ਰਾਗ ਰਾਮਕਲੀ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ
ਰਾਗੁ ਰਾਮਕਲੀ
ੴ ਸਤਿਗੁਰ ਪ੍ਰਸਾਦਿ ॥
ਰਾਗੁ ਰਾਮਕਲੀ ਮਹਲਾ ੯ ਤਿਪਦੇ ॥
ਰੇ ਮਨ ਓਟ ਲੇਹੁ ਹਰਿ ਨਾਮਾ ॥
ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥
ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ ॥
ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥੧॥
ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ ॥
ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥੨॥
ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ ਗਜਿ ਕੀਨਾ ॥
ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ ॥੩॥੧॥
-(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੯੦੧)
ਭਾਵਾਰਥ-
ਹੇ ਮਨ! (ਤੂੰ) ਹਰਿ ਦੇ ਨਾਮ ਦੀ ਓਟ ਲੈ । ਜਿਸ (ਪ੍ਰਭੂ ਦੇ ਨਾਮ) ਦੇ ਸਿਮਰਨ ਨਾਲ ਭੈੜੀ ਮਤਿ ਦੂਰ ਹੋ ਜਾਂਦੀ ਹੈ ਅਤੇ (ਤੂੰ) ਨਿਰਵਾਣ ਪਦ (ਅਰਥਾਤ ਮੁਕਤ-ਅਵਸਥਾ) ਪ੍ਰਾਪਤ ਕਰ ਲੈਂਦਾ ਹੈਂ ।੧ ਰਹਾਉ। ਉਸ ਸੇਵਕ ਨੂੰ ਵਡਭਾਗੀ ਸਮਝੋ, ਜੋ ਹਰਿ ਦੇ ਗੁਣਾਂ ਦਾ ਗਾਇਨ ਕਰਦਾ ਹੈ। (ਉਹ) ਜਨਮ-ਜਨਮਾਂਤਰਾਂ ਦੇ ਪਾਪ ਖ਼ਤਮ ਕਰਾ ਕੇ ਫਿਰ ਬੈਕੁੰਠ ਪਹੁੰਚ ਜਾਂਦਾ ਹੈ ।੧। ਅਜਾਮਿਲ (ਨਾਂ ਦੇ ਪਾਪੀ) ਨੂੰ ਅੰਤ ਸਮੇਂ ਪਰਮਾਤਮਾ (ਦਾ ਨਾਮ ਲੈਣ ਦੀ) ਸੋਝੀ ਆਈ। ਜਿਸ ਸ੍ਰੇਸ਼ਠ ਸਥਿਤੀ (ਗਤਿ) ਨੂੰ ਵੱਡੇ ਜੋਗੀ ਲੋਚਦੇ ਸਨ, ਉਹ ਸਥਿਤੀ (ਉਸ ਨੇ) ਛਿਣ ਭਰ ਵਿਚ ਪ੍ਰਾਪਤ ਕਰ ਲਈ ।੨। (ਉਸ ਹਾਥੀ ਵਿਚ) ਨ ਕੋਈ ਗੁਣ ਸੀ, ਨ ਹੀ (ਉਸ ਨੇ) ਕੁਝ ਵਿਦਿਆ (ਹਾਸਲ ਕੀਤੀ ਸੀ), (ਫਿਰ ਉਸ) ਹਾਥੀ ਨੇ ਕਿਹੜਾ ਧਰਮ-ਕਰਮ ਕੀਤਾ ਸੀ? ਨਾਨਕ (ਦਾ ਕਥਨ ਹੈ ਕਿ) ਪ੍ਰਭੂ ਦੀ ਮਰਯਾਦਾ ਵੇਖੋ, ਉਸ (ਹਾਥੀ) ਨੂੰ ਨਿਰਭੈਅਤਾ (ਵਾਲਾ ਪਦ) ਪ੍ਰਦਾਨ ਕਰ ਦਿੱਤਾ ।੩ ।੧।
ਥਾਟ —————————— ਭੈਰਵ
ਵਾਦੀ —————————— ਪੰਚਮ
ਸੰਵਾਦੀ —————————— ਰਿਸ਼ਭ
ਜਾਤੀ ——————————- ਸ਼ਾੜਵ-ਸੰਪੂਰਨ
ਆਰੋਹ —————————— ਸ, ਗ ਮ ਪ, ਧੁ ਨੀ ਸਂ
ਅਵਰੋਹ —————————— ਸਂ ਨੀ ਧੁ ਪ, ਮੇ ਪ ਧੁ ਨੀੁ ਧੁ ਪ, ਗ ਮ ਰੇੁ ਸ

ਰਾਮਕਲੀ ਮਹਲਾ ੯ ॥
ਸਾਧੋ ਕਉਨ ਜੁਗਤਿ ਅਬ ਕੀਜੈ ॥
ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ ॥੧॥ ਰਹਾਉ ॥
ਮਨੁ ਮਾਇਆ ਮਹਿ ਉਰਝਿ ਰਹਿਓ ਹੈ ਬੂਝੈ ਨਹ ਕਛੁ ਗਿਆਨਾ ॥
ਕਉਨੁ ਨਾਮੁ ਜਗੁ ਜਾ ਕੈ ਸਿਮਰੈ ਪਾਵੈ ਪਦੁ ਨਿਰਬਾਨਾ ॥੧॥
ਭਏ ਦਇਆਲ ਕ੍ਰਿਪਾਲ ਸੰਤ ਜਨ ਤਬ ਇਹ ਬਾਤ ਬਤਾਈ ॥
ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥੨॥
ਰਾਮ ਨਾਮੁ ਨਰੁ ਨਿਸਿ ਬਾਸੁਰ ਮਹਿ ਨਿਮਖ ਏਕ ਉਰਿ ਧਾਰੈ ॥
ਜਮ ਕੋ ਤ੍ਰਾਸੁ ਮਿਟੈ ਨਾਨਕ ਤਿਹ ਅਪੁਨੇ ਜਨਮੁ ਸਵਾਰੈ ॥੩॥੨॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੯੦੨)
ਭਾਵਾਰਥ-
ਹੇ ਸਾਧ ਜਨੋ। ਹੁਣ ਕਿਹੜੀ ਜੁਗਤ ਕਰੀਏ, ਜਿਸ ਨਾਲ ਸਾਰੀ ਖੋਟੀ ਬੁੱਧੀ ਨਸ਼ਟ ਹੋ ਜਾਏ ਅਤੇ ਪ੍ਰਭੂ ਦੀ ਭਗਤੀ ਵਿਚ ਮਨ ਭਿਜ ਜਾਏ ? 1੧ ਰਹਾਉ। ਮਨ ਮਾਇਆ ਦੇ ਮੋਹ ਵਿਚ ਉਲਝਿਆ ਪਿਆ ਹੈ। (ਇਹ ਆਤਮ-ਗਿਆਨ ਦੀ ਕੁਝ ਵੀ (ਗੱਲ) ਸਮਝਦਾ ਨਹੀਂ ਹੈ। (ਉਹ) ਕਿਹੜਾ ਨਾਮ ਹੈ ਜਿਸ ਨੂੰ ਸਿਮਰ ਕੇ ਜਗਤ ਨਿਰਵਾਣ-ਪਦ (ਅਰਥਾਤ ਮੁਕਤੀ) ਨੂੰ ਪ੍ਰਾਪਤ ਕਰ ਸਕਦਾ ਹੈ ? ।੧। (ਜਦੋਂ) ਸੰਤ ਜਨ ਕ੍ਰਿਪਾਲ ਅਤੇ ਦਿਆਲ ਹੋਏ, ਤਦੋਂ (ਉਨ੍ਹਾਂ ਨੇ) ਇਹ ਗੱਲ ਦੱਸੀ ਕਿ ਜਿਸ ਨੇ ਪ੍ਰਭੂ ਦਾ ਗੁਣ-ਗਾਨ ਕਰ ਲਿਆ, ਉਸ ਨੇ ਮਾਨੋ ਸਾਰੇ ਧਰਮ-ਕਰਮ ਕਰ ਲਏ ।੨। (ਜੇ ਕੋਈ) ਮਨੁੱਖ ਰਾਤ ਦਿਨ ਵਿਚ ਇਕ ਨਿਮਖ ਭਰ ਲਈ ਵੀ ਰਾਮ-ਨਾਮ ਨੂੰ ਹਿਰਦੇ ਵਿਚ ਧਾਰਣ ਕਰ ਲਏ, ਨਾਨਕ (ਦਾ ਕਥਨ ਹੈ ਕਿ) ਉਸ ਦੇ (ਮਨ ਵਿਚੋਂ) ਜਮ ਦਾ ਡਰ ਦੂਰ ਹੋ ਜਾਂਦਾ ਹੈ ਅਤੇ (ਉਹ) ਆਪਣਾ ਜਨਮ ਸਵਾਰ ਲੈਂਦਾ ਹੈ ।੩।੨।

ਰਾਮਕਲੀ ਮਹਲਾ ੯ ॥
ਪ੍ਰਾਨੀ ਨਾਰਾਇਨ ਸੁਧਿ ਲੇਹਿ ॥
ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ ॥੧॥ ਰਹਾਉ ॥
ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ ॥
ਬਿਰਧਿ ਭਇਓ ਅਜਹੂ ਨਹੀ ਸਮਝੈ ਕਉਨ ਕੁਮਤਿ ਉਰਝਾਨਾ ॥੧॥
ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ ॥
ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ॥੨॥
ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ ॥
ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ ॥੩॥੩॥੮੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੯੦੨)
ਭਾਵਾਰਥ-
ਹੇ ਪ੍ਰਾਣੀ। ਪ੍ਰਭੂ ਦਾ ਸਿਮਰਨ ਕਰ । (ਤੇਰੀ) ਉਮਰ ਦਿਨ ਰਾਤ ਛਿਣ ਛਿਣ ਕਰਕੇ ਘਟਦੀ ਜਾ ਰਹੀ ਹੈ ਅਤੇ (ਮਨੁੱਖ) ਸ਼ਰੀਰ ਵਿਅਰਥ ਜਾ ਰਿਹਾ ਹੈ ।੧ ਰਹਾਉ। (ਤੂੰ ਆਪਣੀ) ਜਵਾਨੀ ਵਿਸ਼ਿਆਂ ਵਿਚ (ਖਚਿਤ ਹੋ ਕੇ) ਅਤੇ ਬਚਪਨ ਅਗਿਆਨਤਾ (ਦੀ ਅਵਸਥਾ) ਵਿਚ ਗਵਾ ਦਿੱਤਾ। (ਹੁਣ) ਬਿਰਧ ਹੋ ਗਿਆ ਹੈਂ, (ਪਰ) ਅਜੇ ਵੀ ਸਮਝਿਆ ਨਹੀਂ ਹੈਂ। (ਤੂੰ) ਕਿਹੜੀ ਭੈੜੀ ਮਤਿ ਵਿਚ ਉਲਝਿਆ ਪਿਆ ਹੈਂ ? ।੧। ਜਿਸ ਸੁਆਮੀ ਨੇ ਮਨੁੱਖ ਜਨਮ ਦਿੱਤਾ ਹੈ, ਉਸ ਨੂੰ ਤੂੰ ਕਿਉਂ ਭੁਲਾ ਦਿੱਤਾ ਹੈ ? ਜਿਸ ਦੇ ਸਿਮਰਨ ਨਾਲ ਮਨੁੱਖ ਮੁਕਤ ਹੁੰਦਾ ਹੈ, (ਤੂੰ) ਨਿਮਖ ਭਰ ਲਈ ਵੀ ਉਸ (ਪ੍ਰਭੂ) ਦਾ (ਜਸ) ਨਹੀਂ ਗਾਇਆ ਹੈ ।੨। (ਤੂੰ) ਮਾਇਆ ਦਾ ਹੰਕਾਰ (ਮਦ) ਕਿਸ ਲਈ ਕਰਦਾ ਹੈਂ? (ਇਹ ਅੰਤ ਕਾਲ ਨੂੰ) ਕਿਸੇ ਦੇ ਨਾਲ ਨਹੀਂ ਜਾਂਦੀ । ਨਾਨਕ ਦਾ ਕਥਨ ਹੈ (ਕਿ ਹੇ ਮਨ ! ਤੂੰ) ਪ੍ਰਭੂ (ਚਿੰਤਾਮਨਿ) ਨੂੰ ਯਾਦ ਕਰਦਾ ਰਹਿ (ਕਿਉਂਕਿ ਉਹੀ) ਅੰਤ ਸਮੇਂ ਸਹਾਇਕ ਹੁੰਦਾ ਹੈ ।੩।੩।੮੧।
