ਸਰਦਾਰ ਬਘੇਲ ਸਿੰਘ: ਸਿੱਖ ਵਿਰਤਾ ਅਤੇ ਨੇਤ੍ਰਿਤਵ ਦਾ ਬੇਮਿਸਾਲ ਉਦਾਹਰਣ
ਸਰਦਾਰ ਬਘੇਲ ਸਿੰਘ ਜੀ ਦਾ ਜਨਮ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਝਬਾਲ ਨਾਮਕ ਪਿੰਡ ਵਿੱਚ ਹੋਇਆ ਸੀ, ਉਨ੍ਹਾ ਦੀ ਮਜ਼ਬੂਤ ਨੇਤ੍ਰਿਤਵ ਯੋਗਤਾ ਅਤੇ ਧਾਰਮਿਕ ਨਿਸ਼ਠਾ ਕਰਕੇ, ਸਨ 1765 ਈ. ਵਿੱਚ ਉਨ੍ਹਾਂ ਨੂੰ ਕ੍ਰੋੜ ਸਿੰਘੀਆ ਮਿਸਲ ਦਾ ਜਥੇਦਾਰ ਨਿਯੁਕਤ ਕੀਤਾ ਗਿਆ, ਉਨ੍ਹਾਂ ਦਾ ਜੀਵਨ ਸਿੱਖ ਧਰਮ ਅਤੇ ਸਮਾਜ ਦੀ ਸੇਵਾ ਲਈ ਸਮਰਪਿਤ ਰਿਹਾ।
ਦਿੱਲੀ ਫਤਿਹ ਅਤੇ ਲਾਲ ਕਿਲ੍ਹੇ ਉੱਤੇ ਨਿਸ਼ਾਨ ਸਾਹਿਬ
ਸਰਦਾਰ ਬਘੇਲ ਸਿੰਘ ਜੀ ਦਾ ਸਭ ਤੋਂ ਪ੍ਰਸਿੱਧ ਕਾਰਨਾਮਾ 11 ਮਾਰਚ 1783 ਈ. ਨੂੰ ਦਿੱਲੀ ਨੂੰ ਫਤਿਹ ਕਰਨਾ ਸੀ। ਉਨ੍ਹਾਂ ਨੇ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨਾਲ ਮਿਲ ਕੇ ਮੁਗਲ ਸੱਤਾ ਨੂੰ ਚੁਣੌਤੀ ਦਿੱਤੀ। ਉਨ੍ਹਾਂ ਦੀ ਫੌਜ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਜਿੱਤ ਪ੍ਰਾਪਤ ਕਰ ਕੇ ਨਿਸ਼ਾਨ ਸਾਹਿਬ ਨੂੰ ਗਰਵ ਨਾਲ ਲਹਿਰਾਇਆ। ਇਹ ਜਿੱਤ ਸਿਰਫ ਰਾਜਨੀਤਿਕ ਨਹੀਂ ਸੀ, ਬਲਕਿ ਇਹ ਸਿੱਖ ਧਰਮ ਦੀ ਮਹਾਨਤਾ ਅਤੇ ਵਿਰਤਾ ਦਾ ਪ੍ਰਤੀਕ ਬਣ ਗਈ।
ਜਾਲਮਾਂ ਤੋਂ ਪੀੜਤਾਂ ਨੂੰ ਮੁਕਤੀ ਦਵਾਉਣਾ
ਦਿੱਲੀ ਫਤਿਹ ਦੌਰਾਨ, ਸਰਦਾਰ ਬਘੇਲ ਸਿੰਘ ਜੀ ਨੇ ਸਿਰਫ ਦਿੱਲੀ ਦੇ ਸ਼ਾਸਕ ਸ਼ਾਹ ਆਲਮ ਨੂੰ ਹਰਾਇਆ ਨਹੀਂ, ਬਲਕਿ ਮੀਰ ਹਸਨ ਖਾਨ ਵਰਗੇ ਜਾਲਮਾਂ ਦੇ ਚੁੰਗਲ ਤੋਂ ਕਈ ਹਿੰਦੂ ਕੁੜੀਆਂ ਨੂੰ ਮੁਕਤ ਕਰਵਾ ਕੇ ਉਨ੍ਹਾਂ ਨੂੰ ਸੁਰੱਖਿਅਤ ਤੌਰ ‘ਤੇ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ। ਉਨ੍ਹਾਂ ਦਾ ਇਹ ਕਾਰਜ ਨਾਰੀ ਸਨਮਾਨ ਅਤੇ ਮਾਨਵਤਾ ਦੇ ਮੂਲਿਆਂ ਪ੍ਰਤੀ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਸ਼ਾਹ ਆਲਮ ਨਾਲ ਸਮਝੌਤਾ
ਦਿੱਲੀ ਫਤਿਹ ਤੋਂ ਬਾਅਦ, ਹਾਰੇ ਹੋਏ ਸ਼ਾਹ ਆਲਮ ਨੇ ਸਰਦਾਰ ਬਘੇਲ ਸਿੰਘ ਕੋਲ ਆਪਣੀ ਜਾਨ ਦੀ ਭਿਖ ਮੰਗੀ, ਸਰਦਾਰ ਬਘੇਲ ਸਿੰਘ ਜੀ ਣੇ ਵਿਸ਼ਾਲ ਦਿਲ ਅਤੇ ਧਾਰਮਿਕ ਨਿਸ਼ਠਾ ਦਾ ਪ੍ਰਗਟਾਵਾ ਕਰਦੇ ਹੋਏ, ਆਪ ਨੇ ਬਾਦਸ਼ਾਹ ਦੀ ਪ੍ਰਾਰਥਨਾ ਕਬੂਲ ਕਰ ਲਈ, ਪਰ ਕੁਝ ਸ਼ਰਤਾਂ ਦੇ ਨਾਲ:
- ਦਿੱਲੀ ਵਿੱਚ ਸਥਿਤ ਸਾਰੇ ਸਥਾਨ, ਜੋ ਸਿੱਖ ਗੁਰੂਆਂ ਨਾਲ ਸੰਬੰਧਤ ਹਨ, ਸਿੱਖ ਭਾਈਚਾਰੇ ਨੂੰ ਸੌਂਪੇ ਜਾਣਗੇ।
- ਇਹਨਾਂ ਸਥਾਨਾਂ ਦਾ ਪੁਨਰ-ਨਿਰਮਾਣ ਬਿਨਾ ਕਿਸੇ ਰੋਕ-ਟੋਕ ਦੇ ਕੀਤਾ ਜਾਵੇਗਾ।
- ਦਿੱਲੀ ਦੀ ਕੋਤਵਾਲੀ ਦੀ ਜ਼ਿੰਮੇਵਾਈ ਸਿੱਖਾਂ ਦੇ ਹਵਾਲੇ ਕੀਤੀ ਜਾਵੇਗੀ।
- ਦਿੱਲੀ ਤੋਂ ਇਕੱਠਾ ਕੀਤਾ ਗਿਆ ਰਾਜਸਵਾ ਦਾ 37.5% ਹਿੱਸਾ ਸਿੱਖ ਗੁਰੂਆਂ ਦੀ ਯਾਦਗਾਰਾਂ ਦੇ ਨਿਰਮਾਣ ਅਤੇ ਸਿੱਖ ਫੌਜ ਦੀ ਤਨਖ਼ਾਹ ਵਿੱਚ ਵਰਤਿਆ ਜਾਵੇਗਾ।
ਸਰਦਾਰ ਬਘੇਲ ਸਿੰਘ ਜੀ ਦੀ ਇਸ ਸਮਝਦਾਰੀ ਅਤੇ ਦੂਰਦਰਸ਼ੀਤਾ ਨੇ ਸਿਰਫ ਸਿੱਖ ਧਰਮ ਦੇ ਧਾਰਮਿਕ ਸਥਾਨਾਂ ਨੂੰ ਪੂਨਰਜੀਵਿਤ ਕੀਤਾ, ਬਲਕਿ ਦਿੱਲੀ ਦੇ ਇਤਿਹਾਸ ਵਿੱਚ ਵੀ ਸਿੱਖਾਂ ਦੀ ਅਮਿਟ ਛਾਪ ਛੱਡੀ।
ਤੀਹ ਹਜ਼ਾਰੀ ਅਦਾਲਤ ਅਤੇ ਸਰਦਾਰ ਬਘੇਲ ਸਿੰਘ
ਸਰਦਾਰ ਬਘੇਲ ਸਿੰਘ ਜੀ ਨੇ ਆਪਣੀ ਫੌਜ ਦੇ 30,000 ਸਿੱਖਾਂ ਨੂੰ ਜਿਸ ਸਥਾਨ ਤੇ ਟਿਕਾਇਆ, ਉਹ ਸਥਾਨ ਅੱਜ ਦਿੱਲੀ ਦੀ ਪ੍ਰਸਿੱਧ ਤੀਹ ਹਜ਼ਾਰੀ ਅਦਾਲਤ ਵਜੋਂ ਜਾਣਿਆ ਜਾਂਦਾ ਹੈ। ਇਹ ਸਥਾਨ ਉਨ੍ਹਾਂ ਦੀ ਮਹਾਨ ਜਿੱਤ ਅਤੇ ਸੰਗਠਨ ਕੁਸ਼ਲਤਾ ਦਾ ਜੀਵੰਤ ਸਮਾਰਕ ਹੈ।
ਜੀਵਨ ਦੀ ਆਖਰੀ ਯਾਤਰਾ
ਸਨ 1802 ਈ. ਵਿੱਚ ਸਰਦਾਰ ਬਘੇਲ ਸਿੰਘ ਜੀ ਗੁਰੂ ਦੇ ਚਰਨਾਂ ਵਿੱਚ ਲੀਨ ਹੋ ਗਏ। ਉਨ੍ਹਾਂ ਦਾ ਜੀਵਨ ਸਿੱਖ ਧਰਮ ਦੀ ਮਹਾਨ ਪਰੰਪਰਾ ਅਤੇ ਮੁੱਲਾਂ ਦਾ ਜੀਵੰਤ ਉਦਾਹਰਣ ਸੀ। ਉਨ੍ਹਾਂ ਦੀ ਵਿਰਤਾ, ਸੰਗਠਨ ਯੋਗਤਾ ਅਤੇ ਮਾਨਵ ਸੇਵਾ ਅੱਜ ਵੀ ਸਿੱਖ ਭਾਈਚਾਰੇ ਲਈ ਪ੍ਰੇਰਣਾ ਦਾ ਸਰੋਤ ਹੈ।
ਸਰਦਾਰ ਬਘੇਲ ਸਿੰਘ: ਇੱਕ ਪ੍ਰੇਰਣਾ ਸਰੋਤ
ਸਰਦਾਰ ਬਘੇਲ ਸਿੰਘ ਦਾ ਜੀਵਨ ਇਹ ਸੁਨੇਹਾ ਦਿੰਦਾ ਹੈ ਕਿ ਸੱਚਾ ਨੇਤ੍ਰਿਤਵ ਸਿਰਫ ਜਿੱਤ ਵਿੱਚ ਨਹੀਂ, ਬਲਕਿ ਸਮਾਜ ਦੀ ਸੇਵਾ ਅਤੇ ਧਾਰਮਿਕ ਸਥਲਾਂ ਦੇ ਸੰਰੱਖਣ ਵਿੱਚ ਨਿਹਿਤ ਹੈ। ਉਨ੍ਹਾਂ ਦੇ ਯੋਗਦਾਨ ਨੂੰ ਸਿੱਖ ਇਤਿਹਾਸ ਵਿੱਚ ਸਦਾ ਮਾਣ ਨਾਲ ਯਾਦ ਕੀਤਾ ਜਾਵੇਗਾ।
ਉਨ੍ਹਾਂ ਦੇ ਨੇਤ੍ਰਿਤਵ ਹੇਠ ਦਿੱਲੀ ਵਿੱਚ ਆਠ ਗੁਰਦੁਆਰਿਆਂ ਦਾ ਨਿਰਮਾਣ ਹੋਇਆ, ਜਿਨ੍ਹਾਂ ਵਿੱਚ ਪ੍ਰਮੁੱਖ ਹਨ:
- ਗੁਰਦੁਆਰਾ ਰਕਾਬਗੰਜ ਸਾਹਿਬ
- ਗੁਰਦੁਆਰਾ ਬੰਗਲਾ ਸਾਹਿਬ
- ਗੁਰਦੁਆਰਾ ਸੀਸ ਗੰਜ ਸਾਹਿਬ
ਇਹ ਗੁਰਦੁਆਰੇ ਉਨ੍ਹਾਂ ਦੇ ਯਤਨਾਂ ਦਾ ਪ੍ਰਮਾਣ ਹਨ ਅਤੇ ਇਹ ਦਿਖਾਉਂਦੇ ਹਨ ਕਿ ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਤੀਕਾਂ ਨੂੰ ਪੁਨਰਜੀਵਿਤ ਕਰਨ ਵਿੱਚ ਆਪਣੀ ਪੂਰੀ ਸ਼ਕਤੀ ਲਗਾ ਦਿੱਤੀ।
“ਸਰਦਾਰ ਬਘੇਲ ਸਿੰਘ: ਇੱਕ ਅਜਿਹਾ ਨਾਮ ਜੋ ਸਿਰਫ ਸਿੱਖ ਇਤਿਹਾਸ ਹੀ ਨਹੀਂ, ਬਲਕਿ ਭਾਰਤੀ ਇਤਿਹਾਸ ਵਿੱਚ ਵੀ ਵਿਰਤਾ, ਸਨਮਾਨ ਅਤੇ ਸੇਵਾ ਦਾ ਪ੍ਰਤੀਕ ਹੈ।”