨ ਨੂੰ ਸੁਪਨੇ ਵਾਂਗ (ਅਸਥਾਈ) ਪਛਾਣ, (ਫਿਰ) ਕਿਸ ਉਪਰ ਮਾਣ ਕਰਦਾ ਹੈਂ ? ਰੇਤ ਦੀ ਕੰਧ ਵਾਂਗ ਧਰਤੀ ਦਾ ਰਾਜ ਸਮਝ (ਅਰਥਾਤ ਨਾਸ਼ਮਾਨ ਸਮਝ) ।੧। ਦਾਸ ਨਾਨਕ (ਇਹ) ਗੱਲ ਕਹਿੰਦਾ ਹੈ ਕਿ ਤੇਰਾ ਸ਼ਰੀਰ ਵੀ ਨਸ਼ਟ ਹੋ ਜਾਣ ਵਾਲਾ ਹੈ । (ਜਿਵੇਂ) ਛਿਣ ਛਿਣ ਕਰਕੇ ‘ਕਲ’ ਬੀਤ ਗਿਆ ਹੈ, ਤਿਵੇਂ ‘ਅਜ’ ਲੰਘ ਜਾਏਗਾ ।੨।੧।
ਥਾਟ —————————— ਖਮਾਜ
ਵਾਦੀ —————————— ਰਿਸ਼ਭ
ਸੰਵਾਦੀ —————————— ਪੰਚਮ
ਜਾਤੀ ——————————- ਵਕਰ-ਸੰਪੂਰਨ
ਆਰੋਹ —————————— ਸ, ਰੇ ਗ, ਮ ਪ, ਨੀ, ਸਂ
ਅਵਰੋਹ —————————— ਸਂ, ਨੁੀ ਧ ਪ, ਧ ਮ, ਰੇ ਗੁ, ਰੇ ਸ

ਜੈਜਾਵੰਤੀ ਮਹਲਾ ੯ ॥
ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥
ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥
ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥੧॥ ਰਹਾਉ ॥
ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥
ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥੧॥
ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ ॥
ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥੨॥੨॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੩੫੨)
ਭਾਵਾਰਥ-
ਹੇ ਭਾਈ!) ਪ੍ਰਭੂ ਨੂੰ ਸਿਮਰ, ਪ੍ਰਭੂ ਨੂੰ ਸਿਮਰ, (ਤੇਰਾ) ਜਨਮ ਬੀਤਦਾ ਜਾ ਰਿਹਾ ਹੈ। (ਮੈਂ ਤੈਨੂੰ) ਬਾਰ ਬਾਰ ਕੀ ਕਹਾਂ? ਹੇ ਮੂਰਖ। ਤੂੰ ਕਿਉਂ ਨਹੀਂ ਸਮਝ ਰਿਹਾ ? (ਤੇਰਾ) ਸ਼ਰੀਰ ਓਲੇ/ਗੜੇ ਵਰਗਾ ਹੈ, (ਇਸ ਨੂੰ) ਨਸ਼ਟ ਹੋਣ ਵਿਚ ਦੇਰ ਨਹੀਂ ਲਗਦੀ ।੧ ।ਰਹਾਉ। (ਮਨ ਤੋਂ) ਸਾਰੇ ਭਰਮ ਕਢ ਦੇ, ਪ੍ਰਭੂ ਦਾ ਨਾਮ ਜਪ (ਕਿਉਂਕਿ) ਅੰਤ ਵੇਲੇ ਇਹੋ ਇਕ ਤੇਰੇ ਨਾਲ ਜਾਂਦਾ ਹੈ ।੧। ਮਾਇਆ ਨੂੰ ਵਿਸ਼ ਵਾਂਗ ਭੁਲਾ ਦੇ, ਪਰਮਾਤਮਾ ਦੇ ਜਸ ਨੂੰ ਹਿਰਦੇ ਵਿਚ ਧਾਰ ਲੈ । ਦਾਸ ਨਾਨਕ ਪੁਕਾਰ ਕੇ ਕਹਿ ਰਿਹਾ ਹੈ ਕਿ ਮੌਕਾ ਹੱਥੋਂ ਜਾ ਰਿਹਾ ਹੈ ।੨।੨।

ਜੈਜਾਵੰਤੀ ਮਹਲਾ ੯ ॥
ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥
ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ ॥
ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥੧॥ ਰਹਾਉ ॥
ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ ॥
ਦਾਰਾ ਸੁਖ ਭਇਓ ਦੀਨੁ ਪਗਹੁ ਪਰੀ ਬੇਰੀ ॥੧॥
ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ ਜਗ ਪਸਾਰੁ ॥
ਸਿਮਰਤ ਨਹ ਕਿਉ ਮੁਰਾਰਿ ਮਾਇਆ ਜਾ ਕੀ ਚੇਰੀ ॥੨॥੩॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੩੫੨)
ਭਾਵਾਰਥ-
ਹੇ ਮਨ! ਤੇਰੀ ਕੀ ਹਾਲਤ ਹੋ ਰਹੀ ਹੈ? ਇਸ ਜਗਤ ਵਿਚ ਰਾਮ ਦਾ ਨਾਮ ਹੀ (ਸਰਬ ਸ੍ਰੇਸ਼ਠ) ਹੈ, ਉਹ ਤਾਂ (ਤੂੰ) ਕੰਨਾਂ ਨਾਲ ਨਹੀਂ ਸੁਣਿਆ। (ਤੂੰ) ਵਿਸ਼ਿਆਂ ਨਾਲ ਬਹੁਤ ਖਚਿਤ ਹੋ ਰਿਹਾ ਹੈਂ, (ਇਨ੍ਹਾਂ ਵਲੋਂ ਤੂੰ ਕਦੇ) ਸੁਰਤਿ ਨੂੰ ਮੋੜਦਾ ਨਹੀਂ ।੧ ।ਰਹਾਉ। (ਤੂੰ) ਮਨੁੱਖ ਦਾ ਜਨਮ ਲਿਆ ਹੈ, (ਪਰ) ਨਿਮਖ ਭਰ ਵੀ ਸਿਮਰਨ ਨਹੀਂ ਕੀਤਾ। (ਤੂੰ) ਇਸਤਰੀ (ਦਾਰਾ) ਦੇ ਸੁਖ ਦੇ ਵਸ ਵਿਚ ਹੋ ਗਿਆ ਹੈਂ, (ਇਸ ਕਰਕੇ ਤੇਰੇ) ਪੈਰਾਂ ਵਿਚ ਬੇੜੀ ਪੈ ਗਈ ਹੈ ।੧। ਦਾਸ ਨਾਨਕ ਪੁਕਾਰ ਕੇ ਕਹਿ ਰਿਹਾ ਹੈ ਕਿ ਜਗਤ ਦਾ ਪਸਾਰਾ ਸੁਪਨੇ ਵਰਗਾ ਹੈ । (ਤੂੰ) ਪ੍ਰਭੂ ਨੂੰ ਕਿਉਂ ਨਹੀਂ ਸਿਮਰਦਾ? ਜਿਸ ਦੀ ਮਾਇਆ ਵੀ ਸੇਵਿਕਾ ਹੈ ।੨।੩।

ਜੈਜਾਵੰਤੀ ਮਹਲਾ ੯ ॥
ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥
ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥
ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥
ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥
ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥
ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥
ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੩੫੨)
ਭਾਵਾਰਥ-
ਹੋ (ਜਿਗਿਆਸੂ । ਸਿਮਰਨ ਤੋਂ ਬਿਨਾ) ਵਿਅਰਥ ਵਿਚ (ਤੇਰਾ) ਜਨਮ ਬੀਤਦਾ ਜਾ ਰਿਹਾ ਹੈ, ਗੁਜ਼ਰਦਾ ਜਾ ਰਿਹਾ ਹੈ। ਰਾਤ ਦਿਨ ਪੁਰਾਣਾਂ (ਦੀ ਕਥਾ) ਸੁਣ ਕੇ ਹੇ ਨਾਸਮਝ। (ਤੂੰ) ਸਮਝਦਾ ਨਹੀਂ ਹੈਂ ਕਿ ਕਾਲ ਤਾਂ (ਤੇਰੇ ਸਿਰ ਉਪਰ) ਆ ਪਹੁੰਚਿਆ ਹੈ, ਕਿਥੇ ਭਜ ਕੇ ਜਾਏਂਗਾ?।੧ ।ਰਹਾਉ। ਜਿਸ ਦੇਹ ਨੂੰ (ਤੂੰ) ਸਦੀਵੀ ਮੰਨਦਾ ਹੈ, ਉਹ ਤਾਂ ਤੇਰੀ (ਦੋਹ) ਸੁਆਹ ਹੋ ਜਾਣੀ ਹੈ। ਹੇ ਨਿਰਲਜ ! ਹੇ ਮੂਰਖ। (ਫਿਰ ਤੂੰ) ਹਰਿ ਦਾ ਨਾਮ ਕਿਉਂ ਨਹੀਂ ਲੈਂਦਾ ।੧ । (ਤੂੰ) ਰਾਮ ਦੀ ਭਗਤੀ ਨੂੰ ਹਿਰਦੇ ਵਿਚ ਲਿਆ ਅਤੇ ਮਨ ਦਾ (ਝੂਠਾ) ਮਾਣ ਛਡ ਦੇ । ਦਾਸ ਨਾਨਕ ਇਹ ਬਖਾਨ ਕਰਦਾ ਹੈ ਕਿ ਜਗਤ ਵਿਚ (ਅਜਿਹਾ) ਜੀਵਨ ਬਤੀਤ ਕਰ ।੨ ।੪।
