ਰਾਗ ਬਿਲਾਵਲੁ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ

Spread the love

ਰਾਗ ਬਿਲਾਵਲੁ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ

ਰਾਗੁ ਬਿਲਾਵਲੁ

ੴ ਸਤਿਗੁਰ ਪ੍ਰਸਾਦਿ ॥

ਰਾਗੁ ਬਿਲਾਵਲੁ ਮਹਲਾ ੯ ਦੁਪਦੇ ॥

ਦੁਖ ਹਰਤਾ ਹਰਿ ਨਾਮੁ ਪਛਾਨੋ ॥

ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੇ ॥੧॥ ਰਹਾਉ ॥

ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥

ਨਾਰਦ ਕਹਤ ਸੁਨਤ ਧੂਅ ਬਾਰਿਕ ਭਜਨ ਮਾਹਿ ਲਪਟਾਨੇ ॥੧॥

ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥

ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥੨॥੧॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੮੩੦)

ਭਾਵਾਰਥ-

ਹੇ ਭਾਈ!) ਪ੍ਰਭੂ ਦੇ ਨਾਮ ਨੂੰ ਦੁਖ ਦੂਰ ਕਰਨ ਵਾਲਾ ਸਮਝੋ । (ਇਹ ਗੱਲ) ਦਿਲ ਵਿਚ ਜਾਣ ਲਵੋ ਕਿ ਜਿਸ (ਨਾਮ ਨੂੰ) ਸਿਮਰਨ ਨਾਲ ਅਜਾਮਿਲ (ਇਕ ਦੁਰਾਚਾਰੀ ਵਿਅਕਤੀ) ਅਤੇ ਗਨਿਕਾ (ਵੇਸਵਾ) ਮੁਕਤ ਹੋ ਗਈ।੧ ।ਰਹਾਉ। ਛਿਣ ਭਰ ਵਿਚ (ਤੰਦੁਏ ਦੁਆਰਾ ਗ੍ਰਸੇ) ਹਾਥੀ (ਗਜ) ਦਾ ਡਰ ਖ਼ਤਮ ਹੋ ਗਿਆ, ਜਦੋਂ (ਉਸ ਨੇ) ਰਾਮ (ਦਾ ਨਾਮ) ਉਚਰਿਆ। ਨਾਰਦ ਦਾ ਕਿਹਾ (ਉਪਦੇਸ਼) ਬਾਲਕ ਧੂਹ ਸੁਣ ਕੇ (ਰਾਮ-ਨਾਮ ਦੇ) ਭਜਨ ਵਿਚ ਲੀਨ ਹੋ ਗਿਆ ।੧ । (ਉਸ ਨੇ) ਅਚਲ, ਅਮਰ ਅਤੇ ਨਿਰਭੈ ਪਦ ਪ੍ਰਾਪਤ ਕੀਤਾ, (ਜਿਸ ਕਰਕੇ) ਸੰਸਾਰ ਹੈਰਾਨ ਹੋ ਗਿਆ। ਨਾਨਕ ਦਾ ਕਥਨ ਹੈ ਕਿ ਹਰਿ ਭਗਤਾਂ ਦਾ ਰਖਿਅਕ ਹੈ, ਤੁਸੀਂ ਸਦਾ ਉਸ ਨੂੰ (ਆਪਣੇ) ਨੇੜੇ ਸਮਝੋ ।੨ ।੧।

ਥਾਟ —————————— ਬਿਲਾਵਲ

ਵਾਦੀ —————————— ਧੈਵਤ

ਸੰਵਾਦੀ —————————— ਗੰਧਾਰ

ਜਾਤੀ —————————— ਸੰਪੂਰਨ

ਆਰੋਹ —————————— ਸ, ਰੇ ਗ, ਮ ਪ, ਧ ਨੀ, ਸਂ

ਅਵਰੋਹ —————————— ਸਂ ਨੀ ਧ ਪ, ਪ, ਮ ਗ ਰੇ ਸ

 

ਬਿਲਾਵਲੁ ਮਹਲਾ ੯ ॥

ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥

ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥

ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥

ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥੧॥

ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥

ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥੨॥੨॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੮੩੦

ਭਾਵਾਰਥ-

(ਜੀਵ) ਪ੍ਰਭੂ ਦੇ ਨਾਮ (ਸਿਮਰਨ) ਬਿਨਾ ਦੁਖ ਪਾਉਂਦਾ ਹੈ। ਭਗਤੀ ਤੋਂ ਬਿਨਾ (ਮਨੁੱਖ ਦਾ) ਸੰਸ਼ਾ ਦੂਰ ਨਹੀਂ ਹੁੰਦਾ, ਇਹ ਭੇਦ ਗੁਰੂ ਦਸਦਾ ਹੈ ।੧ ਰਹਾਉ। ਕੀ ਹੁੰਦਾ ਹੈ ਤੀਰਥ (ਇਸ਼ਾਨ) ਕੀਤਿਆਂ ਜਾਂ ਵਰਤ (ਰਖਿਆਂ), (ਜੇ ਮਨੁੱਖ) ਰਾਮ ਦੀ ਸ਼ਰਣ ਵਿਚ ਨਹੀਂ ਆਉਂਦਾ । ਉਸ ਦੇ ਜੋਗ ਅਤੇ ਯੱਗ (ਜਿਹੇ ਕੀਤੇ ਕਰਮ) ਵਿਅਰਥ ਸਮਝੋ, ਜੋ ਪ੍ਰਭੂ ਦਾ ਜਸ ਵਿਸਾਰ ਦਿੰਦਾ ਹੈ ।੧ । (ਜੋ ਵਿਅਕਤੀ) ਮਾਣ ਅਤੇ ਮੋਹ ਦੋਹਾਂ ਨੂੰ ਤਿਆਗ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ, ਨਾਨਕ ਦਾ ਕਥਨ ਹੈ ਕਿ ਇਸ ਢੰਗ (ਨਾਲ ਕੀਤੇ ਭਜਨ ਕਾਰਣ) ਕੋਈ (ਵਿਰਲਾ) ਵਿਅਕਤੀ ਹੀ ਜੀਵਨ-ਮੁਕਤ ਅਖਵਾਉਂਦਾ ਹੈ ।੨।੨।

 

ਬਿਲਾਵਲੁ ਮਹਲਾ ੯ ॥

ਜਾ ਮੈ ਭਜਨੁ ਰਾਮ ਕੋ ਨਾਹੀ ॥

ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥੧॥ ਰਹਾਉ ॥

ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥

ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥੧॥

ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥

ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥੨॥

ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥

ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥੩॥੩॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੮੩1)

ਭਾਵਾਰਥ-

ਜਿਸ (ਵਿਅਕਤੀ ਦੇ ਹਿਰਦੇ) ਵਿਚ ਰਾਮ ਦਾ ਭਜਨ ਨਹੀਂ ਹੈ, (ਤਾਂ) ਇਹ (ਮਨ ਵਿਚ) ਸਮਝ ਲਵੋ ਕਿ ਉਸ ਮਨੁੱਖ ਨੇ (ਆਪਣਾ) ਜਨਮ ਵਿਅਰਥ ਵਿਚ ਗਵਾ ਦਿੱਤਾ ਹੈ ।੧ ।ਰਹਾਉ। (ਜੋ ਵਿਅਕਤੀ) ਤੀਰਥ (ਇਸ਼ਨਾਨ) ਕਰਦਾ ਹੈ, ਜਾਂ ਫਿਰ ਵਰਤ ਰਖਦਾ ਹੈ, (ਪਰ ਜੇ) ਉਸ ਦਾ ਮਨ ਵਸ ਵਿਚ ਨਹੀਂ ਹੈ, (ਤਾਂ) ਤੁਸੀਂ ਉਸ ਦੇ ਧਰਮ-ਕਰਮ ਨੂੰ ਨਿਸਫਲ ਸਮਝੋ, ਇਹ (ਗੱਲ) ਮੈਂ ਉਸ ਨੂੰ ਸੱਚ ਕਹਿ ਰਿਹਾ ਹਾਂ।੧। ਜਿਵੇਂ ਪੱਥਰ ਜਲ ਵਚ ਰਖੋ, ਉਸ ਉਤੇ ਪਾਣੀ ਅਸਰ ਨਹੀਂ ਕਰਦਾ, ਤਿਵੇਂ ਹੀ ਤੁਸੀਂ ਉਸ ਪ੍ਰਾਣੀ ਨੂੰ ਸਮਝੋ ਜੋ ਭਗਤੀ ਤੋਂ ਵਿਛੁੰਨਾ ਹੈ ।੨। ਕਲਿਯੁਗ ਵਿਚ ਮੁਕਤੀ ਨਾਮ ਤੋਂ ਹੀ ਪ੍ਰਾਪਤ ਹੋ ਸਕਦੀ ਹੈ, ਗੁਰੂ ਨੇ ਇਹ ਭੇਦ (ਦੀ ਗੱਲ) ਦਸੀ ਹੈ। ਨਾਨਕ ਦਾ ਕਥਨ ਹੈ ਕਿ ਉਹੀ ਮਨੁੱਖ ਵੱਡਾ ਹੈ ਜੋ ਪ੍ਰਭੂ ਦੇ ਗੁਣ ਗਾਉਂਦਾ ਹੋਵੇ ।੩।੩।

 

 


Spread the love

Leave a Comment

Your email address will not be published. Required fields are marked *