ਸ਼ਹੀਦ ਬਾਬਾ ਦੀਪ ਸਿੰਘ ਜੀ: ਤਿਆਗ, ਸ਼ੌਰਿਆ ਅਤੇ ਸੇਵਾ ਦੀ ਅਮਰ ਕਥਾ

Spread the love

ਸ਼ਹੀਦ ਬਾਬਾ ਦੀਪ ਸਿੰਘ ਜੀ: ਤਿਆਗ, ਸ਼ੌਰਿਆ ਅਤੇ ਸੇਵਾ ਦੀ ਅਮਰ ਕਥਾ

ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ, 1682 ਨੂੰ ਪਿੰਡ ਪਹੁਵਿੰਡ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਮਾਤਾ ਜੀ ਦਾ ਨਾਮ ਮਾਤਾ ਜੀਊਨੀ ਅਤੇ ਪਿਤਾ ਜੀ ਦਾ ਨਾਮ ਭਗਤੂ ਜੀ ਸੀ। ਬਚਪਨ ਵਿੱਚ ਆਪ ਜੀ ਨੁੰ ‘ਦੀਪਾ’ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ। ਜਵਾਨੀ ਵਿੱਚ, 1699 ਵਿੱਚ, ਆਪ ਜੀ ਦੇ ਮਾਤਾ-ਪਿਤਾ ਆਪ ਜੀ ਨੁੰ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਲਈ ਆਨੰਦਪੁਰ ਸਾਹਿਬ ਲੈਕੇ ਆਏ। ਓਥੇ ਹੀ ਆਪ ਜੀ ਨੇ ਖੰਡੇ-ਬਾਟੇ ਦੀ ਪਾਹੁਲ ਦਾ ਅੰਮ੍ਰਿਤ ਪਾਨ ਕੀਤਾ ਅਤੇ ਗੁਰੂ ਜੀ ਦੁਆਰਾ ਤਿਆਰ ਕੀਤੇ ਗਏ ‘ਦੀਪ ਸਿੰਘ’ ਨਾਮਕ ਅਮਰ ਸਿੰਘ ਦਾ ਰੂਪ ਧਾਰਨ ਕੀਤਾ।

ਆਪ ਜੀ ਗੁਰੂ ਸਿੱਖੀ ਨੂੰ ਆਪਣੇ ਜੀਵਨ ਦਾ ਪਰਮ ਉਦੇਸ਼ ਮੰਨ ਕੇ, ਮਾਤਾ-ਪਿਤਾ ਦੀ ਆਗਿਆ ਅਨੁਸਾਰ ਆਪਣੇ ਜੀਵਨ ਨੂੰ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਵਿੱਚ ਰਹਿ ਕੇ ਬਾਬਾ ਜੀ ਨੇ ਘੋੜਸਵਾਰੀ, ਸ਼ਸਤਰ-ਵਿਦਿਆ ਵਿੱਚ ਨਿਪੁਣਤਾ ਹਾਸਲ ਕੀਤੀ ਅਤੇ ਨਾਲ ਹੀ ਸੰਸਕ੍ਰਿਤ, ਬ੍ਰਜ ਭਾਸ਼ਾ ਅਤੇ ਗੁਰਮੁਖੀ ਦਾ ਗਹਿਰਾ ਅਧ੍ਯਨ ਕਰਕੇ ਉੱਚ ਸ਼ਿਕਸ਼ਿਤ ਬਣੇ।

ਗੁਰੂ ਜੀ ਦੇ ਹੁਕਮ ਅਨੁਸਾਰ ਆਪ ਜੀ ਨੇ ਗ੍ਰਿਹਸਥ ਜੀਵਨ ਅਪਣਾਇਆ, ਪਰ ਜਦੋਂ ਇਹ ਸੁਣਨ ਵਿੱਚ ਆਇਆ ਕਿ ਮੁਗਲਾਂ ਦੇ ਵਿਰੁੱਧ ਯੁੱਧ ਕਰਦਿਆਂ ਗੁਰੂ ਜੀ ਸ਼ਹੀਦ ਹੋ ਗਏ ਹਨ, ਤਾਂ ਆਪ ਜੀ ਬਹੁਤ ਦੁਖੀ ਹੋਏ। ਬਾਅਦ ਵਿੱਚ ਜਦੋਂ ਸੱਚਾਈ ਦਾ ਪਤਾ ਲਗਾ, ਤਾਂ ਆਪ ਜੀ ਸਾਬੋ ਦੀ ਤਲਵੰਡੀ (ਤਖ਼ਤ ਸ਼੍ਰੀ ਦਮਦਮਾ ਸਾਹਿਬ) ਪਹੁੰਚੇ, ਜਿਥੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਅਪਣੀ ਗੈਰਹਾਜ਼ਰੀ ਲਈ ਮਾਫ਼ੀ ਮੰਗੀ। ਗੁਰੂ ਜੀ ਨੇ ਆਪ ਜੀ ਨੂੰ ਗਲੇ ਲਗਾ ਕੇ ਅਗਲੇ ਕਾਰਜਾਂ ਲਈ ਪ੍ਰੇਰਿਤ ਕੀਤਾ।

ਤਲਵੰਡੀ ਵਿੱਚ ਉਸ ਸਮੇਂ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਕਲਪਨਾ ਅਤੇ ਦੁਬਾਰਾ ਸੰਪਾਦਨ ਦਾ ਮਹਾਨ ਕਾਰਜ ਸੰਪੰਨ ਕੀਤਾ। ਇਸ ਵਿੱਚ ਗੁਰੂ ਤੇਗ ਬਹਾਦਰ ਜੀ ਦੀਆਂ ਵਾਣੀਆਂ ਨੂੰ ਵੀ ਸ਼ਾਮਲ ਕੀਤਾ ਗਿਆ। ਬਾਬਾ ਦੀਪ ਸਿੰਘ ਜੀ ਉਹਨਾਂ 48 ਸਿੱਖਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਗੁਰੂ ਬਾਣੀ ਕੰਠ ਕਰ ਲਈ।

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀ ਨੂੰ ਤਲਵੰਡੀ ਵਿੱਚ ਗੁਰਮਤ ਵਿਦਿਆਲੇ ਦਾ ਮੁਖੀ ਨਿਯੁਕਤ ਕੀਤਾ ਅਤੇ ਇਹ ਵਚਨ ਦਿੱਤਾ ਕਿ ਇਹ ਸਥਾਨ ਭਵਿੱਖ ਵਿੱਚ ਸਿੱਖਾਂ ਦੀ ਕਾਸ਼ੀ ਵਜੋਂ ਪ੍ਰਸਿੱਧ ਹੋਵੇਗਾ। ਬਾਬਾ ਜੀ ਨੇ ਇਸ ਵਿਦਿਆਲੇ ਨੂੰ ‘ਦਮਦਮੀ ਟਕਸਾਲ’ ਦਾ ਨਾਮ ਦਿੱਤਾ।

1709 ਵਿੱਚ ਆਪ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋ ਕੇ ਸਿਰਹਿੰਦ ਵਿਜੈ ਦੇ ਸਮੇਂ ਅਗੇ ਰਹਕਰ ਸ਼ੌਰਿਆ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ 1756 ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ’ਤੇ ਹਮਲੇ ਦੇ ਦੌਰਾਨ, ਆਪ ਜੀ ਨੇ ‘ਮਿਸਲ ਸ਼ਹੀਦਾਂ’ ਦੀ ਫੌਜ ਨਾਲ ਗੋਰੀਲਾ ਯੁੱਧ ਕਰਦੇ ਹੋਏ 300 ਭੈਣ-ਬੇਟੀਆਂ ਨੂੰ ਰਿਹਾ ਕਰਵਾਇਆ। ਇਸ ਵਿੱਚ ਕਈ ਮੁਸਲਮਾਨ ਬੇਟੀਆਂ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਆਪ ਜੀ ਨੇ ਬਿਨਾਂ ਕਿਸੇ ਭੇਦ ਭਾਵ ਦੇ ਉਨ੍ਹਾਂ ਦੇ ਪਰਿਵਾਰਾਂ ਤਕ ਪਹੁੰਚਾਇਆ।

1757 ਵਿੱਚ, ਜਦੋਂ ਜਹਾਨ ਖ਼ਾਨ ਨੇ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਅਤੇ ਪਵਿੱਤਰ ਸਥਾਨ ਨੂੰ ਅਪਵਿੱਤਰ ਕੀਤਾ, ਤਾਂ ਬਾਬਾ ਦੀਪ ਸਿੰਘ ਜੀ ਨੇ ਧਰਮ ਯੁੱਧ ਦਾ ਸੱਦਾ ਦਿੱਤਾ। ਸਾਬੋ ਦੀ ਤਲਵੰਡੀ ਵਿੱਚ ਨਗਾਢਾ ਵੱਜਾ ਕੇ ਯੋਧਿਆਂ ਨੂੰ ਇਕੱਠਾ ਕੀਤਾ ਅਤੇ ਐਲਾਨ ਕੀਤਾ, “ਇਹ ਯੁੱਧ ਸਿਰਫ਼ ਮੌਤ ਜਾਂ ਵਿਜੇ ਲਈ ਹੋਵੇਗਾ। ਜੋ ਮੌਤ ਦਾ ਵਰਨ ਕਰਨ ਲਈ ਤਿਆਰ ਹਨ, ਉਹ ਹੀ ਇਸ ਖੰਡੇ ਦੀ ਖਿੱਚੀ ਲਕੀਰ ਪਾਰ ਕਰਨ।”

75 ਸਾਲ ਦੀ ਉਮਰ ਵਿੱਚ, ਬਾਬਾ ਜੀ ਨੇ 500 ਯੋਧਿਆਂ ਦੇ ਨਾਲ ਅੰਮ੍ਰਿਤਸਰ ਵੱਲ ਕੂਚ ਕੀਤਾ। ਰਸਤੇ ਵਿੱਚ ਕਈ ਸਿੱਖ ਉਨ੍ਹਾਂ ਨਾਲ ਜੁੜ ਗਏ, ਅਤੇ ਜਦੋਂ ਉਹ ਤਰਨਤਾਰਨ ਪਹੁੰਚੇ, ਤਦ ਤੱਕ ਇਹ ਗਿਣਤੀ 5000 ਤੱਕ ਪਹੁੰਚ ਚੁੱਕੀ ਸੀ। ਗ੍ਰੋਵਲ ਦੇ ਮੈਦਾਨ ਵਿੱਚ ਜਹਾਨ ਖਾਨ ਦੀ ਵਿਸ਼ਾਲ ਫੌਜ ਨਾਲ ਯੁੱਧ ਹੋਇਆ।

ਇਸ ਭਿਆਨਕ ਸੰਗਰਾਮ ਵਿੱਚ ਬਾਬਾ ਦੀਪ ਸਿੰਘ ਜੀ ਨੇ ਬੇਮਿਸਾਲ ਪਰਾਕਰਮ ਦਿਖਾਇਆ। ਯੁੱਧ ਦੇ ਦੌਰਾਨ, ਉਨ੍ਹਾਂ ਦਾ ਸੀਸ ਕੱਟ ਕੇ ਧੜ ਤੋਂ ਵੱਖ ਹੋ ਗਿਆ, ਪਰ ਉਨ੍ਹਾਂ ਨੇ ਆਪਣੇ ਵਚਨ ਨਿਭਾਉਂਦੇ ਹੋਏ ਆਪਣੇ ਸੀਸ ਨੂੰ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰਨ ਤਕ ਯੁੱਧ ਜਾਰੀ ਰੱਖਿਆ।

ਬਾਬਾ ਦੀਪ ਸਿੰਘ ਜੀ ਦਾ ਇਹ ਬਲਿਦਾਨ ਧਰਮ, ਨਿਸ਼ਠਾ ਅਤੇ ਸ਼ੌਰਿਆ ਦੀ ਬੇਮਿਸਾਲ ਮਿਸਾਲ ਹੈ। ਉਨ੍ਹਾਂ ਦੇ ਯੋਗਦਾਨ ਨੂੰ ਯੁੱਗਾਂ-ਯੁੱਗਾਂ ਤੱਕ ਯਾਦ ਕੀਤਾ ਜਾਵੇਗਾ।


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments