ਰਾਗ ਸੋਰਠਿ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ

Spread the love

ਰਾਗ ਸੋਰਠਿ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ

ੴ ਸਤਿਗੁਰਪ੍ਰਸਾਦਿ ॥

ਸੋਰਠਿ ਮਹਲਾ ੯ ॥

ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥

ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥੧॥ ਰਹਾਉ ॥

ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥

ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥੧॥

ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥

ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥੨॥੧॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੩੧)

ਭਾਵਾਰਥ-

ਹੇ ਮਨ ! (ਤੂੰ) ਰਾਮ ਨਾਲ ਪ੍ਰੀਤ ਕਰ । ਕੰਨਾਂ ਨਾਲ ਗੋਬਿੰਦ ਦੇ ਗੁਣ ਸੁਣ ਅਤੇ ਜੀਭ ਨਾਲ ਸ਼ਬਦ ਗਾਇਨ ਕਰ ।੧ ਰਹਾਉ। ਸਾਧੂ/ਗੁਰੂ ਦੀ ਸੰਗਤ ਕਰ, ਪ੍ਰਭੂ ਨੂੰ ਯਾਦ ਕਰ, (ਅਜਿਹਾ ਕਰਨ ਨਾਲ) ਪਤਿਤ ਤੋਂ ਪਵਿਤਰ ਹੋ ਜਾਏਂਗਾ। ਹੇ ਮਿਤਰ! ਕਾਲ ਭਿਆਨਕ ਜਾਨਵਰ ਵਾਂਗ ਮੂੰਹ ਪਸਾਰੇ ਹੋਇਆਂ (ਤੇਰੇ) ਦੁਆਲੇ ਫਿਰਦਾ ਹੈ ।੧। (ਹੇ ਜਿਗਿਆਸੂ !) ਚਿਤ ਵਿਚ ਸਮਝ ਲੈ ਕਿ ਅਜ ਕਲ (ਇਹ) ਤੈਨੂੰ ਗ੍ਰਸ ਲਏਗਾ । ਨਾਨਕ ਦਾ ਕਥਨ ਹੈ ਕਿ (ਤੂੰ) ਰਾਮ ਦਾ ਨਾਮ ਭਜ ਲੈ, (ਕਿਉਂਕਿ) ਮੌਕਾ ਖੁੰਝਦਾ ਜਾ ਰਿਹਾ ਹੈ ।੨।੧।

ਥਾਟ —————————— ਖਮਾਜ

ਜਾਤੀ —————————— ਔੜਵ-ਸੰਪੂਰਨ

ਵਾਦੀ —————————— ਰਿਸ਼ਭ

ਸੰਵਾਦੀ —————————– ਸ਼ਤ੍ਰਜ

ਆਰੋਹ —————————— ਸਾ ਰੇ, ਮ ਪ, ਨੀ ਸਂ

ਅਵਰੋਹ —————————– ਸਂ ਰੇਂ ਨੀ, ਧ, ਮ ਪ ਧ ਮ ਗ ਰੇ ਨੀ, ਸ

 

 

ਸੋਰਠਿ ਮਹਲਾ ੯ ॥

ਮਨ ਕੀ ਮਨ ਹੀ ਮਾਹਿ ਰਹੀ ॥

ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥

ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥

ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥

ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥

ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੩੧)

ਭਾਵਾਰਥ-

(ਹੇ ਜਿਗਿਆਸੂ !) ਮਨ ਦੀ (ਚਾਹ) ਮਨ ਵਿਚ ਹੀ ਰਹਿ ਗਈ। ਨ ਹਰਿ ਦਾ ਭਜਨ ਕੀਤਾ, ਨ ਤੀਰਥਾਂ ਨੂੰ ਸੇਵਿਆ, (ਪਰ) ਮੌਤ ਨੇ (ਆ ਕੇ ਸਿਰ ਦੀ) ਬੋਦੀ ਫੜ ਲਈ ।੧ ।ਰਹਾਉ। ਇਸਤਰੀ (ਦਾਰਾ), ਮਿਤਰ, ਪੁੱਤਰ, ਰਥ, ਐਸ਼ਵਰਜ, ਪੂਰੀ ਧਨ-ਦੌਲਤ ਅਤੇ ਸਾਰੀ ਜਾਇਦਾਦ ਅਤੇ ਹੋਰ ਸਭ ਕੁਝ ਨਾਸ਼ਮਾਨ ਸਮਝੋ, (ਕੇਵਲ) ਰਾਮ ਦਾ ਭਜਨ ਹੀ ਸਹੀ ਹੈ ।੧। ਬਹੁਤੇ ਜੁਗ ਫਿਰ ਫਿਰ ਕੇ ਹਾਰ ਗਿਆ, (ਤਾਂ ਜਾ ਕੇ) ਮਨੁੱਖ ਦੀ ਦੇਹ ਧਾਰਣ ਕੀਤੀ। ਨਾਨਕ ਦਾ ਕਥਨ ਹੈ ਕਿ (ਇਹ ਜਨਮ ਤੇਰੇ ਪ੍ਰਭੂ ਨਾਲ) ਮਿਲਣ ਦੀ ਵਾਰੀ ਹੈ, (ਫਿਰ ਤੂੰ ਪ੍ਰਭੂ ਨੂੰ) ਕਿਉਂ ਨਹੀਂ ਸਿਮਰਦਾ? ।੨।

 

 

ਸੋਰਠਿ ਮਹਲਾ ੯ ॥

ਮਨ ਰੇ ਕਉਨੁ ਕੁਮਤਿ ਤੈ ਲੀਨੀ ॥

ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥

ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥

ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥

ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥

ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥

ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥

ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥

-(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੩੧)

ਭਾਵਾਰਥ-

ਹੇ ਮਨ! ਤੂੰ ਕਿਹੜੀ ਮਾੜੀ ਮਤਿ ਲਈ ਹੈ । ਪਰਾਈ ਇਸਤਰੀ ਅਤੇ ਨਿੰਦਿਆ ਦੇ ਰਸ ਵਿਚ ਰੁਚਿਤ ਰਿਹਾ, (ਪਰ) ਰਾਮ ਦੀ ਭਗਤੀ ਨਹੀਂ ਕੀਤੀ ।੧ ਰਹਾਉ । ਤੂੰ ਮੁਕਤੀ ਦੇ ਮਾਰਗ ਨੂੰ ਨਹੀਂ ਜਾਣਿਆ, ਧਨ ਜੋਣਨ ਲਈ ਦੌੜਦਾ ਰਿਹਾ। ਅੰਤ ਵੇਲੇ (ਇਨ੍ਹਾਂ ਵਿਚੋਂ) ਕਿਸੇ ਨੇ ਸਾਥ ਨਹੀਂ ਦਿੱਤਾ, (ਤੂੰ) ਵਿਅਰਥ ਵਿਚ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ) ਬੰਨ੍ਹਵਾ ਲਿਆ ।੧ । (ਤੂੰ) ਨ ਹਰਿ ਦਾ ਭਜਨ ਕੀਤਾ, ਨ ਹੀ ਗੁਰੂ-ਜਨਾਂ ਦੀ ਸੇਵਾ ਕੀਤੀ ਅਤੇ ਨ ਹੀ (ਤੇਰੇ ਮਨ ਵਿਚ) ਕੁਝ ਗਿਆਨ ਪੈਦਾ ਹੋਇਆ। ਤੇਰੇ ਸ਼ਰੀਰ/ਹਿਰਦੇ ਵਿਚ ਹੀ ਪ੍ਰਭੂ (ਵਸਦਾ) ਹੈ, (ਪਰ) ਤੂੰ (ਉਸ ਨੂੰ) ਜੰਗਲਾਂ ਵਿਚ ਲਭਦਾ ਫਿਰਦਾ ਹੈਂ ।੨। ਤੂੰ ਬਹੁਤ ਜਨਮਾਂ ਵਿਚ ਫਿਰਦਾ ਫਿਰਦਾ ਥਕ ਗਿਆ, (ਪਰ) ਸਥਿਰ ਬੁੱਧੀ ਪ੍ਰਾਪਤ ਨਹੀਂ ਕੀਤੀ । ਨਾਨਕ (ਦਾ ਕਥਨ ਹੈ ਕਿ ਤੈਨੂੰ ਸਹੀ) ਗੱਲ ਦਸ ਦਿੱਤੀ ਹੈ ਕਿ ਮਨੁੱਖੀ ਦੇਹ ਦੀ ਪਦਵੀ ਪਾ ਕੇ (ਹੁਣ) ਹਰਿ ਦਾ ਭਜਨ ਕਰ ।੩।੩।

 

 

ਸੋਰਠਿ ਮਹਲਾ ੯ ॥

ਮਨ ਰੇ ਪ੍ਰਭ ਕੀ ਸਰਨਿ ਬਿਚਾਰੇ ॥

ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥

ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥

ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥੧॥

ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥

ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥੨॥

ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥

ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥੩॥੪॥

-(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੩੨)

ਭਾਵਾਰਥ-

ਹੇ ਮਨ! ਪ੍ਰਭੂ ਦੀ ਸ਼ਰਣ (ਵਿਚ ਪੈ ਕੇ) ਵਿਚਾਰ ਕਰੋ। ਜਿਸ ਦਾ ਸਿਮਰਨ ਕਰਨ ਨਾਲ ਗਣਿਕਾ ਉਧਰ ਗਈ ਸੀ, ਉਸ (ਪ੍ਰਭੂ) ਦੇ ਜਸ ਨੂੰ (ਹਿਰਦੇ ਵਿਚ) ਧਾਰਣ ਕਰੋ ।੧ ।ਰਹਾਉ। ਜਿਸ (ਪ੍ਰਭੂ) ਦਾ ਸਿਮਰਨ ਕਰਨ ਨਾਲ ਧੂਹ (ਭਗਤ) ਨੂੰ ਅਟਲ ਸਥਿਤੀ ਪ੍ਰਾਪਤ ਹੋਈ ਅਤੇ ਨਿਰਭੈਅਤਾ ਦਾ ਪਦ ਹਾਸਲ ਕੀਤਾ, ਇਸ ਤਰ੍ਹਾਂ ਨਾਲ ਦੁਖ ਨੂੰ ਦੂਰ ਕਰਨ ਵਾਲੇ (ਉਸ) ਸੁਆਮੀ ਨੂੰ ਤੂੰ ਕਿਉਂ ਭੁਲਾ ਦਿੱਤਾ? ।੧ । ਜਦੋਂ ਹਾਥੀ ਨੇ ਕ੍ਰਿਪਾ-ਨਿਧਾਨ (ਪ੍ਰਭੂ) ਦੀ ਸ਼ਰਣ ਲਈ, ਤਦੋਂ ਉਹ ਤੰਦੂਏ (ਦੀ ਪਕੜ) ਤੋਂ ਛੁਟ ਗਿਆ। (ਮੈਂ) ਨਾਮ ਦੀ ਮਹਿਮਾ ਦਾ ਕਿਥੋਂ ਤਕ ਵਰਣਨ ਕਰਾਂ, ਉਸ (ਹਾਥੀ) ਦਾ ਰਾਮ ਕਹਿਣ ਨਾਲ ਬੰਧਨ ਟੁਟ ਗਿਆ ।੨। ਅਜਾਮਿਲ ਪਾਪੀ ਨੂੰ (ਸਾਰਾ) ਜਗਤ ਜਾਣਦਾ ਹੈ, (ਉਸ ਦਾ) ਛਿਣ ਭਰ ਵਿਚ ਪਾਰ-ਉਤਾਰਾ ਹੋ ਗਿਆ। ਨਾਨਕ ਦਾ ਕਥਨ ਹੈ ਕਿ-(ਹੇ ਮਨੁੱਖ!) ਪ੍ਰਭੂ (ਚਿੰਤਾਮਣਿ) ਨੂੰ ਸਿਮਰ, (ਤਾਂ ਜੋ) ਤੂੰ ਵੀ (ਭਵ-ਸਾਗਰ ਤੋਂ) ਪਾਰ ਹੋ ਜਾਏਂ ।੩।੪।

 

ਸੋਰਠਿ ਮਹਲਾ ੯ ॥

ਪ੍ਰਾਨੀ ਕਉਨੁ ਉਪਾਉ ਕਰੈ ॥

ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ ॥੧॥ ਰਹਾਉ ॥

ਕਉਨੁ ਕਰਮ ਬਿਦਿਆ ਕਹੁ ਕੈਸੀ ਧਰਮੁ ਕਉਨੁ ਫੁਨਿ ਕਰਈ ॥

ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ ॥੧॥

ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ ॥

ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦੁ ਬਤਾਵੈ ॥੨॥

ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ ॥

ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ ॥੩॥੫॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੩੨)

ਭਾਵਾਰਥ-

(ਹੇ ਪ੍ਰਭੂ !) ਮਨੁੱਖ ਕਿਹੜਾ ਉਦਮ ਕਰੇ, ਜਿਸ ਨਾਲ (ਇਹ) ਪ੍ਰਭੂ ਦੀ ਭਗਤੀ ਪਾ ਸਕੇ ਅਤੇ ਜਮ ਦਾ ਡਰ ਖ਼ਤਮ ਹੋ ਜਾਏ ।੧ ਰਹਾਉ। (ਹੇ ਪਰਮਾਤਮਾ!) ਦਸੋ (ਉਹ) ਕਿਹੜਾ ਕਰਮ ਹੈ, ਕਿਹੜੀ ਵਿਦਿਆ ਹੈ, (ਜਾਂ) ਫਿਰ ਧਰਮ ਦੀ ਕਿਹੜੀ (ਮਰਯਾਦਾ) ਕਰੀਏ। ਕਿਹੜਾ ਗੁਰੂ ਦਾ ਨਾਮ ਹੈ ਜਿਸ ਦੇ ਸਿਮਰਨ ਨਾਲ, ਭਵ-ਸਾਗਰ ਤੋਂ ਤਰਿਆ ਜਾ ਸਕੇ ।੧ । ਕਲਿਯੁਗ ਵਿਚ ਕ੍ਰਿਪਾ-ਨਿਧਾਨ (ਪ੍ਰਭੂ) ਦਾ ਇਕ ਨਾਮ ਹੈ, ਜਿਸ ਦੇ ਜਪਣ ਨਾਲ ਗਤਿ ਪ੍ਰਾਪਤ ਹੁੰਦੀ ਹੈ। ਉਸ (ਨਾਮ) ਦੇ ਬਰਾਬਰ ਹੋਰ ਕੋਈ ਧਰਮ ਨਹੀਂ ਹੈ, ਇਹ ਗੱਲ ਵੇਦ ਵਿਚ ਦਸੀ ਗਈ ਹੈ ।੨। ਜਿਸ ਨੂੰ ਧਰਤੀ ਦਾ ਸੁਆਮੀ (ਗੁਸਾਈ) ਕਿਹਾ ਜਾਂਦਾ ਹੈ, ਉਹ ਦੁਖ ਸੁਖ ਤੋਂ ਹਮੇਸ਼ਾ ਬੇਲਾਗ ਰਹਿੰਦਾ ਹੈ। ਨਾਨਕ (ਦਾ ਕਥਨ ਹੈ ਕਿ) ਉਹ (ਪ੍ਰਭੂ) ਤੇਰੇ ਅੰਦਰ ਨਿਰੰਤਰ ਵਸ ਰਿਹਾ ਹੈ, ਸ਼ੀਸੇ (ਵਿਚ ਪਰਛਾਈ) ਵਾਂਗ ।੩।੫।

 

 

ਸੋਰਠਿ ਮਹਲਾ ੯ ॥

ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥

ਮਹਾ ਮੋਹ ਅਗਿਆਨਿ ਤਿਮਰਿ ਮੋ ਮਨੁ ਰਹਿਓ ਉਰਝਾਈ ॥੧॥ ਰਹਾਉ ॥

ਸਗਲ ਜਨਮ ਭਰਮ ਹੀ ਭਰਮ ਖੋਇਓ ਨਹ ਅਸਥਿਰੁ ਮਤਿ ਪਾਈ ॥

ਬਿਖਿਆਸਕਤ ਰਹਿਓ ਨਿਸ ਬਾਸੁਰ ਨਹ ਛੂਟੀ ਅਧਮਾਈ ॥੧॥

ਸਾਧਸੰਗੁ ਕਬਹੂ ਨਹੀ ਕੀਨਾ ਨਹ ਕੀਰਤਿ ਪ੍ਰਭ ਗਾਈ ॥

ਜਨ ਨਾਨਕ ਮੈ ਨਾਹਿ ਕੋਊ ਗੁਨੁ ਰਾਖਿ ਲੇਹੁ ਸਰਨਾਈ ॥੨॥੬॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੩੨)

ਭਾਵਾਰਥ-

ਹੋ ਮਾਤਾ! ਮੈਂ ਕਿਸ ਢੰਗ ਨਾਲ ਪ੍ਰਭੂ (ਗੁਸਾਈ) ਨੂੰ ਪਛਾਣਾ। ਮੇਰਾ ਮਨ ਮਹਾ ਮੋਹ ਅਤੇ ਅਗਿਆਨ ਦੇ ਹਨੇਰੇ ਵਿਚ ਉਲਝਿਆ ਪਿਆ ਹੈ ।੧ ।ਰਹਾਉ। ਸਾਰਾ ਜਨਮ ਭਰਮਾਂ ਵਿਚ ਹੀ ਖੋਹ ਦਿੱਤਾ ਅਤੇ ਸਥਿਰ ਮਤਿ ਪ੍ਰਾਪਤ ਨਹੀਂ ਕੀਤੀ। ਦਿਨ ਰਾਤ (ਮਾਇਆ ਰੂਪ) ਵਿਸ਼ ਵਿਚ ਲੁਭਾਇਮਾਨ ਰਿਹਾ (ਪਰ ਮੇਰੀ) ਨੀਚਤਾ ਨ ਛੁਟੀ ।੧ । (ਮੈਂ) ਕਦੇ ਵੀ ਸਾਧ-ਸੰਗ ਨਹੀਂ ਕੀਤਾ ਹੈ ਅਤੇ ਨ ਹੀ ਪ੍ਰਭੂ ਦਾ ਜਸ ਗਾਇਆ ਹੈ। ਦਾਸ ਨਾਨਕ (ਦਾ ਕਥਨ ਹੈ ਕਿ) ਮੇਰੇ ਵਿਚ ਕੋਈ ਗੁਣ ਨਹੀਂ ਹੈ, (ਕ੍ਰਿਪਾ ਕਰਕੇ ਮੈਨੂੰ) ਸ਼ਰਣ ਵਿਚ ਰਖ ਲਵੋ |੨ ।੬।

ਸੋਰਠਿ ਮਹਲਾ ੯ ॥

ਮਾਈ ਮਨੁ ਮੇਰੋ ਬਸਿ ਨਾਹਿ ॥

ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ ॥੧॥ ਰਹਾਉ ॥

ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ ਨਿਮਖ ਨ ਹੀਏ ਬਸਾਵੈ ॥

ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮੁ ਸਿਰਾਵੈ ॥੧॥

ਮਦਿ ਮਾਇਆ ਕੈ ਭਇਓ ਬਾਵਰੇ ਸੂਝਤ ਨਹ ਕਛੁ ਗਿਆਨਾ ॥

ਘਟ ਹੀ ਭੀਤਰਿ ਬਸਤ ਨਿਰੰਜਨੁ ਤਾ ਕੋ ਮਰਮੁ ਨ ਜਾਨਾ ॥੨॥

ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥

ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ ਫਾਸੀ ॥੩॥੭॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੩੨)

ਭਾਵਾਰਥ-

ਹੋ ਮਾਂ। ਮੇਰਾ ਮਨ ਵਸ ਵਿਚ ਨਹੀਂ ਹੈ। ਰਾਤ ਦਿਨ ਵਿਸ਼ਿਆਂ ਵਲ ਦੌੜਦਾ ਹੈ, ਉਸ ਨੂੰ ਕਿਸ ਤਰ੍ਹਾਂ ਰੋਕਾਂ ।੧ ।ਰਹਾਉ। ਵੇਦਾਂ, ਪੁਰਾਣਾਂ ਅਤੇ ਸਮ੍ਰਿਤੀਆਂ ਦੇ ਉਪਦੇਸ਼ ਸੁਣ ਕੇ (ਉਨ੍ਹਾਂ ਨੂੰ) (ਇਹ ਮਨ) ਛਿਣ ਭਰ ਲਈ ਅੰਦਰ ਨਹੀਂ ਵਸਾਉਂਦਾ। ਪਰਾਏ ਧਨ, ਪਰਾਈ ਇਸਤਰੀ ਵਲ ਰੁਚਿਤ ਰਹਿੰਦਾ ਹੈ, ਵਿਅਰਥ ਵਿਚ ਜਨਮ ਗੁਜ਼ਾਰ ਰਿਹਾ (ਸਿਰਾਵੰ) ਹੈ ।੧। (ਇਹ ਮਨ) ਮਾਇਆ ਦੇ ਨਸ਼ੇ ਵਿਚ ਬਾਵਲਾ ਹੋਇਆ ਫਿਰਦਾ ਹੈ, (ਇਸ ਨੂੰ) ਗਿਆਨ ਦੀ ਕੋਈ ਗੱਲ ਨਹੀਂ ਸੁਝਦੀ। ਪ੍ਰਭੂ ਹਿਰਦੇ ਦੇ ਅੰਦਰ ਵਸਦਾ ਹੈ, (ਪਰ) ਉਸ ਦਾ ਭੇਦ ਨਹੀਂ ਜਾਣਦਾ ।੨ । ਜਦ ਹੀ (ਇਹ ਮਨ) ਸਾਧ ਦੀ ਸ਼ਰਣ ਵਿਚ ਆਇਆ, ਸਾਰੀ ਮੰਦ ਬੁੱਧੀ ਨਸ਼ਟ ਹੋ ਗਈ । ਨਾਨਕ (ਦਾ ਕਥਨ ਹੈ ਕਿ) ਤਦੋਂ (ਮਨ ਨੇ) ਪ੍ਰਭੂ (ਚਿੰਤਾਮਨਿ) ਨੂੰ ਸਿਮਰਿਆ, (ਉਦੋਂ) ਜਮ ਦੀ ਫਾਹੀ ਕਟੀ ਗਈ ।੩।੭।

 

ਸੋਰਠਿ ਮਹਲਾ ੯ ॥

ਰੇ ਨਰ ਇਹ ਸਾਚੀ ਜੀਅ ਧਾਰਿ ॥

ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥

ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥

ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥

ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥

ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੩੩)

ਭਾਵਾਰਥ-

ਹੈ ਮਨੁੱਖ। ਇਹ (ਗੱਲ) ਦਿਲ ਵਿਚ ਸੱਚੀ ਮੰਨ ਲੈ ਕਿ ਸਾਰਾ ਜਗਤ ਸੁਪਨੇ ਵਰਗਾ ਹੈ, (ਇਸ ਨੂੰ) ਨਸ਼ਟ ਹੋਣ ਵਿਚ ਦੇਰ ਨਹੀਂ ਲਗਦੀ ।੧ ।ਰਹਾਉ। (ਜਿਵੇਂ) ਰੇਤ ਦੀ ਕੰਧ (ਭੀਤਿ) ਨੂੰ ਲਿੰਬ ਪੋਚ ਕੇ ਸਵਾਰਿਆ ਹੋਵੇ (ਪਰ ਉਹ) ਚਾਰ ਦਿਨ ਵੀ ਨਹੀਂ ਰਹਿੰਦੀ । ਉਸੇ ਤਰ੍ਹਾਂ ਮਾਇਆ ਦੇ ਇਹ ਸੁਖ ਹਨ। ਹੇ ਮੂਰਖ! (ਤੂੰ ਇਨ੍ਹਾਂ ਵਿਚ) ਕਿਉਂ ਉਲਝਿਆ ਹੋਇਆ ਹੈਂ ।੧। (ਹੁਣ ਹੀ) ਸਮਝ ਜਾ, ਅਜੇ ਵੀ (ਤੇਰਾ) ਕੁਝ ਵਿਗੜਿਆ ਨਹੀਂ ਹੈ, ਪ੍ਰਭੂ ਦੇ ਨਾਮ ਦਾ ਭਜਨ ਕਰ ਲੈ। ਨਾਨਕ ਦਾ ਕਥਨ ਹੈ ਕਿ (ਹੇ ਮੂਰਖ।) ਤੇਰੀ ਮਤਿ ਨੂੰ ਸਹੀ ਕਰਨ ਲਈ ਤੈਨੂੰ ਪੁਕਾਰ ਕੇ ਕਿਹਾ ਹੈ ੨ ।੮।

 

 

ਸੋਰਠਿ ਮਹਲਾ ੯ ॥

ਇਹ ਜਗਿ ਮੀਤੁ ਨ ਦੇਖਿਓ ਕੋਈ ॥

ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥

ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥

ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥

ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥

ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥

ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥

ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੩੩)

ਭਾਵਾਰਥ-

ਇਸ ਜਗਤ ਵਿਚ ਕੋਈ ਮਿਤਰ ਨਹੀਂ ਵੇਖਿਆ । ਸਾਰਾ ਜਗਤ ਆਪਣੇ ਸੁਖ ਵਿਚ ਲਗਿਆ ਹੋਇਆ ਹੈ, ਦੁਖ ਵਿਚ (ਕੋਈ ਵੀ) ਸੰਗੀ ਨਹੀਂ ਬਣਦਾ ।੧ ਰਹਾਉ। ਇਸਤਰੀ, ਮਿਤਰ, ਪੁੱਤਰ, ਸੰਬੰਧੀ ਸਾਰੇ ਧਨ ਕਰਕੇ ਹੀ ਨਾਲ ਲਗੇ ਰਹਿੰਦੇ ਹਨ। ਜਦੋਂ ਹੀ (ਇਨ੍ਹਾਂ ਨੇ) ਕਿਸੇ ਮਨੁੱਖ ਨੂੰ ਨਿਰਧਨ ਵੇਖਿਆ, ਸਾਰੇ ਸਾਥ ਛਡ ਕੇ ਭਜ ਜਾਂਦੇ ਹਨ ।੧। ਕੀ ਕਹਾਂ ਇਸ ਪਾਗਲ ਮਨ ਨੂੰ ? ਇਨ੍ਹਾਂ (ਸਾਕਾਂ) ਨਾਲ (ਇਸ ਨੇ) ਪ੍ਰੇਮ ਪਾਲਿਆ ਹੋਇਆ ਹੈ। (ਜੋ ਪਰਮਾਤਮਾ) ਗ਼ਰੀਬਾਂ ਦਾ ਮਾਲਕ ਹੈ ਅਤੇ ਸਾਰਿਆਂ ਡਰਾਂ ਨੂੰ ਨਸ਼ਟ ਕਰਨ ਵਾਲਾ ਹੈ, ਉਸ ਦਾ ਜਸ ਭੁਲਾ ਦਿੱਤਾ ਹੈ ।੨ । (ਮਨ ਨੂੰ ਸਮਝਾਉਣ ਦੇ) ਮੈਂ ਬਹੁਤ ਯਤਨ ਕੀਤੇ ਹਨ, (ਪਰ) ਕੁੱਤੇ ਦੀ ਪੂਛ ਵਾਂਗ (ਇਹ) ਸਿਧਾ ਨਹੀਂ ਹੁੰਦਾ। ਨਾਨਕ (ਦਾ ਕਥਨ ਹੈ ਕਿ ਹੇ ਪਰਮਾਤਮਾ! ਤੁਸੀਂ) ਆਪਣੇ ਬਿਰਦ ਦੀ ਲਾਜ ਰੱਖੋ, (ਮੈਂ) ਤੁਹਾਡਾ ਹੀ ਨਾਮ ਜਪਦਾ ਹਾਂ ।੩ ॥੯ ।

 

 

ਸੋਰਠਿ ਮਹਲਾ ੯ ॥

ਮਨ ਰੇ ਗਹਿਓ ਨ ਗੁਰ ਉਪਦੇਸੁ ॥

ਕਹਾ ਭਇਓ ਜਉ ਮੂੜੁ ਮੁਡਾਇਓ ਭਗਵਉ ਕੀਨੋ ਭੇਸੁ ॥੧॥ ਰਹਾਉ ॥

ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥

ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥੧॥

ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥

ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥੨॥

ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥

ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥੩॥੧੦॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੩੩)

ਭਾਵਾਰਥ-

ਹੇ ਮਨ! (ਤੂੰ) ਗੁਰੂ ਦਾ ਉਪਦੇਸ਼ ਗ੍ਰਹਿਣ ਨਹੀਂ ਕੀਤਾ । ਕੀ ਹੋਇਆ ਜੇ ਤੂੰ ਸਿਰ ਮੁੰਨਵਾ ਲਿਆ ਅਤੇ ਭਗਵੇ ਬਸਤ੍ਰ ਪਾ ਲਏ ।੧ ।ਰਹਾਉ। ਤੂੰ ਸੱਚ ਨੂੰ ਛਡ ਕੇ ਝੂਠ ਵਿਚ ਲਗ ਗਿਆ ਹੈਂ ਅਤੇ ਵਿਅਰਥ ਵਿਚ ਜਨਮ ਖੋਹ ਦਿੱਤਾ ਹੈ। ਪਾਖੰਡ ਕਰਕੇ ਆਪਣੇ ਪੇਟ ਨੂੰ ਭਰਿਆ ਹੈ ਅਤੇ ਪਸ਼ੂ ਵਾਂਗ ਸੁੱਤਾ ਰਿਹਾ ਹੈਂ।੧।(ਤੂੰ) ਰਾਮ-ਭਗਤੀ ਦੀ ਸਥਿਤੀ ਨਹੀਂ ਸਮਝੀ ਅਤੇ ਮਾਇਆ ਦੇ ਹੱਥ ਵਿਚ ਵਿਕ ਗਿਆ। ਪਾਗਲ ਵਾਂਗ ਵਿਸ਼ਿਆਂ ਵਿਚ ਉਲਝਿਆ ਰਿਹਾ ਅਤੇ ਨਾਮ ਰੂਪ ਰਤਨ ਨੂੰ ਭੁਲਾ ਦਿੱਤਾ ।੨ । (ਤੂੰ) ਅਵੇਸਲਾ ਰਿਹਾ, ਗੋਬਿੰਦ ਨੂੰ ਯਾਦ ਨ ਕੀਤਾ, (ਇਸ ਤਰ੍ਹਾਂ) ਵਿਅਰਥ ਵਿਚ ਉਮਰ ਬੀਤ ਗਈ (ਸਿਰਾਨੀ) । ਨਾਨਕ ਦਾ ਕਥਨ ਹੈ ਕਿ ਹੇ ਹਰਿ। (ਤੁਸੀਂ) ਆਪਣੀ ਮਰਯਾਦਾ ਪਾਲੋ, ਪ੍ਰਾਣੀ (ਤਾਂ) ਸਦਾ ਭੁਲਦਾ ਹੀ ਰਹਿੰਦਾ ਹੈ ।੩।੧੦।

ਸੋਰਠਿ ਮਹਲਾ ੯ ॥

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥

ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥

ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥

ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥

ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥

ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥

ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥

ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੩੩)

ਭਾਵਾਰਥ-

ਜੋ ਵਿਅਕਤੀ ਦੁਖ (ਦੀ ਸਥਿਤੀ) ਵਿਚ ਦੁਖ ਨਹੀਂ ਮੰਨਦਾ, ਜਿਸ ਦੇ (ਮਨ ਵਿਚ) ਸੁਖ ਪ੍ਰਤਿ ਮੋਹ ਅਤੇ ਭੈ ਨਹੀਂ ਹੈ, (ਉਹ) ਸੋਨੇ ਨੂੰ ਮਿੱਟੀ ਸਮਝਦਾ ਹੈ ।੧ ।ਰਹਾਉ। ਜਿਸ (ਵਿਅਕਤੀ ਦੇ ਹਿਰਦੇ) ਵਿਚ ਨ ਨਿੰਦਿਆ ਹੈ, ਨ ਉਸਤਤ ਹੈ (ਅਤੇ ਨ ਹੀ) ਲੋਭ, ਮੋਹ ਤੇ ਅਭਿਮਾਨ ਹੈ । (ਜੋ) ਖ਼ੁਸ਼ੀ ਅਤੇ ਗ਼ਮੀ ਤੋਂ ਬੇਲਾਗ ਰਹਿੰਦਾ ਹੈ, ਨ ਆਦਰ ਅਤੇ ਅਨਾਦਰ (ਪ੍ਰਤਿ ਕੋਈ ਰੁਚੀ ਹੈ) ।੧। ਜੋ ਆਸਾ ਅਤੇ ਮਨਸਾ ਨੂੰ ਤਿਆਗ ਦਿੰਦਾ ਹੈ ਅਤੇ ਜਗਤ ਪ੍ਰਤਿ ਨਿਰਮੋਹੀ ਰਹਿੰਦਾ ਹੈ। ਜਿਸ ਨੂੰ ਕਾਮ, ਕ੍ਰੋਧ ਛੋਹ ਨਹੀਂ ਸਕਦਾ, ਉਸ ਦੇ ਹਿਰਦੇ ਵਿਚ ਬ੍ਰਹਮ ਦਾ ਵਾਸਾ (ਸਮਝੋ) ।੨। ਜਿਸ ਵਿਅਕਤੀ ਨੂੰ ਗੁਰੂ ਨੇ ਕ੍ਰਿਪਾ ਕੀਤੀ ਹੈ ਉਸ ਨੇ ਇਹ ਜੁਗਤ ਪਛਾਣ ਲਈ ਹੈ । ਨਾਨਕ (ਦਾ ਕਥਨ ਹੈ ਕਿ ਉਹ ਵਿਅਕਤੀ) ਪ੍ਰਭੂ ਵਿਚ (ਇਸ ਤਰ੍ਹਾਂ) ਲੀਨ ਹੋ ਜਾਂਦੇ ਹਨ, ਜਿਵੇਂ ਪਾਣੀ ਨਾਲ ਪਾਣੀ (ਮਿਲ ਜਾਂਦਾ ਹੈ) ।੩ ।੧੧।

 

ਸੋਰਠਿ ਮਹਲਾ ੯ ॥

ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥

ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥

ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥

ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥

ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥

ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥

ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥

ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੩੪)

ਭਾਵਾਰਥ-

ਹੋ ਪਿਆਰੇ। (ਆਪਣੇ) ਮਨ ਵਿਚ ਜਾਣ ਲੈ ਕਿ ਸਾਰਾ ਸੰਸਾਰ ਆਪਣੇ ਹੀ ਸੁਖਾਂ ਵਿਚ ਫਸਿਆ ਹੋਇਆ ਹੈ, (ਪਰ) ਕੋਈ ਕਿਸੇ ਦਾ (ਮਿਤਰ) ਨਹੀਂ ਹੈ ।੧ ।ਰਹਾਉ। ਸੁਖ ਵਿਚ ਬਹੁਤ ਆ ਕੇ ਮਿਲ ਬੈਠਦੇ ਹਨ ਅਤੇ ਚੌਹਾਂ ਪਾਸਿਓਂ ਘੇਰੀ ਰਖਦੇ ਹਨ। (ਪਰ) ਬਿਪਤਾ ਪੈਣ ‘ਤੇ ਸਾਰੇ ਹੀ ਸੰਗ ਛਡ ਜਾਂਦੇ ਹਨ, ਕੋਈ ਵੀ ਨੇੜੇ ਨਹੀਂ ਆਉਂਦਾ ।੧। ਘਰ ਦੀ ਇਸਤਰੀ ਜਿਸ ਨਾਲ ਬਹੁਤ ਹਿਤ ਹੁੰਦਾ ਹੈ (ਅਤੇ ਜੋ) ਸਦਾ ਅੰਗ-ਸੰਗ ਰਹਿੰਦੀ ਹੈ, ਜਦੋਂ ਹੀ ਜੀਵਾਤਮਾ ਨੇ ਇਸ ਸ਼ਰੀਰ ਨੂੰ ਤਿਆਗਿਆ, (ਇਸਤਰੀ ਵੀ) ਭੂਤ ਭੂਤ ਕਹਿ ਕੇ ਭਜ ਜਾਂਦੀ ਹੈ ।੨। ਇਸ ਤਰ੍ਹਾਂ ਦਾ (ਸੰਸਾਰ ਦਾ) ਚਲਨ ਬਣਿਆ ਹੋਇਆ ਹੈ, ਜਿਸ ਨਾਲ (ਮਨੁੱਖ ਨੇ) ਪਿਆਰ ਪਾ ਰਖਿਆ ਹੈ। ਨਾਨਕ (ਦਾ ਕਥਨ ਹੈ ਕਿ) ਅੰਤ ਵੇਲੇ ਬਿਨਾ ਪ੍ਰਭੂ ਦੇ ਕੋਈ ਵੀ (ਕਿਸੇ) ਕੰਮ ਨਹੀਂ ਆਉਂਦਾ ।੩।੧੨ ।੧੩੯।

 

 


Spread the love

Leave a Comment

Your email address will not be published. Required fields are marked *