ਰਾਗ ਟੋਡੀ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ
ਰਾਗੁ ਟੋਡੀ
ੴ ਸਤਿਗੁਰ ਪ੍ਰਸਾਦਿ ॥
ਟੋਡੀ ਮਹਲਾ ੯ ॥
ਕਹਉ ਕਹਾ ਅਪਨੀ ਅਧਮਾਈ ॥
ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥
ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥
ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥
ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥
ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੭੧੮)
ਭਾਵਾਰਥ-
ਮੈਂ ਆਪਣੀ ਤੁੱਛਤਾ ਬਾਰੇ ਕੀ ਕਹਾਂ ? (ਮੈਂ) ਸੋਨੇ ਅਤੇ ਇਸਤਰੀ ਦੇ ਸੁਆਦ ਵਿਚ ਹੀ ਫਸਿਆ ਰਿਹਾ ਅਤੇ ਪ੍ਰਭੂ ਦਾ ਜਸ ਗਾਇਨ ਨਹੀਂ ਕੀਤਾ ।੧ ਰਹਾਉ। ਝੂਠੇ ਜਗਤ ਨੂੰ ਸੱਚਾ ਜਾਣ ਕੇ, ਉਸ ਪ੍ਰਤਿ ਰੁਚੀ ਪੈਦਾ ਕਰ ਲਈ। ਦੀਨਾਂ ਦੇ ਸਹਾਇਕ ਨੂੰ ਕਦੇ ਨਹੀਂ ਸਿਮਰਿਆ, ਜੋ (ਲੋਕ ਪਰਲੋਕ ਵਿਚ) ਨਾਲ ਰਹਿ ਕੇ ਸਹਾਇਕ ਹੁੰਦਾ ਹੈ ।੧।ਦਿਨ ਰਾਤ (ਮੈਂ) ਮਾਇਆ ਵਿਚ ਮਗਨ ਰਿਹਾ ਹਾਂ, (ਇਸ ਕਰਕੇ) ਮਨ ਦੀ ਮੈਲ ਦੂਰ ਨਹੀਂ ਹੋਈ। ਨਾਨਕ ਦਾ ਕਥਨ ਹੈ ਕਿ ਹੁਣ ਹਰਿ ਦੀ ਸ਼ਰਣ ਵਿਚ ਜਾਏ ਬਿਨਾ ਹੋਰ ਕੋਈ ਚਾਰਾ ਨਹੀਂ ਹੈ ।੨।੧।੩੧।
ਥਾਟ —————————— ਟੋਡੀ
ਵਾਦੀ —————————— ਧੈਵਤ ਕੋਮਲ
ਸੰਵਾਦੀ —————————— ਗੰਧਾਰ ਕੋਮਲ
ਜਾਤੀ ——————————- ਸ਼ਾੜਵ-ਸੰਪੂਰਨ
ਆਰੋਹ —————————— ਸ, ਰੁੇ ਗੁ, ਮੇ ਧੁ ਨੀ, ਸਂ
ਅਵਰੋਹ —————————— ਸਂ ਨੀ ਧੁ ਪ, ਮੇ, ਧੁ ਰੇੁ, ਗੁ ਰੁੇ ਸ

ਰਾਗੁ ਤਿਲੰਗ
ੴ ਸਤਿਗੁਰ ਪ੍ਰਸਾਦਿ ॥
ਤਿਲੰਗ ਮਹਲਾ ੯ ਕਾਫੀ ॥
ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥
ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥
ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥
ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥੧॥
ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ॥
ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ ॥੨॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੭੨੬)
ਭਾਵਾਰਥ-
ਹੇ ਪ੍ਰਾਣੀ! (ਜੇ ਤੂੰ ਪਰਮਾਤਮਾ ਦਾ ਨਾਮ) ਯਾਦ ਕਰਨਾ ਹੈ, ਤਾਂ ਰਾਤ ਦਿਨ (ਲਗ ਕੇ) ਯਾਦ ਕਰ ਲੈ । (ਕਿਉਂਕਿ) ਛਿਣ ਛਿਣ ਵਿਚ ਤੇਰੀ ਉਮਰ ਬੀਤਦੀ ਜਾ ਰਹੀ ਹੈ, ਜਿਵੇਂ ਟੁਟੇ ਹੋਏ ਘੜੇ ਵਿਚੋਂ ਪਾਣੀ (ਨਿਕਲਦਾ ਜਾਂਦਾ ਹੈ) ।੧ ਰਹਾਉ। ਹੇ ਮੂਰਖ। ਅਗਿਆਨੀ! (ਤੂੰ) ਹਰਿ ਦੇ ਗੁਣ ਕਿਉਂ ਨਹੀਂ ਗਾਉਂਦਾ। ਝੂਠੇ (ਮਾਇਕ) ਲਾਲਚ ਵਿਚ ਲਗ ਕੇ (ਤੂੰ) ਮੌਤ ਨੂੰ ਨਹੀਂ ਪਛਾਣਦਾ ।੧। ਅਜੇ ਵੀ ਕੁਝ ਵਿਗੜਿਆ ਨਹੀਂ ਹੈ ਜੇ (ਤੂੰ) ਪ੍ਰਭੂ ਦੇ ਗੁਣ ਗਉਣ ਲਗ ਜਾਵੇਂ । ਨਾਨਕ ਦਾ ਕਥਨ ਹੈ ਕਿ ਉਸ (ਪਰਮਾਤਮਾ ਦੇ) ਭਜਨ ਨਾਲ ਨਿਰਭੈ ਪਦ ਪ੍ਰਾਪਤ ਕਰ ਲਵੇਂਗਾ ।੨ ।੧।
ਥਾਟ —————————— ਖਮਾਜ
ਵਾਦੀ —————————— ਗੰਧਾਰ
ਸੰਵਾਦੀ —————————— ਨਿਸ਼ਾਦ
ਜਾਤੀ ——————————- ਔੜਵ-ਔੜਵ
ਆਰੋਹ —————————— ਸ,ਗ, ਮ ਪ, ਨੀ, ਸਂ
ਅਵਰੋਹ —————————— ਸਂ ਨੀੁ ਪ ਮ, ਗ ਮ, ਮ ਗ ਸ

ਤਿਲੰਗ ਮਹਲਾ ੯ ॥
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥
ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥
ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ ॥
ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ ॥੧॥
ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ ॥
ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ ॥੨॥੨॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੭੨੬)
ਭਾਵਾਰਥ-
ਹੇ ਮਨ! ਸਚੇਤ ਹੋ ਜਾ, ਸਚੇਤ ਹੋ ਜਾ, ਕਿਉਂ ਬੇਸੁਧ ਹੋ ਕੇ ਸੁੱਤਾ ਪਿਆ ਹੈਂ? ਜੋ ਸ਼ਰੀਰ (ਤੇਰੇ) ਨਾਲ ਹੀ ਪੈਦਾ ਹੋਇਆ ਹੈ, ਉਹ ਵੀ ਨਾਲ ਨਹੀਂ ਜਾਂਦਾ ।੧ ।ਰਹਾਉ। ਮਾਤਾ, ਪਿਤਾ, ਪੁੱਤਰ, ਸੰਬੰਧੀ ਲੋਕ, ਜਿਨ੍ਹਾਂ ਨਾਲ (ਤੂੰ) ਹਿਤ ਲਗਾਇਆ ਹੋਇਆ ਹੈ, ਜਦੋਂ ਸ਼ਰੀਰ ਨਾਲੋਂ ਪ੍ਰਾਣ ਵਖ ਹੋ ਜਾਣ, ਤਾਂ (ਇਹ ਤੈਨੂੰ) ਅੱਗ ਵਿਚ ਪਾ ਦਿੰਦੇ ਹਨ ।੧ । ਤੂੰ ਸਮਝ ਹੈ ਕਿ ਜੀਉਂਦੇ ਰਹਿਣ ਤਕ ਹੀ (ਇਹ) ਜਗ ਦਾ ਵਿਵਹਾਰ ਹੈ। ਨਾਨਕ (ਦਾ ਕਥਨ ਹੈ ਕਿ) ਹਰਿ ਦੇ ਗੁਣਾਂ ਦਾ ਗਾਇਨ ਕਰ ਲੈ, ਬਾਕੀ ਸਭ ਕੁਝ ਸੁਪਨੇ ਵਾਂਗ ਹੈ ।੨।੨।

ਤਿਲੰਗ ਮਹਲਾ ੯ ॥
ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥
ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥
ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥੧॥
ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥
ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥੨॥
ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥
ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥੩॥੩॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੭੨੭)
ਭਾਵਾਰਥ-
ਹੇ ਮਨ! ਹਰਿ ਦਾ ਜਸ-ਗਾਨ ਕਰ ਲੈ, ਜੋ ਤੇਰੇ ਨਾਲ ਜਾਣ ਵਾਲਾ ਸਾਥੀ ਹੈ। ਅਵਸਰ ਬੀਤਦਾ ਜਾ ਰਿਹਾ ਹੈ, ਮੇਰਾ ਕਿਹਾ ਮਨ ਲੈ ।੧। ਰਹਾਉ। (ਤੂੰ) ਸੰਪੱਤੀ, ਰਬ, ਧਨ ਅਤੇ ਰਾਜ ਨਾਲ ਬਹੁਤ ਸਨੇਹ ਪਾਲਿਆ ਹੋਇਆ ਹੈ। (ਪਰ) ਜਦੋਂ ਮੌਤ ਦੀ ਫਾਹੀ ਗਲ ਵਿਚ ਪਏਗੀ, ਤਾਂ ਸਭ ਕੁਝ ਪਰਾਇਆ ਹੋ ਜਾਏਗਾ ।੧। ਹੇ ਮੂਰਖ। ਤੂੰ ਜਾਣ ਬੁਝ ਕੇ ਆਪਣਾ ਕੰਮ ਵਿਗਾੜਿਆ ਹੈ । (ਤੂੰ) ਪਾਪ ਕਰਨੋਂ ਸੰਕੋਚ ਨਹੀਂ ਕੀਤਾ ਅਤੇ ਨ ਹੀ ਹੰਕਾਰ ਨੂੰ ਦੂਰ ਕੀਤਾ ਹੈ ।੨। ਹੇ ਭਾਈ! ਜਿਸ ਤਰ੍ਹਾਂ ਗੁਰੂ ਨੇ (ਮੈਨੂੰ) ਉਪਦੇਸ਼ ਦਿੱਤਾ ਹੈ, ਉਹ ਸੁਣ ਲੈ । ਨਾਨਕ ਉੱਚੀ ਬੋਲ ਕੇ ਕਹਿੰਦਾ ਹੈ ਕਿ ਪ੍ਰਭੂ ਦੀ ਸ਼ਰਣ ਗ੍ਰਹਿਣ ਕਰ ਲੈ ।੩ ॥੩।
