ਪ੍ਰਸੰਗ ਕ੍ਰਮਾੰਕ 6 : ਪੰਜਾਬ ਵਿੱਚ ਹੋਈ ਨੌਵੇਂ ਪਾਤਸ਼ਾਹ ਦੀ ਗ੍ਰਿਫ਼ਤਾਰੀ
(ਸਫ਼ਰ-ਏ-ਪਾਤਸ਼ਾਹੀ ਨੌਂਵੀ — ਸ਼ਹੀਦੀ ਮਾਰਗ ਯਾਤਰਾ)
ਸੰਗਤ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!
ਸ਼੍ਰੀ ਆਨੰਦਪੁਰ ਸਾਹਿਬ ਤੋਂ ਆਰੰਭ ਹੋਇਆ ਇਹ ਪਾਵਨ ਸ਼ਹੀਦੀ-ਮਾਰਗ ਹੌਲੀ-ਹੌਲੀ ਉਹ ਅਧਿਆਇ ਖੋਲ੍ਹਦਾ ਜਾਂਦਾ ਹੈ, ਜਿਥੋਂ ਮਨੁੱਖਤਾ ਦੇ ਇਤਿਹਾਸ ਨੂੰ ਅਮਰਤਾ ਪ੍ਰਾਪਤ ਹੋਈ। ਇਸੇ ਧਾਰਾ ਵਿੱਚ ਅੱਜ ਅਸੀਂ ਪਹੁੰਚਦੇ ਹਾਂ- ਮਲਕਪੁਰ ਰੰਗੜਾ, ਉਸ ਸਥਾਨ ‘ਤੇ, ਜਿਥੇ ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਯਾਤਰਾ ਦਾ ਇਕ ਸੰਵੇਦਨਸ਼ੀਲ ਪ੍ਰਸੰਗ ਜੁੜਿਆ ਹੋਇਆ ਹੈ।
ਭਰਤਗੜ੍ਹ ਤੋਂ ਮਲਕਪੁਰ ਰੰਗੜਾ ਤੱਕ – ਯਾਤਰਾ ਦਾ ਅਗਲਾ ਪੜਾਅ
ਸ਼੍ਰੀ ਆਨੰਦਪੁਰ ਸਾਹਿਬ ਤੋਂ ਸੰਗਤ ਨੂੰ ਵਾਪਸ ਮੁੜਾ ਕੇ ਗੁਰੂ ਸਾਹਿਬ ਪਹਿਲੀ ਰਾਤ ਭਰਤਗੜ੍ਹ ਵਿੱਚ ਵਿਸ਼ਰਾਮ ਕਰਦੇ ਹਨ। ਅਗਲੇ ਸਵੇਰੇ, ਗੁਰੂ ਸਾਹਿਬ ਦੇ ਘੋੜਿਆਂ ਦੀਆਂ ਟਾਪਾਂ ਨੇ ਜਿਸ ਪਾਸੇ ਦੀ ਯਾਤਰਾ ਸ਼ੁਰੂ ਕੀਤੀ, ਉਹ ਦਿਸ਼ਾ ਸੀ- ਮਲਕਪੁਰ ਰੰਗੜਾ।
ਅੱਜ ਇਸੇ ਸਥਾਨ ‘ਤੇ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦਿਆਂ ਐਸਾ ਮਹਿਸੂਸ ਹੁੰਦਾ ਹੈ ਜਿਵੇਂ ਸਮੇਂ ਦੀ ਧੂੜ ਹੱਟ ਰਹੀ ਹੋਵੇ ਅਤੇ ਇਤਿਹਾਸ ਆਪ ਸਾਡੇ ਵੱਲ ਵਧ ਕੇ ਸਾਨੂੰ ਆਪਣੇ ਅੰਦਰ ਲੈ ਰਿਹਾ ਹੋਵੇ।
ਬੈਕਗ੍ਰਾਊੱਡ ਮਿਊਜ਼ਿਕ: ( ਪਿਛੋਕਡ ਵਿੱਚ ਇਕ ਮਧੁਰ, ਕੋਮਲ ਅਤੈ ਆਧਿਆਤਮਿਕ ਧੁਨ- “ਸਮੇਂ ਦੀਆਂ ਪਰਤਾਂ ਹੇਠ ਦਬੀ, ਅਮਰ-ਯਾਤਨਾ ਦੀ ਕਹਾਣੀ…”)
ਮਲਕਪੁਰ ਰੰਗੜਾ ਨਾਲ ਜੁੜੀਆਂ ਦੋ ਇਤਿਹਾਸਕ ਪਰੰਪਰਾਵਾਂ
ਇਸ ਸਥਾਨ ਨਾਲ ਸੰਬੰਧਤ ਇਤਿਹਾਸ ਦੋ ਰੂਪਾਂ ਵਿੱਚ ਸਾਹਮਣੇ ਆਉਂਦਾ ਹੈ।
1. ਕੇਸਰ ਸਿੰਘ ਛਿਬਬਰ ਦੀ ਪਰੰਪਰਾ
ਪ੍ਰਸਿੱਧ ਇਤਿਹਾਸਕਾਰ ਕੇਸਰ ਸਿੰਘ ਛਿਬਬਰ ਦੇ ਅਨੁਸਾਰ- ਜਦੋਂ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਲਕਪੁਰ ਰੰਗੜਾ ਪਹੁੰਚੇ, ਤਾਂ ਪਿੰਡ ਦੇ ਕੁਝ ‘ਰੰਗੜ’ ਲੋਕਾਂ ਨੇ ਸਰਹਿੰਦ ਪ੍ਰਸ਼ਾਸਨ ਨੂੰ ਖ਼ਬਰ ਭੇਜੀ ਕਿ- “ਗੁਰੂ ਤੇਗ ਬਹਾਦੁਰ ਪਾਤਸ਼ਾਹ ਇਸ ਪਿੰਡ ਵਿੱਚ ਠਹਿਰੇ ਹੋਏ ਹਨ।”
ਉਸ ਫਿਰਕੂ ਮੁਗਲ ਸ਼ਾਸਨ ਦੇ ਦੁਰਾਨ ਔਰੰਗਜ਼ੇਬ ਦਾ ਸਪਸ਼ਟ ਹੁਕਮ ਸੀ ਕਿ ਗੁਰੂ ਪਾਤਸ਼ਾਹ ਨੂੰ ਹਰ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਜਾਵੇ।
ਛਿਬਬਰ-ਲਿਖਿਤ ਇਤਿਹਾਸ ਦੱਸਦਾ ਹੈ ਕਿ: ਗੁਰੂ ਸਾਹਿਬ ਨੂੰ ਪਹਿਲੀ ਵਾਰ ਇੱਥੇ ਮਲਕਪੁਰ ਰੰਗੜਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਫਿਰ ਉਨ੍ਹਾਂ ਨੂੰ ਦਿੱਲੀ ਵੱਲ ਲੈ ਜਾਇਆ ਗਿਆ, ਜਿੱਥੇ ਆਖ਼ਿਰਕਾਰ ਉਹ ਮਨੁੱਖਤਾ ਦੇ ਕਲਿਆਣ ਲਈ ਸ਼ਹੀਦ ਹੋਏ। ਸਥਾਨਕ ਬਜ਼ੁਰਗ ਵੀ ਦੱਸਦੇ ਹਨ ਕਿ ਇਹ ਘਟਨਾ ਸਾਵਣ ਮਹੀਨੇ ਵਿੱਚ ਹੋਈ ਸੀ ਅਤੇ ਉਹ ਤਾਰੀਖ ਵਜੋਂ 12 ਜੁਲਾਈ 1675 ਈ. ਦਾ ਜ਼ਿਕਰ ਕਰਦੇ ਹਨ। ਪ੍ਰਸਿੱਧ ਇਤਿਹਾਸਕਾਰ ਡਾ. ਭਗਵਾਨ ਸਿੰਘ ‘ਖੋਜੀ’ ਵੀ ਇਹ ਮੰਨਦੇ ਹਨ ਕਿ- ਗੁਰੂ ਸਾਹਿਬ 12 ਜੁਲਾਈ ਨੂੰ ਇਸ ਸਥਾਨ ‘ਤੇ ਨਿਸ਼ਚਿਤ ਤੌਰ ‘ਤੇ ਪਹੁੰਚੇ ਸਨ।
ਸਵਾਲ – ਜੇ ਇੱਥੇ ਗ੍ਰਿਫ਼ਤਾਰੀ ਹੋਈ, ਤਾਂ ਆਗਰਾ ਵਾਲੀ ਗ੍ਰਿਫ਼ਤਾਰੀ ਦਾ ਜ਼ਿਕਰ ਕਿਉਂ?
ਇਤਿਹਾਸ ਵਿੱਚ ਇਹ ਪ੍ਰਸ਼ਨ ਬਾਰ-ਬਾਰ ਖੜ੍ਹਾ ਹੋਦਾ ਹੈ- ਜੇ ਗੁਰੂ ਸਾਹਿਬ ਨੂੰ 12 ਜੁਲਾਈ ਨੂੰ ਇੱਥੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਤਾਂ “ਆਗਰਾ ਗ੍ਰਿਫ਼ਤਾਰੀ” ਕਿਵੇਂ ਸੰਭਵ ਹੈ? ਸਥਾਨਕ ਬਜ਼ੁਰਗ ਇਸ ‘ਤੇ ਇਕ ਮਹੱਤਵਪੂਰਨ ਵਿਚਾਰ ਰੱਖਦੇ ਹਨ- ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਇੱਕ ਨਹੀਂ, ਬਲਕਿ ਤਿੰਨ ਸਥਾਨਾਂ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਸਥਾਨ ਪਹਿਲੀ ਗ੍ਰਿਫ਼ਤਾਰੀ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ। ਬਜ਼ੁਰਗ ਦੱਸਦੇ ਹਨ ਕਿ ਉਸ ਸਮੇਂ ਭਾਈ ਮਤੀ ਦਾਸ ਜੀ ਪਿੰਡ ਦੇ ਇੱਕ ਘਰ ਵਿੱਚ ਮੌਜੂਦ ਕੂਏ ਤੋਂ ਪਾਣੀ ਲੈਣ ਗਏ ਸਨ। ਉਥੋਂ ਹੀ ਰੰਗੜ ਲੋਕਾਂ ਨੂੰ ਪਤਾ ਲੱਗਿਆ ਕਿ ਗੁਰੂ ਪਾਤਸ਼ਾਹ ਪਿੰਡ ਵਿੱਚ ਪਹੁੰਚੇ ਹਨ।
ਪੁਰਾਤਨ ਕੂਏ ਦਾ ਰਹੱਸ
ਮਲਕਪੁਰ ਰੰਗੜਾ ਦਾ ਉਹ ਪੁਰਾਣਾ ਕੂਆਂ ਹੁਣ ਮੌਜੂਦ ਨਹੀਂ। ਜਦੋਂ ਸੰਗਤ ਅਤੇ ਕਈ ਬਜ਼ੁਰਗਾਂ ਤੋਂ ਜਾਣਕਾਰੀ ਲਈ ਗਈ, ਸਭ ਨੇ ਏਕਸੁਰ ਵਿੱਚ ਕਿਹਾ- “ਪੁਰਾਤਨ ਕੂਆਂ ਹੁਣ ਲੁਪਤ ਹੋ ਚੁੱਕਾ ਹੈ।” ਅੱਜ ਪਿੰਡ ਵਿੱਚ ਲਗਭਗ 12 ਕੂਏ ਹਨ, ਪਰ ਕਿਹਾ ਜਾਂਦਾ ਹੈ ਕਿ ਉਨ੍ਹਾਂ ਵਿੱਚੋਂ ਕੋਈ ਵੀ ਗੁਰੂ-ਕਾਲ ਦਾ ਨਹੀਂ। ਇਕ ਹੋਰ ਬਜ਼ੁਰਗ ਦੱਸਦੇ ਹਨ ਕਿ- ਪਹਿਲਾਂ ਇੱਥੇ ਬਸਤੀ ਨਹੀਂ ਸੀ। ਪਿੰਡ ਦੂਜੇ ਪਾਸੇ ਵਸਿਆ ਹੋਇਆ ਸੀ। ਪਿਛਲੇ 100 ਸਾਲਾਂ ਵਿੱਚ ਇਹ ਖੇਤਰ ਵਸਿਆ। ਉਸ ਸਮੇਂ ਇੱਥੇ ਹਿੰਦੂਆਂ ਅਤੇ ਮੁਸਲਮਾਨਾਂ ਦੀ ਵਖਰੀ – ਵਖਰੀ ਬਸਤੀ ਸੀ. ਅਤੇ ਅੱਜ ਵੀ ਪਿੰਡ ਵਿੱਚ ਚਾਰ ਪੁਰਾਣੀਆਂ ਮਸਿਦਾਂ ਹਨ।
ਇਤਿਹਾਸਕਾਰਾਂ ਦਾ ਮਤ- ਇਸਨੂੰ ਅੰਤਿਮ ਸੱਚ ਕਿਉਂ ਨਹੀਂ ਮੰਨਿਆ ਜਾ ਸਕਦਾ
ਅਧਿਕਤਰ ਵਿਦਵਾਨ ਇਤਿਹਾਸਕਾਰ ਇਹ ਮੰਨਣ ਨੂੰ ਤਿਆਰ ਨਹੀਂ ਕਿ ਗੁਰੂ ਸਾਹਿਬ ਦੀ ਪਹਿਲੀ ਗ੍ਰਿਫ਼ਤਾਰੀ ਮਲਕਪੁਰ ਰੰਗੜਾ ਵਿੱਚ ਹੋਈ ਸੀ। ਕਾਰਣ ਇਹ ਹੈ- ਪ੍ਰਮਾਣਿਤ ਇਤਿਹਾਸ ਅਨੁਸਾਰ: ਗੁਰੂ ਸਾਹਿਬ ਪਟਿਆਲਾ ਗਏ, ਬਹਾਦੁਰਗੜ੍ਹ ਵਿੱਚ ਚੌਮਾਸਾ ਬਿਤਾਇਆ, ਫਿਰ ਧਮਤਾਨ, ਖੜਕਪੁਰ, ਅਤੇ ਫਿਰ ਆਗਰਾ ਵੀ ਗਏ। ਜੇ ਗ੍ਰਿਫ਼ਤਾਰੀ ਇੱਥੇ ਹੀ ਅੰਤਿਮ ਤੌਰ ‘ਤੇ ਹੋ ਗਈ ਹੁੰਦੀ, ਤਾਂ ਧਮਤਾਨ ਤੋਂ ਆਗਰਾ ਤੱਕ ਦਾ ਸਾਰਾ ਸ਼ਹੀਦੀ ਮਾਰਗ ਇਤਿਹਾਸ ਤੋਂ ਗਾਇਬ ਹੋ ਜਾਂਦਾ, ਜੋ ਕਿ ਸੰਭਵ ਨਹੀਂ।
ਨੌਵੇਂ ਪਾਤਸ਼ਾਹ ਦੀ ਗ੍ਰਿਫ਼ਤਾਰੀ : ਮਲਕਪੁਰ ਰੰਗੜਾ-
ਸਥਾਨਕ ਬਜ਼ੁਰਗ ਦੀ ਇਕ ਮਾਰਮਿਕ ਗੱਲ:ਇੱਕ ਬਜ਼ੁਰਗ ਦੇ ਸ਼ਬਦ ਅੱਜ ਵੀ ਕੰਨਾਂ ਵਿੱਚ ਗੂੰਜਦੇ ਹਨ—
“ਇਤਿਹਾਸ ਨਾ ਪੂਰਾ ਸੱਚ ਹੁੰਦਾ ਹੈ, ਨਾ ਪੂਰਾ ਝੂਠ। ਇਤਿਹਾਸ ਤਾਂ ਇਤਿਹਾਸ ਹੀ ਹੁੰਦਾ ਹੈ। ਅਸੀਂ ਉਹੀ ਕਹਿ ਸਕਦੇ ਹਾਂ ਜੋ ਲਿਖਿਆ ਮਿਲਿਆ, ਅਤੇ ਉਹੀ ਜੋ ਸਾਡੇ ਪੂਰਵਜਾਂ ਨੇ ਸਾਨੂੰ ਦੱਸਿਆ।” ਲਿਖਿਤ ਸ੍ਰੋਤ ਅਤੇ ਮੌਖਿਕ ਪਰੰਪਰਾ ਦੀ ਇਹ ਦੋਹਰੀ ਰੀਤ
ਮਿਲ ਕੇ ਇਸ ਸਥਾਨ ਨੂੰ ਵਿਸ਼ੇਸ਼ ਮਹੱਤਵ ਪ੍ਰਦਾਨ ਕਰਦੀ ਹੈ।
ਮਲਕਪੁਰ ਰੰਗੜਾ : ਗ੍ਰਿਫ਼ਤਾਰੀ, ਇਤਿਹਾਸ-ਵਿਵਾਦ ਅਤੇ ਰੋਪੜ ਦੀ ਕੋਠੜੀ
ਡਾ. ਖੋਜੀ ਦੱਸਦੇ ਹਨ-“ਜਦੋਂ ਮੈਂ ਪਹਿਲੀ ਵਾਰ ਇੱਥੇ ਆਇਆ ਸੀ, ਤਾਂ ਇਹ ਗੁਰਦੁਆਰਾ ‘ਸ਼੍ਰੀ ਗੁਰੂ ਸਿੰਘ ਸਭਾ’ ਦੇ ਨਾਮ ਨਾਲ ਜਾਣਿਆ ਜਾਂਦਾ ਸੀ; ਪਰ ਇਤਿਹਾਸ ਅਧਿਐਨ ਸ਼ੁਰੂ ਹੋਣ ਤੋਂ ਬਾਅਦ, ਅਤੇ ਸੰਗਤ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਸਥਾਨ ਦਾ ਨਾਮ ਬਦਲ ਕੇ ‘ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਗੁਰਦੁਆਰਾ’ ਰੱਖਿਆ ਗਿਆ।”
ਸਥਾਨਕ ਬਜ਼ੁਰਗਾਂ ਦੇ ਅਨੁਸਾਰ, 18 ਅਪ੍ਰੈਲ- ਗੁਰੂ ਸਾਹਿਬ ਦੇ ਪ੍ਰਥਮ ਪ੍ਰਕਾਸ਼ ਦਿਵਸ- ਸ਼੍ਰੀ ਅਖੰਡ ਪਾਠ ਰੱਖਿਆ ਗਿਆ ਅਤੇ ਉਸ ਪਾਵਨ ਮੌਕੇ ‘ਤੇ ਗੁਰਦੁਆਰੇ ਦਾ ਨਾਂ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਨਾਮ ‘ਤੇ ਆਧਿਕਾਰਿਕ ਤੌਰ ‘ਤੇ ਰੱਖ ਦਿੱਤਾ ਗਿਆ।
ਗ੍ਰਿਫ਼ਤਾਰੀ ਨੂੰ ਲੈ ਕੇ ਵੱਖ-ਵੱਖ ਇਤਿਹਾਸਕ ਮਤ
ਇਸ ਵਿਸ਼ੇ ‘ਤੇ ਵਿਦਵਾਨਾਂ ਦੀ ਰਾਏ ਭਿੰਨ-ਭਿੰਨ ਹੈ। ਖ਼ਾਸ ਤੌਰ ‘ਤੇ ਮਹਾਨ ਇਤਿਹਾਸਕਾਰ ਡਾ. ਗੰਡਾ ਸਿੰਘ ਦੇ ਲਿਖਿਤ ਵੇਰਵੇ ਅਤੇ ਭੱਟ-ਵਹੀਆਂ ਦੇ ਸ੍ਰੋਤਾਂ ਅਨੁਸਾਰ-
- ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਆਗਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ
- ਅਤੇ 11 ਨਵੰਬਰ ਨੂੰ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ।
ਦੂਜੇ ਪਾਸੇ, ਸਥਾਨਕ ਬਜ਼ੁਰਗਾਂ ਦਾ ਮਤ ਹੈ- ਆਗਰਾ ਵਿੱਚ ਗ੍ਰਿਫ਼ਤਾਰੀ ਬਾਅਦ ਵਿੱਚ ਹੋਈ ਸੀ. ਗੁਰੂ ਸਾਹਿਬ ਨੂੰ ਪਹਿਲਾਂ ਇੱਥੇ, ਮਲਕਪੁਰ ਰੰਗੜਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ. ਦੋ ਦਿਨ ਰੱਖਣ ਤੋਂ ਬਾਅਦ ਛੱਡ ਦਿੱਤਾ ਗਿਆ। ਇਹ ਵੀ ਲੋਕ-ਪਰੰਪਰਾ ਵਿੱਚ ਮਿਲਦਾ ਹੈ ਕਿ- ਜਦੋਂ ਗੁਰੂ ਸਾਹਿਬ ਇੱਥੋਂ ਅੱਗੇ ਵਧੇ, ਤਾਂ ਰੋਪੜ ਦੇ ਫ਼ੌਜਦਾਰ ਨੇ ਉਨ੍ਹਾਂ ਨੂੰ ਦੋ ਦਿਨ ਤੱਕ ਹਿਰਾਸਤ ਵਿੱਚ ਰੱਖਿਆ ਅਤੇ ਫਿਰ ਅੱਗੇ ਜਾਣ ਦਿੱਤਾ।
ਚਾਰ ਮਹੀਨੇ ਦੀ ਗ੍ਰਿਫ਼ਤਾਰੀ ਅਤੇ ਇਤਿਹਾਸਕ ਪ੍ਰਸ਼ਨ
ਇਤਿਹਾਸ ਵਿੱਚ ਪ੍ਰਚਲਿਤ “ਚਾਰ ਮਹੀਨੇ ਦੀ ਕੈਦ” ਜੇ ਅੱਖਰਸ਼: ਮੰਨ ਲਈ ਜਾਵੇ, ਤਾਂ ਕਈ ਇਤਿਹਾਸਕ ਸਥਾਨ ਆਪ ਹੀ ਖਾਰਜ਼ ਹੋ ਜਾਂਦੇ ਹਨ। ਕਿਉਂਕਿ—
- 11 ਜੁਲਾਈ 1675 ਈ. ਨੂੰ ਗੁਰੂ ਸਾਹਿਬ ਚੱਲ ਪਏ
- 11 ਨਵੰਬਰ 1675 ਈ. ਨੂੰ ਸ਼ਹੀਦ ਹੋਏ।
ਇਹ 124 ਦਿਨਾਂ ਦੇ ਵਿਸ਼ਾਲ ਸ਼ਹੀਦੀ-ਮਾਰਗ ਵਿੱਚ—
- ਧਮਤਾਨ ਸਾਹਿਬ
- ਖੜਕਪੁਰ
- ਆਗਰਾ
- ਅਤੇ ਕਈ ਹੋਰ ਪਿੰਡ-ਸ਼ਹਿਰ ਸਪਸ਼ਟ ਤੌਰ ‘ਤੇ ਉਲੇਖਿਤ ਹਨ।
ਜੇ ਮਲਕਪੁਰ ਰੰਗੜਾ ਦੀ ਗ੍ਰਿਫ਼ਤਾਰੀ ਨੂੰ ਹੀ ਪਹਿਲੀ ਅਤੇ ਅੰਤਿਮ ਗ੍ਰਿਫ਼ਤਾਰੀ ਮੰਨ ਲਇਆ ਜਾਵੇ, ਤਾਂ ਧਮਤਾਨ ਤੋਂ ਆਗਰਾ ਤੱਕ ਦਾ ਪੂਰਾ 124 ਦਿਨਾਂ ਦਾ ਸ਼ਹੀਦੀ ਮਾਰਗ ਗਾਇਬ ਹੋ ਜਾਣਾ ਸੀ, ਜੋ ਕਿ ਸੰਭਵ ਨਹੀਂ। ਇਸ ਕਰਕੇ, ਇਹ ਵਿਸ਼ਾ ਗੰਭੀਰ ਇਤਿਹਾਸਕ ਪੁਨਰ-ਵਿਸ਼ਲੇਸ਼ਣ ਦੀ ਮੰਗ ਕਰਦਾ ਹੈ।
ਸਾਈਨ ਬੋਰਡ ‘ਤੇ ਦਰਜ ਵਰਣਨ : 12 ਜੁਲਾਈ 1675 ਈ.
ਗੁਰਦੁਆਰੇ ਦੇ ਪ੍ਰਾਂਗਣ ਵਿੱਚ ਲੱਗੇ ਬੋਰਡ ‘ਤੇ ਲਿਖਿਆ ਹੈ- 12 ਜੁਲਾਈ 1675 ਈ. ਨੂੰ
- ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ,
- ਭਾਈ ਮਤੀ ਦਾਸ ਜੀ,
- ਭਾਈ ਸਤੀ ਦਾਸ ਜੀ,
- ਭਾਈ ਦਿਆਲ ਜੀ ਨੂੰ ਇੱਥੋਂ ਗ੍ਰਿਫ਼ਤਾਰ ਕਰਕੇ ਰੋਪੜ ਲਿਜਾਇਆ ਗਿਆ। ਉਥੇ ਦੀ ਕੋਤਵਾਲੀ ਵਿੱਚ ਉਨ੍ਹਾਂ ਨੂੰ ਰੱਖਿਆ ਗਿਆ।
ਇਸ ਤੋਂ ਬਾਅਦ 13–14 ਜੁਲਾਈ ਨੂੰ ਅਬਦੁਲ ਅਜ਼ੀਜ਼ ਅਤੇ ਦਿਲਾਵਰ ਖ਼ਾਨ ਵੱਲੋਂ ਇਕ ਫਰਮਾਨ ਜਾਰੀ ਕੀਤਾ ਗਿਆ ਅਤੇ ਗੁਰੂ ਸਾਹਿਬ ਨੂੰ ਬੱਸੀ ਪਠਾਣਾ ਦੀ ਜੇਲ ਵਿੱਚ ਭੇਜ ਦਿੱਤਾ ਗਿਆ।
ਅਸੀਂ ਹੂਣੇ ਉਸ ਪੁਰਾਤਨ ਜੇਲ ਦੇ ਉੱਪਰ ਖੜ੍ਹੇ ਹਾਂ
ਅੱਜ ਅਸੀਂ ਉਸੇ ਜੇਲ ਦੇ ਅਵਸ਼ੇਸ਼ਾਂ ‘ਤੇ ਖੜੇ ਹਾਂ। ਪਿਛੋਂ ਪੁਰਾਣੇ ਬੁਰਜ ਨਜ਼ਰ ਆਉਂਦੇ ਹਨ-
- ਇੱਕ ਬੁਰਜ ਸਮੇਂ ਦੀ ਮਾਰ ਨਹੀਂ ਸਹਿ ਸਕਿਆ ਅਤੇ ਢਹਿ ਗਿਆ
- ਦੂਜਾ ਅਜੇ ਵੀ ਇਤਿਹਾਸ ਦੀ ਚੌਕਸੀ ਵਿੱਚ ਖੜ੍ਹਾ ਹੈ। ਮੁੱਖ ਦਰਵਾਜ਼ਾ ਸਮੇਂ ਦੇ ਝੋਖਿਆਂ ਨਾਲ ਜਰਜਰ ਦਿਖਾਈ ਦਿੰਦਾ ਹੈ, ਪਰ ਹਰ ਪੱਥਰ
ਮਨੋ ਇਤਿਹਾਸ ਦੀ ਪੁਕਾਰ ਬਣ ਚੁੱਕਾ ਹੈ।
ਜੇਲ ਦਾ ਵਿਸਤ੍ਰਿਤ ਅਵਲੋਕਨ- ਅੱਗੇ
ਸੰਗਤ ਜੀ, ਹੁਣ ਅਸੀਂ ਇਸ ਜੇਲ ਦੇ ਹਰ ਹਿੱਸੇ ਦਾ ਅਵਲੋਕਨ ਕਰਾਂਗੇ। ਸਾਡੇ ਨਾਲ ਸਰਦਾਰ ਜਤਿੰਦਰ ਪਾਲ ਸਿੰਘ ਜੀ ਹਨ, ਜੋ ਇਸ ਇਤਿਹਾਸ ਨੂੰ ਸਮਝਣ ਅਤੇ ਪਛਾਣਣ ਵਿੱਚ ਮਹੱਤਵਪੂਰਨ ਸਹਿਯੋਗ ਦੇ ਰਹੇ ਹਨ। ਇਸ ਅਵਲੋਕਨ ਤੋਂ ਬਾਅਦ ਅਸੀਂ ਇਸ ਸਥਾਨ ਨਾਲ ਜੁੜੇ ਬਾਕੀ ਇਤਿਹਾਸਕ ਤੱਥਾਂ ‘ਤੇ ਵੀ ਰੋਸ਼ਨੀ ਪਾਇਆੰਗੇ।
ਆਓ, ਚੱਲਦੇ ਹਾਂ ਇਸ ਜੇਲ ਦੀ ਯਾਤਰਾ ‘ਤੇ- ਇਤਿਹਾਸ ਦੇ ਪੰਨਿਆਂ ਨੂੰ ਇੱਥੇ ਕੁਝ ਸਮੇਂ ਲਈ ਵਿਸ਼ਰਾਮ ਦਿੰਦੇ ਹਾਂ ਅਤੇ ਸੰਗਤ ਜੀ, ਤੁਹਾਡੀ ਮੁਲਾਕਾਤ ਹੋਵੇਗੀ ਇਸ ਪ੍ਰਸੰਗ ਦੇ ਅਗਲੇ ਭਾਗ ਵਿੱਚ…
ਸੰਗਤ ਜੀ ਨੂੰ ਬੇਨਤੀ-
ਇਤਿਹਾਸ ਦੀ ਖੋਜ, ਸਥਲਾਂ ਦਾ ਅਵਲੋਕਨ, ਲੰਬੀਆਂ ਯਾਤਰਾਵਾਂ ਤੇ ਵਿਸਤ੍ਰਿਤ ਦਸਤਾਵੇਜ਼ੀਕਰਨ- ਇਹ ਸਭ ਬਹੁਤ ਖਰਚ ਵਾਲੇ ਕਾਰਜ ਹਨ। ਜੇ ਤੁਸੀਂ ਇਸ ਗੁਰੂਵਰ-ਕਥਾਨਕ ਨੂੰ, ਇਸ ਸ਼ਹੀਦੀ ਮਾਰਗ ਪ੍ਰਸੰਗ ਨੂੰ, ਅਤੇ ਅੱਗੇ ਆਉਣ ਵਾਲੇ ਸਾਰੇ ਇਤਿਹਾਸਕ ਯਤਨਾਂ ਨੂੰ ਆਪਣਾ ਸਹਿਯੋਗ ਦੇਣਾ ਚਾਹੋ ਤਾਂ-
📞 97819 13113 ‘ਤੇ ਸੰਪਰਕ ਕਰੋ।
ਤੁਹਾਡਾ ਅਨਮੋਲ ਸਹਿਯੋਗ ਗੁਰੂ ਸਾਹਿਬ ਦੀ ਮਹਿਮਾ ਅਤੇ ਇਸ ਇਤਿਹਾਸ ਦੀ ਸੱਚਾਈ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਅਤਿਅੰਤ ਸਹਾਇਕ ਹੋਵੇਗਾ।
ਤੁਹਾਡਾ ਆਪਣਾ-ਵੀਰ ਇਤਿਹਾਸਕਾਰ,
ਡਾ. ਭਗਵਾਨ ਸਿੰਘ ‘ਖੋਜੀ’
ਬੈਕਗ੍ਰਾਊੱਡ ਮਿਊਜ਼ਿਕ: (ਗੁਰੂ-ਚਰਿਤ ਦੀ ਗਰਿਮਾ ਨੂੰ ਉਜਾਗਰ ਕਰਦੀ ਗੰਭੀਰ, ਆਧਿਆਤਮਿਕ ਧੁਨ ਵਾਤਾਵਰਣ ਵਿੱਚ ਗੂੰਜ ਰਹੀ ਹੈ।)
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!