ੴ ਸਤਿਗੁਰੂ ਪ੍ਰਸਾਦਿ ॥
ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!
ਗੁਰੂ–ਪਿਆਰੀ ਸਾਧ–ਸੰਗਤ ਜੀ,
“ਸਫ਼ਰ–ਏ–ਪਾਤਸ਼ਾਹੀ ਨੌਂਵੀ” ਦੀ ਇਸ ਪਹਿਲੀ ਸ੍ਰਿੰਖਲਾ ਵਿੱਚ ਅਸੀਂ ਉਸ ਪਾਵਨ ਧਰਤੀ ਵੱਲ ਪੈਰ ਧਰਦੇ ਹਾਂ, ਜਿਥੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਮਾਰਗ ਯਾਤਰਾ ਦਾ ਆਰੰਭ ਹੋਇਆ ਸੀ. ਉਹ ਮਾਰਗ ਜੋ ਸਿਰਫ਼ ਇੱਕ ਯਾਤਰਾ ਨਹੀਂ ਸੀ, ਬਲਕਿ ਧਰਮ, ਤਿਆਗ ਅਤੇ ਮਾਨਵੀ ਗਰਿਮਾ ਦਾ ਅਬਿਨਾਸੀ ਸੰਦੇਸ਼ ਬਣਕੇ ਇਤਿਹਾਸ ਵਿੱਚ ਦਰਜ ਹੋਇਆ।
ਸ੍ਰੀ ਆਨੰਦਪੁਰ ਸਾਹਿਬ ਦੀ ਸਥਾਪਨਾ ਦੀ ਭੂਮਿਕਾ
ਸ੍ਰੀ ਕੀਰਤਪੁਰ ਸਾਹਿਬ ਤੋਂ ਲਗਭਗ ਨੌਂ ਕਿਲੋਮੀਟਰ ਦੂਰ ਇੱਕ ਖੇਤਰ ਸੀ ਜੋ ਤਿੰਨ ਪਿੰਡਾਂ- ਮਾਖੋਵਾਲ, ਸੋਹਟਾ ਅਤੇ ਲੋਦੀਪੁਰ ਨੂੰ ਮਿਲਾਕੇ ਬਣਿਆ ਸੀ। ਉਸ ਸਮੇਂ ਇਹ ਥਾਂ ਸੁੰਨੀ ਤੇ ਜੰਗਲੀ ਮੰਨੀ ਜਾਂਦੀ ਸੀ। ਇਥੇ ਇੱਕ ਉੱਚਾ ਟੀਲਾ ਸੀ ਜਿਸ ਨੂੰ “ਮਾਖੋਵਾਲਾਂ ਦੀ ਥੇਹ” ਕਿਹਾ ਜਾਂਦਾ ਸੀ। ਡਰ ਅਤੇ ਅੰਧਵਿਸ਼ਵਾਸ ਦੇ ਕਾਰਨ ਲੋਕ ਇਸ ਪਾਸੇ ਜਾਣ ਤੋਂ ਵੀ ਕਤਰਾ ਜਾਂਦੇ ਸਨ।
ਇਸ ਸਮੇਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਕੀਰਤਪੁਰ ਵਿੱਚ ਨਿਵਾਸ ਕਰ ਰਹੇ ਸਨ ਅਤੇ ਭਵਿੱਖ ਨੂੰ ਨਜ਼ਰ ਵਿੱਚ ਰੱਖਦੇ ਹੋਏ ਇੱਕ ਅਜਿਹੀ ਥਾਂ ਦੀ ਖੋਜ ਵਿੱਚ ਸਨ ਜਿਥੇ ਇੱਕ ਨਵੇਂ ਸ਼ਹਿਰ ਦੀ ਨੀਂਹ ਰੱਖੀ ਜਾ ਸਕੇ- ਇੱਕ ਅਜਿਹਾ ਸ਼ਹਿਰ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਆਧਿਆਤਮਿਕ ਅਤੇ ਸਭਿਆਚਾਰਕ ਕੇਂਦਰ ਬਣੇ।
ਰਾਣੀ ਚੰਪਾ ਦੀ ਸਮਰਪਣ ਭਾਵਨਾ
ਉਸ ਸਮੇਂ ਕਹਲੂਰ ਰਾਜ ਦਾ ਰਾਜਾ ਤਾਰਾ ਚੰਦ ਸੀ, ਜੋ ਉਹਨਾਂ ਬਾਵਨ ਰਾਜਿਆਂ ਵਿੱਚੋਂ ਇੱਕ ਸੀ ਜੋ ਕਿਸੇ ਸਮੇਂ ਗਵਾਲਿਯਰ ਦੇ ਕਿਲ੍ਹੇ ਵਿੱਚ ਕੈਦ ਕੀਤੇ ਗਏ ਸਨ। ਉਸਦਾ ਪੁੱਤਰ ਰਾਜਾ ਦੀਪ ਚੰਦ ਰਾਜ ਕਰ ਰਿਹਾ ਸੀ। ਦੀਪ ਚੰਦ ਦੇ ਦੇਹਾਂਤ ਤੋਂ ਬਾਅਦ ਉਸ ਦੀ ਰਾਣੀ ਮਾਤਾ ਚੰਪਾ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸੰਦੇਸ਼ ਭੇਜਿਆ ਕਿ ਉਹ ਗੁਰੂ-ਘਰ ਦੇ ਸੇਵਕ ਪਰਿਵਾਰਾਂ ਵਿੱਚੋਂ ਹੈ ਅਤੇ ਰਾਜੇ ਦੇ ਅੰਤਿਮ ਸੰਸਕਾਰ ‘ਚ ਗੁਰੂ ਸਾਹਿਬ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ।
ਗੁਰੂ ਸਾਹਿਬ ਆਪਣੇ ਸੇਵਕ ਸਿੱਖਾਂ ਸਮੇਤ ਕਹਲੂਰ ਰਾਜ ਪਹੁੰਚੇ ਅਤੇ ਆਪਣੇ ਹਥਾੰ ਨਾਲ ਅੰਤਿਮ ਸੰਸਕਾਰ ਦੀ ਵਿਧੀ ਨਿਭਾਈ। ਰਾਣੀ ਚੰਪਾ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਨਵੇਂ ਸ਼ਹਿਰ ਲਈ ਜ਼ਮੀਨ ਦੀ ਖੋਜ ਕਰ ਰਹੇ ਹਨ। ਉਸ ਨੇ ਬੇਨਤੀ ਕੀਤੀ- “ਮਹਾਰਾਜ, ਤੁਸੀਂ ਜਿਸ ਥਾਂ ਨੂੰ ਯੋਗ ਸਮਝੋ, ਉਹ ਮੈਨੂੰ ਸੇਵਾ–ਰੂਪ ਵਿੱਚ ਪੇਸ਼ ਕਰਨ ਦਿਓ।”
ਪਰ ਦੂਰ–ਅੰਦੇਸ਼ ਗੁਰੂ ਸਾਹਿਬ ਜੀ ਨੇ ਕਿਹਾ- “ਰਾਣੀ ਜੀ, ਸਮੇਂ ਦੀ ਗਤੀ ਅਗੋਚਰ ਹੈ। ਅੱਜ ਤੁਸੀਂ ਸਾਡੇ ਨਾਲ ਜੁੜੇ ਹੋ, ਪਰ ਆਉਣ ਵਾਲੀ ਪੀੜ੍ਹੀ ਦਾ ਕੋਈ ਭਰੋਸਾ ਨਹੀਂ। ਇਸ ਲਈ ਇਹ ਜ਼ਮੀਨ ਸੇਵਾ ਨਾਲ ਨਹੀਂ, ਬਲਕਿ ਕੀਮਤ ਦੇ ਕੇ ਖਰੀਦੀ ਜਾਵੇਗੀ ਤਾਂ ਜੋ ਇਹ ਸਥਾਨ ਸਦਾ ਲਈ ਗੁਰੂ–ਘਰ ਦੀ ਮਲਕੀਅਤ ਰਹੇ।”
ਜ਼ਮੀਨ ਦੀ ਖਰੀਦ ਤੇ ਨੀਂਹ ਪਥਰ ਰੱਖਣਾ-
ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਸਾਹਿਬ ਜੀ ਨੇ ਆਪਸੀ ਪਿਆਰ ਤੇ ਸਦਭਾਵ ਨਾਲ ਇਹ ਜ਼ਮੀਨ ਪੰਜ ਸੌ ਰੁਪਏ ਦੀ ਰਕਮ ਦੇ ਕੇ ਖਰੀਦੀ, ਜਿਸ ਵਿੱਚ ਮਾਖੋਵਾਲ ਦਾ ਟੀਲਾ, ਸੋਹਟਾ ਅਤੇ ਲੋਦੀਪੁਰ ਤਿੰਨੇ ਪਿੰਡ ਸ਼ਾਮਲ ਸਨ। ਉਸ ਸਮੇਂ ਰਜਿਸਟਰੀ–ਸਮਾਨ ਦਸਤਾਵੇਜ਼ਾਂ ਨੂੰ “ਜਰੀ ਪੱਟੇ” ਕਿਹਾ ਜਾਂਦਾ ਸੀ। ਏਸ ਥਾਂ ਦੀ ਦੇਖਭਾਲ ਦੀ ਸੇਵਾ ਭਾਈ ਝੰਡਾ ਜੀ ਨੂੰ ਸੌਂਪੀ ਗਈ।
ਅਤੇ ਫਿਰ 19 ਜੂਨ 1665 ਈਸਵੀ ਨੂੰ ਨੀਂਹ ਪੱਥਰ / ਮੋਹਰੀ ਗੱਡ ਰੱਖਣ ਲਈ ਬਾਬਾ ਬੁੱਢਾ ਜੀ ਦੇ ਵੰਸ਼ਜ ਭਾਈ ਗੁਰਦਿੱਤਾ ਜੀ ਨੂੰ ਵਿਸ਼ੇਸ਼ ਸੱਦਾ ਭੇਜਿਆ ਗਿਆ। ਬਾਬਾ ਬੁੱਢਾ ਜੀ ਦਾ ਗੁਰੂ–ਘਰ ਵਿੱਚ ਅਤਿਅੰਤ ਆਦਰ ਸੀ; ਉਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਤੋਂ ਹੀ ਸੇਵਾ ਵਿੱਚ ਜੁੜੇ ਸਨ ਅਤੇ ਉਨ੍ਹਾਂ ਦੇ ਵੰਸ਼ ਤੋਂ ਹੀ ਗੁਰੂ ਗੱਦੀ ਦੇ ਤਿਲਕ ਲਗਵਾਏ ਜਾਂਦੇ ਸਨ।
ਉਸ ਪਾਵਨ ਦਿਨ ਜਦ ਨੀਂਹ ਪੱਥਰ (ਮੋਹਰੀ ਗੱਡ) ਰੱਖਿਆ ਗਿਆ, ਤਦ ਗੁਰੂ ਸਾਹਿਬ ਜੀ ਨੇ ਇਸ ਥਾਂ ਦਾ ਨਾਮ ਆਪਣੀ ਮਾਤਾ ਮਾਤਾ ਨਾਨਕੀ ਜੀ ਦੇ ਨਾਮ ‘ਤੇ “ਚਕ ਨਾਨਕੀ” ਰੱਖਿਆ। ਇਹੀ ਥਾਂ ਅੱਗੇ ਚਲ ਕੇ ਸ੍ਰੀ ਆਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਈ।
ਅੱਜ ਦੀ ਪੀੜਾ : ਵਿਲੁਪਤ ਹੋ ਰਹੇ ਅਸਲੀ ਮਹਲ ਅਤੇ ਮਿਨਾਰੇ
ਪਰ ਦੁਖਦਾਈ ਗੱਲ ਇਹ ਹੈ ਕਿ ਸਮੇਂ ਦੀ ਮਾਰ ਅਤੇ ਆਧੁਨਿਕ ਨਿਰਮਾਣ ਦੀ ਦੌੜ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਉਹ ਅਸਲੀ ਮਹਲ ਅਤੇ ਮਿਨਾਰੇ, ਜਿਨ੍ਹਾਂ ਦੀਆਂ ਕੰਧਾਂ ਵਿੱਚ ਇਤਿਹਾਸ ਦੀ ਰੂਹ ਵਸਦੀ ਸੀ, ਅੱਜ ਵਿਨਾਸ਼ ਦੇ ਕਿਨਾਰੇ ਖੜੇ ਹਨ। ਇਹ ਸ੍ਰਿੰਖਲਾ ਉਸ ਯਾਦ ਨੂੰ ਦੁਬਾਰਾ ਜਗਾਉਣ ਦਾ ਪ੍ਰਯਾਸ ਹੈ- ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਜਾਣ ਸਕਣ ਕਿ ਜਿਥੋਂ ਸ਼ਹੀਦੀ ਮਾਰਗ ਦੀ ਸ਼ੁਰੂਆਤ ਹੋਈ ਸੀ, ਉਹ ਸਿਰਫ਼ ਇੱਕ ਸ਼ਹਿਰ ਨਹੀਂ ਸੀ, ਬਲਕਿ ਧਰਮ, ਨੀਤੀ, ਆਤਮ–ਬਲ ਅਤੇ ਮਾਨਵਤਾ ਦਾ ਜੀਵੰਤ ਪ੍ਰਤੀਕ ਸੀ।
ਗੁਰੂ ਸਾਹਿਬ ਦੁਆਰਾ ਰਚਿਆ ਸ਼ਹਿਰ ਦਾ ਨਕਸ਼ਾ
ਇਤਿਹਾਸ ਗਵਾਹ ਹੈ ਕਿ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪ ਇਸ ਸ਼ਹਿਰ ਦਾ ਨਕਸ਼ਾ ਤਿਆਰ ਕੀਤਾ ਸੀ। “ਚਕ ਨਾਨਕੀ” ਨਾਮਕ ਇਸ ਨਵੇਂ ਸ਼ਹਿਰ ਵਿੱਚ ਸੁੰਦਰ ਇਮਾਰਤਾਂ ਦੀ ਉਸਾਰੀ ਸ਼ੁਰੂ ਹੋਈ। ਇਥੇ ਸੱਤ ਵਿਸ਼ਾਲ ਪ੍ਰਵੇਸ਼–ਦਰਵਾਜੇ ਬਣਾਏ ਗਏ ਸਨ, ਜੋ ਸੁਰੱਖਿਆ ਅਤੇ ਸੁੰਦਰਤਾ ਦੋਵਾਂ ਪੱਖੋਂ ਅਦਵਿੱਤੀਅ ਸਨ। ਬਦਕਿਸਮਤੀ ਨਾਲ ਅੱਜ ਉਹਨਾਂ ਸੱਤ ਵਿੱਚੋਂ ਸਿਰਫ਼ ਇੱਕ ਹੀ ਦਰਵਾਜਾ ਬਚਿਆ ਹੈ- ਜੋ ਚੋਈ ਬਾਜ਼ਾਰ ਦੇ ਵਿਚਕਾਰ ਢਹਿ ਰਹੀ ਹਾਲਤ ਵਿੱਚ ਖੜ੍ਹਾ ਹੈ, ਮਾਨੋ ਆਪਣੇ ਸੁਹਣੇ ਯੁੱਗ ਦੀਆਂ ਯਾਦਾਂ ਨੂੰ ਅੰਸੂਆਂ ਨਾਲ ਭਿਗੋ ਰਿਹਾ ਹੋਵੇ।
ਪ੍ਰਾਚੀਨ ਦਰਵਾਜ਼ੇ ਦੀ ਸ਼ੌਰਯ-ਗਾਥਾ
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੁਆਰਾ ਬਸਾਇਆ ਗਿਆ ਚੋਈ ਬਾਜ਼ਾਰ ਕਦੇ ਵਪਾਰ ਅਤੇ ਸਾਧਨਾ ਦਾ ਮਿਲਾਪ ਸਥਾਨ ਸੀ। ਇਸ ਦਰਵਾਜ਼ੇ ਉੱਤੇ ਚੜ੍ਹਦੇ ਹੀ ਉੱਪਰੋਂ ਥ੍ਰੀ–ਪੀਟ ਪੈਰਾ ਪੌਇੰਟ ਸਾਫ਼ ਦਿਸਦਾ ਹੈ- ਇਸ ਦੇ ਦੋਵੇਂ ਪਾਸਿਆਂ ਛੋਟੇ–ਛੋਟੇ ਸੁਰੱਖਿਆ ਕਮਰੇ ਬਣੇ ਹੋਏ ਸਨ, ਜਿਥੋਂ ਸਿੱਖ ਸਿਪਾਹੀ ਸ਼ਹਿਰ ਦੀ ਰੱਖਿਆ ਕਰਦੇ ਅਤੇ ਹਮਲਾਵਰਾਂ ਨੂੰ ਰੋਕਦੇ ਸਨ। ਇਹੀ ਉਹ ਥਾਂ ਸੀ, ਜਿਥੋਂ ਸ਼ਹਿਰ ਦੀ ਰੱਖਿਆ ਲਈ ਗੋਲੀਆਂ ਚਲਾਈਆਂ ਜਾਂਦੀਆਂ, ਅਤੇ ਸ਼ਹਿਰ ਦੀਆਂ ਹੱਦਾਂ ਸੁੁਰੱਖਿਅਤ ਰਹਿੰਦੀਆਂ। ਪਰ ਅਫਸੋਸ ਹੈ ਕਿ ਅੱਜ, ਜਦੋਂ ਅਸੀਂ ਸਾਲ 2025 ਈ. ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਮਨਾ ਰਹੇ ਹਾਂ, ਉਹੀ ਸ਼ਹਿਰ ਦਾ ਇਹ ਅਨਮੋਲ ਦਰਵਾਜ਼ਾ ਖੰਡਰ ਦਾ ਰੂਪ ਧਾਰ ਚੁੱਕਾ ਹੈ। ਜੇ ਸਮੇਂ ਰਹਿੰਦਿਆਂ ਸਰਕਾਰਾਂ ਅਤੇ ਸੰਗਤ ਨੇ ਇਸ ਧਰੋਹਰ ਦੀ ਸੇਵਾ–ਸੰਭਾਲ ਨਾ ਕੀਤੀ, ਤਾਂ ਇਹ ਵੀ ਢਹਿ ਜਾਵੇਗਾ, ਅਤੇ ਇਤਿਹਾਸ ਦਾ ਇਹ ਜੀਵੰਤ ਸਾਕਸ਼ੀ ਸਿਰਫ਼ ਤਸਵੀਰਾਂ ਵਿੱਚ ਹੀ ਬਚਿਆ ਰਹੇਗਾ।
ਬਾਬਾ ਸੂਰਜਮਲ ਜੀ ਦੀ ਹਵੇਲੀ- ਇੱਕ ਜੀਵੰਤ ਯਾਦ
ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਭਰਾ ਬਾਬਾ ਸੂਰਜਮਲ ਜੀ ਲਈ ਇਸ ਸ਼ਹਿਰ ਵਿੱਚ ਇੱਕ ਭਵਿਆ ਹਵੇਲੀ ਦਾ ਨਿਰਮਾਣ ਕਰਵਾਇਆ ਸੀ।
ਵੀਡੀਓ ਕਲਿੱਪ ਵਿੱਚ ਦਿਖ ਰਹੀ ਇਹੋ ਬਾਬਾ ਸੂਰਜਮਲ ਜੀ ਦੀ ਹਵੇਲੀ, ਅੱਜ ਵੀ ਤੁਲਨਾਤਮਕ ਤੌਰ ‘ਤੇ ਚੰਗੀ ਹਾਲਤ ਵਿੱਚ ਹੈ। ਇਸ ਦੀ ਉੱਚੀ ਛਤ ਤੋਂ ਸਾਰੇ ਸ੍ਰੀ ਆਨੰਦਪੁਰ ਸਾਹਿਬ ਸ਼ਹਿਰ ਦੇ ਵਿਹੰਗਮ ਦਰਸ਼ਨ ਹੋ ਸਕਦੇ ਹਨ। ਇਸ ਦੇ ਦਰਵਾਜ਼ੇ ਉੱਤੇ ਕੀਤੀ ਗਈ ਮੀਨਾਕਾਰੀ ਅੱਜ ਵੀ ਆਪਣੀ ਕਲਾਤਮਕ ਸੋਭਾ ਵਿੱਚ ਅਡੋਲ ਖੜੀ ਹੈ- ਮਾਨੋ ਉਹ ਪੱਥਰਾਂ ਵਿੱਚ ਵੀ ਆਪਣੀ ਵਿਰਾਸਤ ਦੀ ਪਵਿਤਰਤਾ ਨੂੰ ਸੰਭਾਲ ਰਹੀ ਹੋਵੇ।
ਖੰਡਰ ਬਣਦੀ ਸੋਢੀਆਂ ਦੀ ਹਵੇਲੀ
ਇਸ ਹਵੇਲੀ ਦੇ ਪਿੱਛੇ ਸਥਿਤ ਇੱਕ ਹੋਰ ਹਵੇਲੀ ਹੁਣ ਟੁੱਟੇ ਹੋਏ ਪੱਥਰਾਂ ਵਿੱਚ ਆਪਣੀ ਸ਼ਾਨ–ਸ਼ੌਕਤ ਦੀ ਕਹਾਣੀ ਬਿਆਨ ਕਰ ਰਹੀ ਹੈ। ਇਹ ਹੈ ਕੁਰਾੜੀ ਵਾਲੇ ਸੋਢੀਆਂ ਦੀ ਹਵੇਲੀ– ਇਕ ਵਿਲੱਖਣ ਵਾਸਤੁਕਲਾ ਦਾ ਨਮੂਨਾ, ਪਰ ਹੁਣ ਜਰਜਰ ਅਤੇ ਉਪੇਖਿਤ।
ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਇਸ ਹਵੇਲੀ ਦੇ ਮਾਲਕ ਦੋ ਸਗੇ ਭਰਾ ਸਨ। ਉਹਨਾਂ ਵਿੱਚੋਂ ਇੱਕ ਦੀ ਹਵੇਲੀ ਤਾਂ ਕਾਲ ਦੇ ਗਲ੍ਹੇ ਵਿੱਚ ਸਮਾ ਚੁੱਕੀ ਹੈ; ਦੂਜੀ, ਜੋ ਅੱਜ ਵੀ ਕਿਸੇ ਤਰ੍ਹਾਂ ਖੜੀ ਹੈ, ਉਸ ਦੀਆਂ ਕੰਧਾਂ ਅਸੀਂ ਉਸ ਯੁੱਗ ਦੀ ਸ਼ਿਲਪ–ਕਲਾ ਦਾ ਮੌਨ ਪ੍ਰਮਾਣ ਦਿੰਦੀਆਂ ਹਨ। ਇਤਿਹਾਸ ਦੇ ਅਨੁਸਾਰ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪ ਹੀ ਇਸ ਸੋਢੀ ਪਰਿਵਾਰ ਨੂੰ ਕੁਰਾੜੀ ਸ਼ਹਿਰ ਤੋਂ ਲਿਆ ਕੇ ਇਥੇ ਵਸਾਇਆ ਸੀ।
ਇਸੇ ਕਾਰਨ ਇਸ ਖੇਤਰ ਨੂੰ ਅੱਜ ਵੀ “ਮੁਹੱਲਾ ਕੁਰਾੜੀ ਵਾਲਾ” ਕਿਹਾ ਜਾਂਦਾ ਹੈ। ਉਹਨਾਂ ਦੇ ਵੰਸ਼ ਵਿੱਚ ਸਿਰਫ਼ ਦੋ ਕੁੜੀਆਂ ਹੋਈਆਂ; ਪੁਰਸ਼ ਵੰਸ਼ ਅੱਗੇ ਨਹੀਂ ਵਧਿਆ, ਅਤੇ ਇਸ ਕਾਰਨ ਇਹ ਹਵੇਲੀ ਵੀ ਬਿਨਾ ਸੰਭਾਲ ਦੇ ਖੰਡਰ ਵਿੱਚ ਬਦਲ ਗਈ।
ਵਿਰਾਸਤ ਦਾ ਮੌਨ ਪ੍ਰਸ਼ਨ
ਅੱਜ ਜਦੋਂ ਅਸੀਂ ਗੁਰੂ ਸਾਹਿਬ ਦੀ ਸ਼ਹਾਦਤ ਦੇ 350 ਸਾਲ ਪੂਰੇ ਹੋਣ ‘ਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਯਾਦ ਕਰਦੇ ਹਾਂ, ਤਾਂ ਇਹ ਪ੍ਰਸ਼ਨ ਗੂੰਜਦਾ ਹੈ- ਕੀ ਅਸੀਂ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਦਾ ਆਪਣਾ ਧਰਮ ਨਿਭਾਇਆ ਹੈ? ਉਹ ਮਹਲ, ਉਹ ਮਿਨਾਰੇ, ਉਹ ਹਵੇਲੀਆਂ- ਜਿਥੋਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਸੀ- ਕੀ ਹੁਣ ਸਿਰਫ਼ ਅਤੀਤ ਦੀਆਂ ਛਾਵਾਂ ਵਿੱਚ ਹੀ ਗੁੰਝ ਜਾਣਗੇ? ਇਹ ਸ੍ਰਿੰਖਲਾ ਉਸ ਮੌਨ ਇਤਿਹਾਸ ਨੂੰ ਅਵਾਜ਼ ਦੇਣ ਦਾ ਪ੍ਰਯਾਸ ਕਰ ਰਹੀ ਹੈ- ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਜਾਣ ਸਕਣ ਕਿ ਸ੍ਰੀ ਆਨੰਦਪੁਰ ਸਾਹਿਬ ਸਿਰਫ਼ ਇੱਕ ਸ਼ਹਿਰ ਨਹੀਂ, ਬਲਕਿ ਗੁਰੂ ਦੀ ਦਰਸ਼ਟੀ, ਤਪ, ਸ਼ਹਾਦਤ ਅਤੇ ਸਭਿਆਚਾਰ ਦਾ ਸ਼ਾਸ਼ਵਤ ਪ੍ਰਤੀਕ ਹੈ।
ਸ੍ਰੀ ਆਨੰਦਪੁਰ ਸਾਹਿਬ ਦਾ ਹਰ ਕਣ- ਇਤਿਹਾਸ ਦਾ ਸਾਕਸ਼ੀ ਸ੍ਰੀ ਆਨੰਦਪੁਰ ਸਾਹਿਬ ਦਾ ਹਰ ਕਣ ਅਤੇ ਹਰ ਕੰਧ ਆਪਣੇ ਅੰਦਰ ਇਤਿਹਾਸ ਦੀ ਗੂੰਜ ਸਮੇਟੇ ਹੋਏ ਹੈ। ਇਥੇ ਅੱਜ ਵੀ ਇੱਕ ਐਸਾ ਪੁਰਾਤਨ ਦਰਵਾਜ਼ਾ ਮੌਜੂਦ ਹੈ, ਜੋ ਮੌਨ ਹੋ ਕੇ ਵੀ ਸ਼ੌਰਯ, ਸ਼ਹਾਦਤ ਅਤੇ ਆਸਥਾ ਦੀਆਂ ਅਣਗਿਣਤ ਕਹਾਣੀਆਂ ਸੁਣਾਂਦਾ ਹੈ।
ਜਿਥੇ ਗੁਰੂ ਸਾਹਿਬ ਦੀ ਜੋਤ ਅੱਜ ਵੀ ਪ੍ਰਜਵਲਿਤ ਹੈ-
ਇਸ ਥਾਂ ‘ਤੇ, ਜਿਥੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਨਿਵਾਸ ਹੁੰਦਾ ਸੀ, ਅੱਜ ਵੀ ਇੱਕ ਪੁਰਾਣੇ ਦਰਵਾਜ਼ੇ ‘ਤੇ ਅਖੰਡ ਜੋਤ ਪ੍ਰਜਵਲਿਤ ਹੈ। ਇਤਿਹਾਸਕਾਰ ਡਾ. ਭਗਵਾਨ ਸਿੰਘ ‘ਖੋਜੀ’ ਦੱਸਦੇ ਹਨ- “ਸੰਗਤ ਜੀ, ਇਸੀ ਮਾਰਗ ਰਾਹੀਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸੀਸ ਸ੍ਰੀ ਆਨੰਦਪੁਰ ਸਾਹਿਬ ਵਾਪਸ ਆਇਆ ਸੀ।” ਅੱਜ ਸਿਰਫ਼ ਇਹੋ ਇੱਕ ਦਰਵਾਜ਼ਾ ਬਚਿਆ ਹੈ ਜੋ ਉਸ ਯੁੱਗ ਦਾ ਜੀਵੰਤ ਸਾਕਸ਼ੀ ਹੈ। ਦੁਰਭਾਗਵਸ਼ ਜਦੋਂ ਜ਼ਿਆਦਾਤਰ ਸੰਗਤ ਸ੍ਰੀ ਆਨੰਦਪੁਰ ਸਾਹਿਬ ਆਉਂਦੀ ਹੈ, ਤਾਂ ਕਿਲ੍ਹਾ ਆਨੰਦਗੜ੍ਹ ਸਾਹਿਬ ਅਤੇ ਕੇਸ਼ਗੜ੍ਹ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਚਲੀ ਜਾਂਦੀ ਹੈ- ਬਿਨਾਂ ਇਹ ਜਾਣੇ ਕਿ ਇਸ ਪਵਿੱਤਰ ਸ਼ਹਿਰ ਵਿੱਚ ਅੱਜ ਵੀ ਉਹ ਮੂਲ ਦਰਵਾਜ਼ਾ ਮੌਜੂਦ ਹੈ, ਜਿਸ ਮਾਰਗ ਰਾਹੀਂ ਧੰਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸੀਸ ਵਾਪਸ ਇਸ ਧਰਤੀ ‘ਤੇ ਆਇਆ ਸੀ।
ਬਜ਼ੁਰਗ ਮਾਤਾ ਜੀ ਦੀਆਂ ਯਾਦਾਂ-
ਟੀਮ ਖੋਜ–ਵਿਚਾਰ ਦੇ ਇਸ ਸ਼ਹੀਦੀ ਪੰਥ ‘ਤੇ ਸਾਡੀ ਮੁਲਾਕਾਤ ਸ਼ਹਿਰ ਦੀ ਇੱਕ 90 ਸਾਲਾ ਬਜ਼ੁਰਗ ਮਾਤਾ ਜੀ ਨਾਲ ਹੋਈ,
ਜਿਨ੍ਹਾਂ ਨੇ ਆਪਣੇ ਬਚਪਨ ਦਾ ਸ੍ਰੀ ਆਨੰਦਪੁਰ ਸਾਹਿਬ ਆਪਣੇ ਅੱਖਾਂ ਨਾਲ ਵੇਖਿਆ ਸੀ। ਉਹ ਕਹਿਣ ਲੱਗੀਆਂ- “ਪੁੱਤ, ਉਸ ਸਮੇਂ ਦੀਆਂ ਹਵੇਲੀਆਂ ਛੋਟੀਆਂ ਇੱਟਾਂ ਨਾਲ ਬਣੀਆਂ ਹੁੰਦੀਆਂ ਸਨ। ਅਟਾਰੀ ਵਾਲੇ ਸੋਢੀਆਂ ਦੀ ਹਵੇਲੀ, ਪੁਰਾਤਨ ਭੌਂਰਾ ਸਾਹਿਬ- ਸਭ ਛੋਟੀਆਂ ਇੱਟਾਂ ਨਾਲ ਹੀ ਬਣੇ ਸਨ। ਸਾਡਾ ਸ਼ਹਿਰ ਸੋਢੀ ਤੇ ਬੇਦੀ ਵੰਸ਼ ਕਰਕੇ ਮਸ਼ਹੂਰ ਸੀ। ਗੁਰੂ ਸਾਹਿਬ ਦੇ ਨਿਵਾਸ ਸਥਾਨਾਂ ‘ਤੇ ਬਣੇ ਗੁਰਦੁਆਰੇ ਵੀ ਉਹਨਾਂ ਛੋਟੀਆਂ ਇੱਟਾਂ ਨਾਲ ਹੀ ਬਣੇ ਸਨ।” ਉਹਨਾਂ ਦੇ ਸ਼ਬਦਾਂ ਤੋਂ ਇਹ ਸਪਸ਼ਟ ਹੋਇਆ ਕਿ ਚਕ ਨਾਨਕੀ, ਜੋ ਬਾਅਦ ਵਿੱਚ ਸ੍ਰੀ ਆਨੰਦਪੁਰ ਸਾਹਿਬ ਕਹਲਾਇਆ,
ਅਸਲ ਵਿੱਚ ਕਲਾਤਮਿਕ ਤੇ ਵਾਸਤੁਕਲਪ ਦ੍ਰਿਸ਼ਟੀ ਤੋਂ ਬਹੁਤ ਹੀ ਸਮ੍ਰਿੱਧ ਸ਼ਹਿਰ ਸੀ। ਮੌਜੂਦਾ ਸਮੇਂ ਵਿੱਚ ਜਿਹੜੀ ਢਿਓੜੀ ਦੇ ਦਰਸ਼ਨ ਹੁੰਦੇ ਹਨ, ਉਹ ਨਵੀਂ ਉਸਾਰੀ ਹੈ; ਪਰ ਉਸ ਦੇ ਹੇਠਾਂ ਦੀ ਮਿੱਟੀ ਵਿੱਚ ਅੱਜ ਵੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਚਰਨਾਂ ਦੀ ਪਰਛਾਂਵ ਵਿਦਮਾਨ ਹੈ।
ਗੁਰੂ ਦੇ ਨਿਵਾਸ ਦੀਆਂ ਯਾਦਾਂ ਅਤੇ ਚਕ ਨਾਨਕੀ ਦਾ ਨਿਰਮਾਣ
ਇਤਿਹਾਸ ਦੇ ਪੰਨਿਆਂ ‘ਤੇ ਦਰਜ ਹੈ ਕਿ ਪ੍ਰਸਿੱਧ ਸਾਈਕਲ ਯਾਤਰੀ ਅਤੇ ਲੇਖਕ ਭਾਈ ਧੰਨਾ ਸਿੰਘ ਪਟਿਆਲੀ ਦੁਆਰਾ ਖਿੱਚੇ ਗਏ ਪੁਰਾਤਨ ਚਿੱਤਰ ਅੱਜ ਵੀ ਪ੍ਰਮਾਣ ਵਜੋਂ ਮੌਜੂਦ ਹਨ। ਉਨ੍ਹਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਥਾਂ ਇਕ ਛੋਟਾ ਪਰ ਪਵਿੱਤਰ ਮਹਲ ਸੀ, ਜਿੱਥੇ ਗੁਰੂ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਨਿਵਾਸ ਕਰਦੇ ਸਨ ਅਤੇ ਮਾਤਾ ਨਾਨਕੀ ਜੀ ਵੀ ਇਥੇ ਹੀ ਨਿਵਾਸ ਕਰਦੇ ਸਨ। ਇਹੀ ਉਹ ਪਵਿੱਤਰ ਧਰਤੀ ਸੀ ਜਿਥੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਤਿੰਨ ਮਹੀਨੇ ਤਕ ਨਿਵਾਸ ਕਰਕੇ “ਚਕ ਨਾਨਕੀ ਨਗਰ” ਦੀ ਉਸਾਰੀ ਵਿੱਚ ਆਪਣੇ ਹਥਾਂ ਨਾਲ ਸਿੱਧਾ ਯੋਗਦਾਨ ਦਿੱਤਾ ਸੀ। ਇਸ ਥਾਂ ਤੋਂ ਹੀ ਗੁਰੂ ਸਾਹਿਬ ਜੀ ਨੇ ਪੰਜਾਬ ਦੇ ਮਾਲਵਾ ਪ੍ਰਾਂਤ ਦੀ ਯਾਤਰਾ ਸ਼ੁਰੂ ਕੀਤੀ- ਇਕ ਅਜਿਹੀ ਯਾਤਰਾ ਜਿਸ ਵਿਚ ਉਨ੍ਹਾਂ ਨੇ ਧਰਮ, ਏਕਤਾ ਅਤੇ ਮਨੁੱਖਤਾ ਦਾ ਅਮਿਟ ਸੰਦੇਸ਼ ਦਿੱਤਾ।
ਧਰਮ–ਸੰਕਟ ਦੀ ਆਹਟ
ਸਾਲ 1666 ਈਸਵੀ ਵਿੱਚ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਵਿੱਚ ਹੋਇਆ, ਤਦ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਉਥੋਂ ਦੁਬਾਰਾ ਇਸ ਪਵਿੱਤਰ ਥਾਂ ‘ਤੇ ਪਧਾਰੇ। ਅੱਗੇ ਸਾਲ 1674 ਈਸਵੀ ਵਿੱਚ ਔਰੰਗਜ਼ੇਬ ਨੇ ਆਪਣੇ ਜ਼ੁਲਮਾਂ ਦੀ ਪਰਾਕਾਸ਼ਠਾ ਵਿੱਚ ਦੇਸ਼ ਦੇ ਹਿੰਦੂਆਂ ‘ਤੇ ਜਜ਼ੀਆ ਕਰ ਥੋਪ ਦਿੱਤਾ ਅਤੇ ਧਰਮ–ਪਰਿਵਰਤਨ ਦੀ ਪਹਿਲੀ ਯੋਜਨਾ ਕਸ਼ਮੀਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ। ਪਰ ਪ੍ਰਸ਼ਨ ਇਹ ਉਠਦਾ ਹੈ- ਕਿਉਂ ਚੁਣਿਆ ਗਿਆ ਕਸ਼ਮੀਰ? ਕੀ ਕਾਰਣ ਸੀ ਕਿ ਔਰੰਗਜ਼ੇਬ ਨੇ ਆਪਣੇ ਇਸ ਨਿਰਦਈ ਅਭਿਆਨ ਦੀ ਸ਼ੁਰੂਆਤ ਓਥੋਂ ਤੋਂ ਕੀਤੀ? ਸੰਗਤ ਜੀ, ਜੁੜੇ ਰਹਿਓ ਸਫ਼ਰ–ਏ–ਪਾਤਸ਼ਾਹੀ ਦੇ ਸ਼ਹੀਦੀ ਮਾਰਗ ਦੀ ਅਗਲੀ ਸ੍ਰਿੰਖਲਾ ਨਾਲ- ਜਿਥੇ ਤੁਸੀਂ ਵੇਖੋਗੇ ਕਿ ਕਿਵੇਂ ਕਸ਼ਮੀਰੀ ਪੰਡਤਾਂ ਦਾ ਇਕ ਸਮੂਹ ਆਪਣੇ ਧਰਮ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਰਨ ਆਇਆ, ਅਤੇ ਕਿਵੇਂ ਇਤਿਹਾਸ ਨੇ ਉਸ ਪਲ ਨੂੰ “ਸ਼ਹਾਦਤ ਦਾ ਸੁਵਰਨ ਅਧਿਆਇ” ਬਣਾ ਦਿੱਤਾ।
ਤੁਹਾਡਾ ਆਪਣਾ ਵੀਰ-
ਡਾ. ਭਗਵਾਨ ਸਿੰਘ ‘ਖੋਜੀ’
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!