ਰਾਗ ਸਾਰੰਗ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ
ਰਾਗੁ ਸਾਰੰਗ ਮਹਲਾ ੯ ॥
ੴ ਸਤਿਗੁਰ ਪ੍ਰਸਾਦਿ ॥
ਹਰਿ ਬਿਨੁ ਤੇਰੋ ਕੋ ਨ ਸਹਾਈ ॥
ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥
ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ ॥
ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥੧॥
ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ ॥
ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੨੩੧)
ਭਾਵਾਰਥ-
ਹੇ ਜਿਗਿਆਸੂ !) ਹਰਿ ਤੋਂ ਬਿਨਾ ਤੇਰਾ ਕੋਈ ਵੀ ਸਹਾਇਕ ਨਹੀਂ ਹੈ। ਕੌਣ ਕਿਸੇ ਦੀ ਮਾਤਾ, ਪਿਤਾ, ਪੁੱਤਰ ਅਤੇ ਇਸਤਰੀ ਹੈ? ਅਤੇ ਕੌਣ ਕਿਸੇ ਦਾ ਭਰਾ ਹੈ ? ।੧ ।ਰਹਾਉ। ਧਨ, ਧਰਤੀ (ਜਾਇਦਾਦ) ਅਤੇ ਸਾਰੀ ਸੰਪੱਤੀ, ਜਿਸ ਤੂੰ ਆਪਣੀ ਮੰਨੀ ਬੈਠਾ ਹੈਂ, ਸ਼ਰੀਰ ਦੇ ਖ਼ਤਮ ਹੋਣ ਤੋਂ ਬਾਦ ਕੁਝ ਵੀ ਨਾਲ ਨਹੀਂ ਚਲਦਾ, (ਫਿਰ) ਇਨ੍ਹਾਂ ਨਾਲ ਕਿਉਂ ਲਿਪਟ ਰਿਹਾ ਹੈਂ? ।੧। ਗ਼ਰੀਬਾਂ ਉਪਰ ਸਦਾ ਦਇਆ ਕਰਨ ਵਾਲੇ ਅਤੇ ਦੁਖਾਂ ਨੂੰ ਨਸ਼ਟ ਕਰਨ ਵਾਲੇ (ਪ੍ਰਭੂ ਨਾਲ ਤੂੰ) ਰੁਚੀ ਨੂੰ ਕਿਉਂ ਨਹੀਂ ਵਧਾਇਆ ? ਨਾਨਕ ਦਾ ਕਥਨ ਹੈ ਕਿ ਜਗਤ ਸਭ ਝੂਠਾ ਹੈ ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ ।੨।੧।
ਥਾਟ —————————– ਕਾਫੀ
ਵਾਦੀ —————————– ਰਿਸ਼ਭ
ਸੰਵਾਦੀ —————————— ਪੰਚਮ
ਜਾਤੀ —————————— ਔੜਵ-ਔੜਵ
ਆਰੋਹ —————————— ਸ ਰੇ ਮ ਪ, ਨੀ ਸਂ
ਅਵਰੋਹ —————————— ਸਂ ਨੁੀ ਪ, ਮ ਰੇ, ਸ

ਸਾਰੰਗ ਮਹਲਾ ੯ ॥
ਕਹਾ ਮਨ ਬਿਖਿਆ ਸਿਉ ਲਪਟਾਹੀ ॥
ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥
ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥
ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ॥
ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥੨॥੨॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੨੩੧)
ਭਾਵਾਰਥ-
ਹੇ ਮਨ ! ਮਾਇਆ (ਬਿਖਿਆ) ਨਾਲ ਕਿਉਂ ਲਿਪਟਿਆ ਹੋਇਆ ਹੈ ? ਇਸ ਸੰਸਾਰ ਵਿਚ ਕੋਈ ਵੀ (ਸਦਾ ਲਈ) ਰਹਿ ਨਹੀਂ ਸਕਦਾ, ਕਈ ਆਉਂਦੇ ਹਨ ਅਤੇ ਕਈ ਜਾਉਂਦੇ ਹਨ (ਅਰਥਾਤ ਜੰਮਦੇ ਮਰਦੇ ਰਹਿੰਦੇ ਹਨ) ।੧ ।ਰਹਾਉ। ਕਿਸ ਦਾ ਤਨ ਅਤੇ ਧਨ ਹੈ? ਕਿਸ ਦੀ ਸੰਪੱਤੀ ਹੈ? ਕਿਸ ਨਾਲ ਹਿਤ ਲਗਾਈ ਬੈਠਾ ਹੈਂ। ਜੋ ਦ੍ਰਿਸ਼ਟਮਾਨ ਹੈ, ਉਹ ਸਭ ਨਾਸ਼ਮਾਨ ਹੈ, ਜਿਵੇਂ ਬਦਲ ਦੀ ਛਾਂ (ਹੁੰਦੀ ਹੈ)।੧। (ਹੇ ਮਨ!) ਹੰਕਾਰ ਨੂੰ ਤਿਆਗ ਕੇ ਸੰਤਾਂ ਦੀ ਸ਼ਰਣ ਗ੍ਰਹਿਣ ਕਰ, (ਇਸ ਨਾਲ) ਛਿਣ ਭਰ ਵਿਚ (ਮਾਇਆਵੀ ਬੰਧਨਾਂ ਤੋਂ) ਮੁਕਤ ਹੋ ਜਾਏਂਗਾ। ਦਾਸ ਨਾਨਕ (ਦਾ ਕਥਨ ਹੈ ਕਿ ਪ੍ਰਭੂ ਦੇ ਭਜਨ ਤੋਂ ਬਿਨਾ, ਸੁਪਨੇ ਵਿਚ ਵੀ ਸੁਖ ਪ੍ਰਾਪਤ ਨਹੀਂ ਹੁੰਦਾ ।੨ ।੨।

ਸਾਰੰਗ ਮਹਲਾ ੯ ॥
ਕਹਾ ਨਰ ਅਪਨੇ ਜਨਮੁ ਗਵਾਵੈ ॥
ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥੧॥ ਰਹਾਉ ॥
ਇਹੁ ਸੰਸਾਰੁ ਸਗਲ ਹੈ ਸੁਪਨੇ ਦੇਖਿ ਕਹਾ ਲੋਭਾਵੈ ॥
ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥੧॥
ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥
ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੨31)
ਭਾਵਾਰਥ-
(ਹੇ ਭਾਈ!) ਮਨੁੱਖ ਆਪਣਾ (ਦੁਰਲਭ) ਜਨਮ ਕਿਉਂ ਗਵਾ ਰਿਹਾ ਹੈ ? (ਇਹ) ਮਾਇਆ ਦੇ ਨਸ਼ੇ ਵਿਚ ਅਤੇ ਵਿਸ਼ਿਆਂ ਦੇ ਰਸ ਵਿਚ ਰੁਚਿਤ ਰਹਿੰਦਾ ਹੈ ਅਤੇ ਪ੍ਰਭੂ ਦੀ ਸ਼ਰਣ ਵਿਚ ਨਹੀਂ ਆਉਂਦਾ ।੧ ।ਰਹਾਉ। ਇਹ ਸਾਰਾ ਸੰਸਾਰ ਸੁਪਨੇ ਵਰਗਾ ਹੈ, (ਇਸ ਨੂੰ) ਵੇਖ ਕੇ ਕਿਉਂ ਲੋਭ ਵਿਚ ਆਉਂਦਾ ਹੈ ? ਜੋ ਪੈਦਾ ਹੁੰਦਾ ਹੈ, ਉਹ ਸਭਕੁਝ ਨਸ਼ਟ ਹੁੰਦਾ ਹੈ, (ਇਥੇ) ਕੋਈ ਵੀ (ਸਦਾ ਲਈ) ਰਹਿ ਨਹੀਂ ਸਕਦਾ ।੧। ਝੂਠੇ/ਨਾਸ਼ਮਾਨ ਸ਼ਰੀਰ ਨੂੰ (ਮਨੁੱਖ ਨੇ) ਸਥਾਈ ਮੰਨ ਰਖਿਆ ਹੈ, ਇਸ ਤਰ੍ਹਾਂ ਉਹ ਆਪਣੇ) ਆਪ ਨੂੰ (ਸੰਸਾਰਿਕ ਬੰਧਨਾਂ ਵਿਚ) ਬੰਨ੍ਹਾਈ ਰਖਦਾ ਹੈ । ਦਾਸ ਨਾਨਕ (ਦ ਕਥਨ ਹੈ ਕਿ) ਉਹੀ ਮਨੁੱਖ ਮੁਕਤ ਹੈ, (ਜੋ ਆਪਣੇ) ਚਿਤ ਵਿਚ ਪ੍ਰਭੂ ਦੇ ਭਜਨ ਟਿਕਾਉਂਦਾ ਹੈ ।੨।੩।

ਸਾਰੰਗ ਮਹਲਾ ੯ ॥
ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥
ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥੧॥ ਰਹਾਉ ॥
ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ ॥
ਪਰ ਨਿੰਦਾ ਕਾਰਨਿ ਬਹੁ ਧਾਵਤ ਸਮਝਿਓ ਨਹ ਸਮਝਾਇਓ ॥੧॥
ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ ॥
ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ ॥੨॥੪॥੩॥੧੩॥੧੩੯॥੪॥੧੫੯॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੨੩੧)
ਭਾਵਾਰਥ-
(ਮੈਂ) ਮਨ ਲਗਾ ਕੇ ਕਦੇ ਵੀ ਹਰਿ ਦੇ ਗੁਣਾਂ ਦਾ ਗਾਇਨ ਨਹੀਂ ਕੀਤਾ। ਦਿਨ ਰਾਤ ਵਿਸ਼ਿਆਂ ਵਿਚ ਮਗਨ ਰਿਹਾ ਅਤੇ ਮਨ ਮਰਜ਼ੀ ਕਰਦਾ ਰਿਹਾ ।੧ ਰਹਾਉ। (ਮੈਂ) ਕੰਨਾਂ ਨਾਲ ਗੁਰੂ ਦਾ ਉਪਦੇਸ਼ ਨਹੀਂ ਸੁਣਿਆ ਅਤੇ ਪਰ-ਨਾਰੀ ਨਾਲ ਜੁੜਿਆ ਰਿਹਾ। ਪਰਾਈ ਨਿੰਦਿਆ ਲਈ ਦੌੜ-ਭਜ ਕਰਦਾ ਰਿਹਾ, ਸਮਝਾਉਣ ‘ਤੇ ਵੀ ਨ ਸਮਝਿਆ ।੧। ਮੈਂ ਆਪਣੀ ਕਰਨੀ/ਕਰਤੂਤਾਂ ਬਾਰੇ ਕੀ ਦੱਸਾਂ? ਜਿਸ ਤਰ੍ਹਾਂ ਕਿ ਮੈਂ (ਮਨੁੱਖ) ਜਨਮ ਗਵਾ ਲਿਆ। ਨਾਨਕ (ਦਾ ਕਥਨ ਹੈ ਕਿ ਹੇ ਪ੍ਰਭੂ!) ਮੇਰੇ ਵਿਚ ਸਾਰੇ ਔਗੁਣ ਹੀ ਹਨ, (ਮੈਨੂੰ) ਆਪਣੀ ਸ਼ਰਣ ਵਿਚ ਰਖ ਲੈ ।੨ ।੪ ।੩ ।੧੩ ॥੧੩੯॥੪॥੧੫੯।
