ਰਾਗ ਜੈਤਸਰੀ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ
ਰਾਗੁ ਜੈਤਸਰੀ
ੴ ਸਤਿਗੁਰ ਪ੍ਰਸਾਦਿ ॥
ਜੈਤਸਰੀ ਮਹਲਾ ੯ ॥
ਭੂਲਿਓ ਮਨੁ ਮਾਇਆ ਉਰਝਾਇਓ ॥
ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥
ਸਮਝ ਨ ਪਰੀ ਬਿਖੈ ਰਸ ਰਚਿਓ ਜਸੁ ਹਰਿ ਕੋ ਬਿਸਰਾਇਓ ॥
ਸੰਗਿ ਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ ॥੧॥
ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥
ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥੨॥੧॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 202)
ਭਾਵਾਰਥ-
ਭੁੱਲਿਆ ਹੋਇਆ ਮਨ ਮਾਇਆ ਵਿਚ ਫਸਿਆ ਪਿਆ ਹੈ। (ਇਸ ਨੇ) ਲਾਲਚ ਵਿਚ ਪੈ ਕੇ ਜੋ ਜੋ ਕੰਮ ਕੀਤੇ ਹਨ, ਉਨ੍ਹਾਂ ਨਾਲ (ਆਪਣੇ) ਆਪ ਨੂੰ ਹੋਰ ਬੰਨ੍ਹਵਾਇਆ ਹੈ।੧ ।ਰਹਾਉ। ਇਸ ਨੂੰ (ਵਾਸਤਵਿਕਤਾ ਦੀ) ਸਮਝ ਨਹੀਂ ਪਈ ਅਤੇ ਵਿਸ਼ਿਆਂ ਦੇ ਰਸ ਵਿਚ ਲਗਾ ਰਿਹਾ। (ਇਸ ਤਰ੍ਹਾਂ) ਹਰਿ ਦੇ ਜਸ ਨੂੰ ਭੁਲਾ ਦਿੱਤਾ। (ਆਪਣੇ) ਨਾਲ ਵਿਚਰ ਰਹੇ ਸੁਆਮੀ ਨੂੰ ਜਾਣਿਆ ਨਹੀਂ; (ਪ੍ਰਭੂ ਨੂੰ) ਲਭਣ ਲਈ ਜੰਗਲਾਂ ਵਿਚ ਭਜਦਾ ਫਿਰਿਆ ।੧ । ਰਾਮ (ਨਾਮ ਰੂਪ) ਰਤਨ (ਮਨੁੱਖ ਦੇ) ਹਿਰਦੇ/ਸ਼ਰੀਰ ਵਿਚ ਹੀ ਹੈ, ਉਸ ਦਾ ਗਿਆਨ ਪ੍ਰਾਪਤ ਨ ਕਰ ਸਕਿਆ। ਦਾਸ ਨਾਨਕ (ਦਾ ਕਥਨ ਹੈ ਕਿ) ਭਗਵਾਨ ਦੇ ਭਜਨ ਤੋਂ ਬਿਨਾ, ਵਿਅਰਥ ਵਿਚ ਜਨਮ ਗਵਾ ਦਿੱਤਾ ।੨ ।੧।
ਥਾਟ —————————— ਪੂਰਵੀ
ਵਾਦੀ —————————— ਗੰਧਾਰ
ਸੰਵਾਦੀ —————————— ਨਿਸ਼ਾਦ
ਜਾਤੀ —————————— ਔੜਵ-ਸੰਪੂਰਨ
ਆਰੋਹ —————————— म, ਗ ਮੇ ਪ, ਨੀ,ਸਂ
ਅਵਰੋਹ —————————— ਸਂ ਨੀ, ਧੁ ਪ, ਮੇ ਗ ਰੇੁ ਸ

ਜੈਤਸਰੀ ਮਹਲਾ ੯ ॥
ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥
ਜਮ ਕੇ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥
ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥
ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥
ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥
ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥
ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥
ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 203
ਭਾਵਾਰਥ-
ਹੇ ਹਰਿ ਜੀ! ਮੇਰੀ ਪ੍ਰਤਿਸ਼ਠਾ ਨੂੰ ਬਚਾ ਲਵੋ | ਜਮ ਦਾ ਡਰ (ਮੇਰੇ) ਹਿਰਦੇ ਵਿਚ ਵਰਤ ਰਿਹਾ ਹੈ, (ਉਸ ਤੋਂ ਬਚਣ ਲਈ) ਹੇ ਕ੍ਰਿਪਾ-ਨਿਧਾਨ ! (ਮੈਂ) ਤੇਰੀ ਸ਼ਰਣ ਗ੍ਰਹਿਣ ਕੀਤੀ ਹੈ ।੧ ।ਰਹਾਉ। (ਮੈਂ) ਵੱਡਾ ਪਤਿਤ, ਮੂਰਖ ਅਤੇ ਲੋਭੀ ਹਾਂ। ਇਸ ਤੋਂ ਛੁਟ, ਪਾਪ ਕਰਦਿਆਂ ਕਰਦਿਆਂ ਹੁਣ ਹਾਰ ਗਿਆ ਹਾਂ । ਮਰਨ ਦਾ ਡਰ (ਮੇਰੇ ਮਨ) ਭੁਲਦਾ ਨਹੀਂ ਹੈ, ਉਸ ਦੀ ਚਿੰਤਾ ਨੇ (ਮੇਰਾ) ਸ਼ਰੀਰ ਸਾੜ ਦਿੱਤਾ ਹੈ ।੧। ਮੁਕਤੀ (ਦੀ ਪ੍ਰਾਪਤੀ) ਲਈ (ਕਈ) ਉਪਾ ਕੀਤੇ ਅਤੇ ਦਸ ਦਿਸ਼ਾਵ ਵਲ ਉਠ ਕੇ ਭਜਿਆ। (ਪਰ) ਪ੍ਰਭੂ ਤਾਂ ਸ਼ਰੀਰ/ਹਿਰਦੇ ਵਿਚ ਹੀ ਵਸਦਾ ਹੈ, ਉਸ ਦਾ ਭੇਦ ਨਹੀਂ ਪਾ ਸਕਿਆ।੨। (ਮੇਰੇ ਵਿਚ) ਨ ਗੁਣ ਹਨ, ਨ ਹੀ ਕੁਝ ਜਪ ਤਪ ਹੈ, ਹੁਣ (ਮੌਤੋਂ ਬਚਣ ਲਈ) ਕਿਹੜਾ ਉਦਮ ਕੀਤਾ ਜਾਏ । ਨਾਨਕ (ਦਾ ਕਥਨ ਹੈ ਕਿ) ਹੇ ਪ੍ਰਭੂ! (ਮੈਂ) ਹਾਰ ਕੇ (ਤੇਰੀ) ਸ਼ਰਣ ਵਿਚ ਆ ਪਿਆ ਹਾਂ, (ਮੈਨੂੰ) ਨਿਰਭੈਤਾ ਦਾ ਦਾਨ ਬਖ਼ਸ਼ੋ ।੩ ।੨।

ਜੈਤਸਰੀ ਮਹਲਾ ੯ ॥
ਮਨ ਰੇ ਸਾਚਾ ਗਹੋ ਬਿਚਾਰਾ ॥
ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥ ਰਹਾਉ ॥
ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ ॥
ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥੧॥
ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ ॥
ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ ॥੨॥੩॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 203)
ਭਾਵਾਰਥ-
ਹੇ ਮਨ! (ਇਹ) ਸੱਚਾ ਵਿਚਾਰ (ਮਨ ਵਿਚ) ਗ੍ਰਹਿਣ ਕਰ ਲਵੋ। ਰਾਮ-ਨਾਮ ਤੋਂ ਬਿਨਾ ਇਹ ਸਾਰਾ ਸੰਸਾਰ ਝੂਠਾ ਸਮਝੋ ॥੧ ਰਹਾਉ। ਜਿਸ (ਪ੍ਰਭੂ) ਨੂੰ ਜੋਗੀ ਖੋਜਦੇ ਖੋਜਦੇ ਹਾਰ ਗਏ, (ਪਰ) ਉਸ ਦਾ ਪਾਰ ਨਹੀਂ ਪਾ ਸਕੇ, ਉਸ ਸੁਆਮੀ ਨੂੰ ਤੁਸੀਂ ਨੇੜੇ ਸਮਝੋ, (ਜੋ) ਰੂਪ-ਰੇਖਾ ਤੋਂ ਅਲਗ ਹੈ ।੧। ਜਗਤ ਵਿਚ ਹਰਿ ਦਾ ਨਾਮ ਪਵਿਤਰ ਹੈ, (ਉਸ ਨੂੰ ਤੂੰ) ਕਦੇ ਵੀ ਯਾਦ ਨਹੀਂ ਕੀਤਾ। ਹੇ ਜਗਤ ਦੁਆਰਾ ਨਮਸਕਾਰੇ (ਪ੍ਰਭੂ !) ਨਾਨਕ ਤੇਰੀ ਸ਼ਰਣ ਵਿਚ ਪਿਆ ਹੈ, (ਮੋਰੀ) ਰਖਿਆ ਕਰੋ, (ਇਹ ਤੁਹਾਡੀ) ਪਰੰਪਰਿਕ ਮਰਯਾਦਾ ਹੈ।੨।੩।
